'ਹਰਿਮੰਦਰ ਸਾਹਿਬ ਦੇ ਸਤਿਕਾਰ ਵਜੋਂ ਕਬੂਲਿਆ ਸੀ ਸਨਮਾਨ'

'ਮੈਂ ਸ੍ਰੀ ਹਰਿਮੰਦਰ ਸਾਹਿਬ ਦੇ ਸਤਿਕਾਰ ਵਜੋਂ ਸ਼੍ਰੋਮਣੀ ਕਮੇਟੀ ਤੋਂ ਸਨਮਾਨ ਲਿਆ ਸੀ। ਜੇਕਰ ਹੁਣ ਉਹ ਲਿਖਤੀ ਤੌਰ 'ਤੇ ਮੈਥੋਂ ਐਵਾਰਡ ਵਾਪਸ ਮੰਗਦੇ ਹਨ ਤਾਂ ਮੈਂ ਵਾਪਸ ਕਰ ਦੇਵਾਂਗਾ।'

ਇਹ ਸ਼ਬਦ ਸੀਨੀਅਰ ਪੱਤਰਕਾਰ ਕੁਲਦੀਪ ਨਈਅਰ ਦੇ ਹਨ। ਜੋ ਉਨ੍ਹਾਂ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਹੇ।

'ਕੋਈ ਅਧਿਕਾਰਤ ਜਾਣਕਾਰੀ ਨਹੀਂ'

ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਤੋਂ ਐਵਾਰਡ ਵਾਪਸ ਲਏ ਜਾਣ ਸਬੰਧੀ ਪੁੱਛੇ ਜਾਣ 'ਤੇ ਕੁਲਦੀਪ ਨਈਅਰ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

ਜੇਕਰ ਇਹ ਸੱਚ ਹੈ ਅਤੇ ਕੋਈ ਅਧਿਕਾਰਤ ਜਾਣਕਾਰੀ ਆਉਂਦੀ ਹੈ ਤਾਂ ਉਹ ਐਵਾਰਡ ਵਾਪਸ ਕਰ ਦੇਣਗੇ।

ਕੋਈ ਸਪੱਸ਼ਟੀਕਰਨ ਨਹੀਂ ਮੰਗਿਆ

ਕੁਲਦੀਪ ਨਈਅਰ ਨੇ ਕਿਹਾ ਕਿ ਤਾਜ਼ਾ ਕਿਸੇ ਵੀ ਵਿਵਾਦ ਬਾਰੇ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਦੇ ਕਿਸੇ ਨੁਮਾਇੰਦੇ ਨੇ ਕੋਈ ਗੱਲਬਾਤ ਨਹੀਂ ਕੀਤੀ। ਨਾ ਹੀ ਇਸ ਸਬੰਧੀ ਕੋਈ ਜਾਣਕਾਰੀ ਮੰਗੀ ਹੈ।

Image copyright SGPC

ਉਨ੍ਹਾਂ ਨੂੰ ਇਸਦੀ ਕੋਈ ਜਾਣਕਾਰੀ ਨਹੀਂ ਕਿ ਐਵਾਰਡ ਵਾਪਸ ਮੰਗਿਆ ਗਿਆ ਹੈ।

'ਪੰਜਾਬੀ ਤੇ ਪੰਜਾਬੀਅਤ ਲਈ ਸੀ ਸਨਮਾਨ'

ਸ਼੍ਰੋਮਣੀ ਕਮੇਟੀ ਇੱਕ ਧਾਰਮਿਕ ਸੰਸਥਾ ਹੈ। ਉਸ ਵੱਲੋਂ ਇਹ ਸਨਮਾਨ ਨਈਅਰ ਨੂੰ ਕਿਸ ਲਈ ਦਿੱਤਾ ਗਿਆ ਸੀ।

ਇਸ ਸਬੰਧੀ ਕੁਲਦੀਪ ਨਈਅਰ ਕਹਿੰਦੇ ਹਨ ਕਿ, ਪੰਜਾਬੀ ਸੂਬੇ ਦੇ ਗਠਨ ਅਤੇ ਪੰਜਾਬੀਅਤ ਲਈ ਉਨ੍ਹਾਂ ਵੱਲੋਂ ਬਤੌਰ ਪੱਤਰਕਾਰ ਨਿਭਾਈ ਭੂਮਿਕਾ ਕਾਰਨ ਇਹ ਸਨਮਾਨ ਦਿੱਤਾ ਗਿਆ ਸੀ।

ਇਸ ਸਨਮਾਨ ਉੱਤੇ ਕਈ ਵਿਅਕਤੀਆਂ ਵੱਲੋਂ ਸਵਾਲ ਚੁੱਕੇ ਜਾਣ ਬਾਰੇ ਜਦੋਂ ਨਈਅਰ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਇਹ ਸਨਮਾਨ ਸਿਰਫ਼ ਇਸ ਲਈ ਲਿਆ ਸੀ ਕਿਉਂਕਿ ਇਹ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੀ।

ਹਰਿਮੰਦਰ ਸਾਹਿਬ ਦਾ ਮੇਰੇ ਮਨ ਵਿੱਚ ਬਹੁਤ ਸਤਿਕਾਰ ਹੈ। ਇਸਲਈ ਮੈਂ ਇਹ ਐਵਾਰਡ ਸਵੀਕਾਰ ਕੀਤਾ ਸੀ।

ਵਿਵਾਦ ਸਬੰਧੀ ਨਈਅਰ ਦਾ ਬਿਆਨ

ਕੁਲਦੀਪ ਨਈਅਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਹੁਣ ਕੁਝ ਵੀ ਅਜਿਹਾ ਨਹੀਂ ਕੀਤਾ, ਜੋ ਇਤਰਾਜ਼ਯੋਗ ਹੋਵੇ।

ਉਨ੍ਹਾਂ ਕਿਤੇ ਗੱਲ ਕਰਦਿਆਂ ਸਿਰਫ਼ ਇਹ ਕਿਹਾ ਸੀ ਕਿ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਹੁਣ ਜਰਨੈਲ ਸਿੰਘ ਭਿੰਡਰਾਂਵਾਲਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ।

ਕੀ ਹੈ ਵਿਵਾਦ?

ਮੰਗਲਵਾਰ ਨੂੰ ਫਤਿਹਗੜ੍ਹ ਸਾਹਿਬ ਵਿੱਚ ਹੋਈ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੌਰਾਨ ਪੱਤਰਕਾਰ ਕੁਲਦੀਪ ਨਈਅਰ ਤੋਂ ਸ਼੍ਰੋਮਣੀ ਪੱਤਰਕਾਰ ਸਨਮਾਨ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ।

ਸ਼੍ਰੋਮਣੀ ਕਮੇਟੀ ਦਾ ਦੋਸ਼ ਹੈ ਕਿ ਨਈਅਰ ਨੇ ਡੇਰਾ ਸੱਚਾ ਸੌਦਾ ਮੁਖੀ ਦੀ ਤੁਲਨਾ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਕੀਤੀ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)

ਸਬੰਧਿਤ ਵਿਸ਼ੇ