ਬੇਨਜ਼ੀਰ ਭੁੱਟੋ: ਕਿਸੇ ਮੁਸਲਮਾਨ ਦੇਸ ਦੀ ਕਮਾਨ ਸਾਂਭਣ ਵਾਲੀ ਪਹਿਲੀ ਔਰਤ ਦੀ ਜ਼ਿੰਦਗੀ ਦੇ ਰੋਚਕ ਕਿੱਸੇ

ਬੇਨਜ਼ੀਰ ਭੁੱਟੋ.

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਬੇਨਜ਼ੀਰ ਭੁੱਟੋ ਆਪਣੇ ਆਖਰੀ ਸਿਆਸੀ ਜਲਸੇ ਸਮੇਂ

27 ਦਸੰਬਰ 2007 ਨੂੰ ਜਦੋਂ ਬੇਨਜ਼ੀਰ ਇੱਕ ਚੋਣ ਜਲਸੇ ਤੋਂ ਮਗਰੋਂ ਆਪਣੀ ਕਾਰ ਵੱਲ ਜਾ ਰਹੀ ਸੀ ਤਾਂ ਇੱਕ 15 ਸਾਲਾ ਖੁਦਕੁਸ਼ ਹਮਲਾਵਰ ਨੇ ਉਸ ਨੂੰ ਗੋਲ਼ੀ ਮਾਰੀ ਤੇ ਮਗਰੋਂ ਆਪਣੇ ਆਪ ਨੂੰ ਖ਼ਤਮ ਕਰ ਲਿਆ। ਬਿਲਾਲ ਨੂੰ ਪਾਕਿਸਤਾਨੀ ਤਾਲਿਬਾਨ ਨੇ ਇਸ ਕੰਮ ਲਈ ਭੇਜਿਆ ਸੀ।

ਬੇਨਜ਼ੀਰ 1988 ਤੋਂ 1990 ਤੇ 1993 ਤੋਂ 1996 ਦੌਰਾਨ ਦੋ ਵਾਰ ਪ੍ਰਧਾਨ ਮੰਤਰੀ ਰਹੇ ਪਰ ਉਨ੍ਹਾਂ ਦਾ ਕਾਰਜ ਕਾਲ ਫ਼ੌਜੀ ਕਾਰਵਾਈਆਂ ਦੀ ਬਦੌਲਤ ਪੁਰ ਸਕੂਨ ਨਹੀਂ ਰਿਹਾ।

ਆਪਣੇ ਕਾਰਜ ਕਾਲ ਦੇ ਦੋਹਾਂ ਮੌਕਿਆਂ ਤੇ ਉਨ੍ਹਾਂ ਨੂੰ ਪਾਕਿਸਤਾਨ ਦੇ ਸਦਰ ਵੱਲੋਂ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਅਹੁਦੇ ਤੋਂ ਬਰਤਰਫ਼ ਕੀਤਾ ਗਿਆ।

ਮੌਤ ਸਮੇਂ ਉਹ ਆਪਣੀ ਤੀਜੀ ਪਾਰੀ ਦੀ ਤਿਆਰੀ ਵਿੱਚ ਲੱਗੇ ਹੋਏ ਸਨ।

ਬੇਨਜ਼ੀਰ ਦੇ ਪੁੱਤਰ ਬਿਲਾਵਲ ਭੁੱਟੋ ਜ਼ਰਦਾਰੀ ਮਹਿਜ 19 ਸਾਲਾਂ ਦੇ ਸਨ ਜਦ 2007 ਵਿੱਚ ਮਾਂ ਦੀ ਮੌਤ ਮਗਰੋਂ ਪਾਰਟੀ ਦੀ ਕਮਾਂਡ ਉਨ੍ਹਾਂ ਦੇ ਹੱਥ ਆਈ ਹਾਲਾਂਕਿ 25ਵੀਂ ਸਾਲ ਗਿਰ੍ਹਾ ਤੱਕ ਉਹ ਕਦੇ ਜਿੱਤ ਨਹੀਂ ਸਕੇ।

ਤਸਵੀਰ ਸਰੋਤ, Mark Wilson/Getty Images

ਬੇਨਜ਼ੀਰ ਬਾਰੇ ਕੁਝ ਖ਼ਾਸ ਗੱਲਾਂ

  • ਬੇਨਜ਼ੀਰ ਦਾ ਜਨਮ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਹੋਇਆ ਤੇ ਤਾਲੀਮ ਲਈ ਉਹ ਹਾਰਵਾਰਡ ਤੇ ਆਕਸਫ਼ੋਰਡ ਚਲੇ ਗਏ।
  • ਬੇਨਜ਼ੀਰ ਭੁੱਟੋ ਪਾਕਿਸਤਾਨੀ ਲੋਕਸ਼ਾਹੀ ਦੇ ਪਹਿਲੇ ਪ੍ਰਧਾਨ ਮੰਤਰੀ ਜ਼ੁਲਫ਼ਿਕਾਰ ਅਲੀ ਭੁੱਟੋ ਦੀ ਧੀ ਸੀ। ਉਨ੍ਹਾਂ ਦੇ ਪਿਤਾ ਦੇ ਸਿਆਸੀ ਜੀਵਨ ਨੂੰ ਫ਼ੌਜੀ ਜਰਨੈਲ ਜ਼ਿਆ ਉਲ ਹੱਕ ਨੇ ਫਾਂਸੀ ਲਾ ਕੇ ਖ਼ਤਮ ਕਰ ਦਿੱਤਾ ਸੀ।
  • ਬੇਨਜ਼ੀਰ ਦਾ ਭਰਾ ਮੁਰਤਜ਼ਾ ਪਿਤਾ ਦੀ ਮੌਤ ਮਗਰੋਂ ਅਫ਼ਗਾਨਿਸਤਾਨ ਚਲਾ ਗਿਆ ਤੇ ਉੱਥੋਂ ਹੀ ਦੇਸ ਦੇ ਫ਼ੌਜੀ ਨਿਜਾਮ ਖਿਲਾਫ਼ ਲੜਾਈ ਜਾਰੀ ਰੱਖੀ।
  • ਇੰਗਲੈਂਡ ਰਹਿੰਦਿਆਂ ਹੀ ਬੇਨਜ਼ੀਰ ਨੇ ਪਾਕਿਸਤਾਨ ਪੀਪਲਜ਼ ਪਾਰਟੀ ਬਣਾਈ ਤੇ ਜਰਨਲ ਜਿਆ ਦੇ ਖਿਲਾਫ਼ ਹਵਾ ਬਣਾਉਣੀ ਸ਼ੁਰੂ ਕੀਤੀ। 1986 ਵਿੱਚ ਵਤਨ ਵਾਪਸੀ ਮਗਰੋਂ ਉਨ੍ਹਾਂ ਆਪਣੇ ਨਾਲ ਹਮਾਇਤੀਆਂ ਦੀ ਵੱਡੀ ਭੀੜ ਜੁਟਾ ਲਈ।
  • ਆਗੂ ਵਜੋਂ ਉੱਭਰ ਕੇ ਉਨ੍ਹਾਂ ਨੇ ਪੁਰਸ਼ ਦਬਦਬੇ ਵਾਲੀ ਪਾਕਿਸਤਾਨੀ ਸਿਆਸਤ ਨੂੰ ਇੱਕ ਨਵੀਂ ਪਛਾਣ ਦਿੱਤੀ ਹਾਲਾਂਕਿ ਇਸ ਮਗਰੋਂ ਉਨ੍ਹਾਂ ਉੱਪਰ ਭ੍ਰਿਸ਼ਟਾਚਾਰ ਤੇ ਬੁਰੀ ਗਵਰਨਸ ਦੇ ਇਲਜ਼ਾਮ ਵੀ ਲੱਗੇ।
  • ਉਨ੍ਹਾਂ ਦੇ ਕਤਲ ਲਈ ਉਨ੍ਹਾਂ ਦੇ ਪਤੀ ਆਸਿਫ਼ ਅਲੀ ਜ਼ਰਦਾਰੀ 'ਤੇ ਵੀ ਉਂਗਲਾਂ ਉੱਠਦੀਆਂ ਰਹੀਆਂ ਹਨ ਕਿਉਂਕਿ ਬੇਨਜ਼ੀਰ ਦੀ ਮੌਤ ਮਗਰੋਂ ਸਦਰ ਬਣਨ ਨਾਲ ਆਸਿਫ਼ ਨੂੰ ਹੀ ਸਭ ਤੋਂ ਵੱਧ ਫ਼ਾਇਦਾ ਹੋਇਆ ਕਿਹਾ ਜਾਂਦਾ ਹੈ।
  • ਬੇਨਜ਼ੀਰ ਦੀ ਮੌਤ ਦਾ ਇਲਜ਼ਾਮ ਤਤਕਾਲੀ ਫ਼ੌਜ ਮੁੱਖੀ ਜਰਨਲ ਮੁਸ਼ਰਫ਼ 'ਤੇ ਵੀ ਲਗਦੇ ਹੈ ਕਿ ਜਰਨਲ ਨੇ ਇੱਕ ਵਾਰ ਬੇਨਜ਼ੀਰ ਨੂੰ ਇੱਕ ਵਾਰ ਫੋਨ 'ਤੇ ਧਮਕਾਇਆ ਵੀ ਸੀ। ਹਾਲਾਂਕਿ ਮੁਸ਼ਰਫ਼ ਆਪ ਚੁਣੇ ਦੇਸ ਨਿਕਾਲੇ ਕਰਕੇ ਦੁਬਈ ਵਿੱਚ ਹੋਣ ਕਰਕੇ ਕਾਰਵਾਈ ਤੋਂ ਬਚੇ ਹੋਏ ਹਨ।
ਵੀਡੀਓ ਕੈਪਸ਼ਨ,

ਪਾਕਿਸਤਾਨ: ਬੇਨਜ਼ੀਰ ਭੁੱਟੋ ਦੇ ਕਾਫ਼ਲੇ 'ਤੇ ਹੋਏ ਹਮਲੇ ਦੀ ਕਹਾਣੀ ਗਵਾਹਾਂ ਦੀ ਜ਼ੁਬਾਨੀ

ਪੱਤਰਕਾਰ ਕਰਨ ਥਾਪਰ ਬੇਨਜ਼ੀਰ ਨੂੰ ਯਾਦ ਕਰਦੇ ਹੋਏ

ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਦੁਨੀਆਂ ਦੀਆਂ ਦੋ ਮਸ਼ਹੂਰ ਯੂਨੀਵਰਸਿਟੀਆਂ ਦੀ ਯੂਨੀਅਨ ਦੇ ਪ੍ਰਧਾਨ ਭਾਰਤੀ ਉੱਪ-ਮਹਾਦੀਪ ਤੋਂ ਹੋਣ ਤੇ ਉਹ ਵੀ ਇੱਕ ਸਮੇਂ ਅਤੇ ਉਨ੍ਹਾਂ ਵਿੱਚੋਂ ਇੱਕ ਭਾਰਤੀ ਹੋਵੇ ਤੇ ਦੂਜਾ ਪਾਕਿਸਤਾਨੀ।

ਅਜਿਹਾ ਸੰਜੋਗ 1977 ਵਿੱਚ ਹੋਇਆ ਸੀ, ਜਦੋਂ ਬਾਅਦ ਵਿੱਚ ਮਸ਼ਹੂਰ ਪੱਤਰਕਾਰ ਬਣੇ ਕਰਨ ਥਾਪਰ ਕੈਂਬ੍ਰਿਜ ਯੂਨੀਅਨ ਸੋਸਾਇਟੀ ਦੇ ਪ੍ਰਧਾਨ ਬਣੇ। ਬਾਅਦ ਵਿੱਚ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬਣੀ ਬੇਨਜ਼ੀਰ ਭੁੱਟੋ ਵੀ ਆਕਸਫ਼ਾਰਡ ਯੂਨੀਵਰਸਿਟੀ ਯੂਨੀਅਨ 'ਚ ਇਸ ਅਹੁਦੇ ਦੇ ਲਈ ਹੀ ਚੁਣੇ ਗਏ ਸਨ।

ਇਨ੍ਹਾਂ ਦੋਵਾਂ ਵਿਚਾਲੇ ਪਹਿਲੀ ਮੁਲਾਕਾਤ ਇਸ ਤੋਂ ਕੁਝ ਮਹੀਨੇ ਪਹਿਲਾਂ ਹੋਈ ਸੀ ਜਦੋਂ ਬੇਨਜ਼ੀਰ ਆਕਸਫ਼ਾਰਡ ਯੂਨਿਅਨ ਦੀ ਉੱਪ-ਪ੍ਰਧਾਨ ਅਤੇ ਕਰਨ ਕੈਂਬ੍ਰਿਜ ਯੂਨੀਅਨ ਦੇ ਪ੍ਰਧਾਨ ਹੁੰਦੇ ਸਨ।

ਕਰਨ ਦੱਸਦੇ ਹਨ, ''ਮੈਨੂੰ ਉਹ ਦਿਨ ਅਜੇ ਵੀ ਯਾਦ ਹੈ ਜਦੋਂ ਬੇਨਜ਼ੀਰ ਕੈਂਬ੍ਰਿਜ ਆਏ ਸਨ ਅਤੇ ਉਨ੍ਹਾਂ ਨੇ ਇਹ ਮਤਾ ਰੱਖਿਆ ਸੀ ਕਿ ਕਿਉਂ ਨਾ ਇਸ ਵਿਸ਼ੇ ਉੱਤੇ ਬਹਿਸ ਕਰਵਾਈ ਜਾਵੇ ਕਿ ਵਿਆਹ ਤੋਂ ਪਹਿਲਾਂ ਸੈਕਸ ਕਰਨ 'ਚ ਕੋਈ ਬੁਰਾਈ ਨਹੀਂ ਹੈ।''

ਕਿਸੇ ਵੀ ਮਹਿਲਾ ਦੇ ਲਈ ਜੋ ਪਾਕਿਸਤਾਨ ਦੀ ਸਿਆਸਤ 'ਚ ਕੁਝ ਕਰਨ ਦੀ ਚਾਹਤ ਰੱਖਦੀ ਹੋਵੇ, ਇਹ ਇੱਕ ਬਹੁਤ 'ਬੋਲਡ' ਵਿਸ਼ਾ ਸੀ।

ਕਰਨ ਕਹਿੰਦੇ ਹਨ, ''ਜਦੋਂ ਇਸ ਉੱਤੇ ਪਹਿਲੀ ਵਾਰ ਗੱਲ ਹੋਈ ਤਾਂ ਮੈਂ ਮੀਟਿੰਗ ਵਿੱਚ ਹੀ ਬੇਨਜ਼ੀਰ ਨੂੰ ਮਜ਼ਾਕ ਵਿੱਚ ਕਿਹਾ ਕਿ ਮੈਡਮ ਜੋ ਤੁਸੀਂ ਕਹਿ ਰਹੇ ਹੋ, ਉਸਦੀ ਤੁਸੀਂ ਆਪਣੀ ਨਿੱਜੀ ਜ਼ਿੰਦਗੀ ਵਿੱਚ ਪਾਲਣ ਕਰਨ ਦੀ ਹਿੰਮਤ ਰੱਖਦੇ ਹੋ?''

ਇਹ ਸੁਣਦੇ ਹੀ ਉੱਥੇ ਮੌਜੂਦ ਲੋਕਾਂ ਨੇ ਜ਼ੋਰ ਦੀ ਹੱਸਣਾ ਸ਼ੁਰੂ ਕੀਤਾ ਅਤੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

ਕਰਨ ਨੇ ਕਿਹਾ, ''ਬੇਨਜ਼ੀਰ ਨੇ ਤਾੜੀਆਂ ਦੇ ਰੁਕਣ ਦਾ ਇੰਤਜ਼ਾਰ ਕੀਤਾ। ਆਪਣੇ ਚਿਹਰੇ ਤੋਂ ਚਸ਼ਮਾ ਉਤਾਰਿਆ। ਆਪਣੀਆਂ ਨਾਸਾਂ ਚੜ੍ਹਾਈਆਂ ਅਤੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੋਲੇ, ਜ਼ਰੂਰ, ਪਰ ਤੁਹਾਡੇ ਨਾਲ ਨਹੀਂ।''

ਇਹ ਵੀ ਪੜ੍ਹੋ

ਤਸਵੀਰ ਸਰੋਤ, AFP

ਆਈਸਕ੍ਰੀਮ ਦੀ ਸ਼ੌਕੀਨ ਬੇਨਜ਼ੀਰ ਭੁੱਟੋ

ਈਸਟਰ ਦੀਆਂ ਛੁੱਟੀਆਂ 'ਚ ਕਰਨ ਨੂੰ ਬੇਨਜ਼ੀਰ ਦਾ ਫ਼ੋਨ ਆਇਆ। ਉਸ ਸਮੇਂ ਦੋਵੇਂ ਹੀ ਯੂਨੀਅਨ ਦੇ ਪ੍ਰਧਾਨ ਸਨ। ਬੇਨਜ਼ੀਰ ਨੇ ਕਿਹਾ, ''ਕੀ ਮੈਂ ਆਪਣੀ ਦੋਸਤ ਅਲੀਸਿਆ ਦੇ ਨਾਲ ਕੁਝ ਦਿਨਾਂ ਦੇ ਲਈ ਕੈਂਬ੍ਰਿਜ ਆ ਸਕਦੀ ਹਾਂ?''

ਉਸ ਸਮੇਂ ਤੱਕ ਕੈਂਬ੍ਰਿਜ ਦੇ ਹੌਸਟਲ 'ਚ ਰਹਿਣ ਵਾਲੇ ਬਹੁਤੇ ਵਿਦਿਆਰਥੀ ਆਪਣੇ ਘਰ ਜਾ ਚੁੱਕੇ ਸਨ। ਬੇਨਜ਼ੀਰ ਨੂੰ ਠਹਿਰਾਉਣ ਦੀ ਕੋਈ ਸਮੱਸਿਆ ਨਹੀਂ ਸੀ। ਇਸ ਲਈ ਕਰਨ ਨੇ ਹਾਂ ਕਰ ਦਿੱਤੀ।

ਕਰਨ ਯਾਦ ਕਰਦੇ ਹਨ, ''ਕੈਂਬ੍ਰਿਜ 'ਚ ਆਪਣੇ ਦੌਰੇ ਦੇ ਆਖ਼ਰੀ ਦਿਨ ਬੇਨਜ਼ੀਰ ਨੇ ਸਾਡੇ ਸਭ ਦੇ ਲਈ ਆਪਣੇ ਹੱਥਾਂ ਨਾਲ ਖਾਣਾ ਬਣਾਇਆ ਸੀ ਅਤੇ ਬੜਾ ਸਵਾਦ ਖਾਣਾ ਸੀ ਉਹ! ਕੌਫ਼ੀ ਪੀਣ ਤੋਂ ਬਾਅਦ ਅਚਾਨਕ ਬੇਨਜ਼ੀਰ ਨੇ ਕਿਹਾ ਸੀ ਚਲੋ ਆਈਸਕ੍ਰੀਮ ਖਾਣ ਚਲਦੇ ਹਾਂ। ਅਸੀਂ ਸਭ ਲੋਕ ਉਨ੍ਹਾਂ ਦੀ ਬਹੁਤ ਹੀ ਛੋਟੀ ਜਿਹੀ ਐਮਜੀ ਕਾਰ ਵਿੱਚ ਸਮਾ ਗਏ।''

''ਅਸੀਂ ਸਮਝੇ ਕਿ ਆਈਸਕ੍ਰੀਮ ਖਾਣ ਲਈ ਕੈਂਬ੍ਰਿਜ ਜਾ ਰਹੇ ਹਾਂ ਪਰ ਸਟੇਅਰਿੰਗ ਸੰਭਾਲੇ ਬੇਨਜ਼ੀਰ ਨੇ ਗੱਡੀ ਲੰਡਨ ਦੇ ਵੱਲ ਮੋੜ ਦਿੱਤੀ। ਉੱਥੇ ਅਸੀਂ ਬੈਸਕਿਨ-ਰੋਬਿੰਸ ਦੀ ਆਈਸਕ੍ਰੀਮ ਖਾਦੀ। ਅਸੀਂ 10 ਵਜੇ ਰਾਤ ਨੂੰ ਚੱਲੇ ਸੀ ਅਤੇ ਰਾਤ ਡੇਢ ਵਜੇ ਵਾਪਿਸ ਕੈਂਬ੍ਰਿਜ ਆਏ।''

ਇਹ ਵੀ ਪੜ੍ਹੋ

ਤਸਵੀਰ ਸਰੋਤ, Reuters

ਕਰਨ ਕਹਿੰਦੇ ਹਨ, ''ਅਗਲੀ ਸਵੇਰ ਆਕਸਫ਼ਾਰਡ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਮੈਨੂੰ 45 ਆਰਪੀਐਮ ਦਾ ਇੱਕ ਰਿਕਾਰਡ ਭੇਂਟ ਕੀਤਾ, ਜਿਸ 'ਚ ਇੱਕ ਗਾਣਾ ਸੀ, 'ਯੂ ਆਰ ਮੋਰ ਦੈਨ ਏ ਨੰਬਰ ਇਨ ਮਾਈ ਲਿਟਿਲ ਰੈੱਡ ਬੁੱਕ'।

''ਉਹ ਹੱਸਦਿਆਂ ਹੋਏ ਬੋਲੇ, ਮੈਨੂੰ ਪਤਾ ਹੈ ਕਿ ਤੁਸੀਂ ਹਰ ਥਾਂ ਇਸਦਾ ਢਿੰਢੋਰਾ ਪਿੱਟੋਗੇ, ਪਰ ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਮੈਂ ਆਪਣੇ ਦਿਲ 'ਚ ਸੋਚਾਂਗੀ ਕਿ ਤੁਸੀਂ ਹੋ ਤਾਂ ਨਿਕੰਮੇ ਭਾਰਤੀ ਹੀ।''

ਸ਼ਰ੍ਹੇਆਮ ਗੱਲ੍ਹਾਂ ਚੁੰਮਣ ਤੋਂ ਪਰਹੇਜ਼

ਇਸ ਵਿਚਾਲੇ ਕਰਨ ਪੱਤਰਕਾਰ ਬਣ ਗਏ। ਉਨ੍ਹਾਂ ਨੇ ਪਹਿਲਾਂ 'ਦਿ ਟਾਇਮਜ਼' ਦੀ ਨੌਕਰੀ ਕੀਤੀ ਅਤੇ ਫ਼ਿਰ ਉਹ ਐਲਡਬਲਿਊਟੀ ਟੇਲੀਵੀਜ਼ਨ ਵਿੱਚ ਰਿਪੋਰਟਰ ਬਣ ਗਏ।

ਬੇਨਜ਼ੀਰ ਪਾਕਿਸਤਾਨ ਤੋਂ ਕੱਢੇ ਜਾਣ ਤੋਂ ਬਾਅਦ ਲੰਡਨ 'ਚ ਹੀ ਰਹਿਣ ਲੱਗੇ। ਦੋਵਾਂ ਦੀ ਕੈਂਬ੍ਰਿਜ ਤੋਂ ਸ਼ੁਰੂ ਹੋਈ ਦੋਸਤੀ ਗੂੜ੍ਹੀ ਹੋਈ ਅਤੇ ਇੱਕ ਦਿਨ ਬੇਨਜ਼ੀਰ ਨੇ ਕਰਨ ਨੂੰ ਕਿਹਾ ਤੁਸੀਂ ਮੈਨੂੰ ਆਪਣੇ ਘਰ ਕਿਉਂ ਨਹੀਂ ਬੁਲਾਉਂਦੇ?

ਕਰਨ ਦੱਸਦੇ ਹਨ, ''ਉਸ ਤੋਂ ਬਾਅਦ ਬੇਨਜ਼ੀਰ ਦਾ ਮੇਰੇ ਘਰ ਆਉਣ ਦਾ ਸਿਲਸਿਲਾ ਸ਼ੁਰੂ ਹੋਇਆ।''

ਉਨ੍ਹਾਂ ਨੇ ਕਿਹਾ, ''ਪਤਨੀ ਨਿਸ਼ਾ ਦੀ ਵੀ ਬੇਨਜ਼ੀਰ ਨਾਲ ਦੋਸਤੀ ਹੋ ਗਈ। ਇੱਕ ਦਿਨ ਉਹ ਅਤੇ ਅਸੀਂ ਦੋਵੇਂ ਆਪਣੇ ਫ਼ਲੈਟ ਦੇ ਫਰਸ਼ ਉੱਤੇ ਬੈਠ ਕੇ ਵਾਈਨ ਅਤੇ ਸਿਗਰਟ ਪੀਂਦੇ ਹੋਏ ਗੱਲਾਂ ਕਰ ਰਹੇ ਸੀ। ਉਸ ਜ਼ਮਾਨੇ ਵਿੱਚ ਬੇਨਜ਼ੀਰ ਸਿਗਰਟ ਪੀਂਦੇ ਸਨ। ਗੱਲਾਂ ਕਰਦਿਆਂ-ਕਰਦਿਆਂ ਸਵੇਰ ਹੋਣ ਨੂੰ ਆ ਗਈ ਸੀ। ਬੇਨਜ਼ੀਰ ਨੇ ਕਿਹਾ ਕਿ ਅਸੀਂ ਇੰਨੀ ਵਾਈਨ ਪੀ ਚੁੱਕੇ ਹਾਂ ਕਿ ਤੁਹਾਡਾ ਆਪਣੀ ਕਾਰ ਰਾਹੀਂ ਮੈਨੂੰ ਘਰ ਛੱਡਣਾ ਸੁਰੱਖਿਅਤ ਨਹੀਂ ਹੋਵੇਗਾ।''

ਉਨ੍ਹਾਂ ਨੇ ਦੱਸਿਆ, ''ਬੇਨਜ਼ੀਰ ਬੋਲੇ ਕਿ ਉਹ ਕੈਬ ਤੋਂ ਘਰ ਜਾਣਗੇ ਕਿਉਂਕਿ ਜੇ ਕੋਈ ਪੁਲਿਸਵਾਲਾ ਸਾਨੂੰ ਨਸ਼ੇ ਦੀ ਹਾਲਤ ਵਿੱਚ ਫੜ ਲੈਂਦਾ ਤਾਂ ਅਗਲੇ ਦਿਨ ਅਖ਼ਬਾਰਾਂ ਵਿੱਚ ਚੰਗੀ ਹੈੱਡਲਾਈਨ ਬਣਦੀ। ਹਾਲਾਂਕਿ ਜਦੋਂ ਕੈਬ ਡ੍ਰਾਇਵਰ ਮੇਰੇ ਘਰ ਪਹੁੰਚਿਆਂ ਤਾਂ ਉਹ ਭਾਰਤੀ ਉੱਪ-ਮਹਾਦੀਪ ਦਾ ਹੀ ਨਿਕਲਿਆ।''

ਕਰਨ ਨੇ ਕਿਹਾ, ''ਬੇਨਜ਼ੀਰ ਨੇ ਵਿਦਾ ਲੈਂਦੇ ਹੋਏ ਮੇਰੀ ਪਤਨੀ ਦੇ ਗੱਲ੍ਹ ਚੁੰਮੇ ਪਰ ਮੇਰੇ ਵੱਲ ਉਨ੍ਹਾਂ ਨੇ ਆਪਣੇ ਹੱਥ ਵਧਾਏ। ਮੈਨੂੰ ਇਹ ਥੋੜਾ ਅਜੀਬ ਲੱਗਿਆ ਕਿਉਂਕਿ ਇਸ ਤੋਂ ਪਹਿਲਾਂ ਬੇਨਜ਼ੀਰ ਜਾਂਦੇ ਸਮੇਂ ਹਮੇਸ਼ਾ ਆਪਣੀਆਂ ਗੱਲ੍ਹਾਂ ਮੇਰੇ ਵੱਲ ਵਧਾ ਦਿੰਦੇ ਸਨ।''

ਕਰਨ ਯਾਦ ਕਰਦੇ ਹਨ, ''ਉਨ੍ਹਾਂ ਨੇ ਮੇਰੇ ਕੰਨਾ ਵਿੱਚ ਹੌਲੀ ਜਿਹੀ ਕਿਹਾ ਕਿ ਇਹ ਕੈਬ ਡ੍ਰਾਇਵਰ ਆਪਣੇ ਇਲਾਕੇ ਦਾ ਹੈ। ਉਸਨੂੰ ਇਹ ਨਹੀਂ ਦਿਖਣਾ ਚਾਹੀਦਾ ਕਿ ਤੁਸੀਂ ਮੇਰੀ ਚੁੰਮਣ ਲੈ ਰਹੇ ਹੋ। ਮੈਂ ਇੱਕ ਸੁਸਲਿਮ ਦੇਸ ਦੀ ਕੁਆਰੀ ਮਹਿਲਾ ਹਾਂ।''

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)