ਦੱਖਣੀ ਅਫ਼ਰੀਕਾ: ਸੋਨੇ ਦੀ ਖਾਣ 'ਚ ਫਸੇ 950 ਮਜ਼ਦੂਰ ਸੁਰੱਖਿਅਤ ਬਾਹਰ ਕੱਢੇ

ਬਚਾਅ ਕਾਰਜ ਦੌਰਾਨ ਇੱਕ ਬੱਸ ਵਿੱਚ ਸਵਾਰ ਮੁਲਾਜ਼ਮ Image copyright AFP / GETTY IMAGES
ਫੋਟੋ ਕੈਪਸ਼ਨ ਬਚਾਅ ਕਾਰਜ ਦੌਰਾਨ ਇੱਕ ਬੱਸ ਵਿੱਚ ਸਵਾਰ ਮੁਲਾਜ਼ਮ

ਦੱਖਣੀ ਅਫ਼ਰੀਕਾ ਵਿੱਚ ਸੋਨੇ ਦੀ ਖਾਣ ਵਿੱਚ ਫ਼ਸੇ ਸੈਂਕੜੇ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਪਾਵਰਕੱਟ ਤੋਂ ਬਾਅਦ 955 ਮਜ਼ਦੂਰ ਖਾਣ ਵਿੱਚ ਫ਼ਸ ਗਏ ਸਨ।

ਖਾਣ ਵਿੱਚ ਖੁਦਾਈ ਕਰਵਾ ਰਹੀ ਕੰਪਨੀ ਦੇ ਬੁਲਾਰੇ ਮੁਤਾਬਕ ਬਿਜਲੀ ਬਹਾਲ ਹੋਣ ਤੋਂ ਬਾਅਦ ਇਨ੍ਹਾਂ ਨੂੰ ਬਾਹਰ ਕੱਢਿਆ ਗਿਆ ਹੈ।

ਸੋਨੇ ਦੀ ਖਾਣ ਅੰਦਰ ਮਜ਼ਦੂਰ ਬੁੱਧਵਾਰ ਰਾਤ ਤੋਂ ਫ਼ਸੇ ਹੋਏ ਸਨ।

ਦੱਖਣੀ ਅਫ਼ਰੀਕਾ ਸੋਨਾ ਉਤਪਾਦਨ ਵਿੱਚ ਮੋਹਰੀ ਹੈ, ਪਰ ਇਸ ਸਨਅਤ ਵਿੱਚ ਸੁਰੱਖਿਆ ਦੇ ਮਾਪ-ਦੰਡਾਂ 'ਤੇ ਹਮੇਸ਼ਾ ਸਵਾਲ ਉੱਠਦੇ ਰਹਿੰਦੇ ਹਨ।

Image copyright AFP/GETTY IMAGES
ਫੋਟੋ ਕੈਪਸ਼ਨ ਬਿਜਲੀ ਦਾ ਪ੍ਰਬੰਧ ਹੋਣ ਮਗਰੋਂ ਰਾਤ ਨੂੰ ਜਾਰੀ ਬਚਾਅ ਕਾਰਜ

ਜੋਹਾਨੇਸਬਰਗ ਤੋਂ ਤਕਰੀਬਨ 290 ਕਿੱਲੋਮੀਟਰ ਦੂਰ ਵੇਲਕੋਮ ਸ਼ਹਿਰ 'ਚ ਬੀਆਟ੍ਰਿਕਸ ਖਾਣ ਸਥਿਤ ਹੈ।

ਇਸ ਖਾਣ ਦੀ ਮਲਕੀਅਤ ਸਿਬਨੀ-ਸਟਿੱਲਵਾਟਰ ਮਾਇਨਿੰਗ ਫਰਮ ਦੀ ਹੈ। ਖੁਦਾਈ ਜ਼ਮੀਨ ਦੇ ਹੇਠਾਂ 3,200 ਫੁੱਟ ਤੋਂ ਵੀ ਡੂੰਘੀ ਹੋ ਰਹੀ ਹੈ।

ਖ਼ਬਰ ਏਜੰਸੀ ਏਐੱਫ਼ਪੀ ਦੇ ਰਿਪੋਰਟਰ ਮੁਤਾਬਕ ਮੌਕੇ 'ਤੇ ਕਈ ਐਂਬੂਲੈਂਸ ਗੱਡੀਆਂ ਪਹੁੰਚੀਆਂ ਹੋਈਆਂ ਹਨ।

'ਮਜ਼ਦੂਰਾਂ ਦੀ ਜਾਨ ਖ਼ਤਰੇ ਵਿੱਚ ਸੀ'

ਵੀਰਵਾਰ ਨੂੰ ਕੰਪਨੀ ਦੇ ਬੁਲਾਰੇ ਨੇ ਕਿਹਾ ਸੀ ਕਿ ਮਜ਼ਦੂਰਾਂ ਲਈ ਰਸਦ ਪਹੁੰਚਾਈ ਜਾ ਰਹੀ ਹੈ।

ਦੂਜੇ ਪਾਸੇ ਰਾਹਤ ਕਾਰਜ ਵਿੱਚ ਜੁਟੇ ਇੰਜੀਨੀਅਰਾਂ ਦਾ ਕਹਿਣਾ ਸੀ ਕਿ ਐਮਰਜੈਂਸੀ ਜਨਰੇਟਰ ਮੁਸ਼ਕਿਲ ਨਾਲ ਕੰਮ ਕਰ ਰਹੇ ਹਨ।

ਕਿਹਾ ਜਾ ਰਿਹਾ ਸੀ ਕਿ ਹਾਦਸਾ ਉਸ ਵੇਲੇ ਵਾਪਰਿਆਂ ਜਦੋਂ ਤੂਫ਼ਾਨ ਕਾਰਨ ਬਿਜਲੀ ਗੁੱਲ ਹੋ ਗਈ।

ਟਰੇਡ ਯੂਨੀਅਨਾਂ ਨੂੰ ਖ਼ਦਸ਼ਾ ਹੈ ਕਿ ਕਈ ਮਜ਼ਦੂਰਾਂ ਦੀ ਜਾਨ ਖ਼ਤਰੇ ਵਿੱਚ ਹੈ।

ਸਾਲ 2017 ਵਿੱਚ ਦੱਖਣੀ ਅਫਰੀਕਾਂ ਦੀਆਂ ਖਾਣਾਂ ਵਿੱਚ 80 ਮੌਤਾਂ ਹੋ ਚੁੱਕੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)