ਮੋਦੀ ਦਾ ਇੱਕ ਹੋਰ ਪੰਜਾਬ ਦੌਰਾ ਸੁੱਕਾ ਹੀ ਲੰਘਿਆ

ਮੋਦੀ ਰੈਲੀ Image copyright Sukhcharan Preet/BBC
ਫੋਟੋ ਕੈਪਸ਼ਨ ਮਲੋਟ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਉੱਤੇ ਤਿੱਖੇ ਹਮਲੇ ਕੀਤੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਹੋਰ ਪੰਜਾਬ ਦੌਰਾ ਵੀ ਸੁੱਕਾ ਗਿਆ। ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਧਾਏ ਜਾਣ ਤੋਂ ਬਾਅਦ ਕਿਸਾਨਾਂ ਵੱਲੋਂ ਧੰਨਵਾਦ ਕਰਵਾਉਣ ਲਈ ਕਰਵਾਈ ਗਈ ਅਕਾਲੀ ਦਲ ਦੀ ਰੈਲੀ ਵਿਚ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਪੰਜਾਬ ਲਈ ਬਿਨਾਂ ਕੋਈ ਐਲਾਨ ਕੀਤੇ ਪਰਤ ਗਏ।

ਮੋਦੀ ਨੇ ਕਿਹਾ ਕਿ ਬੀਤੇ 70 ਸਾਲਾਂ ਦੌਰਾਨ ਜਿਸ ਪਾਰਟੀ ਨੂੰ ਕਿਸਾਨਾਂ ਨੇ ਭਵਿੱਖ ਦੀ ਜ਼ਿੰਮੇਵਾਰੀ ਦਿੱਤੀ ਸੀ ਉਸਨੇ ਕਦੇ ਕਿਸਾਨਾਂ ਦੀ ਮਿਹਨਤ ਦਾ ਮੁੱਲ ਨਹੀਂ ਪਾਇਆ। ਸਿਰਫ਼ ਇੱਕ ਹੀ ਪਰਿਵਾਰ ਦੀ ਚਿੰਤਾ ਕੀਤੀ ਗਈ। ਕਿਸਾਨਾਂ ਲਈ ਬਿਨਾਂ ਸਿਰ ਪੈਰ ਦੀਆਂ ਸਕੀਮਾਂ ਬਣਾਈਆ।

ਇਹ ਵੀ ਪੜ੍ਹੋ :

ਹਿੰਦੀ ਭਾਸ਼ਣ ਨੂੰ ਪੰਜਾਬੀ ਤੜਕਾ

ਹਿੰਦੀ ਭਾਸ਼ਣ ਨੂੰ ਪੰਜਾਬੀ ਤੜਕਾ ਲਾਉਂਦਿਆਂ ਮੋਦੀ ਨੇ ਕਿਹਾ, 'ਕਿਸਾਨਾਂ ਦੀ ਆਮਦਨ ਨੂੰ ਲਾਗਤ ਦੇ ਸਿਰਫ਼ 10 ਫੀਸਦ ਲਾਭ ਤੱਕ ਹੀ ਸੀਮਤ ਰੱਖਿਆ ਗਿਆ। ਕਾਂਗਰਸ ਨੇ ਹਮੇਸ਼ਾਂ ਕਿਸਾਨਾਂ ਨਾਲ ਧੋਖਾ ਕੀਤਾ। ਅਸੀਂ ਨੀਤੀ ਨੂੰ ਬਦਲਣ ਲਈ ਲੱਗੇ ਹੋਏ ਹਾਂ'।

ਪ੍ਰਧਾਨ ਮੰਤਰੀ ਦਾ ਦਾਅਵਾ ਸੀ ਕਿ ਜਵਾਨਾਂ ਤੇ ਕਿਸਾਨਾਂ ਦਾ ਸਨਮਾਨ ਬਹਾਲ ਉਨ੍ਹਾਂ ਨੇ ਹੀ ਕੀਤਾ ਹੈ। ਪਹਿਲਾਂ ਜਵਾਨਾਂ ਨੂੰ ਵੰਨ ਰੈਂਕ ਵੰਨ ਪੈਨਸ਼ਨ ਲਾਗੂ ਕੀਤਾ ਅਤੇ ਹੁਣ ਕਿਸਾਨਾਂ ਨੂੰ ਲਾਗਤ ਦਾ ਡੇਢ ਗੁਣਾ ਭਾਅ ਵੀ ਉਨ੍ਹਾਂ ਨੇ ਹੀ ਦਿੱਤਾ ਹੈ। ਉਨ੍ਹਾਂ ਮਤਾਬਕ 14 ਫਸਲਾਂ ਦੇ ਭਾਅ ਵਿਚ 200 ਤੋਂ 1800 ਰੁਪਏ ਦਾ ਵਾਧਾ ਕੀਤਾ ਗਿਆ ਹੈ।

Image copyright Sukcharan Preet/BBC
ਫੋਟੋ ਕੈਪਸ਼ਨ ਗਰਮੀ ਵਿਚ ਗੜੁੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਆਪਣੀਆਂ ਉੁਪਲਬਧੀਆਂ ਗਿਣਾਉਂਦੇ ਰਹੇ ਅਤੇ ਵਿਰੋਧੀ ਪਾਰਟੀ ਕਾਂਗਰਸ ਨੂੰ ਕੋਸਦੇ ਰਹੇ

ਜੁਲਾਈ ਦੀ ਕਹਿਰ ਦੀ ਗਰਮੀ ਵਿਚ ਗੜੁੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਆਪਣੀਆਂ ਉੁਪਲਬਧੀਆਂ ਗਿਣਾਉਂਦੇ ਰਹੇ ਅਤੇ ਵਿਰੋਧੀ ਪਾਰਟੀ ਕਾਂਗਰਸ ਨੂੰ ਕੋਸਦੇ ਰਹੇ।

ਬਾਦਲ ਦੇ ਭਾਸ਼ਣ ਦੌਰਾਨ ਲੱਗੇ ਨਾਅਰੇ

ਅੱਜ ਦੀ ਇਸ ਰੈਲੀ ਦੌਰਾਨ ਕੁਝ ਵਿਅਕਤੀਆਂ ਵੱਲੋਂ ਮੁਰਦਾਬਾਦ ਦੇ ਨਾਅਰੇ ਲਾਉਣ ਦੀ ਕੋਸ਼ਿਸ਼ ਕੀਤੀ ਗਈ।

ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਦਾ ਭਾਸ਼ਣ ਚਲ ਰਿਹਾ ਸੀ।ਪੁਲਿਸ ਵੱਲੋਂ ਤੁਰੰਤ ਉਨ੍ਹਾਂ ਨੂੰ ਦਬੋਚ ਲਿਆ ਗਿਆ।

ਜਿਸ ਨਾਲ ਸਭ ਲੋਕਾਂ ਦਾ ਧਿਆਨ ਇੱਕ ਵਾਰ ਸਪੀਚ ਤੋਂ ਹਟ ਕੇ ਉਸ ਥਾਂ ਵੱਲ ਹੋ ਗਿਆ।ਬਾਦਲ ਨੂੰ ਸਪੀਚ ਦੌਰਾਨ ਲੋਕਾਂ ਨੂੰ ਖੜੇ ਨਾ ਹੋਣ ਅਤੇ ਉੱਧਰ ਨਾ ਦੇਖਣ ਲਈ ਕਹਿਣਾ ਪਿਆ।

ਸੁਖ਼ਬੀਰ ਦੀਆਂ ਦੋ ਮੰਗਾਂ

ਕਿਸੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੰਜਾਬ ਲਈ ਨੋਟਾਂ ਦੇ ਟਰੱਕ ਮੰਗਾਉਣ ਦੇ ਦਾਅਵੇ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੋਈ ਤਾਜ਼ਾ ਮੰਗ ਨਹੀਂ ਰੱਖੀ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਉੱਚੇ ਸੁਰ ਵਾਲੇ ਭਾਸ਼ਣ ਵਿਚ ਮੁੱਖ ਤੌਰ ਉੱਤੇ ਦੋ ਮੰਗਾਂ ਰੱਖੀਆਂ। ਉਨ੍ਹਾਂ 1984 ਦੇ ਸਿੱਖ ਵਿਰੋਧੀ ਕਤਲ-ਏ-ਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਅਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਉਣ ਦਾ ਜ਼ਿਕਰ ਕੀਤਾ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿਚ ਇਨ੍ਹਾਂ ਮੰਗਾਂ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

ਗਰਮੀ ਨੇ ਕੀਤੇ ਲੋਕ ਬੇਹਾਲ

ਰੈਲੀ ਵਿਚ ਪਹੁੰਚੇ ਲੋਕ ਗਰਮੀ ਤੋਂ ਬੇਹਾਲ ਸਨ, ਵਰਕਰਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਵੱਡੀ ਪੱਧਰ ਉੱਤੇ ਛਬੀਲਾਂ ਲਗਾਈਆਂ ਗਈਆਂ ਸਨ।

Image copyright Sukhcharan Preet/bbc
ਫੋਟੋ ਕੈਪਸ਼ਨ ਪੁਲਿਸ ਵਾਲੇ ਛਾਂਵੇ ਬੈਠੇ ਲੋਕਾਂ ਨੂੰ ਪੰਡਾਲ ਵਿਚ ਜਾਣ ਲਈ ਦਬਕੇ ਮਾਰਦੇ ਰਹੇ

ਤਪਦੇ ਸ਼ਮਿਆਨੇ ਤੋਂ ਬਾਹਰ ਲੋਕੀਂ ਛਾਂ ਲਈ ਰੁੱਖਾਂ ਨੂੰ ਲੱਭਦੇ ਦੇਖੇ ਗਏ ਅਤੇ ਛਬੀਲਾਂ ਉੱਤੇ ਪਿਆਸ ਬੁਝਾਉਂਦੇ ਰਹੇ।

ਪੁਲਿਸ ਵਾਲੇ ਛਾਵੇਂ ਬੈਠੇ ਲੋਕਾਂ ਨੂੰ ਪੰਡਾਲ ਵਿਚ ਜਾਣ ਲਈ ਦਬਕੇ ਮਾਰਦੇ ਰਹੇ।ਪੁੱਛੇ ਜਾਣ ਉੱਤੇ ਇੱਤ ਪੁਲਿਸ ਅਧਿਕਾਰੀ ਨੇ ਕਿਹਾ ਸੁਰੱਖਿਆ ਕਾਰਨਾਂ ਕਰਕੇ ਉਹ ਲੋਕਾਂ ਨੂੰ ਪੰਡਾਲ ਵਿਚ ਭੇਜ ਰਹੇ ਹਨ।

ਕਾਲੇ ਪਰਨੇ ਤੇ ਜੁਰਾਬਾਂ ਲੁਹਾਈਆਂ

Image copyright Sukcharan Preet/BBC
ਫੋਟੋ ਕੈਪਸ਼ਨ ਸਕਿਉਰਟੀ ਗੇਟਾਂ ਉੱਤੇ ਲੋਕਾਂ ਦੇ ਕਾਲੇ ਪਰਨੇ ਅਤੇ ਜੁਰਾਬਾਂ ਤੱਕ ਲੁਹਾ ਲਈਆਂ ਗਈਆਂ।

ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਤੋਂ ਵੀ ਭਾਜਪਾ ਵਰਕਰ ਪਹੁੰਚੇ ਹੋਏ ਸਨ। ਗਰਮੀ ਵਿਚ ਪਸੀਨੋ-ਪਸੀਨੀ ਹੋਏ ਲੋਕਾਂ ਦੇ ਸਕਿਉਰਟੀ ਗੇਟਾਂ ਉੱਤੇ ਲੋਕਾਂ ਦੇ ਕਾਲੇ ਪਰਨੇ ਅਤੇ ਜੁਰਾਬਾਂ ਤੱਕ ਲੁਹਾ ਲਈਆਂ ਗਈਆਂ।

Image copyright Sukhcharan Preet/bbc
ਫੋਟੋ ਕੈਪਸ਼ਨ ਤਪਦੇ ਸ਼ਮਿਆਨੇ ਤੋਂ ਬਾਹਰ ਲੋਕੀਂ ਛਾਂ ਲਈ ਰੁੱਖਾਂ ਨੂੰ ਲੱਭਦੇ ਦੇਖੇ ਗਏ ਅਤੇ ਪਾਣੀ ਦੀਆਂ ਛਬੀਲਾਂ ਉੱਤੇ ਪਿਆਸ ਬੁਝਾਉਂਦੇ ਰਹੇ।
Image copyright Sukcharan preet/bbc
ਫੋਟੋ ਕੈਪਸ਼ਨ ਕਾਲਾ ਰਾਮ ਡੱਭਵਾਲੀ ਤੋਂ ਹੈ। ਪਾਰਟੀ ਦਾ ਨਾਂ ਨਹੀ ਲੈਣਾ ਆਉਦ । ਇਸਦਾ ਕਹਿਣਾ ਹੈ ਫੁੱਲ ਨੂੰ ਵੋਟ ਪਾਉਂਦਾ ਹਾਂ ਕਿਉਂਕਿ ਮੋਦੀ ਨੇ ਹਰਿਆਣਾ ਦੇ ਗਰੀਬਾਂ ਲਈ ਸਸਤਾ ਰਾਸ਼ਨ ਅਤੇ ਬੁਢਾਪਾ ਪੈਨਸਨ ਦਿੱਤੀ ਹੈ।
Image copyright Sukhcharan Preet/ BBC
ਫੋਟੋ ਕੈਪਸ਼ਨ ਰਾਜੇਸ਼ ਕੁਮਾਰ ਭਾਟੀ ਕਲੋਨੀ ਡੱਬਵਾਲੀ ਦਾ ਰਹਿਣ ਵਾਲਾ ਹੈ। ਇਸ ਦਾ ਕਹਿਣਾ ਹੈ ਕਿ ਕਿਸੇ ਅਜੇ ਸਰਪੰਚ ਨਾਲ ਆਇਆ ਹਾਂ। ਰੈਲੀ ਦਾ ਮਕਸਦ ਨਹੀਂ ਪਤਾ।
Image copyright Sukhcharan Preet/BBC
ਫੋਟੋ ਕੈਪਸ਼ਨ ਗੁਰਜੀਤ ਸਿੰਘ ਲੰਬੀ ਨਾਲ ਸਬੰਧਤ ਹੈ, ਗੁਰਜੀਤ ਸਿੰਘ ਨੂੰ ਲੱਗਦਾ ਹੈ ਕਿ ਮੋਦੀ ਨੇ ਕਿਸਾਨਾਂ ਲਈ ਰੇਟ ਦੇ ਕੇ ਚੰਗਾ ਕੰਮ ਕੀਤਾ ਹੈ ਅਤੇ ਜੋ ਇਸ ਰੈਲੀ ਵਿਚ ਮੋਦੀ ਨੇ ਵਾਅਦੇ ਕੀਤੇ ਹਨ, ਜੇ ਉਹ ਲ਼ਾਗੂ ਹੋਣਗੇ ਤਾਂ ਚੰਗੀ ਗੱਲ ਹੈ।
Image copyright Sukhcharanpreet/bbc
ਫੋਟੋ ਕੈਪਸ਼ਨ ਕੁਲਵੰਤ ਸਿੰਘ ਮੁਕਤਸਰ ਦੇ ਪਿੰਡ ਕਰਮਗੜ ਨਾਲ ਸਬੰਧਤ ਮਜ਼ਦੂਰ ਹੈ। ਉਸਦਾ ਕਹਿਣਾ ਸੀ ਕਿ ਪਿੰਡ ਦੇ ਅਕਾਲੀ ਆਗੂਆਂ ਨਾਲ ਉਹ ਆਇਆ ਹੈ। ਉਸ ਮੁਤਾਬਕ ਇਹ ਰੈਲੀ ਮਜ਼ਦੂਰਾਂ ਕਿਸਾਨਾਂ ਲਈ ਰੱਖੀ ਗਈ ਸੀ ਪਰ ਮਜ਼ਦੂਰਾਂ ਲਈ ਤਾਂ ਮੋਦੀ ਨੇ ਕੋਈ ਐਲਾਨ ਹੀ ਨਹੀ ਕੀਤਾ।

ਰੋਹਿਤ ਕੁਮਾਰ ਫਾਜ਼ਿਲਕਾ ਦੇ ਖੂਈ ਖੁਰਦ ਨਾਲ ਸਬੰਧਤ ਹਨ। ਰੋਹਿਤ ਇਸ ਲਈ ਰੈਲੀ ਵਿਚ ਆਏ ਹਨ ਕਿ ਮੋਦੀ ਸਰਕਾਰ ਨੇ ਫਸਲਾਂ ਦੇ ਰੇਟ ਸਮੇਤ ਕਿਸਾਨਾਂ ਲਈ ਬਹੁਤ ਕੁੱਝ ਕੀਤਾ ਹੈ। ਇਸੇ ਤਰ੍ਹਾਂ ਰੌਸ਼ਨ ਲਾਲ ਨੂੰ ਰੈਲੀ ਦੇ ਮਕਸਦ ਬਾਰੇ ਨਹੀਂ ਪਤਾ ਸੀ ਉਹ ਆਪਣੇ ਪਿੰਡ ਦੇ ਭਾਜਪਾ ਆਗੂਆਂ ਨਾਲ ਪਹੁੰਚੇ ਹੋਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)