'ਪੰਜ ਕੁੜੀਆਂ ਜੰਮਣ ਕਰਕੇ ਕੀਤਾ ਪਤਨੀ ਦਾ ਕਤਲ': ਅਨੰਦਪੁਰ ਸਾਹਿਬ ਨੇੜੇ ਸਾਹਮਣੇ ਆਇਆ ਮਾਮਲਾ

  • ਅਰਵਿੰਦ ਛਾਬੜਾ ਅਤੇ ਨਵਦੀਪ ਕੌਰ
  • ਬੀਬੀਸੀ ਨਿਊਜ਼, ਰੋਪੜ
ਅਨੀਤਾ ਦੇ ਘਰ ਤੋਂ ਕੁਝ ਕਦਮ ਦੂਰੀ 'ਤੇ ਰਹਿੰਦੀ ਅਨੀਤਾ ਦੀ ਭੈਣ ਸਰਬਜੀਤ

ਤਸਵੀਰ ਸਰੋਤ, courtesy: family

ਤਸਵੀਰ ਕੈਪਸ਼ਨ,

ਅਨੀਤਾ ਦੇ ਕੁੱਖੋਂ ਪੰਜ ਕੁੜੀਆਂ ਦੇ ਜਨਮ ਤੋਂ ਪਰੇਸ਼ਾਨ ਸੀ ਉਸਦਾ ਪਤੀ

ਇਹ ਇੱਕ ਅਜਿਹਾ ਮਾਮਲਾ ਹੈ ਜਿਸ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਵੀ ਕਹਿੰਦੇ ਹਨ ਕਿ ਉਹ ਦੰਗ ਰਹਿ ਗਏ ਹਨ।

ਘਟਨਾ ਪੰਜਾਬ ਦੇ ਅਨੰਦਪੁਰ ਸਾਹਿਬ ਨੇੜਲੇ ਪਿੰਡ ਝਿੰਜੜੀ ਵਿੱਚ ਬੁੱਧਵਾਰ, 17 ਅਪ੍ਰੈਲ ਨੂੰ ਵਾਪਰੀ। ਪੁਲਿਸ ਨੇ ਦਾਅਵਾ ਕੀਤਾ ਕਿ ਪੰਜਵੀਂ ਧੀ ਦੇ ਪੈਦਾ ਹੋਣ 'ਤੇ ਪਰੇਸ਼ਾਨ ਚੱਲ ਰਹੇ ਇੱਕ ਆਦਮੀ ਨੇ ਪੰਜ ਧੀਆਂ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਪਤਨੀ ਨੂੰ ਗਲਾ ਘੋਟ ਕੇ ਮਾਰ ਦਿੱਤਾ ਕਿਉਂਕਿ ਉਸ ਦੀ ਕੁੱਖੋਂ ਬੇਟਾ ਨਹੀਂ ਜੰਮਿਆ ਸੀ।

ਪੁਲਿਸ ਮੁਤਾਬਕ ਕਤਲ ਮਗਰੋਂ ਉਸ ਨੇ ਖੁਦਕੁਸ਼ੀ ਦੀ ਵੀ ਕੋਸ਼ਿਸ਼ ਕੀਤੀ। ਸਭ ਤੋਂ ਵੱਡੀ ਬੇਟੀ 14 ਸਾਲ ਦੀ ਹੈ, ਸਭ ਤੋਂ ਛੋਟੀ ਸਿਰਫ਼ ਸਾਢੇ ਚਾਰ ਮਹੀਨੇ ਦੀ। ਬਾਕੀਆਂ ਦੀ ਉਮਰ 12, 10 ਅਤੇ 8 ਸਾਲ ਹੈ।

ਪੁਲਿਸ ਨੇ ਕਿਹਾ, ''ਮੁਲਜ਼ਮ ਰਾਕੇਸ਼ ਕੁਮਾਰ (43) ਨੇ ਪਤਨੀ ਅਨੀਤਾ ਰਾਣੀ (35) ਦਾ ਕਤਲ ਕੀਤਾ ਅਤੇ ਫਿਰ ਦਾਤਰੀ ਨਾਲ ਆਪਣਾ ਗਲਾ ਵੱਢਣ ਦੀ ਵੀ ਕੋਸ਼ਿਸ਼ ਕੀਤੀ, ਹੁਣ ਉਹ ਹਸਪਤਾਲ ਵਿੱਚ ਭਰਤੀ ਹੈ।''

ਇਹ ਵੀ ਪੜ੍ਹੋ

ਤਸਵੀਰ ਸਰੋਤ, Courtesy: Family

ਤਸਵੀਰ ਕੈਪਸ਼ਨ,

ਰਾਕੇਸ਼ ਕੁਮਾਰ (43) ਤੇ ਪਤਨੀ ਅਨੀਤਾ ਰਾਣੀ (35)

ਫਿਲਹਾਲ ਰਾਕੇਸ਼ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕਤਲ ਦਾ ਕੇਸ ਦਰਜ ਹੋ ਗਿਆ ਹੈ।

ਮਾਮਲੇ ਜਾਂਚ ਕਰ ਰਹੇ ਇੰਸਪੈਕਟਰ ਗੁਰਜੀਤ ਸਿੰਘ ਨੇ ਕਿਹਾ, "ਪੰਜਾਬ ਵਿੱਚ ਧੀਆਂ ਦੇ ਜਨਮ 'ਤੇ ਘਰੇਲੂ ਹਿੰਸਾ ਦੀਆਂ ਘਟਨਾਵਾਂ ਕੋਈ ਅਣਸੁਣੀ ਗੱਲ ਨਹੀਂ, ਪਰ ਇਹ ਘਟਨਾ ਦੰਗ ਕਰ ਦੇਣ ਵਾਲੀ ਹੈ। ਘਬਰਾਈਆਂ ਹੋਈਆਂ ਬੱਚੀਆਂ ਸਾਡੇ ਵੱਲ ਦੇਖ ਰਹੀਆਂ ਸਨ। ਸਾਡੇ ਮਨ ਵਿੱਚ ਵੀ ਇਹੀ ਗੱਲ ਸੀ ਕਿ ਹੁਣ ਇਨ੍ਹਾਂ ਦਾ ਕੀ ਬਣੇਗਾ।"

ਪੁਲਿਸ ਅਫ਼ਸਰ ਨੇ ਅੱਗੇ ਦਾਅਵਾ ਕੀਤਾ, "ਰਾਕੇਸ਼ ਕੁਮਾਰ ਨੇ ਸਾਨੂੰ ਦੱਸਿਆ ਕਿ ਉਹ ਬਹੁਤ ਗੁੱਸੇ ਵਿੱਚ ਆ ਗਿਆ ਸੀ ਅਤੇ ਆਪਣੀ ਸੁੱਤੀ ਪਈ ਪਤਨੀ ਨੂੰ ਕਤਲ ਕਰ ਦਿੱਤਾ। ਉਸ ਨੇ ਕਿਹਾ ਕਿ ਉਹ ਫਿਕਰਮੰਦ ਸੀ ਕਿ ਪੰਜ ਧੀਆਂ ਦਾ ਪਾਲਣ-ਪੋਸ਼ਣ ਕਿਵੇਂ ਹੋਏਗਾ ਅਤੇ ਉਸ ਦੇ ਪੁੱਤਰ ਕਿਉਂ ਨਹੀਂ ਹੈ।"

ਪੰਜਾਬ ਵਿੱਚ ਪਿਛਲੇ ਕੁਝ ਦਹਾਕਿਆਂ ਤੋਂ ਭਰੂਣ ਹੱਤਿਆਵਾਂ ਹੋਣ ਕਰਕੇ ਸੈਕਸ ਅਨੁਪਾਤ ਕੁਝ ਚੰਗਾ ਨਹੀਂ, ਹਾਲਾਂਕਿ ਹਾਲ ਹੀ ਵਿੱਚ ਕੁਝ ਬਿਹਤਰ ਹੋਇਆ ਹੈ। 2011 ਦੀ ਜਨਗਣਨਾ ਮੁਤਾਬਕ ਸੂਬੇ ਵਿੱਚ 1000 ਮੁੰਡਿਆਂ ਮਗਰ 895 ਕੁੜੀਆਂ ਸਨ, ਜੋ ਕਿ 940 ਦੀ ਕੌਮੀ ਔਸਤ ਤੋਂ ਘੱਟ ਸੀ।

ਇਹ ਵੀ ਪੜ੍ਹੋ

ਤਸਵੀਰ ਸਰੋਤ, courtesy: family

ਤਸਵੀਰ ਕੈਪਸ਼ਨ,

ਅਨੀਤਾ ਦੇ ਘਰ ਤੋਂ ਕੁਝ ਕਦਮ ਦੂਰੀ 'ਤੇ ਰਹਿੰਦੀ ਅਨੀਤਾ ਦੀ ਭੈਣ ਸਰਬਜੀਤ

'ਕਸੂਰਵਾਰ ਮੰਨਦਾ ਸੀ ਪਰ...'

ਰਾਕੇਸ਼ ਅਤੇ ਅਨੀਤਾ ਦੇ ਘਰ ਤੋਂ ਕੁਝ ਕਦਮ ਦੂਰੀ 'ਤੇ ਰਹਿੰਦੀ ਅਨੀਤਾ ਦੀ ਭੈਣ ਸਰਬਜੀਤ — ਜੋ ਕਿ ਰਾਕੇਸ਼ ਦੇ ਭਰਾ ਨਾਲ ਵਿਆਹੀ ਹੋਈ ਹੈ — ਨੇ ਕਿਹਾ, "ਉਹ ਮੇਰੀ ਭੈਣ ਨੂੰ ਕੇਵਲ ਧੀਆਂ ਪੈਦਾ ਕਰਨ ਲਈ ਕਸੂਰਵਾਰ ਮੰਨਦਾ ਸੀ ਪਰ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਉਹ ਅਜਿਹਾ ਭਿਆਨਕ ਕਦਮ ਚੁੱਕੇਗਾ।"

ਪਰਿਵਾਰ ਅਨੰਦਪੁਰ ਸਾਹਿਬ ਤੋਂ 3-4 ਕਿਲੋਮੀਟਰ ਦੂਰ ਝਿੰਜੜੀ ਪਿੰਡ ਵਿੱਚ ਸਧਾਰਨ ਜਿਹੇ ਘਰ ਵਿੱਚ ਰਹਿੰਦਾ ਹੈ।

ਘਰ ਇੱਕ ਵਿਰਲੀ ਜਨਸੰਖਿਆ ਵਾਲੇ ਖੇਤਰ ਵਿੱਚ ਨਹਿਰ ਦੇ ਨੇੜੇ ਇੱਕ ਪਹਾੜੀ ਉੱਤੇ ਹੈ।

ਜਦੋਂ ਬੀਬੀਸੀ ਦੀ ਟੀਮ ਦੋ ਕਮਰਿਆਂ ਦੇ ਇਸ ਘਰ ਵਿੱਚ ਗਈ ਤਾਂ ਅਨੀਤਾ ਅਤੇ ਰਾਕੇਸ਼ ਦੀਆਂ ਸਿਰਫ਼ ਦੋ ਵੱਡੀਆਂ ਬੇਟੀਆਂ ਤੇ ਕੁਝ ਰਿਸ਼ਤੇਦਾਰ ਉੱਥੇ ਸਨ।

ਵੀਡੀਓ ਕੈਪਸ਼ਨ,

Video- ਪੰਜਵੀਂ ਵੀ ਧੀ ਜੰਮੀ ਤਾਂ ਪਤਨੀ ਨੂੰ ਗਲਾ ਘੋਟ ਕੇ ਮਾਰ ਦਿੱਤਾ- ਪੁਲਿਸ

'ਸਾਡੇ ਕੋਲੋਂ ਵੀ ਨਹੀਂ ਪਾਲੀਆਂ ਜਾਣੀਆਂ'

ਸਾਨੂੰ ਦੱਸਿਆ ਗਿਆ ਕਿ ਅਨੀਤਾ ਦਾ ਭਰਾ ਬਾਕੀ ਤਿੰਨ ਛੋਟੀਆਂ ਕੁੜੀਆਂ ਨੂੰ ਆਪਣੇ ਨਾਲ ਲੈ ਗਿਆ ਹੈ।

ਉਹ ਭਰਾ ਚੰਡੀਗੜ੍ਹ ਨੇੜੇ ਰਹਿੰਦਾ ਹੈ ਅਤੇ ਆਪਣਾ ਨਾਮ ਜਨਤਕ ਨਹੀਂ ਕਰਨਾ ਚਾਹੁੰਦਾ। ਉਸ ਨੇ ਕਿਹਾ, "ਅਸੀਂ ਵੀ ਸਾਰੀਆਂ ਕੁੜੀਆਂ ਨੂੰ ਨਹੀਂ ਪਾਲ ਸਕਦੇ। ਦੇਖਾਂਗੇ ਕਿ ਕੀ ਕੀਤਾ ਜਾਵੇ।"

ਸਰਬਜੀਤ ਨੇ ਅਨੀਤਾ ਦੀਆਂ ਦੋ ਧੀਆਂ ਵੱਲ ਦੇਖਦਿਆਂ ਕਿਹਾ ਕਿ ਇਹ ਬਹੁਤ ਡਰੀਆਂ ਹੋਈਆਂ ਸੀ। "ਸਭ ਤੋਂ ਵੱਡੀ ਨੇ ਇੱਕ ਸ਼ਬਦ ਤੱਕ ਨਹੀਂ ਬੋਲਿਆ ਹੈ, ਕਿਉਂਕਿ ਉਹ ਬੇਹੱਦ ਡਰ ਵਿੱਚ ਹੈ।"

ਰਾਕੇਸ਼ ਕੁਮਾਰ ਦੇ ਪਰਿਵਾਰ ਨੇ ਦੱਸਿਆ ਕਿ ਉਸ ਨੇ ਹਾਲ ਹੀ ਵਿੱਚ ਟਾਇਰ ਪੰਚਰ ਦੀ ਦੁਕਾਨ ਖੋਲ੍ਹੀ ਸੀ ਪਰ ਉਹ ਕੰਮ ਘੱਟ ਹੀ ਕਰਦਾ ਸੀ ਅਤੇ ਪਰਿਵਾਰ ਦੋ ਵੇਲੇ ਦੀ ਰੋਟੀ ਲਈ ਸੰਘਰਸ਼ ਕਰ ਰਿਹਾ ਸੀ।

ਘਟਨਾ ਰਾਤ ਕਰੀਬ 2 ਵਜੇ ਵਾਪਰੀ। ਸਰਬਜੀਤ ਕੌਰ ਨੇ ਦਾਅਵਾ ਕੀਤਾ, "ਰਾਕੇਸ਼ ਨੇ ਰੌਲਾ ਪਾਇਆ ਕਿ ਕੁਝ ਲੋਕ ਉਨ੍ਹਾਂ ਦੇ ਘਰ ਆ ਗਏ ਹਨ। ਅਸੀਂ ਉਨ੍ਹਾਂ ਦੇ ਘਰ ਵੱਲ ਭੱਜੇ ਤਾਂ ਅਨੀਤਾ ਬੇਸੁੱਧ ਪਈ ਹੋਈ ਸੀ। ਅਸੀਂ ਨੇੜੇ ਰਹਿੰਦੇ ਵੈਦ ਨੂੰ ਬੁਲਾਇਆ ਅਤੇ ਇਸੇ ਦੌਰਾਨ ਰਾਕੇਸ਼ ਤੇਜ਼ਧਾਰ ਹਥਿਆਰ ਲੈ ਕੇ ਵਾਪਸ ਆਇਆ ਅਤੇ ਚੀਖਿਆ ਕਿ ਮੈਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ ਅਤੇ ਫਿਰ ਉਸ ਨੇ ਆਪਣੀ ਗਰਦਨ 'ਤੇ ਵੀ ਵਾਰ ਕੀਤੇ।"

ਇੰਸਪੈਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਰਾਕੇਸ਼ ਕੁਮਾਰ ਖਿਲਾਫ਼ ਕਤਲ ਅਤੇ ਖ਼ਦਕੁਸ਼ੀ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਲਿਆ ਹੈ।

ਜਦੋਂ ਅਨੀਤਾ ਦੀਆਂ ਧੀਆਂ ਚੁੱਪਚਾਪ ਉਸ ਵੱਲ ਦੇਖ ਰਹੀਆਂ ਸੀ ਤਾਂ ਸਰਬਜੀਤ ਕੌਰ ਨੇ ਰੋਂਦੇ ਹੋਏ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਮੇਰੀ ਭੈਣ ਨਾਲ ਅਜਿਹਾ ਕਰਨ ਬਦਲੇ ਉਹ ਉਮਰ ਭਰ ਲਈ ਜੇਲ੍ਹ ਵਿੱਚ ਰਹੇ।"

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)