ਤੁਸੀਂ ਜਾਣਦੇ ਹੋ ਇਹ 9 ਹੈਰਾਨੀਜਨਕ ਚੀਜ਼ਾਂ ਔਰਤਾਂ ਨੇ ਖ਼ੋਜੀਆਂ

women

ਤਸਵੀਰ ਸਰੋਤ, HANNAH EACHUS

ਜੇ ਤੁਹਾਡੇ ਤੋਂ ਅਹਿਮ ਖੋਜਕਾਰਾਂ ਦੇ ਨਾਂ ਪੁੱਛੇ ਜਾਣ ਤਾਂ ਤੁਸੀਂ ਥੌਮਸ ਐਡੀਸਨ, ਐਲੇਗਜ਼ੈਂਡਰ ਗ੍ਰਾਹਮ ਬੈੱਲ ਜਾਂ ਲਿਓ ਨਾਰਡੋ ਦਾ ਵਿੰਚੀ ਦਾ ਨਾਮ ਹੀ ਲਓਗੇ।

ਪਰ ਮੈਰੀ ਐਂਡਰਸਨ ਅਤੇ ਐਨ ਸੁਕਾਮੋਟੋ ਬਾਰੇ ਤੁਹਾਡਾ ਕੀ ਖਿਆਲ ਹੈ?

ਤੁਹਾਨੂੰ ਸ਼ਾਇਦ ਉਨ੍ਹਾਂ ਦੇ ਨਾਂ ਵੀ ਨਹੀਂ ਪਤਾ ਹੋਣਗੇ, ਰੋਜ਼ਮਰਾ ਦੀ ਜ਼ਿੰਦਗੀ ਦੀਆਂ ਚੀਜ਼ਾਂ ਅਤੇ ਵਿਗਿਆਨਕ ਖੋਜਾਂ ਪਿੱਛੇ ਇਹ ਦੋ ਔਰਤਾਂ ਹਨ।

1. ਕੰਪਿਊਟਰ ਸਾਫ਼ਟਵੇਅਰ-ਗਰੇਸ ਹੌਪਰ

ਗਰੇਸ ਹੌਪਰ ਦੂਜੀ ਵਿਸ਼ਵ ਜੰਗ ਤੋਂ ਬਾਅਦ ਅਮਰੀਕੀ ਨੇਵੀ `ਚ ਭਰਤੀ ਹੋਈ ਤੇ ਰਿਯਰ ਐਡਮਿਰਲ ਦੇ ਅਹੁਦੇ ਤੱਕ ਪਹੁੰਚੀ ਸੀ।

ਇਸੇ ਨੂੰ ਮਾਰਕ-1 ਨਾਮ ਦੇ ਕੰਪਿਊਟਰ `ਤੇ ਕੰਮ ਕਰਨ ਦਾ ਮੌਕਾ ਮਿਲਿਆ ਸੀ।

ਕੰਪਾਈਲਰ ਦੀ ਖ਼ੋਜ ਪਿੱਛੇ ਹੌਪਰ ਦਾ ਹੀ ਦਿਮਾਗ ਸੀ। ਜਿਸ ਨਾਲ ਸੂਚਨਾਵਾਂ ਨੂੰ ਕੋਡ `ਚ ਤਬਦੀਲ ਕੀਤਾ ਜਾਂਦਾ ਹੈ ਤਾਂਕਿ ਕੰਪਿਊਟਰ ਸਮਝ ਸਕੇ।

"ਡੀ-ਬਗਿੰਗ" ਜਿਸ ਦਾ ਇਸਤੇਮਾਲ ਅੱਜ ਵੀ ਹੁੰਦਾ ਹੈ, ਹੌਪਰ ਦੀ ਹੀ ਦੇਣ ਹੈ।

2. ਕਾਲਰ ਆਈਡੀ ਅਤੇ ਕਾਲ ਵੇਟਿੰਗ-ਡਾ. ਸ਼ਿਰਲੇ ਐੱਨ ਜੈਕਸਨ

ਡਾ. ਸ਼ਿਰਲੇ ਐੱਨ ਜੈਕਸਨ ਅਮਰੀਕੀ ਭੌਤਿਕ ਵਿਗਿਆਨੀ ਸੀ।ਜਿਸ ਨੇ 1970 `ਚ ਕਾਲਰ ਆਈਡੀ ਅਤੇ ਕਾਲ ਵੇਟਿੰਗ ਨੂੰ ਈਜਾਦ ਕੀਤਾ।

ਦੂਰ ਸੰਚਾਰ `ਚ ਉਸ ਦੇ ਯੋਗਦਾਨ ਕਰਕੇ ਹੀ ਹੋਰ ਲੋਕ ਪੋਰਟੇਬਲ ਫੈਕਸ, ਫਾਈਬਰ ਓਪਟਿਕ ਕੇਬਲ ਅਤੇ ਸੋਲਰ ਸੈੱਲ ਦੀ ਕਾਢ ਕੱਢ ਸਕੇ।

ਤਸਵੀਰ ਸਰੋਤ, HANNAH EACHUS

ਡਾ. ਸ਼ਿਰਲੇ ਪਹਿਲੀ ਅਫ਼ਰੀਕੀ-ਅਮਰੀਕੀ ਮਹਿਲਾ ਹੈ, ਜਿਸ ਨੇ ਟੌਪ ਰੈਂਕ ਦੀ ਯੂਨੀਵਰਸਿਟੀ ਨੂੰ ਲੀਡ ਕੀਤਾ ਸੀ।

3. ਵਿੰਡ-ਸਕਰੀਨ ਵਾਈਪਰ-ਮੈਰੀ ਐਂਡਰਸਨ

1903 ਦੀ ਸਰਦ ਰਾਤ `ਚ ਮੈਰੀ ਐਂਡਰਸਨ ਨੇ ਨਿਊਯਾਰਕ ਜਾਂਦੇ ਹੋਏ ਧਿਆਨ ਦਿੱਤਾ ਕਿ ਉਸ ਦੇ ਡਰਾਈਵਰ ਨੂੰ ਵਿੰਡ-ਸਕਰੀਨ ਤੋਂ ਸਿਰਫ਼ ਬਰਫ਼ ਹਟਾਉਣ ਦੇ ਲਈ ਖਿੜਕੀ ਖੋਲ੍ਹਣੀ ਪੈ ਰਹੀ ਸੀ। ਜਿਸ ਨਾਲ ਸਵਾਰੀ ਨੂੰ ਠੰਡ ਲੱਗ ਜਾਂਦੀ ਸੀ।

ਐਂਡਰਸਨ ਨੇ ਇਸ ਸਮੱਸਿਆ ਦੇ ਹੱਲ਼ ਲਈ ਇੱਕ ਰਬੜ ਬਲੇਡ ਬਣਾਇਆ।

ਇਸ ਨਾਲ ਕਾਰ ਦੇ ਅੰਦਰੋਂ ਹੀ ਸ਼ੀਸ਼ਾ ਸਾਫ਼ ਕੀਤਾ ਜਾ ਸਕਦਾ ਸੀ। 1903 `ਚ ਉਸ ਨੂੰ ਐਵਾਰਡ ਨਾਲ ਸਨਮਾਨਿਆ ਵੀ ਗਿਆ।

ਹਾਲਾਂਕਿ ਕਾਰ ਕੰਪਨੀਆਂ ਨੇ ਦਾਅਵਾ ਕੀਤਾ ਕਿ ਇਸ ਨਾਲ ਡਰਾਈਵਰ ਦਾ ਧਿਆਨ ਭਟਕੇਗਾ ਪਰ ਇਹ ਹੁਣ ਹਰ ਕਾਰ `ਚ ਸਟੈਂਡਰਡ ਬਣ ਗਿਆ ਹੈ ।

4. ਸਪੇਸ ਸਟੇਸ਼ਨ ਬੈਟਰੀਆਂ- ਔਲਗਾ ਡੀ ਗੋਂਜ਼ਾਲਿਜ਼-ਸਨਾਬਰਿਆ

ਕੌਮਾਂਤਰੀ ਸਪੇਸ ਸਟੇਸ਼ਨ ਲਈ ਲੰਮਾ ਸਮਾਂ ਚੱਲਣ ਵਾਲੀ ਹਾਈਡ੍ਰੋਜਨ ਬੈਟਰੀ ਦੀ ਖੋਜ ਔਲਗਾ ਡੀ ਗੋਂਜ਼ਾਲਿਜ਼-ਸਨਾਬਰਿਆ ਨੇ ਕੀਤੀ ਸੀ।

ਪਿਊਰਟੋ ਰਿਕੋ ਦੀ ਰਹਿਣ ਵਾਲੀ ਓਲਗਾ ਨੇ 1980 `ਚ ਇਸ ਤਕਨੀਕ ਦੀ ਖੋਜ ਕੀਤੀ ਜਿਸ ਨਾਲ ਇਹ ਬੈਟਰੀਆਂ ਚੱਲ ਸਕਣ।

ਓਲਗਾ ਇਸ ਵੇਲੇ ਨਾਸਾ ਦੇ ਗਲੈੱਨ ਰਿਸਰਚ ਸੈਂਟਰ `ਚ ਇੰਜੀਨਿਅਰਿੰਗ ਦੀ ਡਾਇਰੈਕਟਰ ਹੈ।

ਤਸਵੀਰ ਸਰੋਤ, HANNAH EACHUS

5. ਡਿਸ਼ਵਾਸ਼ਰ -ਜੋਸਫਾਈਨ ਕੋਕਰੇਨ

ਕੋਕਰੇਨ ਇੱਕ ਅਜਿਹੀ ਮਸ਼ੀਨ ਚਾਹੁੰਦੀ ਸੀ, ਜਿਸ ਨਾਲ ਭਾਂਡੇ ਤੇਜ਼ੀ ਨਾਲ ਧੋਤੇ ਜਾਣ, ਉਹ ਵੀ ਬਿਨਾਂ ਟੁੱਟੇ।

ਉਸ ਨੇ ਇੱਕ ਮਸ਼ੀਨ ਬਣਾਈ, ਜਿਸ ਵਿੱਚ ਤਾਂਬੇ ਦੇ ਬੁਆਇਲਰ `ਚ ਮੋਟਰ ਲੱਗੀ ਹੋਈ ਸੀ। ਇਹ ਪਹਿਲੀ ਭਾਂਡੇ ਧੋਣ ਦੀ ਮਸ਼ੀਨ ਸੀ, ਜਿਸ `ਚ ਪਾਣੀ ਦਾ ਪ੍ਰੈਸ਼ਰ ਔਟੋਮੈਟਿਕ ਸੀ।

ਕੌਕਰੇਨ ਦੇ ਸ਼ਰਾਬੀ ਪਤੀ ਨੇ ਉਸ ਨੂੰ ਛੱਡ ਦਿੱਤਾ ਸੀ। ਜਿਸ ਤੋਂ ਬਾਅਦ ਉਸਨੇ ਇਹ ਖੋਜ ਕੀਤੀ ਤੇ 1886 `ਚ ਆਪਣੀ ਪ੍ਰੋਡਕਸ਼ਨ ਫੈਕਟਰੀ ਵੀ ਖੋਲ੍ਹ ਲਈ।

6. ਹੋਮ ਸਕਿਊਰਿਟੀ ਸਿਸਟਮ- ਮੈਰੀ ਵੇਨ ਬ੍ਰਿਟਨ ਬਰਾਊਨ

ਮੈਰੀ ਵੇਨ ਬ੍ਰਿਟਨ ਬਰਾਊਨ, ਇੱਕ ਨਰਸ ਸੀ। ਜਿਸ ਨੇ ਆਪਣੇ ਪਤੀ ਐਲਬਰਟ ਨਾਲ ਮਿਲ ਕੇ ਘਰ ਦੀ ਸੁਰੱਖਿਆ ਲਈ ਇੱਕ ਯੰਤਰ ਬਣਾਇਆ।

ਇਸ ਯੰਤਰ `ਚ ਇੱਕ ਕੈਮਰਾ ਲੱਗਿਆ ਹੋਇਆ ਸੀ ਜੋ ਕਿ ਦਰਵਾਜ਼ੇ `ਤੇ ਲਾਇਆ ਜਾਂਦਾ ਸੀ। ਇਹ ਉੱਪਰੋਂ ਹੇਠਾਂ ਤੱਕ ਹਿੱਲ ਸਕਦਾ ਸੀ।

ਉਸ ਦੇ ਬੈੱਡਰੂਮ `ਚ ਵੀ ਇੱਕ ਮੌਨੀਟਰ ਲੱਗਿਆ ਸੀ, ਜਿਸ `ਚ ਅਲਾਰਮ ਬਟਨ ਲੱਗਿਆ ਹੋਇਆ ਸੀ।

ਤਸਵੀਰ ਸਰੋਤ, HANNAH EACHUS

7. ਸਟੈੱਮ ਸੈੱਲ ਆਈਸੋਲੇਸ਼ਨ- ਐਨ ਸੁਕਾਮੋਟੋ

ਸੁਕਾਮੋਟੋ ਦੇ ਯੋਗਦਾਨ ਕਰਕੇ ਹੀ ਕੈਂਸਰ ਦੇ ਮਰੀਜ਼ਾਂ ਦਾ ਬਲੱਡ ਸਿਸਟਮ ਸਮਝਣ ਦੀ ਸੌਖ਼ ਹੋਈ ਹੈ।

ਫ਼ਿਲਹਾਲ ਸੁਕਾਮੋਟੋ ਸਟੈੱਮ ਸੈੱਲ ਵਿਕਸਤ ਹੋਣ `ਤੇ ਖ਼ੋਜ ਕਰ ਰਹੀ ਹੈ।

8. ਕੇਵਲਰ- ਸਟੈਫਨੀ ਕਵੋਲੈਕ

ਇਸ ਕੈਮਿਸਟ ਨੇ 1965 `ਚ ਬੁਲੇਟ ਪ੍ਰੂਫ਼ ਜੈਕਟ `ਚ ਇਸਤੇਮਾਲ ਹੋਣ ਵਾਲੇ ਘੱਟ ਵਜ਼ਨ ਦੇ ਫਾਈਬਰ ਦੀ ਖੋਜ ਕੀਤੀ।

ਇਹ ਫਾਈਬਰ ਸਟੀਲ ਨਾਲੋਂ ਪੰਜ ਗੁਣਾ ਜ਼ਿਆਦਾ ਮਜ਼ਬੂਤ ਹੈ ।

9. ਮੋਨੋਪਲੀ- ਐਲਿਜ਼ਾਬੇਥ ਮੈਗੀ

ਚਾਰਲਸ ਡੈਰੋ ਨਾਮ ਦੇ ਸ਼ਖਸ ਨੂੰ ਦੁਨੀਆਂ ਦੀ ਸਭ ਤੋਂ ਮਸ਼ਹੂਰ ਖੇਡ ਦੇ ਲਈ ਜਾਣਿਆ ਜਾਂਦਾ ਹੈ।

ਇਸ ਖੇਡ ਦੇ ਨਿਯਮ ਐਲਿਜ਼ਾਬੇਥ ਮੈਗੀ ਨੇ ਬਣਾਏ ਸਨ।

ਐਲੀਜ਼ਾਬੇਥ ਪੂੰਜੀਵਾਦ ਦੀਆਂ ਮੁਸ਼ਕਿਲਾਂ ਇਸ ਖੇਡ ਦੇ ਜ਼ਰੀਏ ਸਾਂਝੀਆਂ ਕਰਨਾ ਚਾਹੁੰਦੀ ਸੀ।

ਉਸ ਨੇ `ਦ ਲੈਂਡ ਲਾਰਡਜ਼` ਗੇਮ ਨਾਂ ਦੇ ਡਿਜ਼ਾਈਨ ਦੀ ਪੇਟੇਂਟ 1904 `ਚ ਕਰਵਾਈ ਸੀ ।

`ਦ ਗੇਮ ਆਫ਼ ਮੋਨੋਪਲੀ` ਜੋ ਅਸੀਂ ਅੱਜ ਜਾਣਦੇ ਹਾਂ, 1935 `ਚ ਪਾਰਕਰ ਭਰਾਵਾਂ ਨੇ ਪਬਲਿਸ਼ ਕੀਤੀ ਸੀ।

ਉਨ੍ਹਾਂ ਨੂੰ ਪਤਾ ਲੱਗਿਆ ਕਿ ਡੈਰੋ ਹੀ ਇਸ ਖੇਡ ਦਾ ਖੋਜੀ ਨਹੀਂ ਸੀ, ਸਗੋਂ ਉਸ ਨੇ ਮਹਿਜ਼ 500 ਡਾਲਰ `ਚ ਇਹ ਪੇਟੇਂਟ ਮੈਗੀ ਤੋਂ ਖਰੀਦ ਲਿਆ ਸੀ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)