ਰੈਸਲਿੰਗ ਰਿੰਗ ਵਿੱਚ ਸਾਰੀਆਂ ਰਵਾਇਤਾਂ ਦਾ ਤੋੜਿਆ ਲੱਕ
- ਅਭਿਮਨਿਊ ਕੁਮਾਰ ਸਾਹਾ
- ਬੀਬੀਸੀ ਪੱਤਰਕਾਰ

ਤਸਵੀਰ ਸਰੋਤ, FACEBOOK/KAVITA DALAL
ਹਰਿਆਣਾ ਦੀ ਕਵਿਤਾ ਸਿੰਘ ਜਦੋਂ ਡਬਲਿਊ.ਡਬਲਿਊ.ਈ ਦੇ ਰੈਸਲਿੰਗ ਰਿੰਗ ਵਿੱਚ ਸਲਵਾਰ ਕਮੀਜ਼ ਪਾ ਕੇ ਉਤਰੀ ਤਾਂ ਸਾਰੇ ਹੈਰਾਨ ਰਹਿ ਗਏ।
ਨਿਊਜ਼ੀਲੈਂਡ ਦੀ ਭਲ਼ਵਾਨ ਡਕੋਟਾ ਕਾਈ ਦੇ ਖ਼ਿਲਾਫ਼ ਉਸ ਦੀ ਪਹਿਲੀ ਲੜਾਈ ਦਾ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ।
ਕਵਿਤਾ ਭਾਰਤ ਦੀ ਪਹਿਲੀ ਜ਼ਨਾਨਾ ਭਲ਼ਵਾਨ ਹੈ, ਜੋ ਡਬਲਿਊ.ਡਬਲਿਊ.ਈ ਵਿੱਚ ਪਹੁੰਚੀ ਹੈ।
ਯੂ-ਟਿਊਬ 'ਤੇ ਅਪਲੋਡ ਕੀਤੇ ਗਏ ਉਨ੍ਹਾਂ ਦੇ ਵੀਡੀਓ ਨੂੰ ਪੰਜ ਦਿਨਾਂ ਦੌਰਾਨ 35 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਸਨ।
ਕੀਤੀ ਸੀ ਖੁਦਕੁਸ਼ੀ ਦੀ ਕੋਸ਼ਿਸ਼
ਆਪਣੀ ਤਾਕਤ ਦਾ ਜਲ਼ਵਾ ਦਿਖਾਉਣ ਵਾਲੀ ਕਵਿਤਾ ਕਦੇ ਜ਼ਿੰਦਗੀ ਤੋਂ ਕਾਫ਼ੀ ਨਿਰਾਸ਼ ਹੋ ਗਈ ਸੀ।
8-9 ਮਹੀਨਿਆਂ ਦੇ ਬੱਚੇ ਦੀ ਮਾਂ ਕਵਿਤਾ ਸਿੰਘ ਨੇ 2013 ਵਿੱਚ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਸੀ।
ਅਸਲ ਵਿੱਚ ਕਵਿਤਾ ਖੇਡ ਅਤੇ ਪਰਿਵਾਰ ਵਿੱਚ ਤਾਲਮੇਲ ਨਹੀਂ ਬਿਠਾ ਪਾ ਰਹੀ ਸੀ। ਪਰਿਵਾਰ ਦਾ ਵੀ ਸਹਿਯੋਗ ਨਹੀਂ ਮਿਲ ਰਿਹਾ ਸੀ ।
ਕਵਿਤਾ ਹੁਣ ਆਪਣੀ ਖੁਦਕੁਸ਼ੀ ਦੀ ਸੋਚ ਨੂੰ ਗਲਤ ਦੱਸਦੀ ਹੈ।
ਤਸਵੀਰ ਸਰੋਤ, FACEBOOK/KAVITA DALAL
ਸਲਵਾਰ ਸੂਟ ਪਾ ਕੇ ਲੜਨ ਪਿੱਛੇ ਸੋਚ
ਰੈਸਲਿੰਗ ਰਿੰਗ 'ਚ ਸਲਵਾਰ ਸੂਟ ਪਾ ਕੇ ਲੜਨ ਪੁੱਛੇ ਜਾਣ 'ਤੇ ਕਵਿਤਾ ਕਹਿੰਦੀ ਹੈ, 'ਮੈਂ ਆਪਣੇ ਦੇਸ਼ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹਾਂ। ਦੂਜਾ ਮੈਂ ਇਹ ਦੱਸਣਾ ਚਾਹੁੰਦੀ ਸੀ ਕਿ ਪਹਿਰਾਵਾ ਰੈਸਲਿੰਗ ਦੇ ਰਾਹ ਵਿੱਚ ਨਹੀਂ ਆਉਂਦਾ।
ਰੈਸਲਿੰਗ ਵਿੱਚ ਕਿਵੇਂ ਆਈ ਕਵਿਤਾ
ਵੇਟ ਲਿਫ਼ਟਿੰਗ ਦੀ ਖਿਡਾਰੀ ਕਵਿਤਾ ਦਾ ਰੈਸਲਿੰਗ 'ਚ ਆਉਣ ਦਾ ਸਫ਼ਰ ਕਾਫ਼ੀ ਰੋਚਕ ਹੈ। ਉਨ੍ਹਾਂ ਮੁਤਾਬਿਕ,"ਮੈਂ ਇੱਕ ਵਾਰ ਗਰੇਟ ਖ਼ਲੀ ਦੀ ਫਾਈਟ ਦੇਖਣ ਪਹੁੰਚੀ। ਉੱਥੇ ਇੱਕ ਮਰਦ ਭਲ਼ਵਾਨ ਨੇ ਕੁਸ਼ਤੀ ਜਿੱਤਣ ਤੋਂ ਬਾਅਦ ਪੂਰੀ ਦਰਸ਼ਕਾਂ ਨੂੰ ਲਲਕਾਰਿਆ।"
ਉਹ ਅੱਗੇ ਕਹਿੰਦੀ ਹੈ, "ਉਸ ਦੀ ਆਵਾਜ਼ ਵਿੱਚ ਹੰਕਾਰ ਸੀ, ਮੈਂ ਉਸਦੀ ਚੁਣੌਤੀ ਸਵੀਕਾਰ ਕੀਤੀ ਤੇ ਸਲਵਾਰ ਸੂਟ ਪਾ ਕੇ ਹੀ ਰਿੰਗ ਵਿੱਚ ਉਤਰ ਪਈ। ਜੋਸ਼ ਵਿੱਚ ਮੈਂ ਉਸ ਨੂੰ ਧੋਬੀ ਪਟਕਾ ਦੇ ਦਿੱਤਾ। ਖਲੀ ਸਰ ਨੂੰ ਇਹ ਚੰਗਾ ਲੱਗਿਆ, ਤੇ ਉਨ੍ਹਾਂ ਨੇ ਮੈਨੂੰ ਟ੍ਰੇਨਿੰਗ ਲੈਣ ਲਈ ਕਿਹਾ। ਉਸ ਦਿਨ ਤੋਂ ਮੈਂ ਰੈਸਲਿੰਗ ਵਿੱਚ ਆ ਗਈ।"
ਤਸਵੀਰ ਸਰੋਤ, KAVITA/FACEBOOK
ਚੁਣੌਤੀਆਂ ਭਰਿਆ ਸਫ਼ਰ
ਕਵਿਤਾ ਮੁਤਾਬਕ ਜਦੋਂ ਉਹ 2002 ਵਿੱਚ ਘਰੋਂ ਪੜ੍ਹਨ ਲਈ ਬਾਹਰ ਨਿਕਲੀ ਤਾਂ ਉਸ ਨੂੰ ਕਈ ਤਕਲੀਫ਼ਾਂ ਦਾ ਸਾਹਮਣਾ ਕਰਨਾ ਪਿਆ। ਕਵਿਤਾ ਨੇ ਕਿਹਾ, "ਘਰ ਵਾਲਿਆਂ ਤੋਂ ਵੱਧ ਚਿੰਤਾ ਰਿਸ਼ਤੇਦਾਰਾਂ ਤੇ ਗੁਆਂਢੀਆਂ ਨੂੰ ਹੁੰਦੀ ਹੈ। ਇਹ ਲੋਕ ਕਈ ਤਰੀਕੇ ਦੇ ਸਵਾਲ ਖੜ੍ਹੇ ਕਰਦੇ ਹਨ।"
ਆਉਣ ਵਾਲੇ ਦਿਨਾਂ ਵਿੱਚ ਕਵਿਤਾ ਦੇਸ਼ ਲਈ ਡਬਲਿਊ.ਡਬਲਿਊ.ਈ ਦੀ ਚੈਂਪੀਅਨਸ਼ਿਪ ਜਿੱਤਣਾ ਚਾਹੁੰਦੀ ਹੈ।
ਬੀਬੀਸੀ ਪੰਜਾਬੀ ਦੇ ਫੇਸ ਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ। ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।