ਡੇਰਿਆਂ ਨੇ ਜਮਹੂਰੀਅਤ ਦੇ ਹੱਕ ਨੂੰ ਆਸਥਾ ਨਾਲ ਕਿਵੇਂ ਜੋੜਿਆ ?

Dera Sacha Sauda Image copyright PUNIT PARANJPE/AFP/Getty Images

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਜਿਸ ਤਰ੍ਹਾਂ ਹਿੰਸਾ ਹੋਈ ਉਸ ਨੇ ਡੇਰਾਵਾਦ ਉੱਤੇ ਇੱਕ ਵਾਰ ਮੁੜ ਬਹਿਸ ਛੇੜ ਦਿੱਤੀ।

ਪੰਜਾਬ ਵਿੱਚ ਲੋਕ ਡੇਰਿਆਂ ਵੱਲ ਕਿਉਂ ਜਾ ਰਹੇ ਹਨ? ਡੇਰਿਆਂ ਦੀ ਸਿਆਸੀ ਪਾਰਟੀਆਂ ਨਾਲ ਕਿਹੋ ਜਿਹੀ ਗੰਢ-ਤੁੱਪ ਹੈ ਅਤੇ ਡੇਰਿਆਂ ਦੀ ਸਥਾਪਤੀ ਵਿੱਚ ਸਰਕਾਰ ਦੀ ਕੀ ਭੂਮਿਕਾ ਹੈ?

ਡੇਰਾਵਾਦ ਨਾਲ ਜੁੜੇ ਅਜਿਹੇ ਹੀ ਹੋਰ ਸਵਾਲਾਂ ਦੇ ਜਵਾਬ ਜਾਨਣ ਲਈ ਬੀਬੀਸੀ ਨਿਊਜ਼ ਪੰਜਾਬੀ ਨੇ ਜਾਣੇ-ਪਛਾਣੇ ਟਿੱਪਣੀਕਾਰ ਡਾ. ਪ੍ਰਮੋਦ ਕੁਮਾਰ ਨਾਲ ਗੱਲਬਾਤ ਕੀਤੀ।

ਪੇਸ਼ ਹੈ ਡੇਰਾਵਾਦ ਦੇ ਆਰ-ਪਾਰ ਡਾ. ਪ੍ਰਮੋਦ ਦੀਆਂ ਰੋਚਕ ਟਿੱਪਣੀਆਂ :-

ਇੰਨੀ ਵੱਡੀ ਗਿਣਤੀ ਵਿੱਚ ਲੋਕ ਡੇਰਿਆ ਵੱਲ ਕਿਉਂ ਜਾ ਰਹੇ ਹਨ?

ਡੇਰਿਆਂ ਦਾ ਪ੍ਰਭਾਵ ਜਿਹੜਾ ਸਾਡਾ ਗਰੀਬ ਤਬਕਾ ਹੈ, ਦਲਿਤ ਹਨ, ਉਨ੍ਹਾਂ ਵਿੱਚ ਕਾਫ਼ੀ ਹੈ।

ਇਸਦਾ ਇੱਕ ਕਾਰਨ ਹੈ ਕਿ ਸਾਡੇ ਸੰਸਥਾਗਤ ਧਰਮਾਂ ਵਿੱਚ ਇਨ੍ਹਾਂ ਲੋਕਾਂ ਨੂੰ ਮਾਣ-ਸਨਮਾਨ ਨਹੀਂ ਮਿਲਦਾ ਸੀ।

ਦੂਜਾ ਕਾਰਨ ਇਨ੍ਹਾਂ ਲੋਕਾਂ ਦੀਆਂ ਰੋਜ਼ ਦੀਆਂ ਮੁਸ਼ਕਲਾਂ ਹਨ । ਪੰਚਾਇਤ ਵਿੱਚ ਇਨ੍ਹਾਂ ਦੀ ਕੋਈ ਭੂਮਿਕਾ ਨਹੀਂ ਸੀ। ਪ੍ਰਸ਼ਾਸਨ ਦਾ ਵਰਤਾਵਾ ਇਨ੍ਹਾਂ ਨਾਲ ਬਹੁਤ ਵਧੀਆ ਨਹੀਂ ਸੀ।

ਡੇਰਿਆਂ ਦਾ ਪ੍ਰਭਾਵ ਇਸ ਕਰ ਕੇ ਵਧਿਆ ਕਿਉਂਕਿ ਇਨ੍ਹਾਂ ਨੇ ਲੋਕਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਸੌਖੀ ਕੀਤੀ।

ਡੇਰਿਆਂ ਨੇ ਇਨ੍ਹਾਂ ਨੂੰ ਇੱਕ ਪਛਾਣ ਤੇ ਸੁਰੱਖਿਆ ਦੀ ਭਾਵਨਾ ਦਿੱਤੀ। ਜੇ ਸਰਕਾਰ 'ਚ ਕੋਈ ਇਨ੍ਹਾਂ ਨਾਲ ਧੱਕਾ ਕਰਦਾ ਸੀ ਤਾਂ ਡੇਰਾ ਤੰਤਰ ਇਨ੍ਹਾਂ ਦੀ ਸੁਰੱਖਿਆ ਕਰਦਾ ਸੀ।

ਤੀਜਾ ਕਾਰਨ, ਇਨ੍ਹਾਂ ਲੋਕਾਂ ਦੇ ਆਪਸ ਵਿੱਚ ਵਿਆਹ ਹੋਣ ਲੱਗ ਗਏ, ਜਿਸ ਵਿੱਚ ਧਰਮ ਅਤੇ ਜਾਤ ਦਾ ਕੋਈ ਰੋਲ ਨਹੀਂ ਸੀ।ਜਾਤ ਦੇ ਵਿਤਕਰੇ, ਦਾਜ ਦੇ ਮਸਲੇ ਘੱਟ ਹੋ ਗਏ।

ਚੌਥੀ ਗੱਲ ਇਹ ਕਿ ਡੇਰੇ ਲੋਕਾਂ ਨੂੰ `ਫੁੱਲ ਪੈਕੇਜ` ਪੇਸ਼ ਕਰਦੇ ਹਨ। ਉਹਦੇ ਵਿੱਚ ਮਨੋਰੰਜਨ ਵੀ ਹੈ, ਖੇਡਾਂ ਵੀ ਅਤੇ ਸੁਰੱਖਿਆ ਦਾ ਭਰੋਸਾ ਵੀ।

Image copyright MONEY SHARMA/AFP/Getty Images

ਇਸਦੇ ਨਾਲੋ-ਨਾਲ ਜ਼ਿੰਦਗੀ ਜਿਊਣ ਲਈ ਇੱਕ ਗਿਆਨ ਦਾ ਆਧਾਰ ਵੀ ਦਿੱਤਾ ਜਾਂਦਾ ਹੈ, ਭਾਵੇ ਉਹ ਵਿਗਿਆਨਕ ਨਾ ਹੀ ਹੋਵੇ।

ਮਿਸਾਲ ਵਜੋਂ ਤੁਸੀਂ ਬਿਜ਼ਨੈੱਸ ਕਿਵੇਂ ਕਰੋਗੇ, ਜੇ ਬਿਮਾਰ ਹੋਏ ਤਾਂ ਕਿਹੜੀ ਦਵਾਈ ਲਵੋਗੇ।

ਤੁਸੀਂ ਆਪਣੀ ਜ਼ਿੰਦਗੀ ਕਿਵੇਂ ਜੀਓਗੇ, ਇੱਥੋਂ ਤੱਕ ਵੀ ਦੱਸਿਆ ਜਾਂਦਾ ਹੈ। ਇਸੇ ਕਰਕੇ ਡੇਰੇ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ।

ਡੇਰਿਆਂ ਨੇ ਕਿਸ ਤਰ੍ਹਾਂ ਆਪਣੇ ਆਪ ਨੂੰ ਬਦਲਿਆ ਹੈ?

ਨਵੇਂ ਉਦਾਰਵਾਦੀ ਅਰਥ ਪ੍ਰਬੰਧ ਦੇ ਨਾਲ ਡੇਰਿਆਂ ਨੇ ਆਪਣਾ ਸਰੂਪ ਬਦਲਿਆ। ਡੇਰਿਆਂ ਨੇ ਆਪਣੀ ਇੱਕ ਕਾਰਪੋਰੇਟ ਪਛਾਣ ਬਣਾਈ।

ਪੰਜਾਬ ਵਿੱਚ 6-7 ਡੇਰੇ ਨੇ, ਜੋ ਇੱਕ ਕਿਸਮ ਦੇ ਕਾਰਪੋਰੇਟ ਨੇ। ਜਦੋਂ ਡੇਰੇ ਕਾਰਪੋਰੇਟ ਹੋਏ ਤਾਂ ਸੱਤਾ ਦੀ ਸਿਆਸਤ ਸ਼ੁਰੂ ਹੋ ਗਈ।

ਇਹ ਰਾਜਨੀਤਕ ਮੁਕਾਬਲੇ ਵਿੱਚ ਹਿੱਸੇਦਾਰੀ ਕਰਨ ਲੱਗ ਪਏ, ਬਜ਼ਾਰ ਦੇ ਨਾਲ ਜੁੜਨ ਲੱਗ ਪਏ ਅਤੇ ਆਪਣੇ ਪ੍ਰੋਡਕਟ ਬਨਾਉਣ ਲੱਗ ਪਏ।

ਇਸ ਦੇ ਨਾਲ ਹੀ ਆਮਦਨ ਵੀ ਆਈ। ਮਨੋਰੰਜਨ ਦੇ ਖੇਤਰ ਵਿੱਚ ਫਿਲਮਾਂ ਵੀ ਬਣਾਉਣ ਲੱਗ ਪਏ।

ਸੱਤਾ ਵਿੱਚ ਹਿੱਸੇਦਾਰੀ ਨਾਲ ਜ਼ਮੀਨ ਮਿਲੀ ਅਤੇ ਸੰਸਥਾਵਾਂ ਬਣਨ ਲੱਗੀਆਂ ਜਿਸ ਨਾਲ ਡੇਰੇ ਹੋਰ ਮਜ਼ਬੂਤ ਹੋ ਗਏ।

ਡੇਰੇ ਤੇ ਰਾਜਨੀਤੀ ਦੇ ਸੰਬੰਧਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ?

ਸ਼ੁਰੂ ਤੋਂ ਹੀ ਰਾਜਨੀਤੀ ਵਿੱਚ ਡੇਰਿਆਂ ਦੀ ਹਿੱਸੇਦਾਰੀ ਰਹੀ ਹੈ।

Image copyright MONEY SHARMA/AFP/Getty Images

ਪਹਿਲਾਂ ਛੋਟੇ ਪੱਧਰ `ਤੇ ਕਿਸੇ ਇੱਕ ਉਮੀਦਵਾਰ ਨੂੰ ਸਮਰਥਨ ਦਿੱਤਾ ਜਾਂਦਾ ਸੀ।

ਜਦੋਂ ਜ਼ਿਆਦਾ ਲੋਕ ਡੇਰਿਆਂ ਦੇ ਨਾਲ ਜੁੜਨ ਲੱਗ ਗਏ ਤਾਂ ਇਨ੍ਹਾਂ ਨੇ ਸਿਆਸੀ ਪਾਰਟੀਆਂ ਨੂੰ ਸਮਰਥਨ ਦੇਣਾ ਸ਼ੁਰੂ ਕਰ ਦਿੱਤਾ।

ਇਹਦੇ ਨਾਲ ਲੋਕਾਂ ਦਾ ਜਿਹੜਾ ਜਮਹੂਰੀਅਤ ਦਾ ਹੱਕ ਸੀ ਉਸ ਨੂੰ ਜ਼ਮੀਰ ਦੀ ਥਾਂ ਆਸਥਾ ਨਾਲ ਜੋੜ ਦਿੱਤਾ ।

ਡੇਰਿਆਂ ਦੀ ਲੋਕਤੰਤਰ ਦੇ ਵਿਰੁੱਧ ਭੂਮਿਕਾ ਹੋਰ ਵਧ ਗਈ ।

ਡੇਰਾ ਸੱਚਾ ਸੌਦਾ ਨੇ ਇੱਕ ਜ਼ੋਖ਼ਮਮਈ ਤੇ ਹੈਰਾਨੀਜਨਕ ਢੰਗ ਨਾਲ ਆਪਣੇ ਆਪ ਨੂੰ ਬਦਲਿਆ।

ਉਨ੍ਹਾਂ ਨੇ ਅਲੱਗ-ਅਲੱਗ ਥਾਵਾਂ ਤੇ ਵੱਖੋ-ਵੱਖਰੀਆਂ ਸਿਆਸੀ ਪਾਰਟੀਆਂ ਨੂੰ ਸਮਰਥਨ ਦਿੱਤਾ।

ਪੰਜਾਬ ਦੇ 56 ਅਜਿਹੇ ਚੋਣ ਹਲਕੇ ਨੇ ਜਿੱਥੇ ਡੇਰਿਆਂ ਦਾ ਪ੍ਰਭਾਵ ਹੈ।

ਡੇਰਿਆਂ ਦੇ ਸਥਾਪਿਤ ਹੋਣ 'ਚ ਸਰਕਾਰ ਦੀ ਕੀ ਭੂਮਿਕਾ ਹੈ?

ਜੋ ਲੋਕ ਕਥਿਤ ਛੋਟੀਆਂ ਜਾਤਾਂ ਤੋਂ ਆਉਂਦੇ ਹਨ, ਉਨ੍ਹਾਂ ਦੇ ਹਾਲਾਤ ਬਦਲਣ ਲਈ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਤਾਂ ਕਿ ਉਨ੍ਹਾਂ ਨੂੰ ਮਾਣ ਸਨਮਾਨ ਮਿਲ ਸਕੇ।

ਜਦੋਂ ਤੱਕ ਸਰਕਾਰ ਉਨ੍ਹਾਂ ਨੂੰ ਪੜ੍ਹਾਈ, ਸਿਹਤ ਅਤੇ ਸਫ਼ਾਈ ਦੀਆਂ ਸੇਵਾਵਾਂ ਅਤੇ ਨੌਕਰੀਆਂ ਨਹੀਂ ਦਿੰਦੀ ਤਾਂ ਉਹ ਜਿਹੜਾ ਵਿਕਲਪ ਲੱਭਦੇ ਨੇ ਉਹ ਡੇਰੇ ਵਿੱਚ ਹੈ।

ਸਰਕਾਰ ਨੂੰ ਇਹ ਫ਼ਾਇਦਾ ਹੈ ਕਿ ਬੈਠੇ ਬਿਠਾਏ ਸਰਕਾਰ ਦੀ ਲੋਕਾਂ ਵਿੱਚ ਮਾਨਤਾ ਬਣ ਜਾਂਦੀ ਹੈ।

ਇੱਕ ਫ਼ਾਇਦਾ ਇਹ ਵੀ ਹੈ ਕਿ ਜੇ ਲੋਕਾਂ ਵਿੱਚ ਬੇਚੈਨੀ ਵੱਧਦੀ ਹੈ ਤਾਂ ਡੇਰੇ ਉਸ ਬਗਾਵਤ ਨੂੰ ਕੋਈ ਹੋਰ ਰੁਖ਼ ਦੇ ਦਿੰਦੇ ਹਨ।

Image copyright AFP/Getty Images

ਉਹਦੇ ਨਾਲ ਸਮਾਜ ਵਿੱਚ ਬੇਚੈਨੀ ਨਹੀਂ ਹੁੰਦੀ ਅਤੇ ਉਸ ਨੂੰ ਦਿਸ਼ਾ ਮਿਲ ਜਾਂਦੀ ਹੈ ਕਿਉਂਕਿ ਡੇਰਿਆਂ ਦੇ ਪੈਰੋਕਾਰ ਲੋਕ ਅੰਦੋਲਨਾਂ ਵਿੱਚ ਹਿੱਸਾ ਨਹੀਂ ਲੈਂਦੇ।

ਭਵਿੱਖ ਵਿੱਚ ਡੇਰਿਆਂ ਦੀ ਭੂਮਿਕਾ ਕੀ ਰਹੇਗੀ?

ਲੋਕ ਡੇਰਿਆਂ ਨਾਲ ਜੁੜੇ ਰਹਿਣਗੇ ਜਦੋਂ ਤੱਕ ਉਨ੍ਹਾਂ ਦੇ ਹਾਲਾਤ ਵਿੱਚ ਸੁਧਾਰ ਨਹੀਂ ਹੁੰਦਾ।

ਸ਼੍ਰੋਮਣੀ ਕਮੇਟੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਘਰ ਵਾਪਸ ਆ ਜਾਓ।

ਸਵਾਲ ਇਹ ਹੈ ਕਿ ਜੇ ਤੁਸੀਂ ਘਰ ਦੇ ਦਰਵਾਜ਼ੇ ਹੀ ਬੰਦ ਕੀਤੇ ਹਨ ਅਤੇ ਉਨ੍ਹਾਂ ਨੂੰ ਡਿਓਢੀ 'ਤੇ ਹੀ ਬਿਠਾਣਾ ਹੈ ਤਾਂ ਉਹ ਕਿਉਂ ਵਾਪਸ ਆਉਣਗੇ।

ਜੇ ਤੁਸੀਂ ਜਾਤ ਤੇ ਵਰਗ ਦੇ ਵਿਤਕਰੇ ਨੂੰ ਖਤਮ ਨਹੀਂ ਕਰੋਗੇ, ਉਹ ਤੁਹਾਡੇ ਨਾਲ ਨਹੀਂ ਆਉਣਗੇ।

ਇਹ ਸਰਕਾਰ ਲਈ ਇੱਕ ਵੱਡਾ ਸਬਕ ਹੈ। ਜਿਹੜੇ ਸਰਕਾਰ ਦੇ ਕੰਮ ਨੇ ਉਹ ਡੇਰੇ ਕਰਨ ਲੱਗ ਪਏ ਹਨ।

ਡੇਰਿਆਂ ਦੀ ਦੇਹਧਾਰੀ ਗੁਰੂ ਦੀ ਪ੍ਰਥਾ ਕਿਉਂ ਚੱਲਦੀ ਆ ਰਹੀ ਹੈ?

ਦੇਹਧਾਰੀ ਗੁਰੂ ਦੀ ਪ੍ਰਥਾ ਪੰਜਾਬ ਵਿੱਚ ਇਸ ਕਰਕੇ ਚੱਲਦੀ ਆ ਰਹੀ ਹੈ ਕਿਉਂਕਿ ਲੋਕਾਂ ਵਿੱਚ ਕਿਤਾਬਾਂ ਪੜ੍ਹਨ ਦਾ ਰੁਝਾਨ ਘੱਟ ਹੈ।

ਉਹ ਪ੍ਰਵਚਨ ਸੁਣਦੇ ਨੇ, ਨਾ ਕਿ ਕਿਤਾਬਾਂ ਤੋਂ ਗਿਆਨ ਲੈਂਦੇ ਹਨ।

ਇਸ ਕਰਕੇ ਦੇਹਧਾਰੀ ਗੁਰੂਆਂ ਦੀ ਮਾਨਤਾ ਹੋਰ ਵੱਧ ਜਾਂਦੀ ਹੈ। ਉਹ ਵਿਚੋਲੇ ਬਣ ਜਾਂਦੇ ਨੇ।

ਸਾਡੀ ਸਿੱਖਿਆ ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਪਾ ਰਹੀ।

ਲੋਕਾਂ ਦਾ ਭਰੋਸਾ ਕਾਨੂੰਨ, ਸਰਕਾਰ ਤੇ ਰਾਜਨੀਤੀ ਤੋਂ ਜ਼ਿਆਦਾ ਡੇਰੇ ਤੇ ਡੇਰਾ ਮੁਖੀਆਂ ਵਿੱਚ ਹੈ।

ਇਸੇ ਲਈ ਕਿਉਂਕਿ ਡੇਰਿਆਂ ਕਾਰਨ ਲੋਕਾਂ ਦਾ ਮਾਣ ਵਧਿਆ ਹੈ।

ਡੇਰਿਆ ਦੀਆਂ ਮਰਿਆਦਾਵਾਂ ਧਰਮ ਨੂੰ ਲੈ ਕੇ ਕੱਟੜ ਨਹੀਂ ਹਨ।

ਤੁਸੀਂ ਉਸ ਵਿੱਚ ਕਬੀਰਪੰਥੀ ਹੋ ਕੇ ਵੀ ਜਾ ਸਕਦੇ ਹੋ, ਸਨਾਤਨੀ ਹੋ ਕੇ ਵੀ ਜਾ ਸਕਦੇ ਹੋ ਅਤੇ ਸਿੱਖ ਹੋ ਕੇ ਵੀ।

ਜੋ ਪਛਾਣ ਅਤੇ ਮਾਣ ਡੇਰਿਆਂ ਨੇ ਲੋਕਾਂ ਨੂੰ ਦਿੱਤਾ ਉਹੀ ਸਭ ਤੋਂ ਮਹੱਤਵਪੂਰਨ ਤੇ ਮਸਲੇ ਦਾ ਕੇਂਦਰੀ ਨੁਕਤਾ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)