2019 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਹੋ ਸਕਦਾ ਹੈ ਸਿੱਖ ਆਗੂ

ਜਗਮੀਤ ਸਿੰਘ ਭਾਰਤੀ ਅਜ਼ਾਦੀ ਦੌਰਾਨ ਚੱਲਣ ਵਾਲੀਆਂ ਲਹਿਰਾਂ ਵਿਚੋਂ ਇਕ ਪਰਜਾ ਮੰਡਲ ਲਹਿਰ ਦੇ ਪ੍ਰਮੁੱਖ ਆਗੂ ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ ਹਨ। ਸੇਵਾ ਸਿੰਘ ਠੀਕਰੀਵਾਲਾ ਨੇ ਪਟਿਆਲਾ ਰਿਆਸਤ ਅਤੇ ਅੰਗਰੇਜ਼ ਹਕੂਮਤ ਖਿਲਾਫ ਲੜਾਈ ਲੜੀ ਸੀ ਅਤੇ ਸ਼ਹੀਦੀ ਪ੍ਰਾਪਤ ਕੀਤੀ ਸੀ। ਜਗਮੀਤ ਸਿੰਘ ਦੇ ਪਿਤਾ ਪੇਸ਼ੇ ਵਜੋਂ ਡਾਕਟਰ ਸਨ ਪਰ ਉਹ ਕੈਨੇਡਾ ਚਲੇ ਗਏ ਅਤੇ ਉਥੇ ਹੀ 2 ਜਨਵਰੀ 1979 ਨੂੰ ਜਗਮੀਤ ਸਿੰਘ ਦਾ ਜਨਮ ਹੋਇਆ ਸੀ।

ਨਸਲੀ ਵਿਤਕਰਿਆਂ ਨੇ ਹੀ ਬਣਾਇਆ ਆਗੂ

ਜਗਮੀਤ ਸਿੰਘ ਬਚਪਨ ਵਿਚ ਜਦੋਂ ਸਕੂਲ ਜਾਂਦੇ ਸਨ ਤਾਂ ਉਨ੍ਹਾਂ ਨਾਲ ਪੜ੍ਹਨ ਵਾਲੇ ਬੱਚੇ ਉਨ੍ਹਾਂ ਦੀ ਭੂਰੀ ਚਮੜੀ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਸਨ। ਉਹ ਉਸ ਨੂੰ ਪੁੱਛਦੇ ਸਨ, "ਤੇਰੀ ਚਮੜੀ ਭੂਰੀ ਕਿਉਂ ਹੈ? ਕੀ ਤੂੰ ਨਹਾਉਂਦਾ ਨਹੀਂ ਹੈਂ, ਤੂੰ ਆਪਣੇ ਵਾਲ ਕਿਉਂ ਨਹੀਂ ਕੱਟਦਾ?" ਜਗਮੀਤ ਖੁਦ ਮੀਡੀਆ ਨਾਲ ਮੁਲਾਕਾਤਾਂ ਦੌਰਾਨ ਦੱਸਦੇ ਹਨ ਕਿ ਉਹ ਕਈ ਵਾਰ ਤਾਂ ਬੱਚਿਆਂ ਨਾਲ ਲੜ ਪੈਂਦਾ ਸੀ। ਆਪਣੇ ਅਤੇ ਦੂਜੇ ਲੋਕਾਂ ਨਾਲ ਹੋਣ ਵਾਲੀ ਇਸ ਬੇਇਨਸਾਫੀ ਨੇ ਉਸਦੀ ਸੋਚ ਨੂੰ ਇਕ ਕਾਰਕੁੰਨ ਦਾ ਰੂਪ ਦੇ ਦਿੱਤਾ ਅਤੇ ਉਹ ਆਪਣੇ ਭਾਈਚਾਰੇ ਅਤੇ ਦੂਜੇ ਲੋਕਾਂ ਦੇ ਹਿੱਤਾਂ ਲਈ ਲੜਨ ਲੱਗ ਪਿਆ।

ਪੇਸ਼ੇ ਵਜੋਂ ਕ੍ਰਿਮੀਨਲ ਵਕੀਲ

ਜਗਮੀਤ ਸਿੰਘ ਪੇਸ਼ੇ ਵਜੋਂ ਕ੍ਰਿਮੀਨਲ ਵਕੀਲ ਹਨ। ਉਨ੍ਹਾਂ ਨੇ ਭਾਰਤ ਵਿਚ ਸਿੱਖ ਵਿਰੋਧੀ ਕਤਲੇਆਮ, ਕੈਨੇਡਾ ਵਿਚ ਟਿਊਸ਼ਨ ਫੀਸ ਵਿਰੋਧੀ ਲਹਿਰ ਅਤੇ ਜੰਗ ਵਿਰੁੱਧ ਮੋਰਚੇ ਲਾਏ। ਉਹ ਦੁਨੀਆਂ ਭਰ ਵਿਚ ਅਮਨ ਸ਼ਾਂਤੀ ਦੇ ਮੁਦੱਈ ਹਨ। ਉਨ੍ਹਾਂ ਦੀ ਇਸੇ ਸੋਚ ਅਤੇ ਸੰਘਰਸ਼ ਕਾਰਨ ਮਨੁੱਖੀ ਅਧਿਕਾਰ ਸੰਗਠਨਾਂ ਨੇ ਉਨ੍ਹਾਂ ਨੂੰ ਸਿਆਸਤ ਵਿਚ ਆਉਣ ਲਈ ਪ੍ਰੇਰਿਤ ਕੀਤਾ।

ਯੂਥ ਆਈਕਨ ਹਨ ਜਗਮੀਤ ਸਿੰਘ

ਓਨਟਾਰੀਓ ਦੀ ਬਰੈਮਲੀ ਗੋਰ ਮਾਲਟਨ ਰਾਈਡਿੰਗ ਤੋਂ ਵਿਧਾਇਕ ਜਗਮੀਤ ਸਿੰਘ 2011 ਤੋਂ ਲਗਾਤਾਰ ਚੋਣ ਜਿੱਤ ਰਹੇ ਹਨ। ਇਸ ਸਮੇਂ ਓਨਟਾਰੀਓ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਉਪ ਨੇਤਾ ਹਨ। 2013 ਵਿਚ ਉਨ੍ਹਾਂ ਨੂੰ ਇਕ ਮੀਡੀਆ ਸੰਗਠਨ ਵਲੋਂ ਕੀਤੇ ਗਏ ਅਧਿਐਨ ਦੌਰਾਨ ਕੈਨੇਡਾ ਦੇ 5 ਨੌਜਵਾਨ ਸਿਤਾਰਿਆਂ ਵਿਚੋਂ ਇਕ ਚੁਣਿਆ ਗਿਆ। ਉਹ ਪਹਿਲੇ 10 ਕੈਨੇਡੀਅਨ ਵਿਅਕਤੀਆਂ ਨੂੰ ਸ਼ਾਮਲ ਕੀਤੇ ਗਏ, ਜਿਹੜੇ ਆਪਣੇ ਪਹਿਰਾਵੇ ਕਾਰਨ ਸੋਹਣੇ ਦਿਸਦੇ ਹਨ। ਉਨ੍ਹਾਂ ਦਾ ਨਾਂ ਕੈਨੇਡਾ ਦੇ 25 ਸਭ ਤੋਂ ਵੱਧ ਸਟਾਈਲਿਸ਼ ਵਿਅਕਤੀਆਂ ਵਿਚ ਵੀ ਆਉਂਦਾ ਹੈ।

ਭਾਰਤ ਨੇ ਨਹੀਂ ਦਿੱਤਾ ਸੀ ਵੀਜ਼ਾ

ਜਗੀਮਤ ਸਿੰਘ ਬਚਪਨ ਵਿੱਚ ਪਟਿਆਲਾ ਰਹਿ ਚੁੱਕੇ ਹਨ ਅਤੇ ਉਹ ਭਾਰਤ ਆਉਂਦੇ ਜਾਂਦੇ ਰਹੇ ਹਨ। ਆਪਣੇ ਕਾਲਜ ਸਮੇਂ ਦੌਰਾਨ ਉਨ੍ਹਾਂ ਭਾਰਤ ਵਿਚ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਮੁਹਿੰਮ ਚਲਾਈ। ਤਤਕਾਲੀ ਟਰੇਡ ਮੰਤਰੀ ਕਮਲ ਨਾਥ ਖਿਲਾਫ ਟੋਰਾਂਟੋ ਵਿਚ ਵੱਡਾ ਮੁਜ਼ਾਹਰਾ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ 2013 ਵਿਚ ਭਾਰਤ ਆਉਣ ਦਾ ਵੀਜ਼ਾ ਨਹੀਂ ਦਿੱਤਾ ਗਿਆ। ਇਸ ਦਾ ਕਾਫੀ ਵਿਵਾਦ ਉਠਿਆ ਸੀ।

ਬਦਲ ਸਕਦੇ ਹਨ ਇਤਿਹਾਸ

ਐਨ ਡੀ ਪੀ ਦੇ ਕੌਮੀ ਪ੍ਰਧਾਨ ਦੀ ਚੋਣ ਲੜ ਰਹੇ ਜਗਮੀਤ ਸਿੰਘ ਦਾ ਮੁਕਾਬਲਾ ਕਾਫੀ ਸਖਤ ਹੈ, ਪਰ ਉਹ ਅੰਗਰੇਜ਼ੀ, ਪੰਜਾਬੀ, ਫਰੈਂਚ ਅਤੇ ਹੋਰ ਕਈ ਭਾਸ਼ਾਵਾਂ ਬੋਲਦੇ ਹੋਣ ਕਾਰਨ ਅਤੇ ਇਕ ਚਰਚਿਤ ਵਕੀਲ ਤੇ ਨੌਜਵਾਨ ਆਗੂ ਵਜੋਂ ਲੋਕਾਂ ਨੂੰ ਆਕਰਸ਼ਿਤ ਕਰਦੇ ਹਨ। ਆਪਣੇ ਹਲਕੇ ਵਿਚ ਸਾਈਕਲ 'ਤੇ ਘੁੰਮਣਾ, ਆਮ ਲੋਕਾਂ ਦੇ ਹੱਕਾਂ ਲਈ ਡਟ ਕੇ ਖੜਨ ਵਾਲੇ ਜਗਮੀਤ ਜੇਕਰ ਇਹ ਚੋਣ ਜਿੱਤ ਗਏ ਤਾਂ ਉਹ ਕਿਸੇ ਕੈਨੇਡੀਅਨ ਸਿਆਸੀ ਪਾਰਟੀ ਦੇ ਕੌਮੀ ਪ੍ਰਧਾਨ ਬਣਨ ਵਾਲੇ ਪਹਿਲੇ ਗੈਰ ਗੋਰੇ ਸਿਆਸਤਦਾਨ ਹੋਣਗੇ।

2019 'ਚ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਅੱਖ

ਐਨਡੀਪੀ ਦੇ ਕੌਮੀ ਪ੍ਰਧਾਨ ਵਜੋਂ ਉਹ 2019 ਵਿਚ ਕੈਨੇਡਾ ਦੀਆਂ ਫੈਡਰਲ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪਾਰਟੀ ਵਲੋਂ ਆਪਣੇ ਆਪ ਹੀ ਉਮੀਦਵਾਰ ਬਣ ਜਾਣਗੇ। ਜ਼ਰਾ ਸੋਚੋ ਕਿ 2019 ਵਿਚ ਜਸਟਿਨ ਟਰੂਡੋ ਦੇ ਸਾਹਮਣੇ ਬਹਿਸ ਕਰਨ ਲਈ ਜਗਮੀਤ ਸਿੰਘ ਵੀ ਆ ਸਕਦੇ ਹਨ।