1956: ਇੱਕ ਦਿਨ ਜਿੱਤੇ ਤੇ ਦੂਜੇ ਦਿਨ ਬਣੇ ਜੰਗਬੰਦੀ

  • ਰੇਹਾਨ ਫਜ਼ਲ
  • ਬੀਬੀਸੀ ਪੱਤਰਕਾਰ
Left: Anant Singh, at center Kanwaljeet Singh.

ਤਸਵੀਰ ਸਰੋਤ, BRIG KANWALJIT SINGH

ਤਸਵੀਰ ਕੈਪਸ਼ਨ,

ਖੱਬੇ ਪਾਸੇ ਪਹਿਲੀ ਤਸਵੀਰ ਅਨੰਤ ਸਿੰਘ ਦੀ ਹੈ, ਵਿਚਾਲੇ ਕੰਵਲਜੀਤ ਸਿੰਘ ਹਨ। ਇਹ ਤਸਵੀਰ ਫੌਜੀਆਂ ਦੇ ਜੰਗਬੰਦੀ ਦੇ ਤੌਰ ਤੇ ਪਾਕਿਸਤਾਨ ਤੋਂ ਪਰਤਣ ਬਾਅਦ ਦੀ ਹੈ।

4 ਸਿੱਖ ਰੈਜੀਮੈਂਟ ਨੇ ਬਰਕੀ ਦੀ ਲੜਾਈ `ਚ ਸ਼ਾਨਦਾਰ ਕੰਮ ਕੀਤਾ ਸੀ, ਪਰ ਅਜੇ ਉਨ੍ਹਾਂ ਦੀ ਪਰੀਖਿਆ ਖਤਮ ਨਹੀਂ ਹੋਈ ਸੀ।

11 ਸਿਤੰਬਰ 1965 ਕੀ ਸਵੇਰ 9:30 ਵਜੇ ਉਨ੍ਹਾਂ ਦੇ ਕਮਾਂਡਿੰਗ ਅਫ਼ਸਰ ਲੈਫ਼ਟੀਨੈਂਟ ਕਰਨਲ ਅਨੰਤ ਸਿੰਘ ਨੂੰ 7 ਇਨਫੈਂਟ੍ਰੀ ਡਿਵੀਜ਼ਨ ਦੇ ਦਫ਼ਤਰ ਸੱਦਿਆ ਗਿਆ ਅਤੇ ਪੱਛਮੀ ਕਮਾਨ ਦੇ ਕਮਾਂਡਰ ਲੈਫ਼ਨੀਨੈਂਟ ਜਨਰਲ ਹਰਬਖਸ਼ ਸਿੰਘ ਨੇ ਉਨ੍ਹਾਂ ਨੂੰ ਇੱਕ ਖਾਸ ਜ਼ਿੰਮੇਵਾਰੀ ਸੌਂਪੀ।

ਹਰਬਖਸ਼ ਸਿੰਘ ਸਿੱਖ ਰੈਜੀਮੈਂਟ ਦੇ ਕਰਨਲ ਵੀ ਸਨ। ਉਨ੍ਹਾਂ ਨੇ ਅਨੰਤ ਸਿੰਘ ਨੂੰ ਕਿਹਾ ਕਿ ਉਨ੍ਹਾਂ ਨੂੰ ਵਲਟੋਹਾ `ਤੇ ਉਤਾਰ ਦਿੱਤਾ ਜਾਏਗਾ ਅਤੇ ਫਿਰ ਉੱਥੋਂ ਪੈਦਲ 19 ਕਿਲੋਮੀਟਰ ਚੱਲ ਕੇ ਪਾਕਿਸਤਾਨੀ ਖੇਤਰ `ਚ ਵੜ ਕੇ ਖੇਮਕਰਨ-ਕਸੂਰ ਸੜਕ `ਤੇ ਰੋਡ ਬਲਾਕ ਬਣਾਉਣਾ ਪਏਗਾ।

ਇਹ ਕੰਮ 12 ਸਿਤੰਬਰ ਦੀ ਸਵੇਰ 5.30 ਵਜੇ ਤੱਕ ਹੋ ਜਾਣਾ ਚਾਹੀਦਾ ਹੈ। ਉਸੇ ਵੇਲੇ ਖੇਮਕਰਨ `ਚ ਪਹਿਲਾਂ ਤੋਂ ਹੀ ਲੜ ਰਹੇ 4 ਮਾਉਂਟੇਨ ਡਿਵੀਜ਼ਨ ਦੇ ਫੌਜੀ 9 ਹੋਰਸ ਦੇ ਟੈਂਕਾਂ ਨਾਲ ਅੱਗੇ ਵੱਧ ਕੇ ਸਵੇਰੇ 8 ਵਜੇ ਉਨ੍ਹਾਂ ਨਾਲ ਜਾ ਮਿਲਣਗੇ।

ਸਾਰਗੜ੍ਹੀ ਦੀ ਲੜਾਈ

12 ਸਿਤੰਬਰ ਦਾ ਦਿਨ 4 ਸਿੱਖ ਰੈਜੀਮੈਂਟ ਦਾ 'ਬੈਟਲ ਔਨਰ' ਦਿਨ ਸੀ।

68 ਸਾਲ ਪਹਿਲਾਂ 12 ਸਿਤੰਬਰ, 1897 ਨੂੰ ਇਸੇ ਦਿਨ ਨੌਰਥ ਵੈਸਟ ਫ੍ਰੰਟੀਅਰ `ਚ 4 ਸਿੱਖ ਰੈਜੀਮੈਂਟ ਦੇ 22 ਜਵਾਨਾਂ ਨੇ ਹਜ਼ਾਰਾਂ ਅਫ਼ਰੀਦੀ ਅਤੇ ਔਰਕਜ਼ਈ ਕਬਾਈਲੀਆਂ ਦਾ ਸਾਹਮਣਾ ਕਰਦੇ ਹੋਏ ਆਖਿਰੀ ਦਮ ਤੱਕ ਉਨ੍ਹਾਂ ਦਾ ਸਾਹਮਣਾ ਕੀਤਾ ਸੀ ਅਤੇ ਆਪਣੇ ਹਥਿਆਰ ਨਹੀਂ ਸੁੱਟੇ ਸਨ।

ਤਸਵੀਰ ਸਰੋਤ, WWW.BHARATRAKSHAK.COM

ਇਹ ਲੜਾਈ ਸਵੇਰੇ 9 ਵਜੇ ਸ਼ੁਰੂ ਹੋਈ ਅਤੇ ਸ਼ਾਮ 4 ਵਜੇ ਤੱਕ ਚਲਦੀ ਰਹੀ। ਉਨ੍ਹਾਂ ਸਾਰੇ 22 ਫੌਜੀਆਂ ਨੂੰ 'ਆਈਯੂਐੱਮ' ਦਿੱਤਾ ਗਿਆ ਸੀ, ਜੋ ਉਸ ਵੇਲੇ ਬ੍ਰਿਟੇਨ ਦਾ ਸਭ ਤੋਂ ਵੱਡਾ ਬਹਾਦਰੀ ਇਨਾਮ ਸੀ। ਇਹ ਅੱਜ-ਕੱਲ੍ਹ ਦੇ ਪਰਮਵੀਰ ਚੱਕਰ ਦੇ ਬਰਾਬਰ ਹੈ।

ਇਸ ਲੜਾਈ ਨੂੰ ਸਾਰਾਗੜ੍ਹੀ ਦੀ ਲੜਾਈ ਕਿਹਾ ਜਾਂਦਾ ਹੈ ਅਤੇ ਇਸ ਦੀ ਗਿਣਤੀ ਬਹਾਦਰੀ ਨਾਲ ਲੜੀ ਗਈ ਵਿਸ਼ਵ ਦੀਆਂ 8 ਵੱਡੀਆਂ ਲੜਾਈਆਂ `ਚ ਮੰਨੀ ਜਾਂਦੀ ਹੈ। ਹਰਬਖਸ਼ ਸਿੰਘ ਚਾਹੁੰਦੇ ਸੀ ਕਿ 4 ਸਿੱਖ ਰੈਜੀਮੈਂਟ ਦੇ ਜਵਾਨ ਆਪਣੇ 'ਬੈਟਲ ਔਨਰ ਡੇ' ਨੂੰ ਖੇਮਕਰਨ `ਚ ਇਸ ਮੁਹਿੰਮ ਨੂੰ ਪੂਰਾ ਕਰਦੇ ਹੋਏ ਮਨਾਉਣ।

ਬਰਕੀ ਤੋਂ ਹਟਾ ਕੇ ਖੇਮਕਰਨ ਭੇਜਿਆ ਗਿਆ

ਹਾਲਾਂਕਿ ਅਨੰਤ ਸਿੰਘ ਦੀ ਬਟਾਲੀਅਨ ਨੂੰ ਇੱਕ ਦਿਨ ਪਹਿਲਾਂ ਖ਼ਤਮ ਹੋਈ ਬਰਕੀ ਦੀ ਲੜਾਈ `ਚ ਕਾਫ਼ੀ ਨੁਕਸਾਨ ਹੋਇਆ ਸੀ ਅਤੇ ਉਨ੍ਹਾਂ ਦੇ ਫੌਜੀ ਬਿਨਾਂ ਕਿਸੇ ਅਰਾਮ ਦੇ ਲਗਾਤਾਰ ਸੱਤ ਦਿਨ ਲੜਨ ਦੇ ਬਾਅਦ ਬੇਹੱਦ ਥੱਕੇ ਹੋਏ ਸਨ। ਉਹ ਆਪਣੇ ਜਨਰਲ ਨੂੰ ਨਾ ਨਹੀਂ ਕਹਿ ਸਕੇ ਅਤੇ ਉਨ੍ਹਾਂ ਇਹ ਚੁਣੌਤੀ ਸਵੀਕਾਰ ਕਰ ਲਈ।

11 ਸਤੰਬਰ ਦੀ ਸ਼ਾਮ 5 ਵੱਜਦੇ-ਵੱਜਦੇ ਭਾਰੀ ਗੋਲੀਬਾਰੀ ਵਿਚਾਲੇ ਉਨ੍ਹਾਂ ਨੂੰ ਬਰਕੀ ਤੋਂ ਹਟਾਇਆ ਗਿਆ। ਖਾਲੜਾ ਤੱਕ ਉਨ੍ਹਾਂ ਨੇ ਮਾਰਚ ਕੀਤਾ ਅਤੇ ਫਿਰ ਉਨ੍ਹਾਂ ਨੂੰ ਟਰੱਕ `ਤੇ ਲੱਦ ਕੇ ਵਲਟੋਹਾ ਪਹੁੰਚਾ ਦਿੱਤਾ ਗਿਆ।

ਤਸਵੀਰ ਕੈਪਸ਼ਨ,

ਬ੍ਰਿਗੇਡੀਅਰ ਕੰਵਲਜੀਤ ਸਿੰਘ ਬੀਬੀਸੀ ਸਟੂਡੀਓ `ਚ ਰੇਹਾਨ ਫਜ਼ਲ ਦੇ ਨਾਲ।

ਉਸ ਲੜਾਈ `ਚ ਹਿੱਸਾ ਲੈਣ ਵਾਲੇ ਬ੍ਰਿਗੇਡੀਅਰ ਕੰਵਲਜੀਤ ਸਿੰਘ ਯਾਦ ਕਰਦੇ ਹਨ, "ਅਸੀਂ ਬਹੁਤ ਥੱਕੇ ਹੋਏ ਸੀ। ਅਸੀਂ ਕਈ ਦਿਨਾਂ ਤੋਂ ਆਪਣੇ ਕਪੜੇ ਤੱਕ ਨਹੀਂ ਬਦਲੇ ਸਨ। ਤਲਾਅ ਤੋਂ ਗੰਦਾ ਪਾਣੀ ਪੀਣ ਕਰਕੇ ਢਿੱਡ ਖਰਾਬ ਸੀ। ਫਿਰ ਵੀ ਅਸੀਂ ਇਸ ਹੁਕਮ ਨੂੰ ਦਿਲ ਤੋਂ ਸਵੀਕਾਰ ਕੀਤਾ। ਲ਼ੈਫ਼ਟੀਨੈਂਟ ਵਿਰਕ ਨੇ ਕਈ ਦਿਨਾਂ ਦੇ ਬਾਅਦ ਅਸੀਂ ਥਕਾਵਟ ਨਾਲ ਚੂਰ ਫੌਜੀਆਂ ਦੇ ਲਈ ਗਰਮ ਖਾਣਾ ਬਣਵਾਇਆ ਅਤੇ ਸਭ ਨੇ ਛੱਕ ਕੇ ਖਾਧਾ।"

ਰੇਲਵੇ ਲਾਈਨ ਦੇ ਨਾਲ-ਨਾਲ ਮਾਰਚ

ਲੈਫ਼ਟੀਨੈਂਟ ਕਰਨਲ ਅਨੰਤ ਸਿੰਘ ਨੇ ਆਪਣੀ ਬਟਾਲੀਅਨ ਨੂੰ ਸੰਬੋਧਨ ਕਰਦੇ ਹੋਏ ਕਿਹਾ, "ਰੱਬ ਨੇ ਸਾਡੀ ਪਰੀਖਿਆ ਹੋਰ ਲੈਣੀ ਹੈ। ਉਹ ਚਾਹੁੰਦਾ ਹੈ ਕਿ ਅਸੀਂ ਸਾਰਾਗੜ੍ਹੀ ਦੀ ਕੁਰਬਾਨੀ ਨੂੰ ਇੱਕ ਹੋਰ ਜਿੱਤ ਦੇ ਨਾਲ ਮਨਾਈਏ। ਤੁਸੀਂ ਸਾਰਾਗੜ੍ਹੀ ਦੇ ਬਹਾਦਰਾਂ ਨੂੰ ਯਾਦ ਕਰੋ ਅਤੇ ਇੱਕ ਵਾਰੀ ਫਿਰ ਬਟਾਲੀਅਨ ਦਾ ਨਾਂ ਉੱਚਾ ਕਰੋ।"

4 ਸਿੱਖ ਰੈਜੀਮੈਂਟ ਦੇ 300 ਜਵਾਨਾਂ ਨੇ 12 ਸਤੰਬਰ ਦੀ ਰਾਤ ਇੱਕ ਵਜੇ ਵਲਟੋਹਾ ਤੋਂ ਮਾਰਚ ਕਰਨਾ ਸ਼ੁਰੂ ਕੀਤਾ। ਉਹ ਰੇਲਵੇ ਲਾਈਨ ਦੇ ਨਾਲ-ਨਲ ਚੱਲ ਰਹੇ ਸਨ ਅਤੇ ਦੋ ਫੌਜੀ ਜੋ ਇਸ ਇਲਾਕੇ ਨੂੰ ਜਾਣਦੇ ਸੀ ਉਨ੍ਹਾਂ ਨੂੰ ਰਾਹ ਦਿਖਾ ਰਹੇ ਸਨ।

ਤਸਵੀਰ ਸਰੋਤ, BHARAT RAKSHAK

ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਉਸ ਇਲਾਕੇ `ਚ ਪਾਕਿਸਤਾਨੀ ਟੈਂਕ ਨਹੀਂ ਹੈ, ਇਸ ਲਈ ਅਨੰਤ ਸਿੰਘ ਨੇ ਭਾਰੀ ਰਿਕਾਯਲੈੱਸ ਬੰਦੂਕਾਂ ਨੂੰ ਉੱਥੇ ਹੀ ਜ਼ਮੀਨ `ਤੇ ਛੱਡਣ ਦਾ ਫੈਸਲਾ ਕੀਤਾ, ਤਾਕਿ ਹੋਰ ਤੇਜ਼ੀ ਨਾਲ ਚੱਲ ਸਕਣ।

ਰਾਹ `ਚ ਸਿਗਨਲ ਯੂਨਿਟ ਨੇ ਵੀ ਉਨ੍ਹਾਂ ਦਾ ਸਾਥ ਛੱਡ ਦਿੱਤਾ ਅਤੇ ਬਾਹਰੀ ਦੁਨੀਆ ਨਾਲ ਸੰਪਰਕ ਕਰਨ ਦਾ ਇਹ ਸਾਧਨ ਵੀ ਚਲਾ ਗਿਆ।

ਕੰਵਲਜੀਤ ਸਿੰਘ ਯਾਦ ਕਰਦੇ ਹਨ, "ਸਾਨੂੰ ਸਵੇਰੇ 5 ਵਜੇ ਉਸ ਥਾਂ `ਤੇ ਪਹੁੰਚਣ ਲਈ ਕਿਹਾ ਗਿਆ। ਇਸ ਲਈ ਅਸੀਂ ਦੌੜਦੇ ਹੋਏ ਅੱਗੇ ਵਧੇ। ਇਸ ਦਰਮਿਆਨ ਸਾਡਾ ਇੱਕ ਪਾਕਿਸਤਾਨੀ ਟੁਕੜੀ ਨਾਲ ਸਾਹਮਣਾ ਵੀ ਹੋਇਆ। ਅਸੀਂ ਉਨ੍ਹਾਂ ਨੂੰ ਭਜਾ ਦਿੱਤਾ ਤੇ ਅੱਗੇ ਵਧਨਾ ਜਾਰੀ ਰੱਖਿਆ।"

ਪਾਕਿਸਤਾਨੀ ਫੌਜੀਆਂ ਨੇ ਘੇਰਿਆ

ਸਵੇਰੇ ਚਾਰ ਵਜੇ ਤੱਕ 2 ਸਿੱਖ ਰੈਜੀਮੈਂਟ ਦੇ ਜਵਾਨ ਖੇਮਕਰਨ ਪਿੰਡ ਦੇ ਨੇੜੇ ਇੱਕ ਕਿਲੋਮੀਟਰ ਤੱਕ ਪਹੁੰਚ ਗਏ ਸੀ। ਉੱਥੇ ਉਹ ਇਹ ਦੇਖ ਕੇ ਹੈਰਾਨ ਸਨ ਕਿ ਚਾਰੋ ਪਾਸਿਆਂ ਤੋਂ ਵੱਡੀ ਗਿਣਤੀ `ਚ ਪਾਕਿਸਕਤਾਨੀ ਟੈਂਕ ਸਨ।

ਸਵੇਰ ਹੋਈ ਤਾਂ ਪਤਾ ਚੱਲਿਆ ਕਿ ਜਿਸ ਖੇਤ `ਚ ਉਹ ਲੁਕੇ ਹੋਏ ਸਨ, ਉਸ `ਚ ਪਾਕਿਸਤਾਨੀ ਟੈਂਕ ਵੀ ਖੜ੍ਹੇ ਹੋਏ ਹਨ। ਪਾਕਿਸਤਾਨੀ ਉਨ੍ਹਾਂ ਨੂੰ ਦੇਖਦੇ ਹੋਏ ਆਪਣੇ ਟੈਂਕਾਂ `ਚ ਸਵਾਰ ਹੋਏ ਅਤੇ ਗੋਲੀਆਂ ਚਲਾਉਂਦੇ ਹੋਏ ਉਨ੍ਹਾਂ ਨੂੰ ਘੇਰ ਲਿਆ।

ਤਸਵੀਰ ਸਰੋਤ, KANWALJIT SINGH

ਤਸਵੀਰ ਕੈਪਸ਼ਨ,

1965 ਦੀ ਜੰਗ ਦੇ ਬਾਅਦ ਮੇਜਰ ਜਨਰਲ ਆਪਣੇ ਜਵਾਨਾਂ ਨਾਲ ਹੱਥ ਮਿਲਾਉਂਦੇ ਹੋਏ। ਹੱਥ ਮਿਲਾਉਣ ਵਾਲੇ ਅਧਿਕਾਰੀ ਦੇ ਖੱਬੇ ਪਾਸੇ ਖੜ੍ਹੇ ਹਨ ਕੰਵਲਜੀਸ ਸਿੰਘ।

ਉਹ ਗਿਣਤੀ `ਚ ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਸਨ। ਅਨੰਤ ਸਿੰਘ ਤੇ ਕੰਵਲਜੀਤ ਸਿੰਘ ਸਣੇ 121 ਭਾਰਤੀ ਫੌਜੀਆਂ ਨੂੰ ਬੰਦੀ ਬਣਾ ਲਿਆ ਗਿਆ। 20 ਫੌਜੀ ਮਾਰੇ ਗਏ।

ਬ੍ਰਿਗੇਡੀਅਰ ਕੰਵਲਜੀਤ ਸਿੰਘ ਯਾਦ ਕਰਦੇ ਹੋਏ ਕਹਿੰਦੇ ਹਨ, "ਮੈਂ ਅਨੰਤ ਸਿੰਘ ਦੇ ਨੇੜੇ ਚੱਲ ਰਿਹਾ ਸੀ। ਉਨ੍ਹਾਂ ਨੇ ਪਾਕਿਸਤਾਨੀ ਟੈਂਕਾਂ ਨੂੰ ਦੇਖ ਕੇ ਫੌਜੀਆਂ ਨੂੰ ਕਿਹਾ ਕਿ ਇਕੱਠੇ ਨਾ ਚੱਲੋ। ਚਾਰੋ ਪਾਸੇ ਫੈਲ ਜਾਓ। ਨਹੀਂ ਤਾਂ ਬਹੁਤ ਲੋਕਾਂ ਨੂੰ ਨੁਕਸਾਨ ਪਹੁੰਚੇਗਾ। ਥੋੜਾ ਅੱਗੇ ਵਧੇ ਹੋਵਾਂਗੇ ਕਿ 40-50 ਗਜ ਦੀ ਦੂਰੀ `ਤੇ ਖੜ੍ਹੇ ਪਾਕਿਸਤਾਨੀ ਟੈਂਕ ਤੋਂ ਅਵਾਜ਼ ਆਈ। ਹੱਥ ਖੜ੍ਹੇ ਕਰ ਲਓ ਅਤੇ ਅੱਗੇ ਵਧਦੇ ਚਲੇ ਆਓ। ਉਨ੍ਹਾਂ ਨੇ ਸਾਨੂੰ ਰੁਕਣ ਲਈ ਕਿਹਾ ਅਤੇ ਇਕੱਲੇ ਖੁਦ ਅੱਗੇ ਵੱਧਦੇ ਚਲੇ ਗਏ। ਸਾਡੇ ਕੋਲ ਇੱਕ ਐਂਟੀ ਟੈਂਕ ਰਾਈਫ਼ਲ ਸੀ। ਅਸੀਂ ਉਸ ਨਾਲ ਪਾਕਿਸਤਾਨੀ ਟੈਂਕਾ `ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਫਾਇਰ ਹੀ ਨਹੀਂ ਹੋਇਆ।"

ਹੱਥ ਉੱਤੇ ਕੀਤੇ

ਕੰਵਲਜੀਤ ਸਿੰਘ ਅੱਗੇ ਕਹਿੰਦੇ ਹਨ, "ਮੈਂ ਜਦੋਂ ਆਪਣੇ ਹਥਿਆਰ ਸੁੱਟ ਰਿਹਾ ਸੀ, ਤਾਂ ਸੋਚ ਰਿਹਾ ਸੀ ਪਹਿਲਾਂ ਪਾਣੀ ਪੀ ਲਵਾਂ, ਉਦੋਂ ਹੀ ਪਾਕਿਸਤਾਨੀਆਂ ਦਾ ਇੱਕ ਬਰਸਟ ਮੇਰੇ ਉੱਤੇ ਆਇਆ। ਮੇਰੇ ਮੋਢੇ `ਤੇ ਗੋਲੀ ਲੱਗੀ। ਖੂਨ ਨਿਕਲਣਾ ਸੁਰੂ ਹੋ ਗਿਆ। ਮੈਂ ਉਸੇ ਹਾਲਤ `ਚ ਆਪਣੇ ਹੱਥ ਉੱਤੇ ਕੀਤੇ। ਉਨ੍ਹਾਂ ਨੇ ਸਾਡੀਆਂ ਅੱਖਾਂ `ਤੇ ਪੱਟੀ ਬੰਨ੍ਹੀ ਅਤੇ ਸਾਡੇ ਹੱਥ ਟਰੱਕਾਂ ਦੀ ਰੇਲਿੰਗ ਨਾਲ ਬੰਨ੍ਹ ਦਿੱਤੇ। ਫਿਰ ਉਹ ਸਾਨੂੰ ਕਸੂਰ ਵੱਲ ਲੈ ਗਏ।"

ਤਸਵੀਰ ਸਰੋਤ, HARMALA GUPTA

ਤਸਵੀਰ ਕੈਪਸ਼ਨ,

ਰੱਖਿਆ ਮੰਤਰੀ ਯਸ਼ਵੰਤ ਰਾਵ ਚਵਹਾਨ ਦੇ ਨਾਲ 1965 ਦੀ ਜੰਗ `ਚ ਅਹਿਮ ਭੂਮਿਕਾ ਨਿਭਾਉਣ ਵਾਲੇ ਹਰਬਖਸ਼ ਸਿੰਘ।

ਉਸ ਅਪਰੇਸ਼ਨ `ਚ ਸ਼ਾਮਿਲ ਕਰਨਲ ਚਹਿਲ ਯਾਦ ਕਰਦੇ ਹਨ, "ਮੈਂ ਪਿੱਛੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਦੇਖਿਆ ਕਿ ਇੱਕ ਟੈਂਕ ਮੇਰੇ 50 ਗਜ ਦੇ ਫਾਸਲੇ `ਤੇ ਖੜ੍ਹਾ ਹੈ। ਜਦੋਂ ਉਸ `ਤੇ ਸਵਾਰ ਫੌਜੀ ਨੇ ਮੈਨੂੰ ਦੇਖ ਲਿਆ ਤਾਂ ਉਸਨੇ ਸਟੇਨ ਗਨ ਨਾਲ ਮੇਰੇ `ਤੇ ਫਾਇਰ ਕੀਤਾ। ਉਸਨੇ ਚੀਕ ਮਾਰ ਕੇ ਕਿਹਾ-ਹਥਿਆਰ ਸੁੱਟੋ ਨਹੀਂ ਤਾਂ ਮਾਰ ਦੇਵਾਂਗਾ। ਮੇਰੇ ਕੋਲ ਸਰੰਡਰ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ।"

'ਦ ਸਟੂਪਿਡ ਇੰਸੀਡੈਂਟ'

ਰੱਖਿਆ ਮੰਤਰੀ ਚਵਾਨ ਨੂੰ ਇਸ ਬਾਰੇ ਅਗਲੇ ਦਿਨ ਪਤਾ ਲੱਗਿਆ। ਉਨ੍ਹਾਂ ਆਪਣੀ ਡਾਇਰੀ `ਚ ਇਸ ਨੂੰ 'ਦ ਸਟੂਪਿਡ ਇੰਸੀਡੈਂਟ' ਯਾਨਿ ਕਿ ਇੱਕ ਬੇਵਕੂਫ਼ੀ ਭਰੀ ਘਟਨਾ ਦੱਸਿਆ।

ਹਰਬਖਸ਼ ਸਿੰਘ ਨੇ ਬਾਓਗ੍ਰਾਫ਼ੀ 'ਇੰਨ ਦਾ ਲਾਈਨ ਆਫ਼ ਡਿਊਟੀ `ਚ ਲਿਖਿਆ', "ਸਾਨੂੰ ਉਸ ਵੇਲੇ ਇਸ ਦਾ ਅਹਿਸਾਸ ਨਹੀਂ ਹੋਇਆ ਸੀ ਕਿ 4 ਸਿੱਖ ਰੈਜੀਮੈਂਟ ਦੇ ਜਵਾਨ ਬਰਕੀ `ਤੇ ਕਬਜੇ ਦੇ ਦੌਰਾਨ ਦੋ ਦਿਨਾਂ ਤੋਂ ਇੱਕ ਸੈਕੰਡ ਲਈ ਵੀ ਨਹੀਂ ਸੁੱਤੇ ਸਨ। ਉਨ੍ਹਾਂ ਦੇ ਕਮਾਂਡਿੰਗ ਅਫ਼ਸਰ ਜਿੰਨ੍ਹਾਂ ਨੂੰ ਮੈਂ ਇਹ ਜ਼ਿੰਮੇਵਾਰੀ ਦਿੱਤੀ ਸੀ, ਇੱਕ ਚੰਗੇ ਫੌਜੀ ਸਨ। ਉਨ੍ਹਾਂ ਇੱਕ ਵਾਰੀ ਵੀ ਮੈਨੂੰ ਨਹੀਂ ਕਿਹਾ ਕਿ ਉਨ੍ਹਾਂ ਦੇ ਫੌਜੀ ਬੁਰੀ ਤਰ੍ਹਾਂ ਥੱਕੇ ਹੋਏ ਹਨ।"

ਬ੍ਰਿਗੇਡੀਅਰ ਕੰਵਲਜੀਤ ਤਿੰਘ ਕਹਿੰਦੇ ਹਨ, "ਜਦੋਂ ਅਸੀਂ ਭਾਰਤ ਵਾਪਿਸ ਭੇਜ ਦਿੱਤੇ ਗਏ ਤਾਂ ਜਨਰਲ ਹਰਬਖਸ਼ ਸਿੰਘ ਫਾਜ਼ਿਲਕਾ ਤੋਂ ਆਏ ਸੀ। ਉਨ੍ਹਾਂ ਨੇ ਮੈਨੂੰ ਇਸ ਅਪਰੇਸ਼ਨ ਬਾਰੇ ਕਈ ਸਵਾਲ ਪੁੱਛੇ। ਉਨ੍ਹਾਂ ਨੇ ਆਪਣੇ ਵੱਲੋਂ ਬਹੁਤ ਚੰਗਾ ਸੋਚਿਆ, ਪਰ ਇਹ ਇੱਕ ਬਹੁਤ ਮੰਦਭਾਗੀ ਘਟਨਾ ਸੀ। ਅਜਿਹਾ ਨਹੀਂ ਹੋਣਾ ਚਾਹੀਦਾ ਸੀ।"

ਤਸਵੀਰ ਸਰੋਤ, KANWALJIT SINGH

ਤਸਵੀਰ ਕੈਪਸ਼ਨ,

ਜਨਰਲ ਹਰਬਖਸ਼ ਸਿੰਘ ਨੇ ਬਰਕੀ ਦੀ ਜੰਗ ਬਾਰੇ ਦੱਸਣ ਲਈ ਬੁਲਾਏ ਲੈਫ਼ਟੀਨੈਂਟ ਕੰਵਲਜੀਤ ਸਿੰਘ (ਸੱਭ ਤੋਂ ਸੱਜੇ ਪਾਸੇ)

ਉਹ ਕਹਿੰਦੇ ਹਨ, "ਅਸੀਂ ਆਪਣੀ ਬਟਾਲੀਅਨ ਨੂੰ ਇਸ ਤਰ੍ਹਾਂ ਮੂਵ ਨਹੀਂ ਕਰਦੇ। ਜਿੰਨ੍ਹਾਂ ਨੇ ਇੰਨੇ ਅਹਿਮ ਕੰਮ ਨੂੰ ਅੰਜਾਮ ਦਿੱਤਾ ਹੋਵੇ, ਰੋਟੀ ਨਾ ਖਾਧੀ ਹੋਵੇ ਅਤੇ ਜਿਸ ਦੇ 39 ਆਦਮੀ ਮਰ ਗਏ ਹੋਣ ਅਤੇ 125 ਲੋਕ ਜ਼ਖਮੀ ਹੋਏ ਹੋਣ, ਉਸ ਪਲਟਣ ਨੂੰ ਇੱਕਦਮ ਨਵੇਂ ਇਲਾਕੇ `ਚ ਭੇਜਣਾ ਜਿਸਦੀ ਕੋਈ ਜਾਣਕਾਰੀ ਉਨ੍ਹਾਂ ਨੂੰ ਨਹੀਂ ਸੀ, ਇੱਕ ਜੂਆ ਸੀ। ਜੇ ਇਹ ਕਾਮਯਾਬ ਹੋ ਜਾਂਦਾ ਤਾਂ ਬੱਲੇ-ਬੱਲੇ ਅਤੇ ਜੇ ਨਹੀਂ ਹੁੰਦਾ ਤਾਂ ਨਤੀਜਾ ਤੁਹਾਡੇ ਸਾਹਮਣੇ ਹੈ।"

ਇਸ ਘਟਨਾ ਨੂੰ ਉਸ ਵੇਲੇ ਮੀਡੀਆ ਤੋਂ ਲੁਕਾ ਕੇ ਰੱਖਿਆ ਗਿਆ ਸੀ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)