ਬੋਧੀਆਂ ਅਤੇ ਮੁਸਲਮਾਨਾਂ ਵਿੱਚ ਦੁਸ਼ਮਣੀ ਕਿਓਂ ਸ਼ੁਰੂ ਹੋਈ?

Budist & Muslims Image copyright AFP

ਅਹਿੰਸਾ ਦਾ ਸਿਧਾਂਤ ਹੋਰ ਧਰਮਾਂ ਦੀ ਤੁਲਨਾ 'ਚ ਬੁੱਧ ਮਤ ਵਿੱਚ ਵਧੇਰੇ ਮਹੱਤਵਪੂਰਨ ਹੁੰਦਾ ਹੈ। ਬੋਧੀ ਕਿਸੇ ਨੂੰ ਨਾ ਮਾਰਨ ਦੀ ਸਿੱਖਿਆ ਲੈਂਦੇ ਹਨ ਅਤੇ ਅਜਿਹੇ ਵਿੱਚ ਸਵਾਲ ਇਹ ਹੈ ਕਿ ਬੋਧੀ ਕਿਉਂ ਮੁਸਲਮਾਨਾਂ ਨਾਲ ਨਫ਼ਰਤ ਕਰਨ ਲੱਗੇ ਨੇ ਅਤੇ ਹਿੰਸਕ ਭੀੜ ਵਿੱਚ ਸ਼ਾਮਲ ਹੋ ਰਹੇ ਹਨ?

ਇੱਕ ਦੂਜੇ ਤੋਂ ਲਗਭਗ ਇੱਕ ਹਜ਼ਾਰ ਮੀਲ ਦੀ ਦੂਰੀ 'ਤੇ ਸਥਿਤ ਮਿਆਂਮਾਰ ਅਤੇ ਸ਼੍ਰੀਲੰਕਾ ਵਿੱਚ ਇਹ ਸਭ ਵਾਪਰ ਰਿਹਾ ਹੈ। ਇਨ੍ਹਾਂ ਦੋਵੇਂ ਮੁਲਕਾਂ ਵਿੱਚ ਰਹਿ ਰਹੇ ਘੱਟ ਗਿਣਤੀ ਮੁਸਲਮਾਨ ਆਮ ਤੌਰ 'ਤੇ ਅਮਨ ਪਸੰਦ ਮੰਨੇ ਜਾਂਦੇ ਹਨ।

ਇਨ੍ਹਾਂ ਵਿੱਚੋਂ ਕੋਈ ਵੀ ਦੇਸ਼ ਇਸਲਾਮਿਕ ਬਾਗ਼ੀਆਂ ਦਾ ਸਾਹਮਣਾ ਨਹੀਂ ਕਰ ਰਿਹਾ ਹੈ ਅਤੇ ਅਜਿਹੇ ਵਿੱਚ ਮੁਸਲਮਾਨਾਂ 'ਤੇ ਹੋ ਰਹੇ ਹਮਲੇ ਬੇਚੈਨੀ ਪੈਦਾ ਕਰਦੇ ਹਨ।

ਕਈ ਸਾਲ ਪਹਿਲਾਂ, ਸ਼੍ਰੀਲੰਕਾ ਵਿਚ ਪਸ਼ੂਆਂ ਨੂੰ ਹਲਾਲ ਕਰਨ ਦਾ ਮੁੱਦਾ ਪ੍ਰਮੁੱਖ ਬਣ ਗਿਆ ਸੀ। ਬੋਧੀਆਂ ਦੇ ਸੰਗਠਨ ਬੋਧੂ ਬਾਲਾ ਸੈਨਾ ਨੇ ਬੋਧੀ ਭਿਕਸ਼ੂ ਦੀ ਅਗਵਾਈ ਹੇਠ ਰੈਲੀਆਂ ਕੀਤੀਆਂ ਸਨ।

ਇਸ ਦੌਰਾਨ ਮੁਸਲਮਾਨਾਂ ਖ਼ਿਲਾਫ਼ ਸਿੱਧੀ ਕਾਰਵਾਈ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਦੀਆਂ ਵਪਾਰਕ ਸੰਸਥਾਵਾਂ ਦੇ ਬਾਈਕਾਟ ਦੀ ਵੀ ਅਪੀਲ ਕੀਤੀ ਗਈ ਸੀ।

Image copyright AFP

ਮਿਆਂਮਾਰ ਦਾ 'ਲਾਦੇਨ'

ਮਿਆਂਮਾਰ ਦੇ ਹਾਲਾਤ ਚਿੰਤਾਜਨਕ ਹਨ। ਇੱਥੇ 969 ਨਾਮ ਦੀ ਇੱਕ ਸੰਸਥਾ ਕਥਿਤ ਤੌਰ 'ਤੇ ਗਲਤ ਧਾਰਮਿਕ ਭਾਵਨਾ ਫੈਲਾ ਰਹੀ ਹੈ।

ਇਸ ਦੀ ਅਗਵਾਈ ਆਸਿਨ ਬੇਰਾਥੂ ਨਾਮਕ ਇੱਕ ਬੋਧੀ ਭਿਕਸ਼ੂ ਕਰਦੇ ਹਨ। ਉਨ੍ਹਾਂ ਨੂੰ ਸਾਲ 2003 ਵਿੱਚ ਧਾਰਮਿਕ ਨਫ਼ਰਤ ਫੈਲਾਉਣ ਕਰਕੇ ਜੇਲ੍ਹ ਦੀ ਸਜ਼ਾ ਹੋਈ ਅਤੇ ਉਹ 2012 ਵਿੱਚ ਰਿਹਾਅ ਹੋਏ। ਉਹ ਖ਼ੁਦ ਨੂੰ ਮਿਆਂਮਾਰ ਦਾ ਓਸਾਮਾ ਬਿਨ ਲਾਦੇਨ ਦੱਸਦੇ ਹਨ।

ਮਾਰਚ 2013 ਵਿੱਚ ਮੈਕਟਿਲਾ ਕਸਬੇ 'ਚ ਗੁਸੈਲੀ ਭੀੜ ਨੇ ਮੁਸਲਮਾਨਾਂ 'ਤੇ ਹਮਲਾ ਕੀਤਾ ਅਤੇ ਇਸ ਵਿੱਚ ਕਰੀਬ 40 ਲੋਕਾਂ ਦੀ ਮੌਤ ਹੋ ਗਈ। ਹਿੰਸਾ ਦੀ ਸ਼ੁਰੂਆਤ ਸੋਨੇ ਦੀ ਇੱਕ ਦੁਕਾਨ ਤੋਂ ਹੋਈ ਸੀ।

ਦੋਵਾਂ ਮੁਲਕਾਂ ਵਿੱਚ ਹੋਈ ਹਿੰਸਾ ਦੌਰਾਨ ਆਰਥਿਕ ਸਾਧਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇੱਥੇ ਵੱਧ ਗਿਣਤੀ ਭਾਈਚਾਰਿਆਂ ਦੀਆਂ ਇੱਛਾਵਾਂ ਦੀ ਪੂਰਤੀ ਲਈ ਧਾਰਮਿਕ ਘੱਟ ਗਿਣਤੀ ਭਾਈਚਾਰਿਆਂ ਨੂੰ ਬਲੀ ਦਾ ਬੱਕਰਾ ਬਣਾਇਆ ਜਾਂਦਾ ਹੈ।

Image copyright AFP

2013 ਵਿੱਚ ਰੰਗੂਨ ਦੇ ਉੱਤਰ 'ਚ ਸਥਿਤ ਓਕੰਨ ਵਿੱਚ ਮੁਸਲਿਮ ਕੁੜੀ ਦੀ ਸਾਈਕਲ ਇੱਕ ਬੋਧੀ ਭਿਕਸ਼ੂ ਨਾਲ ਟਕਰਾਅ ਗਈ, ਜਿਸ ਤੋਂ ਬਾਅਦ ਭੜਕੀ ਹਿੰਸਾ ਵਿੱਚ ਕੱਟੜ ਬੋਧੀਆਂ ਨੇ ਮਸਜਿਦਾਂ 'ਤੇ ਹਮਲੇ ਕੀਤੇ ਅਤੇ ਕਰੀਬ 70 ਘਰਾਂ ਨੂੰ ਅੱਗ ਲਾ ਦਿੱਤੀ।

ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 9 ਜ਼ਖ਼ਮੀ ਹੋਏ।

ਬੁੱਧ ਮਤ ਦੀ ਸਿੱਖਿਆ ਵਿੱਚ ਹਮਲਾਵਰ ਵਿਚਾਰਾਂ ਨੂੰ ਹਾਨੀਕਾਰਕ ਦੱਸਿਆ ਗਿਆ ਹੈ। ਇਸ ਤੋਂ ਨਿਜਾਤ ਪਾਉਣ ਲਈ ਕਈ ਤਰੀਕੇ ਵੀ ਦੱਸੇ ਗਏ ਹਨ।

ਧਿਆਨ ਲਾ ਕੇ ਬੁਰੇ ਵਿਚਾਰਾਂ ਨੂੰ ਦੂਰ ਕਰਕੇ ਦਇਆ ਭਾਵ ਵਧਾਇਆ ਜਾ ਸਕਦਾ ਹੈ।

ਈਸਾਈ ਧਰਮ ਵਿੱਚ ਵੀ ਕਿਹਾ ਗਿਆ ਹੈ, "ਆਪਣੇ ਦੁਸ਼ਮਣਾਂ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਦਰਦ ਦੇਵੇ, ਉਸ ਲਈ ਪ੍ਰਾਰਥਨਾ ਕਰੋ।"

ਹਰ ਧਰਮ ਪਹਿਲਾਂ ਜਾਂ ਬਾਅਦ ਵਿੱਚ ਰਾਜ ਸੱਤਾ ਨਾਲ ਮਜ਼ਬੂਤ ਸੰਬੰਧ ਵਿਕਸਿਤ ਕਰ ਲੈਂਦਾ ਹੈ। ਬੋਧੀ ਭਿਕਸ਼ੂ ਹਮਾਇਤ ਲਈ ਰਾਜੇ ਵੱਲ ਤੱਕਦੇ ਹਨ, ਜਦ ਕਿ ਉਹੀ ਰਾਜਾ ਆਪਣੀ ਮਾਨਤਾ ਲਈ ਬੋਧੀ ਭਿਕਸ਼ੂਆਂ ਵੱਲ ਵੇਖਦਾ ਹੈ।

ਜੇਹਾਦੀ ਇਸਾਈ ਹੋਣ ਜਾਂ ਇਸਲਾਮਿਕ ਬਾਗ਼ੀ ਜਾਂ ਆਜ਼ਾਦੀ ਚਾਹੁਣ ਵਾਲੇ ਆਗੂ, ਸਾਰੇ ਹੀ ਚੰਗੇ ਕੰਮਾਂ ਲਈ ਹਿੰਸਾ ਨੂੰ ਜਾਇਜ਼ ਠਹਿਰਾਉਂਦੇ ਹਨ। ਬੋਧੀ ਸ਼ਾਸਕ ਅਤੇ ਭਿਖਾਰੀ ਵੀ ਕੋਈ ਅਪਵਾਦ ਨਹੀਂ ਹਨ।

Image copyright Getty Images

ਧਰਮ ਦੇ ਨਾਂ 'ਤੇ ਹਿੰਸਾ

ਧਰਮ ਦੇ ਰਾਜਾ ਵਜੋਂ ਜਾਣੇ ਜਾਂਦੇ ਮਿਆਂਮਾਰ ਦੇ ਸ਼ਾਸਕ ਬੁੱਧ ਮਤ ਦੇ ਸਿਧਾਂਤਾਂ ਦੇ ਆਧਾਰ 'ਤੇ ਯੁੱਧ ਨੂੰ ਜਾਇਜ਼ ਦੱਸਦੇ ਹਨ।

ਜਪਾਨ ਵਿੱਚ ਬਹੁਤ ਸਾਰੇ ਸਮੁਰਾਈ ਬੁੱਧ ਮਤ ਦੇ ਜੈਨ ਧਰਮ ਨੂੰ ਮੰਨਦੇ ਹਨ। ਉਹ ਕਈ ਤਰੀਕਿਆਂ ਨਾਲ ਹਿੰਸਾ ਨੂੰ ਜਾਇਜ਼ ਦੱਸਦੇ ਹਨ, ਦੂਜੇ ਵਿਸ਼ਵ ਯੁੱਧ ਦੌਰਾਨ ਦਿੱਤੀਆਂ ਗਈਆਂ ਦਲੀਲਾਂ ਅਨੁਸਾਰ ਉਹ ਵਿਅਕਤੀ ਦੀ ਹੱਤਿਆ ਨੂੰ ਵੀ ਦਇਆ ਭਾਵਨਾ ਮੰਨਦੇ ਹਨ।

ਸ੍ਰੀਲੰਕਾ ਅਤੇ ਬਰਮਾ ਵਿੱਚ ਰਾਸ਼ਟਰਵਾਦੀ ਅੰਦੋਲਨਾਂ ਵਿੱਚ ਬੁੱਧ ਧਰਮ ਨੇ ਮਹੱਤਵਪੂਰਨ ਭੂਮਿਕਾ ਨਿਭਾਉਂਦਿਆਂ, ਬ੍ਰਿਟਿਸ਼ ਸਾਮਰਾਜ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ।

ਬਾਅਦ ਵਿਚ ਇਹ ਹਿੰਸਕ ਹੋ ਗਿਆ ਅਤੇ 1930 ਵਿੱਚ ਰੰਗੂਨ 'ਚ ਬੋਧੀਆਂ ਨੇ ਚਾਰ ਗੋਰਿਆਂ ਨੂੰ ਮਾਰ ਦਿੱਤਾ ਸੀ।

1983 'ਚ ਸ਼੍ਰੀਲੰਕਾ ਵਿੱਚ ਫੈਲਿਆ ਨਸਲੀ ਤਣਾਅ ਗ੍ਰਹਿ ਯੁੱਧ ਵਿੱਚ ਬਦਲ ਗਿਆ। ਤਮਿਲ ਵਿਰੋਧੀ ਹਿੰਸਾ ਤੋਂ ਬਾਅਦ, ਵੱਖਵਾਦੀ ਤਮਿਲਾਂ ਨੇ ਦੇਸ਼ ਦੇ ਪੂਰਬ ਅਤੇ ਉੱਤਰ ਵਿੱਚ ਬਹੁ ਗਿਣਤੀ ਸਰਕਾਰ ਤੋਂ ਵੱਖ ਹੋਣ ਦੀ ਮੰਗ ਕੀਤੀ।

Image copyright Getty Images

ਸੱਤਾ ਅਤੇ ਧਰਮ

ਇਸੇ ਦੌਰਾਨ ਸ਼੍ਰੀਲੰਕਾ ਦੇ ਮੁਸਲਮਾਨਾਂ ਖ਼ਿਲਾਫ਼ ਹਿੰਸਾ ਦੀ ਕਮਾਨ ਤਮਿਲ ਵਿਦਰੋਹੀਆਂ ਨੇ ਸਾਂਭ ਲਈ।

2009 ਵਿੱਚ ਇਸ ਹਿੰਸਾ ਦੇ ਖ਼ਤਮ ਹੋਣ ਤੋਂ ਬਾਅਦ ਲੱਗਦਾ ਹੈ ਕਿ ਬਹੁ ਗਿਣਤੀ ਸੰਪਰਦਾਇਕਤਾ ਨੂੰ ਮੁਸਲਿਮ ਘੱਟ ਗਿਣਤੀ ਦੇ ਰੂਪ ਵਿੱਚ ਇੱਕ ਨਵਾਂ ਟੀਚਾ ਮਿਲ ਗਿਆ।

ਬਰਮਾ ਵਿੱਚ ਬੋਧੀ ਭਿਕਸ਼ੂਆਂ ਨੇ ਸ਼ਾਸਨ ਨੂੰ ਚੁਣੌਤੀ ਦੇਣ ਲਈ ਆਪਣੀ ਨੈਤਿਕ ਸੱਤਾ ਦਾ ਇਸਤੇਮਾਲ ਕੀਤਾ ਅਤੇ 2007 ਵਿਚ ਲੋਕਤੰਤਰ ਦੀ ਮੰਗ ਕੀਤੀ। ਉਸ ਵੇਲੇ ਸ਼ਾਂਤਮਈ ਢੰਗ ਨਾਲ ਕੀਤੇ ਗਏ ਪ੍ਰਦਰਸ਼ਨਾਂ ਵਿੱਚ ਬਹੁਤ ਸਾਰੇ ਬੋਧੀ ਭਿਕਸ਼ੂਆਂ ਦੀ ਜਾਨ ਵੀ ਗਈ।

ਅੱਜ-ਕੱਲ੍ਹ ਕੁਝ ਬੋਧੀ ਭਿਕਸ਼ੂ ਆਪਣੀ ਨੈਤਿਕ ਸੱਤਾ ਦੀ ਵਰਤੋਂ ਬਿਲਕੁਲ ਵੱਖਰੇ ਢੰਗ ਨਾਲ ਕਰ ਰਹੇ ਹਨ। ਉਹ ਘੱਟ ਗਿਣਤੀ ਹੋ ਸਕਦੇ ਹਨ, ਪਰ ਅਜਿਹੇ ਬੋਧੀ ਭਿਕਸ਼ੂ ਹਜ਼ਾਰਾਂ ਦੀ ਸੰਖਿਆ ਵਿੱਚ ਹਨ ਜੋ ਆਪਣੇ ਆਪ ਨੂੰ 'ਐਂਗਰੀ ਯੰਗ ਮੈਨ' ਮੰਨਦੇ ਹਨ।

ਦੋਵੇਂ ਦੇਸ਼ਾਂ ਵਿੱਚ ਸ਼ਾਸਨ ਕਰ ਰਹੇ ਦਲਾਂ ਅਤੇ ਬੋਧੀ ਭਿਕਸ਼ੂਆਂ ਵਿਚਲਾ ਸੰਬੰਧ ਅਜੇ ਵੀ ਸਪੱਸ਼ਟ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)