ਪੀਐੱਮ ਮੋਦੀ ਨੂੰ ਉੱਠ ਕੇ ਸੈਲੂਟ ਕਰਨ ਦੀ ਕੋਸ਼ਿਸ਼ ਕੀਤੀ ਸੀ ਅਰਜਨ ਸਿੰਘ ਨੇ

ARJAN SINGH

ਤਸਵੀਰ ਸਰੋਤ, TWITTER

ਭਾਰਤੀ ਹਵਾਈ ਫੌਜ ਦੇ ਇੱਕ-ਇੱਕ ਮਾਰਸ਼ਲ ਅਰਜਨ ਸਿੰਘ ਦਾ ਦੇਹਾਂਤ ਹੋ ਗਿਆ ਹੈ। 98 ਸਾਲਾ ਅਰਜਨ ਸਿੰਘ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ।

ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਨੂੰ ਸ਼ਨੀਵਾਰ ਸਵੇਰੇ ਦਿੱਲੀ ਦੇ ਆਰਮੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਹਾਲਤ ਗੰਭੀਰ ਹੋਣ ਦੀ ਜਾਣਕਾਰੀ ਮਿਲਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਉਨ੍ਹਾਂ ਦੀ ਖ਼ਬਰ ਲੈਣ ਪਹੁੰਚੇ ਸਨ।

ਅਰਜਨ ਸਿੰਘ 1965 ਦੀ ਭਾਰਤ ਪਾਕਿਸਤਾਨ ਜੰਗ ਦੇ ਨਾਇਕ ਮੰਨੇ ਜਾਂਦੇ ਹਨ। ਉਹ ਇੱਕੋ-ਇੱਕ 5-ਸਟਾਰ ਰੈਂਕ ਦੇ ਅਫ਼ਸਰ ਸਨ।

ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਹਰ ਪਾਸੇ ਸੋਗ ਦੀ ਲਹਿਰ ਹੈ। ਸੋਸ਼ਲ ਮੀਡੀਆ ਉੱਤੇ ਆਮ ਵਿਅਕਤੀ ਤੋਂ ਲੈ ਕੇ ਵੱਡੇ-ਵੱਡੇ ਆਗੂ ਤੇ ਜਰਨੈਲ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਸਮੇਤ ਤਮਾਮ ਹਸਤੀਆਂ ਨੇ ਉਨ੍ਹਾਂ ਦੀ ਮੌਤ 'ਤੇ ਦੁੱਖ ਪ੍ਰਗਟਾਇਆ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, "ਭਾਰਤ 1965 ਦੀ ਜੰਗ ਵਿੱਚ ਮਾਰਸ਼ਲ ਅਰਜਨ ਸਿੰਘ ਦੀ ਸ਼ਾਨਦਾਰ ਅਗਵਾਈ ਨੂੰ ਕਦੇ ਨਹੀਂ ਭੁੱਲੇਗਾ। ਕੁਝ ਸਮਾਂ ਪਹਿਲਾਂ ਮੈਂ ਉਨ੍ਹਾਂ ਨੂੰ ਮਿਲਿਆ ਸੀ, ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਮੇਰੇ ਰੋਕਣ ਦੇ ਬਾਵਜੂਦ ਉਨ੍ਹਾਂ ਖੜ੍ਹੇ ਹੋ ਕੇ ਸੈਲੂਟ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਵਿੱਚ ਫੌਜ ਦਾ ਕੁਝ ਅਜਿਹਾ ਅਨੁਸ਼ਾਸਨ ਸੀ।ਅਜਿਹੇ ਮਹਾਨ ਯੋਧੇ ਅਤੇ ਉਦਾਰ ਸ਼ਖਸ ਦੇ ਦੇਹਾਂਤ ਉੱਤੇ ਮੈਂ ਪੂਰੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹਾਂ।"

ਤਸਵੀਰ ਸਰੋਤ, Twitter

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ. "ਭਾਰਤੀ ਹਵਾਈ ਫੌਜ ਦੇ ਮਾਰਸ਼ਲ ਅਰਜਨ ਸਿੰਘ ਦਾ ਅਚਾਨਕ ਸਦੀਵੀ ਵਿਛੋੜਾ ਦੁੱਖਦਾਇਕ ਹੈ। ਪਰਿਵਾਰ ਦੇ ਦੁੱਖ ਵਿੱਚ ਮੈਂ ਵੀ ਸ਼ਰੀਕ ਹਾਂ।"

ਤਸਵੀਰ ਸਰੋਤ, TWITTER

ਭਾਰਤੀ ਹਵਾਈ ਫੌਜ ਵਿੱਚ ਸ਼ਾਨਦਾਰ ਸੇਵਾਵਾਂ ਲਈ ਅਰਜਨ ਸਿੰਘ ਨੂੰ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਨਮਾਨ ਪਦਮ ਭੂਸ਼ਣ ਦਿੱਤਾ ਗਿਆ ਸੀ।