ਕੀ ਪਿਆਰ, ਚਾਹਤ ਤੇ ਵਿਆਹ ਅਪਾਹਜਾਂ ਲਈ ਨਹੀਂ?

ILLUSTRATION

ਕਭੀ-ਕਭੀ ਮੇਰੇ ਦਿਲ ਮੇਂ, ਖ਼ਿਆਲ ਆਤਾ ਹੈ...ਸਾਹਿਰ ਲੁਧਿਆਣਵੀ ਦੀ ਇਹ ਗਜ਼ਲ ਸੁਣਦੇ ਹੋਏ ਨਾ ਜਾਣੇ ਕਿਸ-ਕਿਸ ਦਾ ਚਿਹਰਾ ਤੁਹਾਡੇ ਜ਼ਹਿਨ ਵਿੱਚ ਆਇਆ ਹੋਵੇਗਾ।

ਅੱਜ ਇੱਕ ਵਾਰ ਇਸਨੂੰ ਯਾਦ ਕਰੋ ਅਤੇ ਸੋਚੋ ਕਿ ਵੀਹਲਚੇਅਰ 'ਤੇ ਬੈਠਿਆ ਇੱਕ ਮਰਦ, ਇੱਕ ਨੇਤਰਹੀਨ ਔਰਤ ਦਾ ਹੱਥੇ ਫੜ ਕੇ ਉਸਨੂੰ ਗਜ਼ਲ ਸੁਣਾ ਰਿਹਾ ਹੈ।

ਕਿ ਯੇ ਬਦਨ ਯੇ ਨਿਗਾਹੇਂ ਮੇਰੀ ਅਮਾਨਤ ਹੈਂ...

ਜਾਂ ਸੋਚੋ ਕਿ ਮਰਦ ਦੀ ਬਾਂਹ ਨਹੀਂ ਹੈ ਅਤੇ ਜਿਸ ਔਰਤ ਦੇ ਲਈ ਉਹ ਇਹ ਗਾ ਰਿਹਾ ਹੈ, ਉਹ ਬੋਲ ਨਹੀਂ ਸਕਦੀ।

ਯੇ ਗੇਸੁਓਂ ਕਿ ਘਨੀ ਛਾਂਵ ਹੈ ਮੇਰੀ ਖ਼ਾਤਿਰ...ਯੇ ਹੋਂਠ ਔਰ ਯੇ ਬਾਹੇਂ ਮੇਰੀ ਅਮਾਨਤ ਹੈ...

ਅਪਾਹਜਾਂ ਬਾਰੇ ਸ਼ੋਰ ਘੱਟ ਹੈ

ਮੁਸ਼ਕਿਲ ਹੋ ਰਹੀ ਹੋਵੇਗੀ। ਅਪਾਹਜ ਲੋਕਾਂ ਦੀ ਦੁਨੀਆਂ ਦੇ ਬਾਰੇ ਵਿੱਚ ਜਾਣਕਾਰੀ ਅਤੇ ਸ਼ੋਰ ਇੰਨਾ ਘੱਟ ਹੈ ਕਿ ਸਾਡੇ ਖ਼ਿਆਲਾਂ ਦਾ ਦਾਇਰਾ ਵੀ ਬਹੁਤ ਸੀਮਤ ਹੈ।

ਕਿਸੇ ਅਪਹਾਜ ਔਰਤ ਅਤੇ ਮਰਦ ਦੇ ਵਿਚਾਲੇ ਪਿਆਰ, ਜਿਸਮਾਨੀ ਚਾਹਤ ਜਾਂ ਵਿਆਹ ਦੀ ਤਸਵੀਰ ਸਾਡੇ ਮਨ ਵਿੱਚ ਕਿਉਂ ਨਹੀਂ ਉੱਭਰਦੀ?

ਅਤੇ ਕਿਵੇਂ ਹੈ ਉਹ ਤਸਵੀਰ? ਆਉਣ ਵਾਲੇ ਤਿੰਨ ਦਿਨਾਂ ਵਿੱਚ ਮੇਰੇ ਲੇਖ ਇਸ ਦੁਨੀਆਂ ਵਿੱਚ ਝਾਕਣ ਦੀ ਕੋਸ਼ਿਸ਼ ਕਰਨਗੇ।

ਪਿਆਰ ਦੀ ਚਾਹਤ ਪਰ ਧੋਖੇ ਦਾ ਡਰ

ਮੈਂ ਇੱਕ ਕਾਲਜ ਦੀ ਜਾਨਣ ਵਾਲੀ ਨੇਤਰਹੀਣ ਕੁੜੀ ਨੂੰ ਮਿਲੀ। ਉਸਦੇ ਲੰਬੇ ਬਾਲ, ਤਿੱਖੇ ਨੈਣ-ਨਕਸ਼ ਅਤੇ ਦਿਲ ਤੋਂ ਕੀਤੀਆਂ ਗੱਲਾਂ ਜ਼ਹਿਨ ਵਿੱਚ ਵੱਸ ਗਈਆਂ।

ਪੜ੍ਹਾਈ ਅਤੇ ਖੇਡ ਵਿੱਚ ਅੱਵਲ ਉਸ ਹੋਨਹਾਰ ਕੁੜੀ ਦੀ ਜ਼ਿੰਦਗੀ ਦੇ ਤਜਰਬੇ ਮੇਰੇ ਅਤੇ ਮੇਰੀਆਂ ਸਹੇਲੀਆਂ ਦੇ ਬਹੁਤ ਕਰੀਬ ਸੀ।

ਪਹਿਲੀ ਵਾਰ ਪਿਆਰ ਉਸਨੂੰ ਵੀ ਹੋਇਆ। ਇੱਕ ਮੁੰਡੇ ਦੇ ਕਰੀਬ ਆਉਣ ਦੀ ਚਾਹਤ ਸੀ।

ਧੋਖਾ ਨਾ ਹੋ ਜਾਏ, ਇਹ ਡਰ ਸੀ ਅਤੇ ਰਿਸ਼ਤਾ ਖ਼ਤਮ ਹੋ ਗਿਆ ਤਾਂ ਖਾਲੀਪਨ ਦੀ ਬੈਚੈਨੀ।

ਬੱਸ ਇਹ ਸਭ ਮਹਿਸੂਸ ਕਰਨ ਦਾ ਉਸਦਾ ਤਜਰਬਾ ਵੱਖਰਾ ਸੀ।

ਲੋਕ ਅਪਾਹਜਾਂ 'ਤੇ ਯਕੀਨ ਨਹੀਂ ਕਰਦੇ

ਇੱਕ ਹੋਰ ਕੁੜੀ ਦੀ ਕਹਾਣੀ ਬਾਰੇ ਮੈਂ ਜਾਣਿਆ। ਉਸਦਾ ਸਮੂਹਿਕ ਬਲਾਤਕਾਰ ਹੋਇਆ ਸੀ। ਜੋ ਉਸੇ ਦੇ ਗੁਆਂਢੀ ਅਤੇ ਉਸਦੇ ਦੋਸਤ ਨੇ ਕੀਤਾ ਸੀ।

ਪਰ ਕੋਈ ਮੰਨਣ ਨੂੰ ਤਿਆਰ ਨਹੀਂ ਹੈ ਕਿ ਇੱਕ ਅਪਾਹਜ ਕੁੜੀ ਦਾ ਬਲਾਤਕਾਰ ਹੋ ਸਕਦਾ ਹੈ।

ਪੁਲਿਸ, ਗੁਆਂਢੀ ਅਤੇ ਖੁਦ ਉਸਦਾ ਪਰਿਵਾਰ ਉਸਦਾ ਵਿਸ਼ਵਾਸ ਨਹੀਂ ਕਰਦਾ। ਪੁੱਛਦੇ ਹਨ ਕਿ ਅਪਾਹਜ ਕੁੜੀ ਦੇ ਬਲਾਤਕਾਰ ਨਾਲ ਕਿਸੇ ਨੂੰ ਕੀ ਮਿਲੇਗਾ?

ਇਹ ਉਸਦੇ ਲਈ ਸਭ ਤੋਂ ਦਰਦਨਾਕ ਹੈ। ਬਲਾਤਕਾਰ ਦੀ ਹਿੰਸਾ ਤੋਂ ਵੀ ਵੱਧ।

ਹਿੰਸਾ ਨੇ ਉਸਨੂੰ ਤੋੜਿਆ ਨਹੀਂ ਹੈ। ਉਹ ਅੱਗੇ ਵੱਧਣਾ ਚਾਹੁੰਦੀ ਹੈ, ਫਿਰ ਪਿਆਰ ਕਰਨਾ ਚਾਹੁੰਦੀ ਹੈ।

ਅਪਾਹਜਾਂ ਨੂੰ ਬੋਝ ਸਮਝਦੇ ਹਨ

ਜਦੋਂ ਕਿਸੇ ਨੂੰ ਬੋਝ ਸਮਝਿਆ ਜਾਏ ਤਾਂ ਉਸ ਨਾਲ ਪਿਆਰ ਹੋਵੇਗਾ, ਹਮਦਰਦੀ ਹੋਵੇਗੀ, ਉਸ 'ਤੇ ਤਰਸ ਆਵੇਗਾ ਜਾਂ ਉਸਦਾ ਗ਼ਲਤ ਫਾਇਦਾ ਚੁੱਕਿਆ ਜਾਵੇਗਾ?

ਕਿਸੇ ਅਪਾਹਜ ਦੇ ਲਈ ਇਹ ਸਮਝਣਾ ਸਭ ਤੋਂ ਵੱਧ ਜ਼ਰੂਰੀ ਹੈ। ਖ਼ਾਸ ਤੌਰ 'ਤੇ ਤਦੋਂ ਜਦ ਉਹ ਪਿਆਰ ਜਾਂ ਵਿਆਹ ਦਾ ਰਿਸ਼ਤਾ ਬਣਾਉਣਾ ਚਾਹੁੰਦੇ ਹਨ।

ਗੈਰ ਅਪਾਹਜ ਵਿਅਕਤੀ ਕਿਸੇ ਅਪਾਹਜ ਨਾਲ ਵਿਆਹ ਕਰੇ ਅਜਿਹਾ ਬਹੁਤ ਘੱਟ ਹੁੰਦਾ ਹੈ। ਅਕਸਰ ਦੋ ਅਪਾਹਜ ਹੀ ਆਪਸ ਵਿੱਚ ਵਿਆਹ ਕਰਦੇ ਹਨ।

ਪਰ ਉਹ ਵੀ ਬਹੁਤ ਘੱਟ ਹੁੰਦਾ ਹੈ ਕਿਉਂਕਿ ਅਪਾਹਜ ਲੋਕਾਂ ਦੇ ਵਿਆਹ ਨੂੰ ਉਨ੍ਹਾਂ ਦੇ ਪਰਿਵਾਰ ਅਹਿਮੀਅਤ ਹੀ ਨਹੀਂ ਦਿੰਦੇ। ਨਾਲ ਹੀ ਇਸਨੂੰ ਬੋਝ ਵਧਾਉਣ ਜਿਹਾ ਮੰਨਦੇ ਹਨ।

ਸਰਕਾਰ ਵੱਲੋਂ ਕੋਸ਼ਿਸ਼ਾਂ

ਅਪਾਹਜ ਵਿਅਕਤੀ ਨਾਲ ਵਿਆਹ ਨੂੰ ਵਧਾਵਾ ਦੇਣ ਦੇ ਲਈ ਹੀ ਭਾਰਤ ਦੇ ਕਈ ਸੂਬਿਆਂ ਵਿੱਚ ਇੱਕ ਸਰਕਾਰੀ ਯੋਜਨਾ ਲਿਆਈ ਗਈ ਹੈ, ਜਿਸਦੇ ਤਹਿਤ ਪੈਸਿਆਂ ਦੀ ਮਦਦ ਦਿੱਤੀ ਜਾ ਰਹੀ ਹੈ।

ਬਿਹਾਰ ਵਿੱਚ ਇੱਕ ਅਪਾਹਜ ਜੋੜੇ ਨਾਲ ਮਿਲ ਕੇ ਮੈਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਪੈਸਿਆਂ ਦੀ ਨੀਂਹ 'ਤੇ ਬਣੇ ਇਨ੍ਹਾਂ ਰਿਸ਼ਤਿਆਂ ਦੀ ਉਨ੍ਹਾਂ ਲੋਕਾਂ ਦੇ ਲਈ ਕੀ ਅਹਿਮੀਅਤ ਹੈ।

ਇੱਕ ਵਾਅਦਾ ਕਰੋ ਕਿ ਜਦੋਂ ਇਨ੍ਹਾਂ ਤਿੰਨ ਤਜਰਬਿਆਂ ਨੂੰ ਪੜ੍ਹ ਲਵਾਂਗੇ ਤਾਂ ਇੱਕ ਵਾਰ ਫਿਰ ਗੁਨਗੁਨਾਵਾਂਗੇ, ਕਭੀ ਕਭੀ ਮੇਰੇ ਦਿਲ ਮੇ ਖ਼ਿਆਲ ਆਤਾ ਹੈ...

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)