'ਅੰਦੋਲਨ ਕਰਨ ਦਾ ਸਭ ਨੂੰ ਹੱਕ ਪਰ ਮਰਿਆਦਾ ਜਰੂਰੀ'

Panchkula Violence Image copyright Reuters
ਫੋਟੋ ਕੈਪਸ਼ਨ ਪੰਚਕੂਲਾ ਹਿੰਸਾ ਤੋਂ ਬਾਅਦ ਦੇ ਦ੍ਰਿਸ਼

ਪੰਜਾਬ ਸਰਕਾਰ ਦੇ ਕਰਜ਼ ਮੁਆਫ਼ੀ ਦੇ ਵਾਅਦੇ ਨੂੰ ਪੂਰਾ ਨਾ ਕਰਨ ਤੋਂ ਭੜਕੇ ਕਿਸਾਨ ਸ਼ੁੱਕਰਵਾਰ ਤੋਂ ਪਟਿਆਲਾ 'ਚ ਅੰਦੋਲਨ ਸ਼ੁਰੂ ਕਰ ਰਹੇ ਹਨ।

ਕਿਸਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਮੋਤੀ ਮਹਿਲ ਦਾ ਘੇਰਾਓ ਕਰਨ ਦੀ ਤਿਆਰੀ 'ਚ ਸਨ।

ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਕਿਸਾਨ ਮੋਤੀ ਮਹਿਲ ਦੀ ਬਜਾਇ ਸ਼ਹਿਰ ਤੋਂ ਬਾਹਰ ਪਟਿਆਲਾ-ਸੰਗਰੂਰ ਸੜਕ ਉੱਤੇ ਧਰਨਾ ਦੇਣ ਲਈ ਮੰਨ ਗਏ ਹਨ। ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਅੰਦੋਲਨ ਨਾ ਕਰਨ ਲਈ ਮਨਾਇਆ ਜਾ ਰਿਹਾ ਸੀ।

ਦੋਵਾਂ ਧਿਰਾਂ ਵਿਚਾਲੇ ਗੱਲਬਾਤ ਤੋਂ ਬਾਅਦ ਸ਼ਹਿਰ ਤੋਂ 7 ਕਿਲੋਮੀਟਰ ਬਾਹਰ ਪਟਿਆਲਾ-ਸੰਗਰੂਰ ਉੱਤੇ ਧਰਨਾ ਦੇਣ ਲਈ ਸਹਿਮਤੀ ਬਣੀ ਹੈ।

ਪਟਿਆਲਾ ਵਿੱਚ ਉਹ ਹਾਲਾਤ ਨਾ ਬਣ ਜਾਣ ਜਿਹੜੇ ਕੁਝ ਦਿਨ ਪਹਿਲਾਂ ਪੰਚਕੂਲਾ ਵਿੱਚ ਵੇਖਣ ਨੂੰ ਮਿਲੇ ਸੀ। ਇਸ ਬਾਰੇ ਅਦਾਲਤ ਨੇ ਚਿੰਤਾ ਪ੍ਰਗਟਾਈ ਸੀ।

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਹਿੰਸਾ ਭੜਕੀ ਸੀ। ਕਈ ਲੋਕਾਂ ਨੂੰ ਜਾਨ ਗੁਆਉਣੀ ਪਈ।

Image copyright EPA Wires
ਫੋਟੋ ਕੈਪਸ਼ਨ ਰਾਮ ਰਹੀਮ ਨੂੰ ਸਜ਼ਾ ਤੋਂ ਬਾਅਦ ਭੜਕੇ ਸਮਰਥਕ

ਹਾਈਕੋਰਟ ਨੇ ਕੀ ਕਿਹਾ ਸੀ ?

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕਿਹਾ ਸੀ ਕਿ ਪਟਿਆਲਾ ਵਿੱਚ ਪੰਚਕੂਲਾ ਵਰਗੇ ਹਾਲਾਤ ਨਾ ਬਣਨ।

ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਨੂੰ ਕੋਰਟ ਵਿੱਚ ਬੁਲਾਇਆ ਵੀ ਗਿਆ ਸੀ। ਅਦਾਲਤ ਨੇ ਪੁੱਛਿਆ ਸੀ ਕਿ ਸ਼ਾਂਤੀ ਕਾਇਮ ਰੱਖਣ ਲਈ ਕਿਹੜੇ ਕਦਮ ਚੁੱਕੇ ਜਾ ਰਹੇ ਹਨ।

ਪਟਿਆਲਾ ਦੇ ਇੱਕ ਵਕੀਲ ਮੋਹਿਤ ਕਪੂਰ ਨੇ ਆਪਣੀ ਪਟੀਸ਼ਨ 'ਚ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਨੇ 22 ਸਤੰਬਰ ਤੋਂ ਪਟਿਆਲਾ ਵਿੱਚ ਜੇਲ ਭਰੋ ਅੰਦੋਲਨ ਦਾ ਨਾਅਰਾ ਦਿੱਤਾ ਹੈ।ਇਸ ਵਿੱਚ ਇੱਕ ਤੋਂ ਦੋ ਲੱਖ ਕਿਸਾਨਾਂ ਦੇ ਪੁੱਜਣ ਦੀ ਸੰਭਾਵਨਾ ਹੈ।

ਪਟੀਸ਼ਨ 'ਚ ਸ਼ਹਿਰ ਦੀ ਕਾਨੂੰਨ ਵਿਵਸਥਾ ਖ਼ਰਾਬ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ।

Image copyright EPA WIRES
ਫੋਟੋ ਕੈਪਸ਼ਨ ਕਿਸਾਨਾਂ ਦੇ ਧਰਨੇ ਦੀ ਪੁਰਾਣੀ ਤਸਵੀਰ

ਪ੍ਰਸ਼ਾਸਨ ਨੇ ਨੋਟਿਸ ਜਾਰੀ ਕਰਕੇ ਕਿਹਾ ਹੈ ਕਿ ਕਿਸੇ ਵੀ ਹੜਤਾਲ ਤੋਂ ਪਹਿਲਾਂ ਸਰਕਾਰ ਦੀ ਇਜਾਜ਼ਤ ਜਰੂਰੀ ਹੈ, ਜਿਹੜੀ ਕਿ ਕਿਸਾਨਾਂ ਨੇ ਨਹੀਂ ਲਈ ਹੈ।

ਸਰਕਾਰ ਵੱਲੋਂ ਕੀਤੀ ਜਾ ਰਹੀ ਸਖ਼ਤੀ ਤੋਂ ਬਾਅਦ ਬਹਿਸ ਸ਼ੁਰੂ ਹੋ ਗਈ ਹੈ। ਸਵਾਲ ਹੈ, ਕੀ ਇਸ ਤਰ੍ਹਾਂ ਦੇ ਪ੍ਰਦਰਸ਼ਨਾਂ 'ਤੇ ਸਖ਼ਤੀ ਆਮ ਆਦਮੀ ਦੇ ਅਧਿਕਾਰਾਂ ਦੀ ਉਲੰਘਣਾ ਨਹੀਂ? ਖ਼ਾਸ ਤੌਰ 'ਤੇ ਜਿੱਥੇ ਹਿੰਸਾ ਦਾ ਖ਼ਦਸ਼ਾ ਨਾ ਹੋਵੇ।

Image copyright Reuters
ਫੋਟੋ ਕੈਪਸ਼ਨ ਪੰਚਕੂਲਾ 'ਚ ਭੜਕੀ ਹਿੰਸਾ ਦਾ ਦ੍ਰਿਸ਼

ਪ੍ਰਦਰਸ਼ਨਾਂ ਤੋਂ ਪਰੇਸ਼ਾਨ ਆਮ ਲੋਕ

ਪੰਚਕੂਲਾ ਦੀ ਹਿੰਸਾ ਤੋਂ ਪਹਿਲਾਂ ਪਿਛਲੇ ਸਾਲ ਹਰਿਆਣਾ ਵਿੱਚ ਜਾਟ ਅੰਦੋਲਨ ਤੋਂ ਸਾਰਾ ਮੁਲਕ ਦਹਿਲ ਗਿਆ ਸੀ। ਕਈ ਦਿਨਾਂ ਤੱਕ ਆਵਾਜਾਈ ਬੰਦ ਰਹੀ।

ਪ੍ਰਦਰਸ਼ਨ ਦੌਰਾਨ ਕਈ ਔਰਤਾਂ ਨਾਲ ਕਥਿਤ ਤੌਰ 'ਤੇ ਬਲਾਤਕਾਰ ਹੋਇਆ। ਹਾਲਾਂਕਿ ਇਸ ਮਾਮਲੇ ਵਿੱਚ ਅਦਾਲਤ ਨੇ ਦਖ਼ਲ ਦਿੱਤਾ, ਮਾਮਲੇ ਦੀ ਤਫ਼ਤੀਸ਼ ਜਾਰੀ ਹੈ।

ਪਿਛਲੇ ਸਾਲਾਂ ਵਿੱਚ ਚੰਡੀਗੜ੍ਹ ਵਿੱਚ ਕਿਸਾਨ ਅੰਦੋਲਨ ਵੇਲੇ ਇੱਥੋਂ ਦੀ ਸੁਖਨਾ ਝੀਲ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਲੋਕਾਂ 'ਚ ਇਸ ਕਾਰਨ ਕਾਫ਼ੀ ਗੁੱਸਾ ਸੀ।

Image copyright Reuters
ਫੋਟੋ ਕੈਪਸ਼ਨ ਅੰਮ੍ਰਿਤਸਰ 'ਚ ਕਿਸਾਨ ਧਰਨੇ ਦਾ ਦ੍ਰਿਸ਼

ਚੰਡੀਗੜ੍ਹ ਤੋਂ ਬੀਟੈੱਕ ਦੇ ਵਿਦਿਆਰਥੀ ਕਮਲ ਵੈਦ ਦਾ ਕਹਿਣਾ ਹੈ ਕਿ ਪੰਚਕੂਲਾ 'ਚ ਹਿੰਸਾ ਹੋਈ ਤਾਂ ਉਨ੍ਹਾਂ ਦੇ ਮਾਪੇ ਉਸ ਨੂੰ ਮਿਲਣ ਦਿੱਲੀ ਤੋਂ ਆ ਰਹੇ ਸੀ। ਪਰ ਉਨ੍ਹਾਂ ਨੂੰ ਬੇਹੱਦ ਮੁਸ਼ਕਿਲਾਂ ਆਈਆਂ। ਕਮਲ ਦਾ ਕਹਿਣਾ ਹੈ ਕਿ, ''ਮੈਂ ਨਹੀਂ ਚਾਹੁੰਦਾ ਕਿ ਕਿਸੇ ਦੇ ਨਾਲ ਦੁਬਾਰਾ ਇਸ ਤਰਾਂ ਹੋਵੇ।''

Image copyright EPA Wires
ਫੋਟੋ ਕੈਪਸ਼ਨ ਪੰਚਕੂਲਾ ਹਿੰਸਾ ਦੌਰਾਨ ਸੜਦੇ ਵਾਹਨ

'ਪਰੇਸ਼ਾਨ ਕਰਨ ਦਾ ਕੋਈ ਹੱਕ ਨਹੀਂ'

ਮਨੁੱਖੀ ਅਧਿਕਾਰਾਂ ਦੇ ਵਕੀਲ ਨਵਕਿਰਨ ਸਿੰਘ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਪ੍ਰਦਰਸ਼ਨਾਂ 'ਤੇ ਸਖ਼ਤੀ ਜਾਇਜ਼ ਹੈ।

''ਕੋਈ ਵੀ ਇਹ ਨਹੀਂ ਕਹਿ ਰਿਹਾ ਕਿ ਪ੍ਰਦਰਸ਼ਨ ਨਾ ਕਰੋ। ਪ੍ਰਦਰਸ਼ਨ ਦੀ ਇੱਕ ਸੀਮਾ ਹੈ, ਇੱਕ ਥਾਂ ਹੈ। ਪ੍ਰਦਰਸ਼ਨ ਦੇ ਨਾਂ 'ਤੇ ਕਿਸੇ ਨੂੰ ਵੀ ਮਹੌਲ ਖ਼ਰਾਬ ਕਰਨ ਜਾਂ ਜਨਤਾ ਨੂੰ ਪਰੇਸ਼ਾਨ ਕਰਨ ਦਾ ਕੋਈ ਹੱਕ ਨਹੀਂ ਹੈ।''

Image copyright EPA Wires

ਇੱਕ ਹੋਰ ਮਨੁੱਖੀ ਅਧਿਕਾਰਾਂ ਦੇ ਵਕੀਲ ਰੰਜਨ ਲਖਨਪਾਲ ਦਾ ਮੰਨਣਾ ਹੈ, ''ਸਾਡੇ ਕੋਲ ਸੰਵਿਧਾਨ ਵੱਲੋਂ ਮਿਲੇ ਹੋਏ ਹੱਕ ਹਨ, ਪਰ ਸਾਡੀਆਂ ਕੁਝ ਜ਼ਿੰਮੇਵਾਰੀਆਂ ਵੀ ਹਨ।''

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)

ਸਬੰਧਿਤ ਵਿਸ਼ੇ