EXCLUSIVE: ਬਾਦਲ ਸਾਹਬ ਖੋਤੇ-ਘੋੜੇ ਦਾ ਫ਼ਰਕ ਨਹੀਂ ਕਰਦੇ : ਮਨਪ੍ਰੀਤ

ਫੋਟੋ ਕੈਪਸ਼ਨ ਪੰਜਾਬ 'ਚ ਮਨਪ੍ਰੀਤ ਬਾਦਲ ਨੂੰ ਲੀਡਰਸ਼ਿਪ ਦੀ ਘਾਟ ਨਜ਼ਰ ਆਉਂਦੀ ਹੈ।

ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਲੀਡਰਸ਼ਿਪ ਦੀ ਘਾਟ ਕਾਰਨ ਪੰਜਾਬ ਆਰਥਿਕ ਸੰਕਟ ਦਾ ਸ਼ਿਕਾਰ ਹੋਇਆ ਹੈ।ਇਸ ਨੂੰ ਜਿੰਨਾ ਸਮਾਂ ਡਿੱਗਣ ਨੂੰ ਲੱਗਾ, ਓਨਾ ਹੀ ਉੱਠਣ ਨੂੰ ਚਾਹੀਦੈ'।

ਬੀਬੀਸੀ ਨਿਊਜ਼ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਮਨਪ੍ਰੀਤ ਬਾਦਲ ਨੇ ਸਾਫ਼ ਕੀਤਾ ਕਿ ਉਹ ਸਬਸਿਡੀ ਵਿਰੋਧੀ ਨਹੀਂ ਹੈ।

ਉਨ੍ਹਾਂ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਖੋਤੇ-ਘੋੜੇ ਦਾ ਫ਼ਰਕ ਨਹੀਂ ਕਰਦੇ ਜਦਕਿ ਕੈਪਟਨ ਅਮਰਿੰਦਰ ਸਿੰਘ ਦੂਜਿਆਂ ਨੂੰ ਵੀ ਕੰਮ ਕਰਨ ਦਾ ਮੌਕਾ ਦਿੰਦੇ ਹਨ।

ਪਰਵਾਸੀਆਂ ਨੂੰ 'ਜੜਾਂ' ਨਾਲ ਜੋੜਨ ਦੇ 8 ਨੁਕਤੇ

ਪੰਜਾਬ ’ਚ ਸ਼ੁਰੂ ਹੋਈ ਰੋਹਿੰਗਿਆ ਰਾਹਤ ਮੁਹਿੰਮ

ਸਾਊਦੀ ਅਰਬ 'ਚ ਪੰਜਾਬਣ ਨੂੰ ਬੰਦੀ ਬਣਾਉਣ ਦਾ ਦੋਸ਼

ਮਨਪ੍ਰੀਤ ਦਾ ਮੰਨਣਾ ਹੈ ਕਿ ਸਮਾਂ ਬੀਤ ਜਾਣ ਨਾਲ ਇਹ ਕਹਿਣਾ ਠੀਕ ਨਹੀਂ ਕਿ ਬਹੁਤ ਸਾਰਾ ਸਮਾਂ ਬੀਤ ਗਿਆ ਹੈ ਤੇ ਹੁਣ '84 ਦੀ ਗੱਲ ਭੁਲ ਜਾਓ।

ਮਨਪ੍ਰੀਤ ਸਿੰਘ ਬਾਦਲ ਨਾਲ ਹੋਈ ਗੱਲਬਾਤ ਦੇ ਪੇਸ਼ ਨੇ ਕੁਝ ਅੰਸ਼ :-

ਵਿਰੋਧੀ ਧਿਰ 'ਚ ਹੁੰਦਿਆਂ ਤੁਸੀਂ ਪੰਜਾਬ ਨੂੰ ਆਰਥਿਕ ਕੰਗਾਲੀ ਦੀ ਕਗਾਰ ਉੱਤੇ ਦੱਸਦੇ ਸੀ, ਹੁਣ ਤੁਹਾਡੀ ਇਸ ਬਾਰੇ ਕੀ ਰਾਏ ਹੈ ?

ਇਹ ਨਹੀਂ ਕਿ ਪ੍ਰਮਾਤਮਾ ਨੇ ਪੰਜਾਬ ਤੋਂ ਕੋਈ ਚੀਜ਼ ਲੁਕੋ ਕੇ ਰੱਖੀ ਹੈ। ਸਭ ਤੋਂ ਬਿਹਤਰ ਜ਼ਮੀਨ ਦਿੱਤੀ, ਸਭ ਤੋਂ ਚੰਗਾ ਹਵਾ ਪਾਣੀ ਦਿੱਤਾ। ਮਿਹਨਤੀ ਲੋਕ ਦਿੱਤੇ ਹਨ। ਪੰਜਾਬ 'ਚ ਮੈਨੂੰ ਸਿਰਫ਼ ਲੀਡਰਸ਼ਿਪ ਦੀ ਘਾਟ ਨਜ਼ਰ ਆਉਂਦੀ ਹੈ।

ਰਾਜਨੀਤੀ ਵਿੱਚ ਹੀ ਨਹੀਂ, ਵਿੱਦਿਅਕ ਅਦਾਰਿਆਂ, ਮੀਡੀਆ, ਵਪਾਰ 'ਚ ਇੱਥੋਂ ਤੱਕ ਕਿ ਪਰਿਵਾਰਾਂ ਵਿੱਚ ਵੀ ਹੈ।

1947 ਤੋਂ ਵੱਡਾ ਜ਼ਖ਼ਮ ਕੋਈ ਪੰਜਾਬ ਦੇ ਸੀਨੇ 'ਤੇ ਨਹੀਂ ਲੱਗ ਸਕਦਾ। 15 ਸਾਲਾਂ 'ਚ ਅਸੀਂ ਭਾਖੜਾ ਡੈਮ ਤੇ ਚੰਡੀਗੜ੍ਹ ਸ਼ਹਿਰ ਬਣਾ ਲਿਆ ਸੀ, ਨਹਿਰਾਂ ਕੱਢ ਲਈਆਂ ਸਨ। ਉਸ ਵੇਲੇ ਲੀਡਰਸ਼ਿਪ ਬੜੀ ਵਧੀਆ ਸੀ।

ਹਾਲਾਤ ਗੰਭੀਰ ਇਸ ਹਨ ਕਿ ਅਸੀਂ ਨਾਲਾਇਕ ਹੋ ਗਏ ਹਾਂ। ਪੰਜਾਬ ਦੇ ਲੋਕਾਂ ਨੂੰ ਫ਼ੈਸਲਾ ਕਰਨਾ ਪੈਣਾ ਹੈ ਕਿ ਅਸੀਂ ਅੱਗੇ ਵੱਧਣਾ ਹੈ ਕਿ ਨਹੀਂ।

ਦੋ ਤਰੀਕੇ ਹਨ- ਦਿਨ ਟਪਾਉਣੇ ਹਨ ਜਾਂ ਅੱਗੇ ਵੱਧਣਾ ਹੈ। ਦੋਵਾਂ ਦੀ ਦਵਾਈ ਅਲੱਗ ਅਲੱਗ ਹੈ।ਤਰੱਕੀ ਗਲੀਆਂ ਜਾਂ ਸੜਕਾਂ ਬਣਨ ਨਾਲ ਨਹੀਂ ਬਲਕਿ ਕਮਾਈ ਵਧਣ ਨਾਲ ਹੁੰਦੀ ਹੈ।

Image copyright DPR Punjab
ਫੋਟੋ ਕੈਪਸ਼ਨ ਨੋਟਬੰਦੀ ਇੱਕ ਸਿਆਸੀ ਚਾਲ ਸਮਝਦੇ ਨੇ ਮਨਪ੍ਰੀਤ ਬਾਦਲ

ਜਿੰਨੇ ਸਾਲਾਂ 'ਚ ਪੰਜਾਬ ਤਬਾਹ ਹੋਇਆ, ਠੀਕ ਹੋਣ 'ਚ ਵੀ ਓਨੇ ਹੀ ਸਾਲ ਲੱਗਣਗੇ।

ਤੁਸੀਂ ਪਹਿਲਾਂ ਅਕਾਲੀ ਦਲ ਵਿੱਚ ਸੀ ਤੇ ਹੁਣ ਕਾਂਗਰਸ ਵਿੱਚ ਹੋ, ਕੀ ਫ਼ਰਕ ਹੈ ਦੋਵਾਂ ਪਾਰਟੀਆਂ 'ਚ ਅਤੇ ਬਾਦਲ ਤੇ ਅਮਰਿੰਦਰ ਵਿੱਚ ?

ਫ਼ਰਕ ਤਾਂ ਕਾਫ਼ੀ ਹੈ, ਬਾਦਲ ਸਾਹਬ ਕਿਸੀ ਤੇ ਇਤਬਾਰ ਨਹੀਂ ਕਰਦੇ ਸਨ ਤੇ ਸਾਰਾ ਕੰਮ ਆਪ ਕਰਨ ਦੀ ਕੋਸ਼ਿਸ਼ ਕਰਦੇ ਸਨ। ਖੋਤੇ-ਘੋੜੇ ਦਾ ਫ਼ਰਕ ਨਹੀਂ ਕਰਦੇ ਸਨ।

ਕਪਤਾਨ ਸਾਹਬ ਜਿਸ 'ਤੇ ਭਰੋਸਾ ਕਰਦੇ ਨੇ ਪੂਰਾ ਕਰਦੇ ਹਨ ਤੇ ਦੂਜਿਆਂ ਨੂੰ ਵੀ ਕੰਮ ਕਰਨ ਦਿੰਦੇ ਨੇ। ਫੇਰ ਉਸ ਬੰਦੇ ਤੋਂ ਨਤੀਜੇ ਦੀ ਉਮੀਦ ਰੱਖਦੇ ਨੇ।

ਕਾਂਗਰਸ ਤੇ ਅਕਾਲੀ ਦਲ ਦਾ ਇਹ ਫ਼ਰਕ ਹੈ, ਕਾਂਗਰਸ ਪਾਰਟੀ ਕ਼ਾਨੂੰਨ ਦੀ ਸਰਪ੍ਰਸਤੀ ਵਿੱਚ ਕੰਮ ਕਰਦੀ ਹੈ ਤੇ ਪ੍ਰਸ਼ਾਸਨ ਵਿੱਚ ਦਖ਼ਲਅੰਦਾਜ਼ੀ ਨਹੀਂ ਕਰਦੀ।

ਦੂਜੇ ਪਾਸੇ ਅਕਾਲੀ ਥਾਣਿਆਂ-ਤਹਿਸੀਲਾਂ ਦੇ ਕੰਮ 'ਚ ਮਦਾਲਖਤ ਕਰਦੇ ਸੀ, ਅਫ਼ਸਰਾਂ ਨਾਲ ਵੀ ਉੱਚਾ ਨੀਵਾਂ ਬੋਲਦੇ ਸਨ।

ਕਾਂਗਰਸ ਨਾਲ ਸਿੱਖਾਂ ਦੀ 1984 ਨੂੰ ਲੈ ਕੇ ਨਾਰਾਜ਼ਗੀ ਖ਼ਤਮ ਹੋ ਗਈ ਹੈ ?

ਇਹਦੇ ਦੋ ਪਹਿਲੂ ਨੇ, ਜਿਨ੍ਹਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਹੈ ਉਨ੍ਹਾਂ ਨੂੰ ਕ਼ਾਨੂੰਨ ਦੇ ਸ਼ਿਕੰਜੇ ਵਿੱਚ ਲੈਣਾ ਜ਼ਰੂਰੀ ਹੈ।

ਸਮਾਂ ਬੀਤ ਜਾਣ ਨਾਲ ਇਹ ਕਹਿਣਾ ਠੀਕ ਨਹੀਂ ਕਿ ਬਹੁਤ ਸਾਰਾ ਸਮਾਂ ਬੀਤ ਗਿਆ ਹੈ ਤੇ ਇਹ ਗੱਲ ਭੁਲਾ ਦਿਓ।

ਦੂਸਰਾ ਪਹਿਲੂ ਇਹ ਹੈ ਕੇ ਪੰਜਾਬ ਨੂੰ ਅੱਗੇ ਤੁਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਰਾਹੁਲ ਗਾਂਧੀ ਨੇ ਮੁਆਫ਼ੀ ਮੰਗੀ ਹੈ।

Image copyright RAMINDER PAL SINGH
ਫੋਟੋ ਕੈਪਸ਼ਨ ਮਨਪ੍ਰੀਤ ਬਾਦਲ ਮੁਤਾਬਕ ਕਰਜ਼ ਮਾਫ਼ੀ ਕਿਸਾਨੀ ਸੰਕਟ ਦਾ ਹੱਲ ਨਹੀਂ

ਜੇ ਪੁਰਾਣਿਆਂ ਜ਼ਖ਼ਮਾਂ ਨੂੰ ਕੁਰੇਦਾਂਗੇ ਤਾਂ ਸਿੱਖ ਕੌਮ ਕਿਤੇ ਪਿੱਛੇ ਨਾ ਰਹਿ ਜਾਵੇ। ਸਾਨੂੰ ਹਿੰਦੁਸਤਾਨ ਨਾਲ ਹਮ ਸਫ਼ਰ ਹੋ ਕੇ ਤੁਰਨਾ ਪੈਣਾ ਹੈ।

ਮਨਪ੍ਰੀਤ ਬਾਦਲ ਨੇ ਸਬਸਿਡੀ ਜਾਂ ਰਿਆਇਤਾਂ ਨੂੰ ਲੈ ਕੇ ਅਕਾਲੀ ਦਲ ਵਿੱਚ ਸਖ਼ਤ ਰੁਖ ਅਪਣਾਇਆ ਸੀ, ਪਰ ਇਹ ਕਾਂਗਰਸ ਪਾਰਟੀ ਵਿੱਚ ਦੇਖਣ ਨੂੰ ਨਹੀਂ ਮਿਲ ਰਿਹਾ। ਕੀ ਹੁਣ ਤੁਸੀਂ ਬਦਲ ਗਏ ਹੋ?

ਇੱਕ ਕਿਸਮ ਦੀ ਅਫ਼ਵਾਹ 'ਤੇ ਭਰਮ ਪੈਦਾ ਕੀਤਾ ਗਿਆ ਕਿ ਮਨਪ੍ਰੀਤ ਸਬਸਿਡੀਜ਼ ਦਾ ਵਿਰੋਧ ਕਰਦਾ ਹੈ। ਮਨਪ੍ਰੀਤ ਨੇ ਕਦੀ ਸਬਸਿਡੀਜ਼ ਦਾ ਵਿਰੋਧ ਨਹੀਂ ਕੀਤਾ।

ਮੈਂ ਹੈਰਾਨ ਹਾਂ ਕਿ ਜੇ ਕੋਈ ਝੂਠ ਵਾਰ ਵਾਰ ਬੋਲਿਆ ਜਾਵੇ ਤਾਂ ਉਹ ਕਿਵੇਂ ਸੱਚ ਬਣ ਜਾਂਦਾ ਹੈ। ਮੈਂ ਤਾਂ ਸਿਰਫ਼ ਇੰਨਾ ਹੀ ਕਹਿੰਦਾ ਸੀ, 'ਜਿੰਨੀ ਚਾਦਰ ਹੈ ਓਨੇ ਹੀ ਪੈਰ ਪਸਾਰੋ'।

ਜਿਹੜਾ ਮੈਂ ਅਕਾਲੀ ਦਲ ਤੋਂ ਅਸਤੀਫ਼ਾ ਇਸ ਲਈ ਦਿੱਤਾ ਸੀ ਕਿ ਕਰਜ਼ ਮੁਆਫ਼ੀ 'ਤੇ ਭਾਰਤ ਸਰਕਾਰ ਨਾਲ ਗੱਲ ਕਰ ਕੇ ਮੈਂ 35000 ਕਰੋੜ ਮੁਆਫ਼ੀ ਦੀ ਤਜਵੀਜ਼ ਲੈ ਕੇ ਆਇਆ ਸੀ, ਜਿਸ ਦੀਆਂ ਕੁੱਝ ਸ਼ਰਤਾਂ ਸਨ।

ਉਹ ਸ਼ਰਤਾਂ ਬਾਦਲ ਸਾਹਬ ਮੰਨਣ ਨੂੰ ਤਿਆਰ ਨਹੀਂ ਸਨ ਜਦ ਕਿ ਮੈਨੂੰ ਲੱਗਦਾ ਸੀ ਕਿ ਉਹ ਸ਼ਰਤਾਂ ਮੰਨ ਲੈਣੀਆਂ ਚਾਹੀਦੀਆਂ ਸਨ।

ਗੱਲ ਇਹ ਹੈ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਵਾਸਤੇ ਕੀ ਛੱਡ ਕੇ ਜਾਵਾਂਗੇ ?

ਮੈਂ ਦੇਖਿਆ ਹੈ ਕਿ ਗ਼ਰੀਬ ਬੰਦੇ ਦੀ ਕੋਈ ਬਾਂਹ ਨਹੀਂ ਫੜ੍ਹਦਾ। ਜੇ ਸਿਰ ਚੁੱਕ ਕੇ ਜੀਣਾ ਹੈ ਤਾਂ ਪੰਜਾਬੀਆਂ ਨੂੰ ਅਮੀਰ ਬਣਨਾ ਪਵੇਗਾ। ਤਰੱਕੀ ਵਾਸਤੇ ਕੁਰਬਾਨੀਆਂ 'ਤੇ ਮਿਹਨਤ ਕਰਨੀ ਪਵੇਗੀ।

ਫਿਲਹਾਲ ਤਾਂ ਉਹ ਬੜਾ ਦੂਰ ਲੱਗਦਾ ਹੈ ਕਿਉਂਕਿ ਅਜੇ ਤਾਂ ਸਰਕਾਰ ਮੁਲਾਜ਼ਮਾਂ ਨੂੰ ਤਨਖ਼ਾਹ ਵੀ ਨਹੀਂ ਦੇ ਪਾ ਰਹੀ।

ਕਰਮਚਾਰੀਆਂ ਦੀ ਤਨਖ਼ਾਹ ਦਾ ਮਸਲਾ ਸਿਰਫ਼ ਇਸ ਮਹੀਨੇ ਦਾ ਹੀ ਸੀ।

Image copyright Getty Images
ਫੋਟੋ ਕੈਪਸ਼ਨ ਮਨਪ੍ਰੀਤ ਬਾਦਲ ਕਹਿੰਦੇ ਨੇ ਕਿ ਸਿਰ ਚੁੱਕ ਕੇ ਜੀਣਾ ਹੈ ਤਾਂ ਪੰਜਾਬੀਆਂ ਨੂੰ ਅਮੀਰ ਬਣਨਾ ਪਵੇਗਾ

ਉਹ ਵੀ ਇਸ ਕਰਕੇ ਕਿ ਸਾਡੀ ਆਈ ਚਲਾਈ ਲਈ ਜਿਹੜੀ ਰਕਮ ਆਉਂਦੀ ਸੀ, ਜੋ ਸਾਡਾ ਕੇਂਦਰ ਸਰਕਾਰ ਤੋਂ ਹਿੱਸਾ ਬਣਦਾ ਹੈ ਸਰਕਾਰ ਨੇ ਕਿਹਾ ਕਿ ਜੀਐੱਸਟੀ ਕਰ ਕੇ ਪੂਰਾ ਇੰਤਜ਼ਾਮ ਅਜੇ ਨਹੀਂ ਹੈ ਤੇ ਪਹਿਲੀ ਤਰੀਕ ਦੀ ਜਗ੍ਹਾ 15 ਤਰੀਕ ਤੱਕ ਇਹ ਪੈਸਾ ਆਏਗਾ।

ਸੋ ਤਨਖ਼ਾਹ ਕੋਈ ਮੁੱਦਾ ਨਹੀਂ ਹੈ। ਅਸੀਂ ਇੱਕ ਮਾਹੌਲ ਪੈਦਾ ਕਰਨਾ ਹੈ ਜਿਹੜਾ ਤਰੱਕੀ ਨੂੰ ਜਨਮ ਦੇਵੇਗਾ।

ਤੁਸੀਂ ਜੀਐੱਸਟੀ ਦੀ ਗੱਲ ਕੀਤੀ, ਨੋਟਬੰਦੀ ਤੇ ਜੀਐੱਸਟੀ, ਮੋਦੀ ਸਰਕਾਰ ਨੇ ਦੋ ਵੱਡੇ ਕਦਮ ਚੁੱਕੇ ਹਨ। ਤੁਹਾਡੀ ਇਹਨਾਂ ਬਾਰੇ ਕੀ ਰਾਏ ਹੈ ?

ਨੋਟਬੰਦੀ ਇੱਕ ਸਿਆਸੀ ਚਾਲ ਸੀ ਤੇ ਫ਼ੈਸਲਾ ਬਿਲਕੁਲ ਗ਼ਲਤ ਸੀ। ਹਿੰਦੁਸਤਾਨ ਦਾ ਬਹੁਤ ਵੱਡਾ ਸੈਕਟਰ ਗ਼ੈਰਰਸਮੀ ਹੈ ਜਿਸ ਨੂੰ ਧੱਕਾ ਲੱਗਾ ਹੈ।

ਖ਼ਾਸ ਕਰਕੇ ਖੇਤੀ ਅਤੇ ਕੱਪੜੇ ਦੇ ਸੈਕਟਰ 'ਚ, ਤੁਸੀਂ ਸਾਰਾ ਕੈਸ਼ ਰੋਕ ਲਿਆ।

ਇਹ ਕਿਹਾ ਗਿਆ ਕਿ 4-5 ਲੱਖ ਕਰੋੜ ਕਾਲਾ ਧਨ ਹੈ ਜਿਹੜਾ ਵਾਪਸ ਹੀ ਨਹੀਂ ਆਵੇਗਾ।

99 % ਪੈਸਾ ਬੈਂਕਾਂ ਵਿੱਚ ਜਮ੍ਹਾਂ ਹੋ ਗਿਆ ਹੈ। ਬਿਨਾਂ ਸੋਚੇ ਸਮਝੇ ਇਹ ਫ਼ੈਸਲਾ ਲਿਆ ਗਿਆ। ਸਾਡੀ ਕੌਮ ਅਜਿਹੀ ਹੈ ਕਿ ਕੋਈ ਸਵਾਲ ਨਹੀਂ ਕਰਦਾ। ਇਸੇ ਤਰ੍ਹਾਂ ਜੀਐੱਸਟੀ ਵਾਸਤੇ ਤਿੰਨ ਕੁ ਮਹੀਨੇ ਟ੍ਰਾਇਲ ਰਨ ਕਰਨਾ ਚਾਹੀਦਾ ਸੀ।

ਤੁਸੀਂ ਖਰਚੇ ਘਟਾਉਣ ਲਈ ਕਈ ਕਦਮ ਚੁੱਕਦੇ ਰਹੇ ਹੋ। ਜਿਵੇਂ ਸਰਕਾਰੀ ਗੱਡੀ ਨਾ ਲੈਣਾ, ਇਸ ਬਾਰੇ ਹੋਰ ਕੀ ਕੀਤਾ ਜਾ ਰਿਹਾ ਹੈ ? ਕੀ ਸਮਾਂ ਆ ਗਿਆ ਹੈ ਕਿ ਮੰਤਰੀਆਂ ਨੂੰ ਸਰਕਾਰੀ ਬੰਗਲੇ ਨਾ ਦੇ ਕੇ ਛੋਟੇ ਮਕਾਨ ਜਾਂ ਫਲੈਟ ਦਿੱਤੇ ਜਾਣ?

ਮਹਾਤਮਾ ਗਾਂਧੀ ਕੋਲ ਕੁੜਤਿਆਂ ਦੀ ਕਮੀ ਨਹੀਂ ਸੀ, ਪਰ ਉਨ੍ਹਾਂ ਨੂੰ ਪਤਾ ਸੀ ਕਿ 70 % ਲੋਕਾਂ ਦੇ ਤਨ 'ਤੇ ਕੱਪੜਾ ਨਹੀਂ ਹੈ।

ਇਸ ਕਰ ਕੇ ਉਨ੍ਹਾਂ ਨੇ ਕੁੜਤਾ ਨਹੀਂ ਪਾਇਆ। ਨੇਤਾ ਰੋਲ ਮਾਡਲ ਹੁੰਦੇ ਹਨ ।

ਮੈਂ ਇਸ ਕਰਕੇ ਸਰਕਾਰੀ ਗੱਡੀ ਨਹੀਂ ਲਈ ਤੇ ਸੁਰੱਖਿਆ ਨਹੀਂ ਲਈ। ਇਹ ਪੈਸਾ ਲੋਕਾਂ ਦਾ ਹੈ। ਅਸੀਂ ਇਸ ਦੇ ਟਰੱਸਟੀ ਹਾਂ, ਜੇ ਪੰਜ ਪੈਸੇ ਵੀ ਬਚ ਜਾਣ ਤਾਂ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ।

ਫੋਟੋ ਕੈਪਸ਼ਨ ਮਨਪ੍ਰੀਤ ਸਿੰਘ ਬਾਦਲ ਦੀ ਗਹਿਰੀ ਸੋਚ

ਇੱਕ ਗੱਲ ਹੈ ਮੇਰੇ ਮਨ ਵਿੱਚ ਸੀ ਕਿ ਮੈਂ ਸਰਕਾਰੀ ਕੋਠੀ ਨਾਂ ਲਵਾਂ। ਇੱਥੇ ਲੋਕ ਬਾਹਰੋਂ ਪੰਜਾਬ ਦੇ ਵਿੱਤ ਮੰਤਰੀ ਨੂੰ ਮਿਲਣ ਆਉਂਦੇ ਹਨ ਮਨਪ੍ਰੀਤ ਨੂੰ ਨਹੀਂ। ਪੰਜਾਬ ਦਾ ਵੱਕਾਰ ਤੇ ਇੱਜ਼ਤ ਰੱਖਣ ਵਾਸਤੇ ਥੋੜ੍ਹਾ ਬਹੁਤ ਦਿਖਾਵਾ ਕਰਨਾ ਪੈਂਦਾ ਹੈ।

ਪੰਜਾਬ ਦੇ ਕਿਸਾਨ ਖ਼ੁਸ਼ ਨਹੀਂ ਹਨ, ਖ਼ੁਦਕੁਸ਼ੀਆਂ ਦੇ ਅੰਕੜਿਆਂ ਵਿੱਚ ਇਜ਼ਾਫਾ ਹੋ ਰਿਹਾ ਹੈ, ਕਰਜ਼ਾ ਮੁਆਫ਼ੀ ਦਾ ਐਲਾਨ ਹੋਇਆ ਪਰ ਉਹ ਅਸੰਤੁਸ਼ਟ ਹਨ, ਅਜਿਹਾ ਕਿਉਂ ?

ਜੇ ਕੋਈ ਕਹੇ ਕਰਜ਼ ਮੁਆਫ਼ੀ ਨਾਲ ਕਿਸਾਨਾਂ ਦੀਆਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ ਤਾਂ ਇਹ ਠੀਕ ਨਹੀਂ।

ਇਹ ਤਾਂ ਉਸ ਤਰ੍ਹਾਂ ਹੈ ਕਿ ਜਿਵੇਂ ਐਮਰਜੈਂਸੀ 'ਚ ਮਰੀਜ਼ ਨੂੰ ਡਰਿੱਪ ਲਾ ਦਿੰਦੇ ਹਨ।

ਸਭ ਤੋ ਵੱਡੀ ਸਮੱਸਿਆ ਹੈ ਕਿ 70% ਲੋਕ 20 ਰੁਪਈਆਂ ਵਾਸਤੇ ਖੇਤੀ ਕਰਦੇ ਹਨ। ਅਬਾਦੀ ਨੂੰ ਖੇਤੀ ਵਿਚੋਂ ਬਾਹਰ ਕੱਢਣਾ ਪਵੇਗਾ।

ਹੈਰਾਨੀ ਦੀ ਗੱਲ ਹੈ ਕਿ ਅਜੇ ਤੱਕ ਪੰਜਾਬ ਦੀ ਕੋਈ ਖੇਤੀ ਨੀਤੀ ਨਹੀਂ ਹੈ। ਜਿਹੜੀ ਕਿ ਹੁਣ ਤਿਆਰ ਕੀਤੀ ਜਾ ਰਹੀ ਹੈ।

ਪੰਜਾਬ ਵਿੱਚ ਖੇਤੀ ਦਾ ਮਾਡਲ ਬਣਾਇਆ ਜਾਵੇਗਾ। ਕਰਜ਼ਾ ਮੁਆਫ਼ੀ ਕੋਈ ਹੱਲ ਨਹੀਂ ਹੈ।

ਕਿਸਾਨ ਆੜ੍ਹਤੀਆਂ ਤੋਂ ਵੀ ਕਾਫ਼ੀ ਪਰੇਸ਼ਾਨ ਹਨ। ਸੁਣਨ 'ਚ ਆਇਆ ਹੈ ਕਿ ਤੁਸੀਂ ਇਸ ਬਾਰੇ ਵੀ ਕੋਈ ਨੀਤੀ ਬਣਾ ਰਹੇ ਹੋ ?

ਮਸਲੇ ਤਿੰਨ ਚਾਰ ਨੇ ਤੇ ਮੰਤਰੀ ਮੰਡਲ ਨੇ ਇਸ ਬਾਰੇ ਫ਼ੈਸਲਾ ਲੈਣਾ ਹੈ। ਇਸ ਕਰ ਕੇ ਮੈਂ ਜ਼ਿਆਦਾ ਨਹੀਂ ਦੱਸ ਸਕਦਾ। ਵਿਆਜ਼ ਦੀ ਦਰ ਕੀ ਹੋਣੀ ਚਾਹੀਦੀ ਹੈ ਤੇ ਇਸ ਦੀ ਕੋਈ ਵੀ ਹੱਦ ਹੋਣੀ ਚਾਹੀਦੀ ਹੈ ?

ਆੜ੍ਹਤੀ ਤੇ ਕਿਸਾਨਾਂ ਵਿਚਾਲੇ ਲੜਾਈ 'ਤੇ ਫ਼ੈਸਲਾ ਕਰਨ ਵਾਸਤੇ ਕੋਈ ਫੋਰਮ ਹੋਣਾ ਚਾਹੀਦਾ ਹੈ।

ਉਧਾਰ ਦੇਣ 'ਤੇ ਵੀ ਕੋਈ ਸੀਮਾ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਇੱਕ ਕਿੱਲੇ ਜ਼ਮੀਨ 'ਤੇ ਦੱਸ ਲੱਖ ਉਧਾਰ ਦੇ ਦੇਵੋ ਜੋ ਕਿ ਉਹ ਚੁਕਾ ਹੀ ਨਾ ਸਕੇ।

Image copyright DPR Punjab
ਫੋਟੋ ਕੈਪਸ਼ਨ ਪਾਕਿਸਤਾਨ ਨਾਲ ਦੋਸਤੀ ਵਧਾਉਣ ਦੇ ਹੱਕ ਨੇ ਮਨਪ੍ਰੀਤ ਸਿੰਘ ਬਾਦਲ

ਇਹ ਸਾਰੀਆਂ ਚੀਜ਼ਾਂ 'ਤੇ ਸਰਕਾਰ ਵਿਚਾਰ ਕਰ ਰਹੀ ਹੈ। ਇਸ ਨੂੰ ਅਸੀਂ ਅਗਲੇ ਵਿਧਾਨ ਸਭਾ ਸੈਸ਼ਨ 'ਚ ਬਿੱਲ ਵਜੋਂ ਪਾਸ ਕਰਾਂਗੇ।

ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਸਰਕਾਰ ਪੂਰੀ ਤਰਾਂ ਫ਼ੇਲ੍ਹ ਹੈ ਤੇ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕਰ ਰਹੀ ?

ਦੁੱਖ ਇਸ ਗੱਲ ਦਾ ਹੈ ਕਿ ਲੋਕ ਉਹ ਬੋਲ ਰਹੇ ਨੇ ਜਿਨ੍ਹਾਂ ਦੇ ਦਾਮਨ ਦਾਗ਼ਦਾਰ ਹਨ। ਅੱਜ ਮੁਲਕ ਨੂੰ ਆਜ਼ਾਦ ਹੋਇਆ 70 ਸਾਲ ਹੋ ਚੁੱਕੇ ਹਨ। 1937 ਤੋਂ ਚੋਣਾਂ ਹੋ ਰਹੀਆਂ ਹਨ, ਸਾਂਝਾ ਪੰਜਾਬ ਹੁੰਦਾ ਸੀ।

ਅੱਜ ਤੱਕ ਅਕਾਲੀ ਦਲ ਇੰਨੀਆਂ ਥਹੁ ਗਹਿਰਾਈਆਂ 'ਚ ਕਦੇ ਨਹੀਂ ਗਿਆ, ਜਿਹੜਾ ਸੁਖਬੀਰ ਦੀ ਲੀਡਰਸ਼ਿਪ ਵਿੱਚ ਹੋਇਆ ਹੈ।

ਕਾਂਗਰਸ ਪਾਰਟੀ ਲੋਕਾਂ ਦੀ ਕਚਹਿਰੀ 'ਚ ਸੁਰਖ਼ਰੂ ਹੋ ਕੇ ਆਈ ਹੈ। ਪੰਜਾਬ ਦੇ ਲੋਕਾਂ ਨੇ ਚੋਰ 'ਤੇ ਚੌਕੀਦਾਰ ਦਾ ਫ਼ੈਸਲਾ ਕਰ ਦਿੱਤਾ ਹੈ।

ਜੇ ਫ਼ਸਲ ਵੀ ਉਗਾਉਣੀ ਹੋਵੇ ਤਾਂ 6 ਮਹੀਨੇ ਲੱਗਦੇ ਹਨ। ਸੁਖਬੀਰ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ 15 ਸੀਟਾਂ 'ਤੇ ਕਿਵੇਂ ਰਹਿ ਗਏ।

ਕੀ ਪਾਕਿਸਤਾਨ ਨਾਲ ਵਪਾਰ ਵਧਾਉਣ ਨਾਲ ਰਿਸ਼ਤੇ ਸੁਧਰ ਸਕਦੇ ਹਨ ?

ਦੁਸ਼ਮਣੀ ਕਿਸੇ ਨਾਲ ਵੀ ਹੋਵੇ ਤਾਂ ਦਿਆਨਤਦਾਰੀ ਦਾ ਦਾਮਨ ਨਹੀਂ ਛੱਡਣਾ ਚਾਹੀਦਾ। ਤੁਹਾਡੇ ਬਿਆਨ ਪਾਕਿਸਤਾਨ ਨੂੰ ਬਹੁਤ ਨਿੰਦਦੇ ਹਨ।

ਰਿਸ਼ਤੇ ਇੱਜ਼ਤ ਦੀ ਬੁਨਿਆਦ 'ਤੇ ਹੁੰਦੇ ਹਨ। ਜੇ ਅਸੀਂ ਇੱਜ਼ਤ ਨਾਲ, ਪਿਆਰ ਨਾਲ ਓਹਨਾਂ ਨੂੰ ਬੁਲਾਵਾਂਗੇ ਤਾਂ ਉਹ ਜਵਾਬ ਜ਼ਰੂਰ ਦੇਣਗੇ।

ਮੁਸਲਮਾਨ ਪਿਆਰ ਨਾਲ ਜਾਨ ਵੀ ਦੇ ਦਿੰਦਾ ਹੈ। ਪਰ ਜੇ ਡਰਾ ਕੇ ਤਾਂ...

ਮੈਂ ਪੰਜਾਬੀ ਹਾਂ ਮੈਂ ਇਹਨਾਂ ਦੀ ਕੈਫ਼ੀਅਤ ਜਾਣਦਾ ਹਾਂ। ਅਸੀਂ ਵੱਡੇ ਭਰਾ ਹਾਂ, ਵਪਾਰ ਦੀ ਗੱਲ ਬਾਅਦ ਦੀ ਹੈ।

ਜੇ ਅਸੀਂ ਆਪਣੀ ਜਿੰਮੇਵਾਰੀ ਨਿਭਾਵਾਂਗੇ ਤਾਂ ਕੋਈ ਕਾਰਨ ਨਹੀਂ ਕੇ ਉਹ ਜਵਾਬ ਨਾ ਦੇਣ। ਅਸੀਂ ਆਪਣੇ ਬੱਚੇ ਕ੍ਰਿਕਟ ਖੇਡਣ ਨਹੀਂ ਭੇਜ ਰਹੇ। ਹਾਲਾਂਕਿ ਮੈਨੂੰ ਹਿੰਦੁਸਤਾਨ ਦੀ ਵਿਦੇਸ਼ ਨੀਤੀ ਤੇ ਕੁਝ ਕਹਿਣਾ ਨਹੀਂ ਚਾਹੀਦਾ।

ਪੰਜਾਬ ਦੇ ਹਾਲਤ ਕਦੋਂ ਸੁਧਰਨਗੇ ? ਕੀ ਇਸ ਦੀ ਉਮੀਦ ਹੈ ?

ਦੇਖੋ ਮੰਜ਼ਿਲ ਤਾਂ ਦੂਰ ਹੈ ਪਰ ਕੋਸ਼ਿਸ਼ ਹੈ ਕਿ ਮਰਨ ਤੋਂ ਪਹਿਲਾਂ ਰੇਲ ਨੂੰ ਪਟੜੀ ਤੇ ਚੜ੍ਹਾਇਆ ਜਾਵੇ।

ਤਾਂ ਜੋ ਸਾਡੇ ਲੋਕਾਂ ਨੂੰ ਵਿਦੇਸ਼ਾਂ ਵਿੱਚ ਧੱਕੇ ਨਾ ਖਾਣੇ ਪੈਣ। ਜੇ 10-15 ਸਾਲ ਔਖਿਆਈ ਵੀ ਕੱਟਣੀ ਪਵੇ ਤਾਂ ਇਹ ਬਹੁਤ ਛੋਟੀ ਕੀਮਤ ਹੈ।

ਸਬੰਧਿਤ ਵਿਸ਼ੇ