ਲੰਗਾਹ ਅੱਜ ਕਰਨਗੇ ਪੁਲਿਸ ਅੱਗੇ ਆਤਮ-ਸਮਰਪਣ

Sucha Singh Langah, Shiromani Akali Dal, Punjab Image copyright Gurpreet Chawla
ਫੋਟੋ ਕੈਪਸ਼ਨ ਸੁੱਚਾ ਸਿੰਘ ਲੰਗਾਹ 'ਤੇ ਬਲਾਤਕਾਰ ਦਾ ਕੇਸ

ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਤੋਂ ਉਨ੍ਹਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਲੈ ਲਿਆ ਹੈ।

ਪਾਰਟੀ ਦੇ ਚੰਡੀਗੜ੍ਹ ਤੋਂ ਜਾਰੀ ਬਿਆਨ ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਲੰਗਾਹ ਦਾ ਅਸਤੀਫ਼ਾ ਮੰਨਜ਼ੂਰ ਕਰ ਲਿਆ ਹੈ।

ਬਲਾਤਕਾਰ ਦੇ ਇਲਜ਼ਾਮ ਲੱਗਣ ਤੋਂ ਬਾਅਦ ਲੰਗਾਹ ਨੇ ਕਿਹਾ, ' ਮੈਂ ਤੁਰੰਤ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਿਹਾ ਹਾਂ।'

ਉਨ੍ਹਾਂ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਅਦਾਲਤ 'ਤੇ ਪੂਰਾ ਭਰੋਸਾ ਹੈ। ਉਹ ਖੁਦ ਸ਼ਨੀਵਾਰ ਨੂੰ ਆਤਮ- ਸਮਰਪਣ ਕਰਨਗੇ।

ਲੰਗਾਹ ਨੇ ਗੁਰਦਾਸਪੁਰ ਜ਼ਿਮਨੀ ਚੋਣ ਤੋਂ ਪਹਿਲਾਂ ਦੋਸ਼ਾਂ ਨੂੰ ਆਪਣੇ ਖ਼ਿਲਾਫ਼ ਇੱਕ ਸਿਆਸੀ ਸਾਜ਼ਿਸ਼ ਕਰਾਰ ਦਿੱਤਾ।

ਲੰਗਾਹ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਹਨ।

ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਵੀਡੀਓ ਦਿੱਤਾ

ਬਲਾਤਕਾਰ ਮਾਮਲੇ 'ਚ ਐਸ ਐਸ ਪੀ ਗੁਰਦਾਸਪੁਰ ਐਚ ਐਸ ਭੁੱਲਰ ਨੇ ਦੱਸਿਆ ਕਿ ਮਹਿਲਾ ਵੱਲੋਂ ਮਿਲੀ ਸ਼ਿਕਾਇਤ ਦੇ ਅਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ।

ਹਾਲਾਂਕਿ ਇਸ ਮਾਮਲੇ 'ਚ ਹਾਲੇ ਗਿਰਫਤਾਰੀ ਨਹੀਂ ਹੋਈ ਹੈ ਤੇ ਤਫ਼ਤੀਸ਼ ਜਾਰੀ ਹੈ।

Image copyright Gurpreet Chawla
ਫੋਟੋ ਕੈਪਸ਼ਨ ਅਕਾਲੀ ਮੰਤਰੀ ਲੰਗਾਹ ਖਿਲਾਫ਼ ਬਲਾਤਕਾਰ ਦਾ ਮਾਮਲਾ ਦਰਜ

ਮਾਮਲਾ ਵਿਜੀਲੈਂਸ ਵਿਭਾਗ ਪਠਾਨਕੋਟ 'ਚ ਤਾਇਨਾਤ ਮਹਿਲਾ ਮੁਲਾਜ਼ਮ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਪੀੜਤ ਨੇ ਪੁਲਿਸ ਨੂੰ ਇੱਕ ਵੀਡੀਓ ਵੀ ਦਿੱਤਾ ਜਿਸਦੇ ਅਧਾਰ 'ਤੇ ਹੀ ਮਾਮਲਾ ਦਰਜ ਹੋਇਆ।

ਪੀੜਤ ਔਰਤ ਨੇ ਪੈਸੇ ਹੜੱਪਣ ਦਾ ਲਾਇਆ ਇਲਜ਼ਾਮ

ਜ਼ਿਲਾ ਗੁਰਦਾਸਪੁਰ ਦੀ ਰਹਿਣ ਵਾਲੀ ਇੱਕ ਵਿਧਵਾ ਔਰਤ ਨੇ ਆਪਣੀ ਸ਼ਿਕਾਇਤ 'ਚ ਇਤਜ਼ਾਮ ਲਗਾਏ ਕਿ ਲੰਗਾਹ ਉਸ ਨਾਲ 2009 ਤੋਂ ਲੈ ਕੇ ਹੁਣ ਤੱਕ ਜਬਰ ਜਿਨਾਹ ਕਰਦਾ ਰਿਹਾ ਹੈ।

ਪੀੜਤ ਔਰਤ ਨੇ ਲੰਗਾਹ 'ਤੇ ਪੈਸੇ ਹੜੱਪਣ ਦੇ ਵੀ ਇਲਜ਼ਾਮ ਲਗਾਏ ਹਨ। ਗੁਰਦਾਸਪੁਰ ਦੇ ਇੱਕ ਪਿੰਡ ਦੀ ਵਸਨੀਕ ਔਰਤ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ 2008 'ਚ ਉਸਦੇ ਪਤੀ ਦੀ ਮੌਤ ਹੋ ਗਈ ਸੀ।

ਦਰਅਸਲ ਉਸਦਾ ਪਤੀ ਪੰਜਾਬ ਪੁਲਿਸ 'ਚ ਨੌਕਰੀ ਕਰਦਾ ਸੀ। ਉਸਨੇ ਆਪਣੇ ਪਤੀ ਦੀ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਲੰਗਾਹ ਨਾਲ 2009 'ਚ ਪਰਿਵਾਰ ਸਣੇ ਕਿਸਾਨ ਭਵਨ, ਚੰਡੀਗੜ੍ਹ 'ਚ ਮੁਲਾਕਾਤ ਵੀ ਕੀਤੀ ਸੀ।

ਜ਼ਿਕਰਯੋਗ ਹੈ ਕਿ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਪਹਿਲਾਂ ਵੀ ਕਈ ਮਾਮਲਿਆਂ ਤਹਿਤ ਵਿਵਾਦਾਂ 'ਚ ਰਹੇ ਹਨ।

Image copyright Gurpreet Chawla
ਫੋਟੋ ਕੈਪਸ਼ਨ ਵਿਵਾਦਾਂ ਨਾਲ ਲੰਗਾਹ ਦਾ ਪੁਰਾਣਾ ਰਿਸ਼ਤਾ

ਸੁੱਚਾ ਸਿੰਘ 'ਤੇ ਦਰਜ ਕੇਸਾਂ ਦਾ ਵੇਰਵਾ

  • ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸੁੱਚਾ ਸਿੰਘ ਲੰਗਾਹ ਨੂੰ 2015 ਵਿੱਚ ਅਦਾਲਤ ਨੇ 3 ਸਾਲ ਦੀ ਕੈਦ ਤੇ 1 ਕਰੋੜ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਦੋਸ਼ ਸਨ ਕਿ 1997 ਤੋਂ 2002 ਦੌਰਾਨ ਅਕਾਲੀ ਸਰਕਾਰ ਸਮੇਂ ਮੰਤਰੀ ਹੁੰਦਿਆਂ ਲੰਗਾਹ ਨੇ 13 ਕਰੋੜ ਦੀ ਜਾਇਦਾਦ ਇਕੱਠੀ ਕੀਤੀ ਸੀ। ਸਜ਼ਾ 'ਤੇ ਅਦਾਲਤ ਵੱਲੋਂ ਰੋਕ ਹੈ।
  • ਥਾਣਾ ਭੈਣੀ ਮੀਆਂ ਖਾਂ 'ਚ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਮੈਮੋਰੀਅਲ ਟਰੱਸਟ ਦੀ ਜਾਇਦਾਦ 'ਤੇ ਨਾਜਾਇਜ਼ ਕਬਜ਼ਾ ਕਰਨ ਅਤੇ ਗੁਰਦੁਅਰਾ ਕਮੇਟੀ ਦੇ ਪ੍ਰਧਾਨ ਤੇ ਮੈਂਬਰਾਂ ਨੂੰ ਧਮਕੀਆਂ ਦੇਣ ਦੇ ਦੋਸ਼ਾਂ ਹੇਠ ਸੁੱਚਾ ਸਿੰਘ ਲੰਗਾਹ ਖ਼ਿਲਾਫ਼ ਕੇਸ ਦਰਜ ਹੋਇਆ ਸੀ।
  • ਗੁਰਦੁਆਰਾ ਛੋਟਾ ਘੱਲੂਘਾਰਾ ਦੀ ਜਾਇਦਾਦ 'ਤੇ ਨਾਜਾਇਜ਼ ਕਬਜ਼ੇ ਨੂੰ ਲੈ ਕੇ ਹੀ ਥਾਣਾ ਤਿੱਬੜ ਵਿੱਚ ਵੀ ਵੱਖ-ਵੱਖ ਧਾਰਾਵਾਂ ਤਹਿਤ ਸੁੱਚਾ ਸਿੰਘ ਲੰਗਾਹ 'ਤੇ ਕੇਸ ਦਰਜ ਹੈ।
Image copyright Gurpreet Chawla
ਫੋਟੋ ਕੈਪਸ਼ਨ ਅਦਾਲਤ ਨੇ 3 ਸਾਲ ਦੀ ਕੈਦ ਤੇ 1 ਕਰੋੜ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ

ਹਮੇਸ਼ਾ ਵਿਵਾਦਾਂ 'ਚ ਰਹੇ ਲੰਗਾਹ

  • ਲੰਗਾਹ ਵੱਲੋਂ ਧਾਰੀਵਾਲ ਅਤੇ ਕਲਾਨੌਰ ਵਿਖੇ ਬਣਾਏ ਗਏ ਲੰਗਾਹ ਕੈਂਪਸ ਦੇ ਨਾਮ ਹੇਠ ਚਲਾਏ ਜਾ ਰਹੇ ਵੱਖ-ਵੱਖ ਵਿਦਿਅਕ ਅਦਾਰਿਆਂ ਨੂੰ ਸਰਕਾਰੀ ਗ੍ਰਾਂਟ ਮਿਲਣ ਦਾ ਮਾਮਲਾ ਵੀ ਬੇਹੱਦ ਚਰਚਾ 'ਚ ਰਿਹਾ।
  • ਸੁੱਚਾ ਸਿੰਘ ਲੰਗਾਹ ਇੱਕ ਦਬੰਗ ਸਿਆਸਤਦਾਨ ਦੇ ਤੌਰ 'ਤੇ ਜਾਣੇ ਜਾਂਦੇ ਹਨ ਅਤੇ ਆਪਣੇ ਇਸ ਅਕਸ ਕਰਕੇ ਵੀ ਉਹ ਹਮੇਸ਼ਾ ਸੁਰਖੀਆਂ 'ਚ ਰਹੇ ਹਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)