ਗਰਬਾ 'ਚ ਸ਼ਾਮਲ ਹੋਣ ਆਏ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰਿਆ
- ਰੋਕਸੀ ਗਾਗਡੇਕਰ
- ਬੀਬੀਸੀ ਨਿਊਜ਼ ਗੁਜਰਾਤੀ

ਤਸਵੀਰ ਸਰੋਤ, Roxy gagdekar/vijaysinh solanki
ਗੁਜਰਾਤ 'ਚ ਦਲਿਤ ਨੌਜਵਾਨ ਦਾ ਕਤਲ
ਅਹਿਮਦਾਬਾਦ ਵਿੱਚ ਗਰਬੇ ਦੇ ਪ੍ਰੋਗ੍ਰਾਮ ਵਿੱਚ ਸ਼ਾਮਲ ਹੋਣ ਗਏ 21 ਸਾਲਾ ਦਲਿਤ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ।
ਮ੍ਰਿਤਕ ਦਾ ਨਾਂ ਜੇਯਸ਼ ਸੋਲੰਕੀ ਸੀ ਜੋ ਆਪਣੇ ਰਿਸ਼ਤੇਦਾਰ ਨਾਲ ਗਰਬਾ ਵੇਖਣ ਗਿਆ ਸੀ। ਇਹ ਘਟਨਾ ਪੱਛਮੀ ਗੁਜਰਾਤ ਦੇ ਆਨੰਦ ਜ਼ਿਲ੍ਹੇ ਦੀ ਹੈ।
ਆਨੰਦ ਜ਼ਿਲ੍ਹੇ ਦੇ ਪਿੰਡ ਭਦਰਾਨਿਆ 'ਚ ਐਤਵਾਰ ਸਵੇਰੇ 4 ਵਜੇ ਇਹ ਘਟਨਾ ਵਾਪਰੀ।
ਮਾਮਲੇ ਵਿੱਚ 8 ਲੋਕ ਗਿਰਫ਼ਤਾਰ
ਪੁਲਿਸ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ 8 ਲੋਕਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ।
ਤਸਵੀਰ ਸਰੋਤ, Roxy gagdekar/vijaysinh solanki
ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੈ।
ਮ੍ਰਿਤਕ ਦੇ ਰਿਸ਼ਤੇਦਾਰ ਪ੍ਰਕਾਸ਼ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ, "ਅਸੀਂ ਮੰਦਰ ਦੇ ਨੇੜੇ ਬੈਂਚਾਂ ਤੇ ਬੈਠੇ ਸੀ ਜਦੋਂ ਇੱਕ ਸੰਜੇ ਪਟੇਲ ਦੇ ਨਾਂ ਦੇ ਸ਼ਖ਼ਸ ਨੇ ਆ ਕੇ ਸਾਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਇੱਥੇ ਕੀ ਕਰ ਰਹੇ ਹਾਂ। ਅਸੀਂ ਉਨ੍ਹਾਂ ਨੂੰ ਦੱਸਿਆ ਅਸੀਂ ਇੱਥੇ ਗਰਬਾ ਦੇਖਣ ਆਏ ਹਾਂ। ਸਾਡੀਆਂ ਭੈਣਾਂ ਤੇ ਕੁੜੀਆਂ ਇੱਥੇ ਗਰਬਾਂ ਖੇਡ ਰਹੀਆਂ ਹਨ। ਸੰਜੇ ਨੇ ਸਾਡੇ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕੀਤਾ ਤੇ ਸਾਡੇ ਖਿਲਾਫ਼ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ। ਉਸਨੇ ਕਿਹਾ ਤੁਸੀਂ ਇੱਥੇ ਕਿਵੇਂ ਆ ਗਏ।"
ਮ੍ਰਿਤਕ ਦੇ ਪਰਿਵਾਰ ਨੂੰ ਪੁਲਿਸ ਨੇ ਸੁਰੱਖ਼ਿਆ ਮੁਹੱਈਆ ਕਰਵਾਈ
ਪੁਲਿਸ 'ਚ ਕੀਤੀ ਸ਼ਿਕਾਇਤ ਮੁਤਾਬਿਕ ਦੋ ਧਿਰਾਂ ਵਿੱਚ ਝੱੜਪ ਸ਼ੁਰੂ ਹੋਈ ਜਿਸ ਵਿੱਚ ਜੇਯਸ਼ ਦੀ ਮੌਤ ਹੋ ਗਈ।
ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਖ਼ਿਲਾਫ਼ ਜੁਰਮ ਵਿਰੋਧੀ ਐਕਟ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਡੀਐਸਪੀ ਐਮ ਡੀ ਦੇਸਾਈ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ ਕਿ ਪੁਲਿਸ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੈ।
ਪ੍ਰਕਾਸ਼ ਨੇ ਬੀਬੀਸੀ ਗੁਜਰਾਤੀ ਨੂ ਦੱਸਿਆ,''ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੀ ਇੱਕ ਭੈਣ ਹੈ। ਉਸ ਦੇ ਮਾਤਾ ਪਿਤਾ ਗਰੀਬ ਮਜ਼ਦੂਰ ਹਨ। ਪਿੰਡਾਂ ਵਿਚ ਦਲਿਤਾਂ ਦੀ ਜ਼ਿੰਦਗੀ ਬਹੁਤ ਖ਼ਰਾਬ ਹੋ ਗਈ ਹੈ। ਜਿਵੇਂ ਕਿ ਇਸ ਕੇਸ ਤੋਂ ਸਪੱਸ਼ਟ ਹੁੰਦਾ ਹੈ ।''
ਪਿਛਲੇ ਹਫਤੇ ਗਾਂਧੀਨਗਰ ਨੇੜੇ ਲਿੰਬੋਦੜਾ ਪਿੰਡ ਵਿੱਚ ਦਲਿਤ ਨੌਜਵਾਨਾਂ ਨੂੰ ਕੁੱਟਿਆ ਗਿਆ ਸੀ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)