ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਸਿੱਖ ਪੰਥ 'ਚੋਂ ਛੇਕਿਆ

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਗਿਆਨੀ ਗੁਰਬਚਨ ਸਿੰਘ ਨੇ ਜਾਰੀ ਕੀਤੀਆਂ ਹਦਾਇਤਾਂ

ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਸਿੱਖ ਪੰਥ 'ਚੋ ਛੇਕ ਦਿੱਤਾ ਗਿਆ ਹੈ।

ਵੀਰਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਹੋਈ ਪੰਜ ਸਿੰਘ ਸਾਹਿਬਾਨ ਦੀ ਬੈਠਕ ਦੌਰਾਨ ਇਹ ਫ਼ੈਸਲਾ ਲਿਆ ਗਿਆ।

ਸਿੰਘ ਸਾਹਿਬਾਨ ਨੇ ਪੰਥਕ ਆਗੂ ਨੂੰ ਰਹਿਤ ਮਰਿਆਦਾ 'ਚ ਦਰਜ ਬੱਜਰ ਕੁਰਹਿਤ ਦਾ ਦੋਸ਼ੀ ਪਾਇਆ ਹੈ।

'ਬਾਦਲ ਸਾਹਬ ਖੋਤੇ-ਘੋੜੇ ਦਾ ਫ਼ਰਕ ਨਹੀਂ ਕਰਦੇ'

ਦਸਵੀਂ ਪਾਸ ਇੰਜੀਨੀਅਰ ਨੇ ਕੀਤਾ ਅਨੋਖ਼ਾ ਕਮਾਲ!

'ਗਾਂ ਮਰੇ ਤਾਂ ਅੰਦੋਲਨ, ਦਲਿਤਾਂ ਦੀਆਂ ਮੌਤਾਂ 'ਤੇ ਚੁੱਪੀ'

Image copyright Rabinder Singh Robin
ਫੋਟੋ ਕੈਪਸ਼ਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੁੱਚਾ ਸਿੰਘ ਲੰਗਾਹ ਨੂੰ ਪੰਥ ਵਿੱਚੋਂ ਛੇਕਣ ਦਾ ਐਲਾਨ ਕੀਤਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੁੱਚਾ ਸਿੰਘ ਲੰਗਾਹ ਨੂੰ ਪੰਥ ਵਿੱਚੋਂ ਛੇਕਣ ਦਾ ਐਲਾਨ ਕਰਦਿਆਂ ਕਿਹਾ, 'ਸੁੱਚਾ ਸਿੰਘ ਲੰਗਾਹ ਉੱਤੇ ਲੱਗੇ ਦੋਸ਼ਾਂ ਨਾਲ ਸਿੱਖਾਂ ਦੇ ਮਨਾਂ ਨੂੰ ਦੁੱਖ ਪਹੁੰਚਿਆ ਹੈ।ਦੇਸ ਵਿਦੇਸ਼ ਦੀਆਂ ਸੰਗਤਾਂ ਦੀਆਂ ਸ਼ਿਕਾਇਤਾਂ ਅਤੇ ਸ਼੍ਰੋਮਣੀ ਕਮੇਟੀ ਦੀ ਸਲਾਹਕਾਰ ਕਮੇਟੀ ਦੀ ਸਿਫ਼ਾਰਿਸ਼ ਦੇ ਅਧਾਰ ਉੱਤੇ ਲੰਗਾਹ ਨੂੰ ਸਿੱਖ ਪੰਥ 'ਚੋ ਛੇਕਣ ਦਾ ਫ਼ੈਸਲਾ ਲਿਆ ਗਿਆ ਹੈ'।

ਸੁੱਚਾ ਸਿੰਘ ਲੰਗਾਹ ਬਲਾਤਕਾਰ ਦੇ ਦੋਸ਼ਾਂ ਤਹਿਤ ਪਹਿਲਾਂ ਹੀ ਪੁਲਿਸ ਰਿਮਾਂਡ ਉੱਤੇ ਹਨ।

ਲੰਗਾਹ ਦਾ ਸਿਆਸੀ ਸਫ਼ਰ

ਸੁੱਚਾ ਸਿੰਘ ਲੰਗਾਹ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ 1980 ਵਿੱਚ ਅਕਾਲੀ ਦਲ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਧਾਨ ਬਣਾਏ ਜਾਣ ਦੇ ਨਾਲ ਹੋਈ।

ਇਹ ਉਹ ਵੇਲਾ ਸੀ ਜਦੋਂ ਅਕਾਲੀ ਦਲ ਦੇ ਆਗੂ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੋਹੜਾ ਮੱਧ ਪ੍ਰਦੇਸ਼ ਦੀ ਜੇਲ੍ਹ ਵਿੱਚ ਬੰਦ ਸਨ।

ਉਸ ਵੇਲੇ ਉਜਾਗਰ ਸਿੰਘ ਸੇਖਵਾਂ ਅਕਾਲੀ ਦਲ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਧਾਨ ਸਨ। ਲੰਗਾਹ ਦਾ ਪਾਰਟੀ ਵਿੱਚ ਰੁਤਬਾ ਛੇਤੀ ਹੀ ਵੱਧ ਗਿਆ।

Image copyright Gurpreet Chawla

ਫਿਰ ਸੁੱਚਾ ਸਿੰਘ ਲੰਗਾਹ ਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਚੁਣਿਆ ਗਿਆ। ਉਨ੍ਹਾਂ 1997 ਵਿੱਚ ਧਾਰੀਵਾਲ ਵਿਧਾਨ ਸਭਾ ਸੀਟ 'ਤੇ ਜਿੱਤ ਦਰਜ ਕੀਤੀ।

ਜਥੇਦਾਰ ਲੰਗਾਹ 1997-2002 ਤੱਕ ਅਕਾਲੀ ਸਰਕਾਰ 'ਚ ਲੋਕ ਭਲਾਈ ਮਹਿਕਮੇ ਦੇ ਮੰਤਰੀ ਵੀ ਰਹੇ।

ਭ੍ਰਿਸ਼ਟਾਚਾਰ ਦਾ ਮਾਮਲਾ

2002 ਵਿੱਚ ਲੰਗਾਹ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ। 1997 ਤੋਂ 2002 ਦੌਰਾਨ ਅਕਾਲੀ ਸਰਕਾਰ ਸਮੇਂ ਮੰਤਰੀ ਰਹਿੰਦਿਆਂ ਲੰਗਾਹ 'ਤੇ 13 ਕਰੋੜ ਦੀ ਜਾਇਦਾਦ ਇਕੱਠੀ ਕਰਨ ਦੇ ਇਲਜ਼ਾਮ ਲੱਗੇ।

ਕਈ ਸਾਲ ਤੱਕ ਮਾਮਲਾ ਚਲਦਾ ਰਿਹਾ। ਅਖੀਰ 2015 ਵਿੱਚ ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਲੰਗਾਹ ਨੂੰ ਦੋਸ਼ੀ ਕਰਾਰ ਦਿੰਦਿਆਂ ਤਿੰਨ ਸਾਲ ਦੀ ਸਜ਼ਾ ਅਤੇ ਇੱਕ ਕਰੋੜ ਦਾ ਜੁਰਮਾਨਾ ਲਾਇਆ।

ਹਾਲਾਂਕਿ ਸੁਪਰੀਮ ਕੋਰਟ ਨੇ 2017 ਵਿਧਾਨ ਸਭਾ ਚੋਣਾਂ ਤੋਂ ਇੱਕ ਮਹੀਨਾ ਪਹਿਲਾ ਹੇਠਲੀ ਅਦਾਲਤ ਦਾ ਫੈਸਲੇ ਉੱਤੇ ਰੋਕ ਲਗਾ ਕੇ ਲੰਗਾਹ ਲਈ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਦਾ ਰਾਹ ਪੱਧਰਾ ਕਰ ਦਿੱਤਾ।

Image copyright Gurpreet Chawla

ਪਰ ਉਹ ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਤੋਂ ਥੋੜੇ ਫ਼ਰਕ ਨਾਲ ਹਾਰ ਗਿਆ। ਇਹ ਲੰਗਾਹ ਦੀ 2012 ਤੋਂ ਬਾਅਦ ਲਗਾਤਾਰ ਦੂਜੀ ਹਾਰ ਸੀ।

ਹਾਰ ਦੀ ਵਜ੍ਹਾ ਕਰਕੇ ਅਕਾਲੀ ਦਲ ਵਿੱਚ ਲੰਗਾਹ ਦੇ ਰੁਤਬੇ ਨੂੰ ਢਾਹ ਨਹੀਂ ਲੱਗੀ।

ਹਾਲ ਹੀ ਵਿੱਚ ਉਹ ਗੁਰਦਾਸਪੁਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਸਵਰਨ ਸਿੰਘ ਸਲਾਰੀਆ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਵੀ ਨਜ਼ਰ ਆਏ।

ਇਸ ਸਭ ਦੇ ਬਾਵਜੂਦ ਸੁੱਚਾ ਸਿੰਘ ਲੰਗਾਹ ਦਾ ਸਿੱਕਾ ਅਕਾਲੀ ਦਲ ਵਿੱਚ ਬਰਕਾਰ ਰਿਹਾ। ਹਾਲਾਂਕਿ ਤਸਵੀਰ ਉਦੋਂ ਬਦਲੀ ਜਦੋਂ ਸੁੱਚਾ ਸਿੰਘ ਲੰਗਾਹ ਤੇ ਬਲਾਤਕਾਰ ਦੇ ਇਲਜ਼ਾਮ ਲੱਗੇ।

ਬਲਾਤਕਾਰ ਦਾ ਮਾਮਲਾ

ਜ਼ਿਲਾ ਗੁਰਦਾਸਪੁਰ ਦੀ ਰਹਿਣ ਵਾਲੀ ਇੱਕ ਵਿਧਵਾ ਔਰਤ ਨੇ ਲੰਗਾਹ 'ਤੇ ਬਲਾਤਕਾਰ ਦਾ ਇਲਜ਼ਾਮ ਲਗਾਇਆ। ਸ਼ਿਕਾਇਤ 'ਚ ਉਸ ਨੇ ਕਿਹਾ ਲੰਗਾਹ ਉਸ ਨਾਲ 2009 ਤੋਂ ਲੈ ਕੇ ਹੁਣ ਤੱਕ ਬਲਾਤਕਾਰ ਕਰਦਾ ਰਿਹਾ ਹੈ।

ਪੀੜਤ ਔਰਤ ਨੇ ਲੰਗਾਹ 'ਤੇ ਪੈਸੇ ਹੜੱਪਣ ਦੇ ਵੀ ਇਲਜ਼ਾਮ ਲਾਏ। ਸ਼ਿਕਾਇਤ ਵਿੱਚ ਕਿਹਾ ਗਿਆ ਕਿ 2008 'ਚ ਉਸਦੇ ਪਤੀ ਦੀ ਮੌਤ ਹੋ ਗਈ ਸੀ।

Image copyright Gurpreet Chawla

ਦਰਅਸਲ ਉਸ ਦਾ ਪਤੀ ਪੰਜਾਬ ਪੁਲਿਸ 'ਚ ਨੌਕਰੀ ਕਰਦਾ ਸੀ। ਉਸਨੇ ਆਪਣੇ ਪਤੀ ਦੀ ਸਰਕਾਰੀ ਨੌਕਰੀ ਲਗਵਾਉਣ ਲਈ ਲੰਗਾਹ ਨਾਲ 2009 'ਚ ਪਰਿਵਾਰ ਸਣੇ ਕਿਸਾਨ ਭਵਨ, ਚੰਡੀਗੜ੍ਹ 'ਚ ਮੁਲਾਕਾਤ ਵੀ ਕੀਤੀ ਸੀ।

ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ

ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਤੋਂ ਉਨ੍ਹਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਪਹਿਲਾਂ ਹੀ ਲੈ ਲਿਆ ਸੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਲੰਗਾਹ ਦਾ ਅਸਤੀਫ਼ਾ ਮੰਨਜ਼ੂਰ ਕਰ ਲਿਆ ਹੈ।

ਬਲਾਤਕਾਰ ਦੇ ਇਲਜ਼ਾਮ ਲੱਗਣ ਤੋਂ ਬਾਅਦ ਲੰਗਾਹ ਨੇ ਕਿਹਾ ਸੀ , "ਮੈਂ ਤੁਰੰਤ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਿਹਾ ਹਾਂ।"

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)