ਬੇਬੇ ਮਾਨ ਕੌਰ ਦਾ ਅੱਜ ਹੈ 102ਵਾਂ ਜਨਮ ਦਿਨ

ਮਾਨ ਕੌਰ Image copyright MICHAEL BRADLEY/AFP/Getty Images

ਬੇਬੇ ਮਾਨ ਕੌਰ ਦਾ ਅੱਜ ਹੈ 102ਵਾਂ ਜਨਮ ਦਿਨ ।

93 ਸਾਲ ਦੀ ਉਮਰ ਵਿੱਚ ਦੌੜਨ ਦੀ ਪ੍ਰੈਕਟਿਸ ਅਤੇ 100 ਸਾਲ ਦੀ ਉਮਰ ਵਿੱਚ ਵਿਸ਼ਵ ਰਿਕਾਰਡ ਬਣਾਉਣ ਵਾਲੀ 102 ਸਾਲ ਦੀ ਮਾਨ ਕੌਰ ਦਾ ਜੀਵਨ ਸਫ਼ਰ ਬੜਾ ਹੀ ਰੋਚਕ ਹੈ।

ਬੇਬੇ ਮਾਨ ਕੌਰ ਹੁਣ ਵੀ 100 ਅਤੇ 200 ਮੀਟਰ ਦੀ ਦੌੜ ਲਗਾਉਂਦੇ ਹਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਹੀ ਵਰਗਾਂ ਵਿੱਚ ਉਨ੍ਹਾਂ ਦਾ ਵਿਸ਼ਵ ਰਿਕਾਰਡ ਹੈ।

ਕਿਸੇ ਨੂੰ ਸ਼ੱਕ ਹੋਵੇ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਡ ਮੈਦਾਨ 'ਤੇ ਜਾ ਕੇ ਦੇਖਿਆ ਵੀ ਜਾ ਸਕਦਾ ਹੈ। ਇੱਥੇ ਮਾਨ ਕੌਰ ਇੱਕ ਦਿਨ ਛੱਡ ਕੇ ਅਭਿਆਸ ਕਰਨ ਆਉਂਦੇ ਹਨ।

ਪੂਰੀ ਤਰ੍ਹਾਂ ਫਿੱਟ ਅਤੇ ਚੜ੍ਹਦੀ ਕਲਾ ਵਿੱਚ ਬੇਬੇ ਮਾਨ ਕੌਰ ਜਦੋਂ ਭੱਜਣਾ ਸ਼ੁਰੂ ਕਰਦੇ ਹਨ ਤਾਂ ਇੱਕ ਵਾਰ ਤਾਂ ਪ੍ਰੈਕਟਿਸ ਕਰਦੇ ਨੌਜਵਾਨ ਵੀ ਹੈਰਾਨ ਰਹਿ ਜਾਂਦੇ ਹਨ।

'ਦੌੜਨ ਨਾਲ ਖੁਸ਼ੀ ਮਿਲਦੀ ਹੈ'

ਮਾਨ ਕੌਰ ਦਾ ਕਹਿਣਾ ਹੈ ਕਿ ਦੌੜ ਨਾਲ ਉਸ ਨੂੰ ਅੰਦਰਨੀ ਤੌਰ ਉਤੇ ਖੁਸ਼ੀ ਮਿਲਦੀ ਹੈ। ਜੇਕਰ ਉਹ ਨਾ ਦੌੜਨ ਤਾਂ ਉਦਾਸੀ ਛਾ ਜਾਂਦੀ ਹੈ। ਉਨ੍ਹਾਂ ਦੀ ਤਮੰਨਾ ਹੈ ਕਿ ਜ਼ਿੰਦਗੀ ਦਾ ਆਖ਼ਰੀ ਸਾਹ ਵੀ ਦੌੜ ਦੇ ਲੇਖੇ ਲਾ ਦੇਣ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਪੁੱਤਰ ਦੀ ਪ੍ਰੇਰਨਾ ਨੇ ਮਾਂ ਨੂੰ ਬਣਾਇਆ ਅਥਲੀਟ

ਕਿਵੇਂ ਕੀਤਾ ਦੌੜਨਾ ਸ਼ੁਰੂ?

ਅਸਲ ਵਿੱਚ ਮਾਨ ਕੌਰ ਦੇ ਪੁੱਤਰ ਗੁਰਦੇਵ ਸਿੰਘ ਖੇਡਾਂ ਦੇ ਸ਼ੌਕੀਨ ਹਨ। 79 ਸਾਲ ਦੇ ਗੁਰਦੇਵ ਸਿੰਘ ਨੂੰ ਜਦੋਂ ਉਨ੍ਹਾਂ ਦੀ ਮਾਤਾ ਮਾਨ ਕੌਰ ਭੱਜਦਾ ਵੇਖਦੇ ਤਾਂ ਉਨ੍ਹਾਂ ਦੇ ਮਨ ਵਿੱਚ ਦੌੜਨਾ ਦਾ ਖਿਆਲ ਆਉਂਦਾ ਸੀ।

ਮਾਂ ਨੇ ਆਪਣੇ ਪੁੱਤਰ ਨੂੰ ਆਪਣੇ ਦਿਲ ਦੀ ਤਾਂਘ ਦੱਸੀ। ਬੱਸ ਫੇਰ ਕਿ ਸੀ ਮਾਂ-ਪੁੱਤਰ ਦੀ ਜੋੜੀ ਮੈਦਾਨ ਵਿੱਚ ਡਟ ਗਈ।

ਮਾਨ ਕੌਰ ਨੂੰ ਅਤੇ 100 ਮੀਟਰ ਦੀ ਦੌੜ ਲਾਉਣ ਨੂੰ ਕਿਹਾ ਗਿਆ, ਮਾਨ ਕੌਰ ਨੇ ਬਿਨਾਂ ਕਿਸੇ ਰੁਕਾਵਟ ਦੇ ਦੌੜ ਪੂਰੀ ਕੀਤੀ।

ਉਹ ਦਿਨ ਤੇ ਅੱਜ ਦਿਨ ਮਾਨ ਕੌਰ ਨੇ ਮੁੜ ਕੇ ਪਿੱਛੇ ਨਹੀਂ ਦੇਖਿਆ।

10 ਹਜ਼ਾਰ ਫੁੱਟ ਦੀ ਉਚਾਈ 'ਤੇ ਫੁੱਟਬਾਲ ਮੈਚ

ਦਸਵੀਂ ਪਾਸ ਇੰਜੀਨੀਅਰ ਨੇ ਕੀਤਾ ਅਨੋਖ਼ਾ ਕਮਾਲ!

ਦੁਨੀਆਂ ਦਾ ਗੇੜਾ ਲਾਉਂਦੀਆਂ ਭਾਰਤੀ ਕੁੜੀਆਂ

ਵਿਦੇਸ਼ਾਂ ਤੱਕ ਹੈ ਬੇਬੇ ਦੀ ਧਮਕ

ਮਾਨ ਕੌਰ ਦੀਆਂ ਧੂੰਮਾਂ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ ਦੀ ਧਰਤੀ ਉੱਤੇ ਵੀ ਹਨ। ਇਸ ਕਰਕੇ ਬਹੁਤ ਸਾਰੇ ਵਿਦੇਸ਼ੀ ਮਹਿਲਾਵਾਂ ਮਾਨ ਕੌਰ ਦੀਆਂ ਪ੍ਰਸ਼ੰਸਕ ਹਨ।

Image copyright MICHAEL BRADLEY/AFP/Getty Images

2011 ਵਿੱਚ ਮਾਨ ਕੌਰ ਨੇ ਅਮਰੀਕਾ ਵਿੱਚ ਹੋਈਆਂ ਵਿਸ਼ਵ ਮਾਸਟਰਜ਼ ਅਥਲੈਟਿਕਸ ਖੇਡਾਂ ਵਿੱਚ ਹਿੱਸਾ ਲਿਆ।

ਉਨ੍ਹਾਂ 100 ਮੀਟਰ ਅਤੇ 200 ਮੀਟਰ ਦੀ ਦੌੜ ਵਿੱਚ ਨਾ ਸਿਰਫ ਗੋਲਡ ਮੈਡਲ ਹਾਸਲ ਕੀਤਾ ਸਗੋਂ ਵਿਸ਼ਵ ਰਿਕਾਰਡ ਵੀ ਕਾਇਮ ਕੀਤਾ।

ਮਾਨ ਕੌਰ ਨੇ ਇਸੇ ਸਾਲ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੀ ਸਭ ਤੋਂ ਉੱਚੀ ਇਮਾਰਤ ਸਕਾਈ ਟਾਵਰ 'ਤੇ ਸਕਾਈ ਵਾਕ ਕਰਕੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ।

ਕੀ ਹੈ ਬੇਬੇ ਦੀ ਖੁਰਾਕ?

101 ਸਾਲ ਦੀ ਉਮਰ ਵਿੱਚ ਦੌੜਨ ਪਿੱਛੇ ਮਾਨ ਕੌਰ ਦਾ ਕੋਈ ਗੁੱਝਾ ਭੇਤ ਨਹੀਂ ਹੈ ਸਗੋਂ ਉਨ੍ਹਾਂ ਦੀ ਦੇਸੀ ਖੁਰਾਕ ਹੈ। ਮਾਂ ਦੀ ਖੁਰਾਕ ਦਾ ਖਿਆਲ ਪੁੱਤਰ ਗੁਰਦੇਵ ਸਿੰਘ ਰੱਖਦੇ ਹਨ।

  1. ਮਾਨ ਕੌਰ ਦੱਸਦੇ ਹਨ ਕਿ ਉਹ ਸਵੇਰੇ ਸੋਇਆਬੀਨ ਦੇ ਦੁੱਧ ਦਾ ਇੱਕ ਗਲਾਸ ਪਿੰਦੇ ਹਨ।
  2. ਸਵੇਰੇ 11 ਵਜੇ ਭਿੱਜੀ ਹੋਈ ਕਣਕ ਦੀ ਰੋਟੀ ਅਤੇ ਦਹੀ ਖਾਂਦੇ ਹਨ।
  3. ਸ਼ਾਮ ਨੂੰ ਚਾਰ ਵਜੇ ਕਣਕ ਦੀਆਂ ਪੱਤੀਆਂ ਦਾ ਜੂਸ ਅਤੇ ਮੌਸਮ ਦੇ ਮੁਤਾਬਕ ਫਰੂਟ।
  4. ਸੌਣ ਤੋਂ ਪਹਿਲਾਂ ਰਾਤ ਨੂੰ ਅੱਠ ਵਜੇ ਰੋਟੀ-ਸਬਜ਼ੀ ਖਾਂਦੇ ਹਨ ਮਾਨ ਕੌਰ।
  5. ਤਲੀ ਹੋਈ ਕਿਸੇ ਵੀ ਚੀਜ਼ ਨੂੰ ਹੱਥ ਨਹੀਂ ਲਗਾਉਂਦੇ ਮਾਨ ਕੌਰ।
  6. ਸਵੇਰੇ ਪੰਜ ਵਜੇ ਉੱਠਣਾ ਮਾਨ ਕੌਰ ਦੀ ਜ਼ਿੰਦਗੀ ਦਾ ਹੁਣ ਵੀ ਹਿੱਸਾ ਹੈ।
Image copyright Getty Images

ਇਨ੍ਹਾਂ ਆਦਤਾਂ ਜ਼ਰੀਏ ਮਾਨ ਕੌਰ 101 ਸਾਲ ਦੀ ਉਮਰ 'ਚ ਬਿਨਾ ਕਿਸੇ ਦਵਾਈ ਦੇ ਭੱਜੇ ਫਿਰਦੇ ਹਨ।

ਮੈਦਾਨ ਤੋਂ ਬਾਅਦ ਜਦੋਂ ਮਾਨ ਕੌਰ ਘਰ ਹੁੰਦੇ ਹਨ ਤਾਂ ਉਹ ਘਰ ਦਾ ਸਾਰਾ ਕੰਮ ਕਰਦੇ ਹਨ।

ਮਾਨ ਕੌਰ ਦਾ ਕਹਿਣਾ ਹੈ ਕਿ ਉਹ ਆਪਣਾ ਸੂਟ ਹੁਣ ਵੀ ਆਪ ਸਿਲਾਈ ਕਰਕੇ ਪਾਉਂਦੇ ਹਨ।

'ਪਟਿਆਲਾ ਰਾਜ ਘਰਾਨੇ ਨਾਲ ਸਬੰਧ'

ਮਾਨ ਕੌਰ ਤੁਰਦੀ ਫਿਰਦੀ ਲਾਇਬ੍ਰੇਰੀ ਹਨ। ਹਾਲਾਂਕਿ ਉਹਨਾਂ ਦੀ ਯਾਦਸ਼ਕਤੀ ਹੁਣ ਇੰਨੀ ਤੇਜ਼ ਨਹੀਂ ਹੈ, ਪਰ ਫਿਰ ਵੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਦਾਦਾ ਮਰਹੂਮ ਭੁਪਿੰਦਰ ਸਿੰਘ ਦੀਆਂ ਗੱਲਾਂ ਬਹੁਤ ਹੀ ਸੌਂਕ ਨਾਲ ਦੱਸਦੇ ਹਨ।

ਅਸਲ ਵਿੱਚ ਮਾਨ ਕੌਰ ਨੇ ਮਹਿਲ ਵਿੱਚ ਰਹਿ ਕੇ ਮਹਾਰਾਜਾ ਭੁਪਿੰਦਰ ਸਿੰਘ ਦੀਆਂ ਰਾਣੀਆਂ ਅਤੇ ਬੱਚਿਆਂ ਦੀ ਵਾਰੋ ਵਾਰੀ ਸੇਵਾ ਕੀਤੀ ਹੈ।

ਜਿੰਦਗੀ ਦਾ ਮੂਲ ਮੰਤਰ

ਸਬਰ ਤੇ ਸੰਤੋਖ ਮਾਨ ਕੌਰ ਦੀ ਜ਼ਿੰਦਗੀ ਦਾ ਨਿਯਮ ਹੈ। ਮਾਨ ਕੌਰ ਕਹਿੰਦੇ ਹਨ ਕਿ ਪਾਠ ਕਰਨ ਨਾਲ ਉਸ ਨੂੰ ਤਾਕਤ ਮਿਲਦੀ ਹੈ।

ਟੀਵੀ ਅਤੇ ਇੰਟਰਨੈੱਟ ਤੋਂ ਕੋਹਾਂ ਦੂਰ ਮਾਨ ਕੌਰ ਗਿੱਧੇ ਅਤੇ ਬੋਲੀਆਂ ਦੇ ਸ਼ੌਕੀਨ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਤਣਾਅ ਮੁਕਤ ਜ਼ਿੰਦਗੀ ਜੀਉਣੀ ਅਤੇ ਖੁਸ਼ੀ ਉਨ੍ਹਾਂ ਦੀ ਲੰਬੀ ਉਮਰ ਦਾ ਰਾਜ਼ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)