ਜਦੋਂ ਜਗਜੀਤ ਸਿੰਘ ਨੂੰ ਸੁਣਨ ਲਈ ਲਤਾ ਮੰਗੇਸ਼ਕਰ ਨੇ ਟਿਕਟ ਖਰੀਦੀ

ਜਗਜੀਤ ਸਿੰਘ ਦੀ ਮੁਰੀਦ ਸਨ ਲਤਾ ਮੰਗੇਸ਼ਕਰ

ਤਸਵੀਰ ਸਰੋਤ, AFP/GETTY IAMGES

ਤਸਵੀਰ ਕੈਪਸ਼ਨ,

ਜਗਜੀਤ ਸਿੰਘ ਦੀ ਮੁਰੀਦ ਸਨ ਲਤਾ ਮੰਗੇਸ਼ਕਰ

ਮਸ਼ਹੂਰ ਗਜ਼ਲ ਗਾਇਕ ਜਗਜੀਤ ਸਿੰਘ ਨੂੰ ਯਾਦ ਕਰਦਿਆਂ ਹੋਇਆਂ ਲਤਾ ਮੰਗੇਸ਼ਕਰ ਕਹਿੰਦੇ ਹਨ ਕਿ ਉਨ੍ਹਾਂ ਨੇ ਜਗਜੀਤ ਸਿੰਘ ਦੇ ਸ਼ੋਅ ਨੂੰ ਲਾਈਵ ਸੁਣਿਆ ਹੈ ਅਤੇ ਉਹ ਉਨ੍ਹਾਂ ਦੀ ਗਾਇਕੀ ਦੀ ਮੁਰੀਦ ਰਹੀ ਹੈ।

ਜਗਜੀਤ ਸਿੰਘ ਦੇ ਸ਼ੋਅ ਨੂੰ ਸੁਣਨ ਦੀ ਚਾਹਤ ਦੇ ਬਾਰੇ ਵਿੱਚ ਲਤਾ ਮੰਗੇਸ਼ਕਰ ਨੇ ਦੱਸਿਆ, "ਕਈ ਵਾਰ ਮੈਂ ਜਗਜੀਤ ਸਿੰਘ ਦੇ ਸ਼ੋਅ ਸੁਣੇ ਹਨ। ਇੱਕ ਵਾਰ ਮੈਨੂੰ ਪਤਾ ਲੱਗਿਆ ਕਿ ਜਗਜੀਤ ਸਿੰਘ ਦਾ ਸ਼ੋਅ ਹੈ ਤਾਂ ਮੈਂ ਫ਼ੌਰਨ ਟਿਕਟ ਖਰੀਦ ਲਿਆ ਅਤੇ ਉਨ੍ਹਾਂ ਨੂੰ ਸੁਣਿਆ, ਉਹ ਬਹੁਤ ਚੰਗਾ ਗਾਉਂਦੇ ਸੀ।''

'ਗੰਭੀਰ ਸ਼ਖਸ਼ੀਅਤ ਦੇ ਮਾਲਿਕ'

ਲਤਾ ਮੰਗੇਸ਼ਕਰ ਕਹਿੰਦੀ ਹੈ, "ਮੈਨੂੰ ਉਨ੍ਹਾਂ ਦੀਆਂ ਕਈ ਗਜ਼ਲਾਂ ਪਸੰਦ ਹਨ ਪਰ ਸਭ ਤੋਂ ਵੱਧ ਪਸੰਦ ਹੈ ਉਨ੍ਹਾਂ ਦੀ ਪਹਿਲੀ ਗਜ਼ਲ, 'ਸਰਕਤੀ ਜਾਏ ਹੈ ਰੁਖ਼ ਸੇ ਨਕਾਬ ਆਹਿਸਤਾ ਆਹਿਸਤਾ'। ਜਦੋਂ ਵੀ ਮੈਨੂੰ ਗਜ਼ਲ ਸੁਣਨ ਦਾ ਮਨ ਹੁੰਦਾ ਹੈ ਮੈਂ ਅੱਜ ਵੀ ਉਨ੍ਹਾਂ ਦੀ ਇਹ ਗਜ਼ਲ ਸੁਣਦੀ ਹਾਂ।''

ਲਤਾ ਮੰਗੇਸ਼ਕਰ ਨੇ ਇਹ ਵੀ ਕਿਹਾ, "ਜਗਜੀਤ ਸਿੰਘ ਬੇਹੱਦ ਹੀ ਗੰਭੀਰ ਸ਼ਖਸ਼ੀਅਤ ਦੇ ਇਨਸਾਨ ਸੀ ਅਤੇ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਨੇ ਆਪਣੇ ਆਪ ਨੂੰ ਸਾਂਭੇ ਰੱਖਿਆ।''

ਤਸਵੀਰ ਸਰੋਤ, ROUF BHAT/GETTY IMAGES

ਜਦੋਂ ਲਤਾ ਇਸ ਹਾਦਸੇ ਤੋਂ ਬਾਅਦ ਜਗਜੀਤ ਸਿੰਘ ਨੂੰ ਮਿਲੀ ਤਾਂ ਉਹ ਬੇਹੱਦ ਦੁਖੀ ਜ਼ਰੂਰ ਸੀ ਪਰ ਉਨ੍ਹਾਂ ਨੇ ਆਪਣਾ ਗਮ ਕਿਸੇ ਨਾਲ ਵੰਡਿਆ ਨਹੀਂ ਅਤੇ ਆਪਣੇ ਅੰਦਰ ਦੇ ਜਜ਼ਬਾਤ ਅੰਦਰ ਹੀ ਰੱਖੇ।

ਲਤਾ ਮੰਗੇਸ਼ਕਰ ਨੇ ਇਹ ਵੀ ਕਿਹਾ ਕਿ ਉਹ ਕਿਸੇ ਵੀ ਗੱਲ ਨੂੰ ਲੈ ਕੇ ਜ਼ਿਆਦਾ ਸ਼ਿਕਾਇਤ ਨਹੀਂ ਕਰਦੇ ਸੀ।

'ਜਗਜੀਤ ਸਿੰਘ ਦਾ ਸਾਨੀ ਨਹੀਂ'

ਉਨ੍ਹਾਂ ਦੀ ਗਾਇਕੀ ਦੇ ਬਾਰੇ ਵਿੱਚ ਲਤਾ ਮੰਗੇਸ਼ਕਰ ਨੇ ਕਿਹਾ, "ਜਗਜੀਤ ਸਿੰਘ ਨੇ ਜਿਨ੍ਹਾਂ ਗਜ਼ਲਾਂ ਨੂੰ ਆਪਣੀ ਆਵਾਜ਼ ਦਿੱਤੀ ਉਹ ਲੋਕਾਂ ਨੂੰ ਹਮੇਸ਼ਾ ਯਾਦ ਰਹਿਣਗੀਆਂ। ਨਵੇਂ ਗਾਇਕਾਂ ਵਿੱਚ ਤਾਂ ਗਜ਼ਲ ਗਾਇਕੀ ਦਾ ਕੋਈ ਟਿਕਾਣਾ ਹੀ ਨਹੀਂ ਹੈ।''

"ਜਗਜੀਤ ਸਿੰਘ ਜੀ ਦੇ ਨਾਲ ਉਨ੍ਹਾਂ ਦਾ ਸਟਾਈਲ, ਉਨ੍ਹਾਂ ਦਾ ਗਾਇਨ, ਗਜ਼ਲਾਂ ਸਭ ਉਨ੍ਹਾਂ ਦੇ ਨਾਲ ਚਲਾ ਗਿਆ।''

ਤਸਵੀਰ ਸਰੋਤ, ROUF BHAT/GETTY IMAGES

ਜਗਜੀਤ ਸਿੰਘ ਨੇ ਕਈ ਵਾਰ ਬੀਬੀਸੀ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਮੁਲਾਕਾਤਾਂ ਵਿੱਚ ਉਨ੍ਹਾਂ ਨੇ ਗਜ਼ਲਾਂ ਦੇ ਬਦਲਦੇ ਸਰੂਪ ਅਤੇ ਸੰਗੀਤ ਦੇ ਬਦਲਦੇ ਤੌਰ ਤਰੀਕਿਆਂ 'ਤੇ ਖੁੱਲ ਕੇ ਆਪਣੀ ਗੱਲ ਕਹੀ।

ਜਗਜੀਤ ਸਿੰਘ ਨੇ ਸਵਾਲ ਚੁੱਕਦਿਆਂ ਕਿਹਾ ਸੀ, "ਫ਼ਿਲਹਾਲ ਭਾਰਤ ਵਿੱਚ ਸੰਗੀਤ ਕਿੱਥੇ ਹੈ? ਅੱਜਕਲ ਜੋ ਹੋ ਰਿਹਾ ਹੈ ਮੈਂ ਉਸਨੂੰ ਸੰਗੀਤ ਨਹੀਂ ਮੰਨਦਾ। ਅੱਜਕਲ ਅੱਧਾ ਸੰਗੀਤ ਮਸ਼ੀਨ 'ਤੇ ਹੁੰਦਾ ਹੈ।''

ਉਨ੍ਹਾਂ ਅੱਗੇ ਕਿਹਾ, "ਸਾਡੇ ਬੋਲ ਸਾਡੀਆਂ ਧੁੰਨਾਂ ਕੁਝ ਵੀ ਤਾਂ ਭਾਰਤੀ ਨਹੀਂ ਹਨ। ਗਾਣਿਆਂ ਵਿੱਚ ਟਪੋਰੀ ਭਾਸ਼ਾ ਦਾ ਇਸਤੇਮਾਲ ਹੁੰਦਾ ਹੈ।''

ਭਾਰਤੀ ਸੰਗੀਤ ਲਈ ਆਸਵੰਦ

ਸੰਗੀਤ ਦੇ ਬਦਲਦੇ ਦੌਰ ਵਿੱਚ ਜਗਜੀਤ ਸਿੰਘ ਨੇ ਕਿਹਾ ਸੀ, "ਮੌਜੂਦਾ ਦੌਰ ਵਿੱਚ ਭਾਰਤੀ ਸੰਗੀਤ ਹੋ ਜਾਂ ਫਿਲਮ ਜਗਤ ਹਰ ਕੋਈ ਪੱਛਮ ਦੀ ਨਕਲ ਕਰ ਰਿਹਾ ਹੈ। ਭਾਵੇਂ ਕੱਪੜੇ ਹੋਣ, ਸਰੀਰਕ ਹਾਵ-ਭਾਵ ਹੋਣ ਜਾਂ ਧੁੰਨਾਂ।''

ਪਰ ਨਾਲ ਹੀ ਉਹ ਭਾਰਤੀ ਰਵਾਇਤੀ ਸੰਗੀਤ ਨੂੰ ਲੈ ਕੇ ਖ਼ਾਸੇ ਆਸਵੰਦ ਸੀ। ਉਹ ਮੰਨਦੇ ਸੀ ਕਿ ਭਾਰਤ ਦਾ ਰਵਾਇਤੀ ਗੀਤ-ਸੰਗੀਤ, ਸ਼ਾਸ਼ਤਰੀ ਸੰਗੀਤ ਇੰਨੇ ਦਮਦਾਰ ਹਨ ਕਿ ਪੱਛਮੀ ਸਭਿੱਅਤਾ ਇਨ੍ਹਾਂ ਨੂੰ ਮਿਟਾ ਨਹੀਂ ਸਕੇਗੀ ਅਤੇ ਉਹ ਕਦੇ ਖ਼ਤਮ ਨਹੀਂ ਹੋਵੇਗਾ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)