ਜਦੋਂ ਜਗਜੀਤ ਸਿੰਘ ਨਾਲ ਮੁਸ਼ੱਰਫ਼ ਨੇ ਵਜਾਇਆ ਤਬਲਾ ਤੇ ਗਾਏ ਪੰਜਾਬੀ ਗਾਣੇ

  • ਰੇਹਾਨ ਫ਼ਜ਼ਲ
  • ਬੀਬੀਸੀ ਪੱਤਰਕਾਰ, ਦਿੱਲੀ

ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਜਲੰਧਰ ਦਾ ਡੀਏਵੀ ਕਾਲਜ ਸ਼ਹਿਰ ਤੋਂ ਬਾਹਰ ਹੁੰਦਾ ਸੀ ਅਤੇ ਉਸ ਦਾ ਨਵਾਂ ਹੋਸਟਲ ਕਾਲਜ ਦੇ ਸਾਹਮਣੇ ਵਾਲੀ ਸੜਕ ਦੇ ਦੂਜੇ ਪਾਸੇ।

ਜਗਜੀਤ ਸਿੰਘ ਇਸੇ ਹੋਸਟਲ 'ਚ ਰਹਿੰਦੇ ਸਨ। ਜ਼ਿਆਦਾਤਰ ਮੁੰਡੇ ਉਨ੍ਹਾਂ ਦੇ ਨੇੜਲੇ ਕਮਰਿਆਂ ਵਿੱਚ ਰਹਿਣਾ ਪਸੰਦ ਨਹੀਂ ਕਰਦੇ ਸਨ।

ਕਿਉਂਕਿ ਉਹ ਰੋਜ਼ਾਨਾ ਸਵੇਰੇ 5 ਵਜੇ ਉੱਠ ਕੇ ਦੋ ਘੰਟੇ ਰਿਆਜ਼ ਕਰਦੇ ਸਨ।

ਏਆਈਆਰ ਨੇ ਉੱਪ ਸ਼ਾਸਤਰੀ ਗਾਇਨ ਸ਼ੈਲੀ 'ਚ ਕੀਤਾ ਫੇਲ੍ਹ

ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਆਲ ਇੰਡੀਆ ਰੇਡੀਓ ਦੇ ਜਲੰਧਰ ਸਟੇਸ਼ਨ ਨੇ ਉਨ੍ਹਾਂ ਨੂੰ ਉੱਪ ਸ਼ਾਸਤਰੀ ਗਾਇਨ ਸ਼ੈਲੀ 'ਚ ਫੇਲ੍ਹ ਕੀਤਾ ਸੀ।

ਤਸਵੀਰ ਕੈਪਸ਼ਨ,

ਜਗਜੀਤ ਸਿੰਘ ਦੇ ਕਾਲਜ ਦੀ ਤਸਵੀਰ।

ਸ਼ਾਸਤਰੀ ਸੰਗੀਤ ਸ਼ੈਲੀ ਵਿੱਚ ਉਨ੍ਹਾਂ ਨੂੰ ਬੀ-ਗ੍ਰੇਡ ਦਾ ਦਰਜਾ ਦਿੱਤਾ ਗਿਆ।

ਇੱਕ ਵਾਰ ਮਸ਼ਹੂਰ ਫਿਲਮ ਨਿਰਦੇਸ਼ਕ ਸੁਭਾਸ਼ ਘਈ ਅਤੇ ਜਗਜੀਤ ਸਿੰਘ ਆਪਣੀਆਂ-ਆਪਣੀਆਂ ਯੂਨੀਵਰਸਿਟੀਆਂ ਵੱਲੋਂ ਇੰਟਰ ਸੂਬਾ ਯੂਨੀਵਰਸਿਟੀ ਨੌਜਵਾਨ ਸਮਾਗਮ 'ਚ ਹਿੱਸਾ ਲੈਣ ਬੈਂਗਲੁਰੂ ਗਏ ਸਨ।

ਜਗਜੀਤ ਸਿੰਘ 'ਤੇ ਕਿਤਾਬ ਲਿਖਣ ਵਾਲੀ ਸਤਿਆ ਮਰਨ ਦੱਸਦੇ ਹਨ, "ਸੁਭਾਸ਼ ਘਈ ਨੇ ਮੈਨੂੰ ਦੱਸਿਆ ਸੀ ਕਿ ਰਾਤ ਦੇ 11 ਵਜੇ ਜਗਜੀਤ ਦਾ ਨੰਬਰ ਆਇਆ ਸੀ। ਮਾਇਕ 'ਤੇ ਜਦੋਂ ਇਹ ਐਲਾਨ ਹੋਇਆ ਕਿ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਾਸਤਰੀ ਸੰਗੀਤ ਗਾਇਨ ਕਰਨਗੇ ਤਾਂ ਉੱਥੇ ਬੈਠੇ ਸਾਰੇ ਲੋਕ ਠਹਾਕੇ ਮਾਰ ਕੇ ਹੱਸ ਪਏ। ਉਨ੍ਹਾਂ ਦੀ ਨਜ਼ਰ 'ਚ ਤਾਂ ਪੰਜਾਬ ਭੰਗੜੇ ਲਈ ਜਾਣਿਆ ਜਾਂਦਾ ਸੀ।"

ਸਤਿਆ ਮਰਨ ਨੂੰ ਸੁਭਾਸ਼ ਘਈ ਨੇ ਦੱਸਿਆ ਸੀ, "ਜਿਵੇਂ ਹੀ ਉਹ ਸਟੇਜ 'ਤੇ ਆਏ ਲੋਕ ਸੀਟੀ ਮਾਰਨ ਲੱਗੇ। ਮੈਨੂੰ ਲੱਗਾ ਕਿ ਉਹ ਬੁਰੀ ਤਰ੍ਹਾਂ ਫਲਾਪ ਹੋਣ ਵਾਲੇ ਹਨ।

"ਉਨ੍ਹਾਂ ਤੇਜ਼ ਸ਼ੋਰ-ਸ਼ਰਾਬੇ 'ਚ ਜਦ ਅੱਖਾਂ ਬੰਦ ਕਰਕੇ ਅਲਾਪ ਸ਼ੁਰੂ ਕੀਤਾ ਅਤੇ 30 ਸੈਕਿੰਡ ਬਾਅਦ ਉਹ ਜਦ ਗਾਉਣ ਲੱਗੇ ਤਾਂ ਹੌਲੀ ਹੌਲੀ ਜਿਵੇਂ ਜਾਦੂ ਹੋਣ ਲੱਗਾ।"

ਉਨ੍ਹਾਂ ਅੱਗੇ ਕਿਹਾ, "ਉੱਥੇ ਮੌਜੂਦ ਸਰੋਤੇ ਸ਼ਾਸਤਰੀ ਸੰਗੀਤ ਨੂੰ ਚੰਗੀ ਤਰ੍ਹਾਂ ਸਮਝਣ ਵਾਲੇ ਸਨ। ਛੇਤੀ ਹੀ ਤਾੜੀਆਂ ਵੱਜਣ ਲੱਗੀਆਂ, ਪਹਿਲਾਂ ਰੁਕ ਰੁਕ ਕੇ ਅਤੇ ਫਿਰ ਹਰ ਪੰਜ ਮਿੰਟਾਂ ਬਾਅਦ ਪੂਰੇ ਜੋਸ਼ ਨਾਲ।"

"ਜਦੋਂ ਉਨ੍ਹਾਂ ਨੇ ਗਾਣਾ ਖ਼ਤਮ ਕੀਤਾ ਤਾਂ ਇੰਨੇ ਜ਼ੋਰ ਨਾਲ ਤਾੜੀਆਂ ਵੱਜੀਆਂ ਕਿ ਮੇਰੀਆਂ ਅੱਖਾਂ ਭਰ ਆਈਆਂ।" ਉੱਥੇ ਜਗਜੀਤ ਸਿੰਘ ਨੂੰ ਪਹਿਲਾ ਪੁਰਸਕਾਰ ਮਿਲਿਆ ਸੀ।

ਪਹਿਲੀ ਵਾਰ ਬਿਲਕੁਲ ਚੰਗੇ ਨਹੀਂ ਲੱਗੇ: ਚਿਤਰਾ

1965 ਵਿੱਚ ਜਗਜੀਤ ਸਿੰਘ ਮੁੰਬਈ ਪਹੁੰਚੇ, ਜਿੱਥੇ ਉਨ੍ਹਾਂ ਦੀ ਮੁਲਾਕਾਤ ਉਸ ਵੇਲੇ ਦੀ ਉਭਰਦੀ ਗਾਇਕਾ ਚਿਤਰਾ ਸਿੰਘ ਨਾਲ ਹੇਈ।

ਚਿਤਰਾ ਸਿੰਘ ਦੱਸਦੇ ਹਨ, "ਜਦੋਂ ਮੈਂ ਪਹਿਲੀ ਵਾਰ ਜਗਜੀਤ ਸਿੰਘ ਨੂੰ ਆਪਣੀ ਬਾਲਕੋਨੀ 'ਚੋਂ ਦੇਖਿਆ ਤਾਂ ਉਨ੍ਹਾਂ ਨੇ ਇੰਨੀ ਤੰਗ ਪੈਂਟ ਪਾਈ ਹੋਈ ਸੀ ਕਿ ਉਨ੍ਹਾਂ ਨੂੰ ਤੁਰਨ ਵਿੱਚ ਵੀ ਦਿੱਕਤ ਆ ਰਹੀ ਸੀ। ਉਹ ਮੇਰੇ ਗੁਆਂਢ ਗਾਉਣ ਲਈ ਆਏ ਸਨ।"

"ਮੇਰੀ ਗੁਆਂਢਣ ਨੇ ਪੁੱਛਿਆ ਕਿ ਸੰਗੀਤ ਸੁਣੇਗੀ? ਕੀ ਗਾਉਂਦਾ ਹੈ, ਕੀ ਆਵਾਜ਼ ਹੈ ਉਸ ਦੀ?"

ਉਹ ਦੱਸਦੇ ਹਨ, "ਪਰ ਜਦੋਂ ਮੈਂ ਪਹਿਲੀ ਵਾਰ ਸੁਣਿਆ ਤਾਂ ਉਹ ਮੈਨੂੰ ਬਿਲਕੁਲ ਚੰਗੇ ਨਹੀਂ ਲੱਗੇ ਅਤੇ 5 ਮਿੰਟ ਬਾਅਦ ਹੀ ਟੇਪ ਬੰਦ ਕਰਨ ਲਈ ਕਿਹਾ।"

ਦੋ ਸਾਲ ਬਾਅਦ ਜਗਜੀਤ ਅਤੇ ਚਿਤਰਾ ਇੱਕ ਸਟੂਡੀਓ 'ਚ ਗਾਣਾ ਰਿਕਾਰਡ ਕਰਾ ਰਹੇ ਸਨ।

ਚਿਤਰਾ ਦੱਸਦੇ ਹਨ, "ਰਿਕਾਰਡਿੰਗ ਤੋਂ ਬਾਅਦ ਮੈਂ ਜਗਜੀਤ ਸਿੰਘ ਨੂੰ ਆਪਣੀ ਕਾਰ ਵਿੱਚ ਲਿਫ਼ਟ ਦੀ ਪੇਸ਼ਕਸ਼ ਕੀਤੀ, ਸਿਰਫ਼ ਨੈਤਿਕਤਾ ਦੇ ਲਿਹਾਜ਼ ਨਾਲ। ਮੈਂ ਕਿਹਾ ਕਿ ਮੈਂ ਕਰਮਾਇਕਲ ਰੋਡ 'ਤੇ ਉੱਤਰ ਜਾਵਾਂਗੀ ਅਤੇ ਫਿਰ ਮੇਰਾ ਡਰਾਈਵਰ ਤੁਹਾਨੂੰ ਤੁਹਾਡੇ ਘਰ ਛੱਡ ਦੇਵੇਗਾ।"

"ਜਦੋਂ ਮੇਰੇ ਘਰ ਪਹੁੰਚੇ ਤਾਂ ਮੈਂ ਨਿਮਰਤਾ ਨਾਲ ਉਨ੍ਹਾਂ ਨੂੰ ਆਪਣੇ ਫਲੈਟ ਵਿੱਚ ਚਾਹ ਲਈ ਬੁਲਾਇਆ। ਮੈਂ ਚਾਹ ਬਣਾਉਣ ਰਸੋਈ ਵਿੱਚ ਚਲੀ ਗਈ ਤਾਂ ਮੈਂ ਡਰਾਇੰਗ ਰੂਮ 'ਚੋਂ ਹਾਰਮੋਨੀਅਮ ਦੀ ਆਵਾਜ਼ ਸੁਣੀ। ਜਗਜੀਤ ਸਿੰਘ ਗਾ ਰਹੇ ਸਨ.... ਧੂੰਆਂ ਉਠਾ ਤਾਂ... ਉਸ ਦਿਨ ਤੋਂ ਮੈਂ ਉਨ੍ਹਾਂ ਦੇ ਸੰਗੀਤ ਦੀ ਕਾਇਲ ਹੋ ਗਈ।

ਚਿਤਰਾ ਦੇ ਸਖ਼ਤ ਅਧਿਆਪਕ ਵਜੋਂ

ਹੌਲੀ ਹੌਲੀ ਚਿਤਰਾ ਦੇ ਨਾਲ ਉਨ੍ਹਾਂ ਦੀ ਦੋਸਤੀ ਵਧੀ ਅਤੇ ਦੋਵਾਂ ਨੇ ਇਕੱਠੇ ਗਾਣਾ ਸ਼ੁਰੂ ਕਰ ਦਿੱਤਾ। ਜਗਜੀਤ ਸਿੰਘ ਨੇ ਹੀ ਚਿਤਰਾ ਨੂੰ ਸੁਰ ਸਾਧਨੇ, ਉਚਾਰਣ ਅਤੇ ਆਰੋਹ-ਅਵਰੋਹ ਦੀ ਕਲਾ ਸਿਖਾਈ।

ਤਸਵੀਰ ਕੈਪਸ਼ਨ,

ਪਾਕਿਸਤਾਨ ਪਹੁੰਚਣ 'ਤੇ ਜਗਜੀਤ ਸਿੰਘ ਅਤੇ ਚਿਤਰਾ ਦਾ ਨਿੱਘਾ ਸੁਆਗਤ

ਚਿਤਰਾ ਯਾਦ ਕਰਦੀ ਹੈ, "ਜੇਕਰ ਮੈਂ ਡੂਇਟ 'ਚ ਕੋਈ ਗ਼ਲਤੀ ਕਰਦੀ ਸੀ ਤਾਂ ਉਸੇ ਵੇਲੇ ਮੂੰਹ ਬਣਾ ਲੈਂਦੇ ਸਨ। ਮੇਰੀ ਅਵਾਜ਼ ਬੰਸਰੀ ਵਰਗੀ ਸੀ, ਬਾਰੀਕ ਅਤੇ ਉੱਚੇ ਸੁਰ ਵਾਲੀ ਜਦਕਿ ਉਨ੍ਹਾਂ ਦੀ ਭਾਰੀ ਆਵਾਜ਼ ਸੀ। ਉਨ੍ਹਾਂ ਨੇ ਸੰਗੀਤ ਦੀ ਡੂੰਘੀ ਸਿਖਲਾਈ ਲਈ ਹੋਈ ਸੀ। ਉਹ ਲੋੜ ਪੈਣ 'ਤੇ ਕਿਸੇ ਗਾਣੇ ਨੂੰ ਚਾਲੀ ਪੰਤਾਲੀ ਮਿੰਟ ਵੀ ਖਿੱਚ ਸਕਦੇ ਸਨ।"

ਉਹ ਦੱਸਦੇ ਹਨ, "ਉਨ੍ਹਾਂ ਦੇ ਆਉਣ ਤੋਂ ਪਹਿਲਾਂ ਗ਼ਜ਼ਲ ਦਾ ਅੰਦਾਜ਼ ਵੱਖਰਾ ਸੀ। ਉਹ ਸ਼ਾਸਤਰੀ ਸੀ। ਸਾਜ ਵਜੋਂ ਤਬਲੇ ਦੀ ਹੀ ਵਰਤੋਂ ਹੁੰਦੀ ਸੀ ਅਤੇ ਨਾਲ ਹਾਰਮੋਨੀਅਮ ਤੇ ਸਾਰੰਗੀ ਦੀ।"

"ਜਗਜੀਤ ਸਿੰਘ ਨੇ ਸੰਗੀਤ ਵਿੱਚ ਪੱਛਮੀ ਵਾਦ ਸੰਦਾਂ ਤੇ ਨਾਲ ਸਟੀਰੀਓਫੋਨਿਕ ਰਿਕਾਰਡਿੰਗ ਰਾਹੀਂ ਗ਼ਜ਼ਲ ਨੂੰ ਸਮੇਂ ਦੇ ਅਨੁਕੂਲ ਬਣਾ ਦਿੱਤਾ।"

ਸਰੋਤਿਆਂ ਨੂੰ ਨਾਲ ਲੈ ਕੇ ਤੁਰਨਾ

1979 'ਚ ਉਨ੍ਹਾਂ ਦੀ ਰਿਕਾਰਡ 'ਕਮ ਅਲਾਇਵ' ਆਇਆ ਇਸ ਵਿੱਚ ਕਈ ਚੀਜ਼ਾਂ ਨਵੀਆਂ ਸਨ, ਜਿਵੇਂ ਕਨਸਰਟ ਦੀ ਲਾਈਵ ਰੀਕਾਰਡਿੰਗ, ਗ਼ਜ਼ਲ ਸੁਣਾਉਂਦੇ-ਸੁਣਾਉਂਦੇ ਜਗਜੀਤ ਨੂੰ ਸੁਣਨ ਵਾਲਿਆਂ ਨਾਲ ਗੱਲਬਾਤ ਅਤੇ ਵਿੱਚ ਵਿੱਚ ਚੁਟਕਲੇ ਆਦਿ ਸੁਣਾਉਣਾ।

ਜਗਜੀਤ ਸਿੰਘ ਦੇ ਛੋਟੇ ਭਰਾ ਕਰਤਾਰ ਸਿੰਘ ਕਹਿੰਦੇ ਹਨ ਕਿ, ਇਸ ਦੀ ਸਫਲਤਾ ਦਾ ਕਾਰਨ ਸੀ ਮਧੁਰ ਸੰਗੀਤ ਅਤੇ ਉਨ੍ਹਾਂ ਦੀ ਨਜ਼ਮ ਦੀ ਚੋਣ।

ਕਰਤਾਰ ਸਿੰਘ ਨੇ ਕਿਹਾ, "ਇੱਕ ਵਾਰ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਗ਼ਜ਼ਲ ਦੇ ਵਿੱਚ ਚੁਟਕਲੇ ਕਿਉਂ ਸੁਣਾਉਂਦੇ ਹੋ? ਉਨ੍ਹਾਂ ਦੇ ਕਿਹਾ ਸਰੋਤਿਆਂ ਨਾਲ ਜੁੜਣਾ ਹੁੰਦਾ ਹੈ। ਸਿਰਫ਼ ਗਾਣੇ ਨਾਲ ਤੁਸੀਂ ਜੁੜ ਨਹੀਂ ਸਕਦੇ। ਗੰਭੀਰ ਗ਼ਜ਼ਲ ਸੁਣਾਉਣ ਤੋਂ ਬਾਅਦ ਉਨ੍ਹਾਂ ਨੂੰ ਫਿਰ ਉਸੇ ਮੂਡ ਵਿੱਚ ਲੈ ਕੇ ਆਉਣਾ ਹੁੰਦਾ ਹੈ। ਇਹ ਉਨ੍ਹਾਂ ਨੇ ਛੇਤੀ ਹੀ ਮਹਿਸੂਸ ਕਰ ਲਿਆ ਸੀ ਕਿ ਸਰੋਤਿਆਂ ਨੂੰ ਨਾਲ ਲੈ ਕੇ ਤੁਰਨਾ ਹੁੰਦਾ ਹੈ।"

ਤਸਵੀਰ ਕੈਪਸ਼ਨ,

ਬੀਬੀਸੀ ਸਟੂਡੀਓ ਵਿੱਚ ਕਰਤਾਰ ਸਿੰਘ ਦੇ ਨਾਲ ਰੇਹਾਨ ਫ਼ਜ਼ਲ

ਚਿਤਰਾ ਦਾ ਕਹਿਣਾ ਹੈ ਕਿ ਉਹ ਚੁਟਕਲੇ ਇਸ ਲਈ ਸੁਣਾਉਂਦੇ ਸਨ ਕਿ ਸਾਜ ਵਜਾਉਣ ਵਾਲਿਆਂ ਨੂੰ ਥੋੜ੍ਹਾ ਆਰਾਮ ਮਿਲ ਜਾਵੇ।

'ਮਿਰਜ਼ਾ ਗ਼ਾਲਿਬ' ਤੋਂ ਰਚਿਆ ਇਤਿਹਾਸ

ਸ਼ਾਇਰ ਅਤੇ ਫਿਲਮਕਾਰ ਗੁਲਜ਼ਾਰ ਦੇ ਸੀਰੀਅਲ 'ਮਿਰਜ਼ਾ ਗ਼ਾਲਿਬ' ਨਾਲ ਵੀ ਜਗਜੀਤ ਸਿੰਘ ਦਾ ਬਹੁਤ ਨਾਂ ਹੋਇਆ ਹੈ।

ਜਗਜੀਤ ਸਾਹਮਣੇ ਚੁਣੌਤੀ ਇਹ ਸੀ ਕਿ ਤਲਤ ਮਹਿਮੂਦ ਤੋਂ ਲੈ ਕੇ ਲਤਾ ਮੰਗੇਸ਼ਕਰ, ਬੇਗ਼ਮ ਅਖ਼ਤਰ, ਮਹਿੰਦੀ ਹਸਨ ਅਤੇ ਸੁਰੱਈਆ ਤੱਕ ਨੇ ਗ਼ਾਲਿਬ ਨੂੰ ਗਾਇਆ ਹੋਇਆ ਸੀ ਅਤੇ ਅਜਿਹੇ ਵਿੱਚ ਉਨ੍ਹਾਂ ਨੂੰ ਇਨ੍ਹਾਂ ਤੋਂ ਵੱਖਰਾ ਕਰਕੇ ਵਿਖਾਉਣਾ ਸੀ।

ਜਗਜੀਤ ਨੇ ਇਸ ਐਲਬਮ ਨਾਲ ਇਤਿਹਾਸ ਰਚ ਦਿੱਤਾ।

ਸਤਿਆ ਮਰਨ ਕਹਿੰਦੇ ਹਨ, "ਗੁਲਜ਼ਾਰ ਅਤੇ ਜਗਜੀਤ ਦੋਵੇਂ ਬ੍ਰਾਈਟ, ਰਚਨਾਤਮਕ ਅਤੇ ਜੀਨੀਅਸ ਹਨ। ਪਰ ਉਨ੍ਹਾਂ ਵਿਚਾਲੇ ਥੋੜ੍ਹਾ ਜਿਹਾ ਕੰਪੀਟੀਸ਼ਨ ਵੀ ਸੀ।

ਗੁਲਜ਼ਾਰ ਦੱਸਦੇ ਹਨ ਕਿ ਮੈਂ ਉਨ੍ਹਾਂ ਨੂੰ ਕੋਈ ਵੀ ਅਜਿਹਾ ਸਾਜ ਨਹੀਂ ਸੀ ਵਰਤਣ ਦੇਣਾ ਚਾਹੁੰਦਾ ਜੋ ਗ਼ਾਲਿਬ ਦੇ ਦੌਰ 'ਚ ਨਹੀਂ ਸੀ।

ਜਗਜੀਤ ਸਿੰਘ ਦਾ ਕਹਿਣਾ ਸੀ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਸੰਗੀਤ ਨੰਗਾ ਲੱਗੇਗਾ। ਉਨ੍ਹਾਂ ਨੇ ਇਹੀ ਸ਼ਬਦਾਵਲੀ ਵਰਤੀ।

ਪਰ ਗੁਲਜ਼ਾਰ ਨੇ ਇਸ 'ਤੇ ਕੋਈ ਸਮਝੌਤਾ ਨਾਂ ਕੀਤਾ ਅਤੇ ਅਖ਼ੀਰ ਉਨ੍ਹਾਂ ਦੀ ਚੱਲੀ।

ਮੁਸ਼ੱਰਫ਼ ਨੇ ਉਨ੍ਹਾਂ ਨਾਲ ਵਜਾਇਆ ਤਬਲਾ

1999 ਵਿੱਚ ਜਗਜੀਤ ਜਦੋਂ ਪਾਕਿਸਤਾਨ ਗਏ ਤਾਂ ਉਹ ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦੇ ਘਰ ਵੀ ਗਏ।

ਜਿੱਥੇ ਉਨ੍ਹਾਂ ਨੇ ਇਕੱਠਿਆਂ ਪੰਜਾਬੀ ਗਾਣੇ ਵੀ ਗਾਏ ਅਤੇ ਮੁਸ਼ੱਰਫ਼ ਨੇ ਉਨ੍ਹਾਂ ਨਾਲ ਤਬਲਾ ਵੀ ਵਜਾਇਆ।

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਜਗਜੀਤ ਸਿੰਘ ਦੇ ਦੀਵਾਨੇ ਸਨ।

ਇੱਕ ਵਾਰ ਉਨ੍ਹਾਂ ਨੇ ਜਗਜੀਤ ਸਿੰਘ ਅਤੇ ਚਿਤਰਾ ਨੂੰ ਆਪਣੇ ਘਰ ਸੱਦਿਆ ਅਤੇ ਇਸ ਗੱਲ ਨੂੰ ਕਬੂਲ ਕੀਤਾ ਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਤੋਂ ਇਲਾਵਾ ਕਿਸੇ ਦਾ ਸੰਗੀਤ ਨਹੀਂ ਸੁਣਦਾ।

ਕਰਤਾਰ ਸਿੰਘ ਦੱਸਦੇ ਹਨ, "ਇੱਕ ਵਾਰ ਜਦੋਂ ਜਗਜੀਤ ਇਸਲਾਮਾਬਾਦ ਤੋਂ ਦਿੱਲੀ ਆ ਰਹੇ ਸਨ ਤਾਂ ਜਹਾਜ਼ ਦੇ ਕਰਮਚਾਰੀਆਂ ਨੇ ਢਾਈ ਘੰਟੇ ਜਹਾਜ਼ ਹਵਾ ਵਿੱਚ ਰੱਖਿਆ ਸੀ ਤਾਂ ਕਿ ਉਨ੍ਹਾਂ ਨੂੰ ਜਗਜੀਤ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰਨ ਦਾ ਮੌਕਾ ਮਿਲ ਸਕੇ।"

ਸਾਜਿੰਦਿਆਂ ਦਾ ਰਾਮ ਤੇ ਸਨਮਾਨ

ਜਗਜੀਤ ਸਿੰਘ ਆਪਣੇ ਸਾਜਿੰਦਿਆਂ ਦੇ ਆਰਾਮ ਅਤੇ ਸਨਮਾਨ ਦਾ ਬਹੁਤ ਖ਼ਿਆਲ ਰੱਖਦੇ ਸਨ।

ਸਤਿਆ ਮਰਨ ਇੱਕ ਕਿੱਸਾ ਸੁਣਾਉਂਦੇ ਹਨ "ਉਨ੍ਹਾਂ ਦੇ ਰਿਕਾਰਡਿਸਟ ਦਮਨ ਸੂਦ ਨੇ ਮੈਨੂੰ ਦੱਸਿਆ ਸੀ ਕਿ ਇੱਕ ਵਾਰ ਵਿਦੇਸ਼ ਯਾਤਰਾ ਦੌਰਾਨ ਜਗਜੀਤ ਉਨ੍ਹਾਂ ਲਈ ਸਵੇਰੇ ਸਵੇਰੇ ਚਾਹ ਬਣਾ ਕੇ ਲਿਆਏ ਅਤੇ ਇੱਕ ਵਾਰ ਤਾਂ ਆਪਣੇ ਹੱਥਾਂ ਨਾਲ ਉਨ੍ਹਾਂ ਦਾ ਸੂਟ ਵੀ ਪ੍ਰੈਸ ਕਰਕੇ ਦਿੱਤਾ।"

ਜਗਜੀਤ ਸਿੰਘ ਹਰੇਕ ਦੋ ਸਾਲ ਬਾਅਦ ਇੱਕ ਐਲਬਮ ਰਿਲੀਜ਼ ਕਰਨਾ ਪਸੰਦ ਕਰਦੇ ਸਨ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਸਰੋਤਿਆਂ ਨੂੰ ਥੋੜ੍ਹਾ ਇੰਤਜ਼ਾਰ ਕਰਾਉਣਾ ਚਾਹੀਦਾ ਹੈ।

ਘੋੜਿਆਂ ਦੀ ਦੌੜ ਦਾ ਸ਼ੌਂਕ

ਸਤਿਆ ਮਰਨ ਦੱਸਦੇ ਹਨ "ਉਹ ਇੱਕ ਵਾਰ ਰੇਸ 'ਚ ਸਨ ਅਤੇ ਜਦੋਂ ਉਨ੍ਹਾਂ ਦਾ ਘੋੜਾ ਅਚਾਨਕ ਅੱਗੇ ਨਿਕਲ ਗਿਆ ਤਾਂ ਉਹ ਜੋਸ਼ 'ਚ ਜ਼ੋਰ-ਜ਼ੋਰ ਦੀ ਚਿਲਾਉਣ ਲੱਗੇ।

ਜਦੋਂ ਤੁੱਕੇ ਨਾਲ ਉਨ੍ਹਾਂ ਦਾ ਘੋੜਾ ਜਿੱਤ ਗਿਆ ਤਾਂ ਉਹ ਤਾਂ ਜਿਵੇਂ ਸੱਤਵੇਂ ਅਸਮਾਨ 'ਤੇ ਪਹੁੰਚ ਗਏ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅਗਲੀ ਸਵੇਰ ਜਦੋਂ ਉੱਠੇ ਤਾਂ ਉਨ੍ਹਾਂ ਦੀ ਆਵਾਜ਼ ਬੈਠ ਗਈ ਸੀ ਅਤੇ ਉਨ੍ਹਾਂ ਨੂੰ ਵਾਪਸ ਗਾਣਾ ਗਾਉਣ ਲਾਇਕ ਹੋਣ ਲਈ 4 ਮਹੀਨੇ ਲੱਗੇ।"

ਤਸਵੀਰ ਕੈਪਸ਼ਨ,

ਆਪਣਿਆਂ ਬੱਚਿਆਂ ਨਾਲ ਜਗਜੀਤ ਸਿੰਘ

ਦਮਨ ਸੂਦ ਯਾਦ ਕਰਦੇ ਹਨ ਕਿ "ਸਿਗਰਟ ਪੀਣ ਦੀ ਆਦਤ ਕਾਰਨ ਉਨ੍ਹਾਂ ਨਾਲ ਅਕਸਰ ਮੇਰੀ ਬਹਿਸ ਹੁੰਦੀ ਸੀ। ਉਹ ਗੁਲਜ਼ਾਰ ਅਤੇ ਤਲਤ ਮਹਿਮੂਦ ਦੀ ਉਦਾਹਰਣ ਦੇ ਕੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਸਨ ਕਿ ਸਿਗਰਟ ਪੀਣ ਨਾਲ ਉਨ੍ਹਾਂ ਦੀ ਆਵਾਜ਼ 'ਚ ਇੱਕ ਖ਼ਾਸ ਗਹਿਰਾਈ ਪੈਦਾ ਹੋ ਜਾਵੇਗੀ।"

ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਦਿਲ ਦਾ ਦੌਰਾ ਪਿਆ ਤਾਂ ਉਨ੍ਹਾਂ ਨੂੰ ਮਜਬੂਰਨ ਸਿਗਰਟ ਛੱਡਣੀ ਪਈ। ਉਨ੍ਹਾਂ ਨੂੰ ਇਸ ਕਾਰਨ ਆਪਣੀਆਂ ਕੁਝ ਹੋਰ ਆਦਤਾਂ ਨੂੰ ਵੀ ਛੱਡਣਾ ਪਿਆ।

ਜਿਵੇਂ ਗਲੇ ਨੂੰ ਗਰਮ ਕਰਨ ਲਈ ਸਟੀਲ ਦੇ ਗਿਲਾਸ 'ਚ ਥੋੜ੍ਹੀ ਰਮ ਪੀਣਾ।

ਜਾਵੇਦ ਅਖ਼ਤਰ ਨੇ ਜਗਜੀਤ ਬਾਰੇ ਕਿਹਾ ਸੀ ਕਿ ਉਹ ਗ਼ਜ਼ਲ ਗਾਇਕੀ ਵਿੱਚ ਭਾਰਤੀ ਉੱਪ ਮਹਾਂਦੀਪ ਦੇ ਆਖ਼ਰੀ ਸਤੰਭ ਸਨ। ਉਨ੍ਹਾਂ ਦੀ ਆਵਾਜ਼ ਵਿੱਚ ਇੱਕ 'ਚੈਨ' ਸੀ।

ਪਹਿਲੀ ਵਾਰ ਜਾਵੇਦ ਨੇ ਉਨ੍ਹਾਂ ਨੂੰ ਅਮਿਤਾਭ ਬੱਚਨ ਦੇ ਘਰ ਸੁਣਿਆ ਸੀ।

ਉਹ ਐਲਪੀ ਰਿਕਾਰਡ ਦੀ ਪਹਿਲੀ ਹੀ ਨਜ਼ਮ ਸੀ 'ਬਾਤ ਨਿਕਲੇਗੀ ਤੋ ਦੂਰ ਤਲਕ ਜਾਏਗੀ...। ਗੱਲ ਨਿਕਲੀ ਅਤੇ ਦੂਰ ਤੱਕ ਗਈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)