ਲੰਬੇ ਡੈਪੂਟੇਸ਼ਨ: ਕੇਂਦਰ ਕਿਹੜੇ ਅਫ਼ਸਰਾਂ ਤੋਂ ਹੈ ਪਰੇਸ਼ਾਨ

  • ਅਰਵਿੰਦ ਛਾਬੜਾ
  • ਬੀਬੀਸੀ ਨਿਉਜ਼ ਪੰਜਾਬੀ
kjs cheema

ਤਸਵੀਰ ਸਰੋਤ, dpr punjab

ਤਸਵੀਰ ਕੈਪਸ਼ਨ,

ਸਾਬਕਾ ਮੁੱਖ ਮੰਤਰੀ ਦੇ ਨਾਲ ਬੈਠੇ ਹਨ ਕੇਜੇਐਸ ਚੀਮਾ

ਸੂਬੇ ਵਿੱਚ ਕਾਂਗਰਸ ਸਰਕਾਰ ਆਉਂਦਿਆਂ ਹੀ ਬਾਦਲ ਦੇ ਕਰੀਬੀ ਆਈਏਐਸ ਅਧਿਕਾਰੀ ਕੇਜੇਐਸ ਚੀਮਾ ਦੀ ਵਾਪਸੀ ਹੋ ਗਈ ਹੈ।

ਅਕਾਲੀ ਸਰਕਾਰ ਵੇਲੇ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਰਹੇ ਕੇਜੇਐਸ ਚੀਮਾ ਨੂੰ ਕੈਪਟਨ ਨੇ ਪੱਛਮੀ ਬੰਗਾਲ ਵਾਪਸ ਭੇਜ ਦਿੱਤਾ ਹੈ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇਸ ਖ਼ਾਸ ਅਧਿਕਾਰੀ ਨੇ ਕੇਂਦਰ ਸਰਕਾਰ ਨੂੰ ਮਜਬੂਰ ਕਰ ਦਿੱਤਾ ਹੈ ਕਿ ਉਹ ਅਜਿਹੇ ਅਫ਼ਸਰਾਂ ਦੇ ਖਿਲਾਫ਼ ਸਖ਼ਤ ਕਾਨੂੰਨ ਬਣਾ ਕੇ ਕਾਰਵਾਈ ਕਰਨ ਜੋ ਬਿਨਾਂ ਕੇਂਦਰ ਸਰਕਾਰ ਦੀ ਇਜਾਜ਼ਤ ਦੇ ਦੂਜੇ ਸੂਬਿਆਂ ਵਿੱਚ ਡੈਪੂਟੇਸ਼ਨ 'ਤੇ ਚਲੇ ਜਾਂਦੇ ਹਨ ਤੇ ਕਾਰਜਕਾਲ ਪੂਰਾ ਹੋਣ ਤੇ ਵਾਪਸ ਨਹੀਂ ਆਉਂਦੇ।

ਬੀਬੀਸੀ ਕੋਲ ਇਸ ਬਾਰੇ ਦਿੱਤੇ ਗਏ ਨਿਰਦੇਸ਼ਾਂ ਦੀ ਕਾਪੀ ਹੈ।

ਕੀ ਹੈ ਪੂਰਾ ਮਾਮਲਾ

ਪੱਛਮੀ ਬੰਗਾਲ ਦੇ ਸਾਲ 1997 ਬੈਚ ਦੇ ਅਧਿਕਾਰੀ ਕੇਜੇਐਸ ਚੀਮਾ ਬਾਦਲ ਦੇ ਮੁੱਖ ਮੰਤਰੀ ਬਣਨ 'ਤੇ 2007 ਵਿੱਚ ਪੰਜਾਬ ਆਏ ਸਨ। ਜਿੱਥੇ ਉਨ੍ਹਾਂ ਨੇ ਬਾਦਲ ਦੇ ਸਪੈਸ਼ਲ ਨਿੱਜੀ ਸਕੱਤਰ ਦਾ ਅਹੁਦਾ ਸੰਭਾਲਿਆ।

ਦੂਜੇ ਸੂਬਿਆਂ ਵਿੱਚ ਡੈਪੂਟੇਸ਼ਨ 'ਤੇ ਜਾਣ ਲਈ ਕੇਂਦਰ ਸਰਕਾਰ ਤੋਂ ਇਜਾਜ਼ਤ ਲੈਣੀ ਪੈਂਦੀ ਹੈ। ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।

ਕੇਂਦਰ ਸਰਕਾਰ ਨੇ ਕੇਜੇਐਸ ਚੀਮਾ ਨੂੰ ਇੱਕ ਮਹੀਨੇ ਦੇ ਅੰਦਰ ਬੰਗਾਲ ਵਾਪਸ ਭੇਜਣ ਦੇ ਨਿਰਦੇਸ਼ ਦਿੱਤੇ ਸਨ।

ਪਰ ਨਿਰਦੇਸ਼ਾਂ 'ਤੇ ਗੌਰ ਨਾ ਕਰਦੇ ਹੋਏ ਕੇਜੇਐਸ ਚੀਮਾ ਵਾਪਸ ਨਹੀਂ ਗਏ ਤੇ ਬਾਦਲ ਦੇ ਦੂਜੀ ਵਾਰ ਦੇ ਕਾਰਜਕਾਲ ਵਿੱਚ ਵੀ ਪੰਜਾਬ ਹੀ ਰਹੇ। ਯਾਨਿ ਕਿ 2007 ਤੋਂ 2017 ਤੱਕ।

ਤਸਵੀਰ ਸਰੋਤ, dpr punjab

ਤਸਵੀਰ ਕੈਪਸ਼ਨ,

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਬੈਠੇ ਹਨ ਕੇਜੇਐਸ ਚੀਮਾ

ਪਰ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਦੇ ਅਗਲੇ ਮਹੀਨੇ ਹੀ ਕੇਜੇਐਸ ਚੀਮਾ ਨੂੰ ਵਾਪਸ ਪੱਛਮੀ ਬੰਗਾਲ ਭੇਜ ਦਿੱਤਾ। ਇਸ ਬਾਰੇ ਰਾਜਪਾਲ ਦੇ ਦਫ਼ਤਰ ਤੋਂ ਨਿਰੇਦਸ਼ ਅਪ੍ਰੈਲ ਮਹੀਨੇ ਜਾਰੀ ਹੋਏ।

ਬਿਨਾਂ ਇਜਾਜ਼ਤ ਦੂਜੇ ਸੂਬੇ ਵਿੱਚ ਡੈਪੂਟੇਸ਼ਨ 'ਤੇ ਜਾਣ ਕਾਰਨ ਕੇਂਦਰ ਨੇ ਬੰਗਾਲ ਸਰਕਾਰ ਨੂੰ ਪੁੱਛਿਆ ਇਸ ਅਧਿਕਾਰੀ ਖ਼ਿਲਾਫ਼ ਕੀ ਕਾਰਵਾਈ ਕੀਤੀ ਗਈ ਹੈ। ਬੰਗਾਲ ਸਰਕਾਰ ਨੇ ਇਸ ਬਾਰੇ ਕੇਂਦਰ ਨੂੰ ਕੋਈ ਜਵਾਬ ਨਹੀਂ ਦਿੱਤਾ।

ਕੇਂਦਰ ਸਰਕਾਰ ਮਜਬੂਰ!

ਹਾਲ ਹੀ ਵਿੱਚ ਇਸ ਮੁੱਦੇ 'ਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਵਿਚਾਲੇ ਚਰਚਾ ਹੋਈ ਕਿ ਅਜਿਹੇ ਅਧਿਕਾਰੀਆਂ ਖਿਲਾਫ਼ ਕੀ ਕਾਰਵਾਈ ਹੋਣੀ ਚਾਹੀਦੀ ਹੈ। ਉਪ ਸਕੱਤਰ ਅਸ਼ੀਸ਼ ਮੋਰੇ ਨੇ ਲਿਖਿਆ ਕਿ ਕਾਰਵਾਈ ਕਰਨ ਦਾ ਅਧਿਕਾਰ ਸੂਬੇ ਦੀ ਸਰਕਾਰ ਕੋਲ ਹੈ।

ਜੇਕਰ ਸੂਬੇ ਦੇ ਸਰਕਾਰ ਆਪਣੇ ਖ਼ਾਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨਹੀਂ ਕਰਦੀ, ਤਾਂ ਅਜਿਹਾ ਕਾਨੂੰਨ ਬਣਨਾ ਚਾਹੀਦਾ ਹੈ ਜਿਸ ਨਾਲ ਅਜਿਹੇ ਬੇਪਰਵਾਹ ਅਧਿਕਾਰੀਆਂ ਖ਼ਿਲਾਫ਼ ਕੇਂਦਰ ਸਰਕਾਰ ਕਾਰਵਾਈ ਕਰ ਸਕੇ।

ਇਸ ਬਾਰੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕੇਜੇਐਸ ਚੀਮਾ ਨੇ ਦੱਸਿਆ ਕਿ ਉਨ੍ਹਾਂ ਨੇ ਹਮੇਸ਼ਾ ਉਹੀ ਕੀਤਾ ਜੋ ਉਨ੍ਹਾਂ ਦੇ ਉੱਚ ਅਧਿਕਾਰੀਆਂ ਨੇ ਕਿਹਾ। ਮੈਂ ਕਦੀ ਉਨ੍ਹਾਂ ਦੇ ਕਹਿਣੇ ਤੋਂ ਬਾਹਰ ਨਹੀਂ ਗਿਆ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)