ਸ਼੍ਰੋਮਣੀ ਕਮੇਟੀ ਟਾਸਕ ਫੋਰਸ ਤੇ ਸਰਬੱਤ ਖ਼ਾਲਸਾ ਸਮਰਥਕ ਭਿੜੇ

golden temple Image copyright Ravinder singh
ਫੋਟੋ ਕੈਪਸ਼ਨ ਦਰਬਾਰ ਸਾਹਿਬ ਵਿਖੇ ਐਸਜੀਪੀਸੀ ਟਾਸਕ ਫੋਰਸ ਅਤੇ ਸਰਬੱਤ ਖ਼ਾਲਸਾ ਦੇ ਸਮਰਥਕ ਆਪਸ ਵਿੱਚ ਭਿੜ ਗਏ।

ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰਲੇ ਪਾਸੇ ਸ਼੍ਰੋਮਣੀ ਕਮੇਟੀ ਟਾਸਕ ਫੋਰਸ ਅਤੇ ਸਰਬੱਤ ਖ਼ਾਲਸਾ ਦੇ ਸਮਰਥਕਾਂ ਵਿਚਾਲੇ ਝੜਪ ਹੋਈ ਜਿਸ ਵਿੱਚ 7 ਲੋਕ ਜ਼ਖਮੀ ਹੋ ਗਏ।

ਗੁਰਦੁਆਰਾ ਕਾਹਨੂੰਵਾਨ ਛੰਭ ਛੋਟਾ ਘੱਲੂਘਾਰਾ ਦੇ ਮੁਲਾਜ਼ਮ ਬੂਟਾ ਸਿੰਘ 'ਤੇ ਇੱਕ ਮਹਿਲਾ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਲੱਗੇ ਸਨ।

ਜਿਸ ਦੇ ਕਾਰਨ ਜਥੇਦਾਰ ਅਕਾਲ ਤਖ਼ਤ ਸਾਹਿਬ ਵੱਲੋਂ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੌਹਰ ਸਿੰਘ ਨੂੰ ਪੇਸ਼ ਹੋਣ ਲਈ ਸੰਮਨ ਕੀਤਾ ਗਿਆ ਸੀ।

ਜੌਹਰ ਸਿੰਘ ਨੇ 13 ਅਕਤੂਬਰ ਨੂੰ ਅਕਾਲ ਤਖ਼ਤ ਸਾਹਮਣੇ ਪੇਸ਼ ਹੋਣਾ ਸੀ, ਪਰ ਉਹ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਵਲੋਂ ਕੀਤੀ ਜਵਾਬਤਲਬੀ 'ਤੇ ਵੀਰਵਾਰ ਨੂੰ ਹੀ ਪੇਸ਼ੀ ਲਈ ਆ ਗਏ।

Image copyright Ravinder singh
ਫੋਟੋ ਕੈਪਸ਼ਨ ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਦੇ ਸਾਹਮਣੇ ਪੇਸ਼ ਹੁੰਦੇ ਜੌਹਰ ਸਿੰਘ

ਸਰਬੱਤ ਖਾਲਸਾ ਦੇ ਜਥੇਦਾਰਾਂ ਵੱਲੋਂ ਜੌਹਰ ਸਿੰਘ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਅਤੇ ਧਾਰਮਿਕ ਸਜ਼ਾ ਲਾਈ ਗਈ।

ਜਦੋਂ ਸਰਬੱਤ ਖ਼ਾਲਸਾ ਦੇ ਜਥੇਦਾਰਾਂ ਦੇ ਸਮਰਥਕ ਦਰਬਾਰ ਸਾਹਿਬ ਅੰਦਰ ਦਾਖ਼ਲ ਹੋਣ ਲੱਗੇ ਤਾਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਰੋਕ ਲਿਆ, ਜਿਸ ਕਾਰਨ ਟਕਰਾਅ ਹੋ ਗਿਆ।

ਸ਼੍ਰੋਮਣੀ ਕਮੇਟੀ ਦੇ ਸਕੱਤਰ ਰੂਪ ਸਿੰਘ ਮੁਤਾਬਕ ਸਰਬੱਤ ਖ਼ਾਲਸਾ ਦੇ ਸਮਰਥਕਾਂ ਨੇ ਹਥਿਆਰਾਂ ਨਾਲ ਟਾਸਕ ਫ਼ੋਰਸ 'ਤੇ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਅਜਿਹੇ ਲੋਕ ਦਰਬਾਰ ਸਾਹਿਬ ਦੀ ਮਰਿਆਦਾ ਦੀ ਪਾਲਣਾ ਨਹੀਂ ਕਰਦੇ।

ਏਡੀਸੀਪੀ ਚਰਨਜੀਤ ਸਿੰਘ ਦਾ ਕਹਿਣਾ ਹੈ ਦਰਬਾਰ ਸਾਹਿਬ ਦੀ ਮਰਿਆਦਾ ਅਨੁਸਾਰ ਉਨ੍ਹਾਂ ਨੂੰ ਦਰਬਾਰ ਸਾਹਿਬ ਜਾਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਦੇ ਮੁਲਾਜ਼ਮਾਂ ਨੇ ਸਧਾਰਣ ਕੱਪੜਿਆਂ 'ਚ ਹੀ ਸਹੀ ਸਮੇਂ 'ਤੇ ਹਲਾਤਾਂ ਨੂੰ ਕਾਬੂ ਕੀਤਾ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)

ਸਬੰਧਿਤ ਵਿਸ਼ੇ