#100Women: ਹੱਦਾਂ-ਸਰਹੱਦਾਂ ਤੋਂ ਪਾਰ 'ਬੀਬੀਆਂ' ਦੀ ਪਰਵਾਜ਼

ਔਕੜਾਂ ਨੂੰ ਪਾਰ ਕਰ ਕੇ ਇਨ੍ਹਾਂ ਔਰਤਾਂ ਨੇ ਮਰਦ-ਪ੍ਰਧਾਨ ਖਿੱਤਿਆਂ ਵਿੱਚ ਆਪਣੀ ਇੱਕ ਪਛਾਣ ਬਣਾਈ ਹੈ।

ਸਧਾਰਨ ਘਰਾਂ ਦੀਆਂ ਇਹ ਔਰਤਾਂ ਸਮਾਜਕ ਵਿਤਕਰਿਆਂ ਨੂੰ ਸਰ ਕਰ ਕੇ ਅੱਗੇ ਵੱਧ ਰਹੀਆਂ ਹਨ।

ਬਾਊਂਸਰ, ਰੇਲਗੱਡੀ ਚਾਲਕ, ਪਾਰਕਿੰਗ ਸਹਾਇਕ ਅਤੇ ਪੁਲਿਸ ਦੀ ਨੌਕਰੀ ਕਰਦੀਆਂ, ਇਹ ਬਾਕੀ ਔਰਤਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦੀ ਪ੍ਰੇਰਨਾ ਦਿੰਦੀਆਂ ਹਨ।

ਪੂਜਾ, ਬਾਊਂਸਰ

ਬਾਊਂਸਰ ਦਾ ਨਾਂ ਸੁਣਦੇ ਸਾਡੇ ਜ਼ਹਨ ਵਿੱਚ ਇੱਕ ਉੱਚੇ ਲੰਬੇ ਨੌਜਵਾਨ ਦੀ ਤਸਵੀਰ ਬਣਦੀ ਹੈ ਜੋ ਭੀੜ ਨੂੰ ਹੁੜਦੰਗ ਮਚਾਉਣ ਤੋਂ ਰੋਕਦਾ ਹੈ।

ਤੁਹਾਨੂੰ ਕਿੱਦਾਂ ਲੱਗੇਗਾ ਜੇ ਇਹ ਕੰਮ ਇੱਕ ਕੁੜੀ ਕਰ ਰਹੀ ਹੋਵੇ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਮੈਂ ਸ਼ੁਰੂ ਤੋਂ ਬਾਊਂਸਰ ਬਣਨਾ ਚਾਹੁੰਦੀ ਸੀ: ਪੂਜਾ

ਪੂਜਾ ਇੱਕ ਬਾਊਂਸਰ ਹਨ। ਨਾ ਸਿਰਫ ਉਹ ਇਸ ਕੰਮ ਨੂੰ ਕਰਨ ਵਾਲੀਆਂ ਬਹੁਤ ਘੱਟ ਕੁੜੀਆਂ 'ਚੋਂ ਇੱਕ ਹਨ, ਬਲਕਿ ਇਸ ਖਿੱਤੇ ਵਿੱਚ ਆਉਣ ਵਾਲੀਆਂ ਪਹਿਲੀ ਕੁੜੀਆਂ 'ਚੋਂ ਹਨ। ਪੂਜਾ 2008 ਤੋਂ ਬਾਊਂਸਰ ਦਾ ਕੰਮ ਕਰ ਰਹੇ ਹਨ। ਇਹ ਕੰਮ ਸ਼ੁਰੂ ਕਰਨਾ ਉਨ੍ਹਾਂ ਲਈ ਸੌਖਾ ਨਹੀਂ ਸੀ। ਔਕੜਾਂ ਨੂੰ ਪਾਰ ਕਰ ਪੂਜਾ ਨੇ ਆਪਣੇ ਕੰਮ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ ਹੈ।

ਪੂਜਾ ਕਹਿੰਦੇ ਨੇ, "ਮੈਂ 17 ਸਾਲ ਦੀ ਸੀ ਜਦੋਂ ਮੇਰਾ ਵਿਆਹ ਹੋ ਗਿਆ। ਮੈਂ ਕੁਝ ਸਾਲ ਸਰਕਾਰੀ ਨੌਕਰੀ ਕੀਤੀ। ਇੱਕ ਸੜਕ ਹਾਦਸੇ ਵਿੱਚ ਮੈਨੂੰ ਬਹੁਤ ਸੱਟਾਂ ਵੱਜੀਆਂ ਤੇ ਮੈਂ ਇੱਕ ਸਾਲ ਤੋਂ ਜ਼ਿਆਦਾ ਸਮਾਂ ਬਿਸਤਰੇ ਤੋਂ ਉੱਠ ਨਹੀਂ ਸਕੀ। ਮੇਰੇ ਘਰ ਵਾਲਿਆਂ ਨੇ ਮੇਰੀ ਨੌਕਰੀ ਛਡਾ ਦਿੱਤੀ।"

ਪੂਜਾ ਨੇ ਅੱਗੇ ਦੱਸਿਆ, "ਠੀਕ ਹੋਣ ਤੋਂ ਬਾਅਦ ਮੈਂ ਇੱਕ ਹਸਪਤਾਲ ਵਿੱਚ ਗਾਰਡ ਦੀ ਨੌਕਰੀ ਕੀਤੀ। ਪਰ ਮੇਰਾ ਦਿਲ ਸੀ ਕਿ ਮੈਂ ਬਾਉਂਸਰ ਬਣਾ। ਪਹਿਲਾ ਮੇਰੇ ਮਾਪੇ ਇਸ ਦੇ ਪੱਖ਼ ਵਿੱਚ ਨਹੀਂ ਸੀ। ਹੁਣ ਉਹ ਕਹਿੰਦੇ ਨੇ ਕਿ ਸਾਨੂੰ ਚੰਗਾ ਲੱਗਦਾ ਹੈ।"

ਪੂਜਾ ਹੋਟਲਾਂ, ਡਿਸਕੋ ਅਤੇ ਨਿੱਜੀ ਪ੍ਰੋਗਰਾਮਾਂ ਵਿੱਚ ਸੁਰੱਖਿਆ ਦਿੰਦੇ ਹਨ।

ਉਹ ਮੋਟਰਸਾਈਕਲ 'ਤੇ ਸਫ਼ਰ ਕਰਦੇ ਹਨ ਭਾਵੇਂ ਰਾਤ ਨੂੰ ਕਿੰਨੀ ਵੀ ਦੇਰ ਹੋ ਜਾਏ।

ਉਨ੍ਹਾਂ ਕਿਹਾ, "ਮੇਰੇ ਪਤੀ ਸਰਕਾਰੀ ਨੌਕਰੀ 'ਚ ਹਨ। ਉਹ ਕਹਿੰਦੇ ਸੀ ਤੈਨੂੰ ਰਾਤ ਨੂੰ ਆਉਣ ਜਾਣ 'ਚ ਦਿੱਕਤ ਹੋਏਗੀ। ਮੈਂ ਇੱਕਲੀ ਰਾਤ ਨੂੰ ਮੋਟਰਸਾਈਕਲ 'ਤੇ ਆਉਂਦੀ ਹਾਂ ਤੇ ਕਦੇ ਕੋਈ ਦਿੱਕਤ ਨਹੀਂ ਆਈ।"

ਜਿੱਥੇ ਕੁੜੀਆਂ ਦੇ ਰਾਤ ਨੂੰ ਬਾਹਰ ਨਿਕਲਣ 'ਤੇ ਸਵਾਲ ਚੁੱਕੇ ਜਾਂਦੇ ਹਨ, ਪੂਜਾ ਬੇਧੜਕ ਆਪਣਾ ਕੰਮ ਕਰਦੀ ਹੈ।

ਪੂਜਾ ਨੇ ਦਸਵੀਂ 1996 ਵਿੱਚ ਕੀਤੀ ਸੀ ਅਤੇ ਪੜ੍ਹਾਈ ਛੱਡ ਦਿੱਤੀ। ਹੁਣ ਉਹ ਫੇਰ ਤੋਂ ਪੜ੍ਹ ਰਹੀ ਹੈ।

ਉਨ੍ਹਾਂ ਦੱਸਿਆ, "ਫਾਈਵ ਸਟਾਰ ਹੋਟਲਾਂ ਵਿੱਚ ਆਏ ਲੋਕ ਚੰਗੀ ਅੰਗਰੇਜ਼ੀ ਬੋਲਦੇ ਹਨ। ਇਸ ਕਰ ਕੇ ਮੈਂ ਵੀ ਅੱਗੇ ਪੜ੍ਹਨ ਦਾ ਟੀਚਾ ਮਿਥਿਆ ਕਿ ਮੈਨੂੰ ਵੀ ਅੰਗਰੇਜ਼ੀ ਆਉਣੀ ਚਾਹੀਦੀ ਹੈ।"

ਪੁਸ਼ਪਾ, ਪਾਰਕਿੰਗ ਸਹਾਇਕ

36 ਸਾਲ ਦੀ ਪੁਸ਼ਪਾ ਦੀ ਜ਼ਿੰਦਗੀ ਇੱਕੋ ਦਮ ਬਦਲ ਗਈ ਜਦੋਂ 2005 ਵਿੱਚ ਉਨ੍ਹਾਂ ਦੇ ਪਤੀ ਦੀ ਅਚਾਨਕ ਮੌਤ ਹੋ ਗਈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਚੰਡੀਗੜ੍ਹ 'ਚ ਔਰਤਾਂ ਨੇ ਚੁੱਕਿਆ ਪਾਰਕਿੰਗ ਦਾ ਕੰਮ ਸੰਭਾਲਣ ਦਾ ਜ਼ਿੰਮਾ

ਪੁਸ਼ਪਾ ਉਸ ਵੇਲੇ ਕੋਈ ਕੰਮ ਨਹੀਂ ਕਰਦੀ ਸੀ। ਘਰ ਦੀ ਅਤੇ ਉਨ੍ਹਾਂ ਦੇ ਤਿੰਨਾਂ ਬੱਚਿਆਂ ਨੂੰ ਸਾਂਭਣ ਦਾ ਜ਼ਿੰਮਾ ਉਨ੍ਹਾਂ ਦੇ ਮੋਢਿਆਂ ਤੇ ਪੈ ਗਿਆ।

ਪੁਸ਼ਪਾ ਆਪਣੀ ਮਾਂ ਦੇ ਘਰ ਆ ਗਏ ਅਤੇ ਜੋ ਕੰਮ ਮਿਲਿਆ ਕਰਦੇ ਗਏ। ਉਨ੍ਹਾਂ ਲੋਕਾਂ ਦੇ ਘਰਾਂ ਵਿੱਚ ਵੀ ਕੰਮ ਕੀਤਾ।

ਜੁਲਾਈ ਦੇ ਮਹੀਨੇ ਵਿੱਚ ਚੰਡੀਗੜ੍ਹ ਨਗਰ ਨਿਗਮ ਨੇ ਫੈਸਲਾ ਲਿੱਆ ਕਿ ਪਾਰਕਿੰਗ ਸੰਭਾਲਣ ਦਾ ਕੰਮ ਔਰਤਾਂ ਨੂੰ ਦਿੱਤਾ ਜਾਏਗਾ।

ਪਿਛਲੇ ਕੁਝ ਸਾਲਾਂ ਤੋਂ ਇਸ ਕੰਮ ਵਿੱਚ ਦਿੱਕਤ ਆ ਰਹੀ ਸੀ। ਇੱਕ ਕਾਰਨ ਇਹ ਸੀ ਕਿ ਪਾਰਕਿੰਗ ਅਟੇਂਨਡੈਂਟ ਅਤੇ ਲੇਕਾਂ ਵਿੱਚ ਝਗੜੇ ਵੱਧ ਰਹੇ ਸਨ।

ਇਹ ਮਹਿਸੂਸ ਕੀਤਾ ਗਿਆ ਕਿ ਔਰਤਾਂ ਜ਼ਿਆਦਾ ਵੱਧੀਆ ਢੰਗ ਨਾਲ ਇਹ ਕੰਮ ਕਰ ਸਕਣਗੀਆਂ। ਇਹ ਕੰਮ ਇੱਕ ਕੰਪਨੀ ਨੂੰ ਦਿੱਤਾ ਗਿਆ।

ਪੁਸ਼ਪਾ ਨੂੰ ਜਦੋਂ ਪਤਾ ਲੱਗਾ ਤੇ ਉਨ੍ਹਾਂ ਨੇ ਵੀ ਨੌਕਰੀ ਲਈ ਅਰਜ਼ੀ ਦਿੱਤੀ।

ਹੁਣ ਉਹ ਉਨ੍ਹਾਂ ਪਹਿਲੀਆਂ ਔਰਤਾਂ 'ਚੋ ਹੈ ਜੋ ਪਾਰਕਿੰਗ ਸੰਭਾਲਣ ਦਾ ਕੰਮ ਕਰ ਰਹੀਆਂ ਹਨ।

ਪੁਸ਼ਪਾ ਪਰਚੀਆਂ ਕੱਟਦੇ ਹਨ ਤੇ ਗੱਡੀਆਂ ਲਵਾਉਂਦੇ ਹਨ।

ਪੁਸ਼ਪਾ ਕਹਿੰਦੇ ਹਨ, "ਮੈਂ ਇਹ ਕੰਮ ਇਸ ਲਈ ਸ਼ੁਰੂ ਕੀਤਾ ਕਿ ਮੇਰੇ ਬੱਚੇ ਚੰਗਾ ਪੜ੍ਹ ਸਕਣ ਤੇ ਘਰ ਦਾ ਖਰਚਾ ਚੱਲ ਸਕੇ। ਜਦੋਂ ਮੇਰੇ ਪਤੀ ਦੀ ਮੌਤ ਹੋਈ ਤੇ ਮੇਰੇ ਬੱਚੇ ਬਹੁਤ ਛੋਟੇ ਸਨ। ਮੇਰੀ ਬੇਟੀ ਸਿਰਫ ਇੱਕ ਸਾਲ ਦੀ ਸੀ। ਮੈਂ ਤਾਂ ਜੋ ਵੀ ਨੌਕਰੀ ਕਰ ਰਹੀ ਹਾਂ ਠੀਕ ਹੈ। ਅੱਗੇ ਦੇ ਲਈ ਮੇਰੇ ਬੱਚੇ ਚੰਗੀ ਪੜ੍ਹਾਈ ਕਰਨ, ਚੰਗੀ ਨੌਕਰੀ ਕਰਨ।

ਉਨ੍ਹਾਂ ਦੱਸਿਆ ਕਿ ਔਰਤਾਂ ਦੇ ਪਾਰਕਿੰਗ ਵਿੱਚ ਲਗਣ ਨਾਲ ਲੋਕ ਬਹੁਤ ਖ਼ੁਸ਼ ਹਨ।

ਉਹ ਕਹਿੰਦੇ ਹਨ ਕਿ ਪਹਿਲਾਂ ਉਨ੍ਹਾਂ ਨੂੰ ਪਾਰਕਿੰਗ ਵਿੱਚ ਜਗ੍ਹਾ ਨਹੀਂ ਮਿਲਦੀ ਸੀ, ਪਰ ਹੁਣ ਇਦਾਂ ਨਹੀਂ ਹੈ।

ਪੁਸ਼ਪਾ ਦਾ ਮੰਨਣਾ ਹੈ ਕਿ ਸਾਰੀਆਂ ਔਰਤਾਂ ਨੂੰ ਕੰਮ ਜ਼ਰੂਰ ਕਰਨਾ ਚਾਹੀਦਾ ਹੈ।

ਉਹ ਕਹਿੰਦੇ ਨੇ, "ਇਦਾਂ ਨਹੀਂ ਹੋਣਾ ਚਾਹੀਦਾ ਕਿ ਉਹ ਡਰ ਕੇ ਘਰੋਂ ਨਾ ਨਿਕਲਣ। ਔਰਤਾਂ ਨੂੰ ਕਿਸੇ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ।"

ਲਕਸ਼ਮੀ, ਰੇਲਗੱਡੀ ਚਾਲਕ

ਝਾਰਖੰਡ ਦੀ ਰਹਿਣ ਵਾਲੀ ਇੱਕ ਸਕੂਲ ਜਾਣ ਵਾਲੀ ਬੱਚੀ ਜਦੋਂ ਰੇਲਗੱਡੀ ਨੂੰ ਦੇਖਦੀ ਸੀ ਤਾਂ ਉਸ ਵਿੱਚ ਇਹ ਪਤਾ ਕਰਨ ਦੀ ਇੱਛਾ ਜਾਗਦੀ ਸੀ ਕਿ ਇਸ ਵਿੱਚ ਕੀ ਹੁੰਦਾ ਹੈ।

ਵੱਡੀ ਹੋ ਕੇ ਉਸ ਬੱਚੀ ਨੇ ਆਪਣੀ ਇਹ ਇੱਛਾ ਪੂਰੀ ਕੀਤੀ। ਉੱਤਰੀ ਰੇਲਵੇ ਦੀ ਪਹਿਲੀ ਲੋਕੋ ਡਰਾਈਵਰ ਬਣ ਕੇ।

ਲਕਸ਼ਮੀ ਕਹਿੰਦੇ ਹਨ, "ਮੇਰੇ ਮਾਤਾ-ਪਿਤਾ ਮਜ਼ਦੂਰ ਸਨ। ਜਦੋਂ ਮੇਰਾ ਕਿੱਤਾ ਚੋਣ ਕਰਨ ਦਾ ਸਮਾਂ ਆਇਆ ਤੇ ਲੱਗਿਆ ਕਿ ਟ੍ਰੇਨ ਡਰਾਈਵਰ ਵੀ ਬਣਿਆ ਜਾ ਸਕਦਾ ਹੈ। ਸੁਭਾਗ ਦੀ ਗੱਲ ਹੈ ਮੈਂ 2005 ਵਿੱਚ ਉੱਤਰੀ ਰੇਲਵੇ ਦੀ ਪਹਿਲੀ ਲੋਕੋ ਡਰਾਈਵਰ ਬਣ ਗਈ।"

ਸ਼ੁਰੂ ਵਿੱਚ ਕਈ ਦਿੱਕਤਾਂ ਵੀ ਆਈਆਂ।

ਉਨ੍ਹਾਂ ਦੱਸਿਆ, "ਲੋਕਾਂ ਨੂੰ ਯਕੀਨ ਹੀ ਨਹੀਂ ਹੁੰਦਾ ਸੀ ਕਿ ਮੈਂ ਲੋਕੋ ਪਾਇਲਟ ਹਾਂ। ਉਹ ਮੇਰੇ ਸੀਨੀਅਰਾਂ ਨੂੰ ਫੋਨ ਕਰਦੇ ਸੀ ਕਿ ਕੋਈ ਕੁੜੀ ਆਈ ਹੋਈ ਹੈ ਜੋ ਆਪਣੇ ਆਪ ਨੂੰ ਲੋਕੋ ਪਾਇਲਟ ਕਹਿ ਰਹੀ ਹੈ। ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗ ਗਿਆ।"

ਲਕਸ਼ਮੀ ਨੇ ਕਿਹਾ ਕਿ ਪਹਿਲਾਂ ਰਨਿੰਗ ਰੂਮ ਵਿੱਚ ਔਰਤਾਂ ਦੇ ਰਹਿਣ ਲਈ ਵੱਖਗੀ ਥਾਂ ਨਹੀਂ ਸੀ ਅਤੇ ਨਾ ਹੀ ਵੱਖਰੇ ਬਾਥਰੂਮ ਸਨ। ਹੁਣ ਇਹ ਸੁਵਿਧਾਵਾਂ ਮਿਲ ਗਈਆਂ ਹਨ।

ਬੱਚੇ ਛੋਟੇ ਹੋਣ ਕਰ ਕੇ ਲਕਸ਼ਮੀ ਨੇ ਕੁਝ ਸਾਲ ਦਫ਼ਤਰ ਵਿੱਚ ਕੰਮ ਕੀਤਾ। ਉਸ ਤੋਂ ਬਾਅਦ ਉਸ ਨੇ ਇੱਛਾ ਜਤਾਈ ਕਿ ਉਹ ਰੇਲਗੱਡੀ ਚਲਾਉਣਾ ਚਾਹੁੰਦੀ ਹੈ।

ਅੱਜ ਕੱਲ ਉਹ ਦਿੱਲੀ ਤੇ ਰੇਵਾੜੀ ਦੇ ਵਿੱਚ ਰੇਲਗੱਡੀ ਚਲਾਉਂਦੀ ਹੈ। ਹੁਣ ਤੱਕ ਲਕਸ਼ਮੀ 50000 ਕਿਲੋਮੀਟਰ ਗੱਡੀ ਚਲਾ ਚੁੱਕੀ ਹੈ।

ਲਕਸ਼ਮੀ ਨੇ ਕਿਹਾ, "ਮੇਰੇ ਪਤੀ ਨੇ ਮੇਰਾ ਬਹੁਤ ਸਾਥ ਦਿੱਤਾ। ਉਹ ਟੀਚਰ ਸਨ। ਬੱਚਿਆਂ ਦਾ ਧਿਆਨ ਰੱਖਿਆ ਜਾ ਸਕੇ, ਇਸ ਲਈ ਉਨ੍ਹਾਂ ਨੇ ਆਪਣੀ ਨੌਕਰੀ ਛੱਡ ਦਿੱਤੀ ਤਾਂ ਕਿ ਮੈਂ ਨੌਕਰੀ ਕਰ ਸਕਾਂ। ਮੇਰੀ ਇੱਕ ਬੱਚੀ 8 ਸਾਲ ਦੀ ਹੈ ਅਤੇ ਦੂਜੀ 5 ਸਾਲ ਦੀ। ਉਹ ਸਕੂਲ ਜਾਂਦੀਆਂ ਹਨ। ਹੁਣ ਮੇਰੇ ਪਤੀ ਵੀ ਦੁਬਾਰਾ ਕੰਮ ਸ਼ੁਰੂ ਕਰਨਗੇ। "

ਲਕਸ਼ਮੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਚੰਗਾ ਲੱਗਦਾ ਹੈ ਜਦੋਂ ਕੁੜੀਆਂ ਦੇ ਮਾਪੇ ਉਨ੍ਹਾਂ ਕੋਲ ਆ ਕੇ ਇਹ ਪੁੱਛਦੇ ਹਨ ਕਿ ਉਹ ਆਪਣੀਆਂ ਬੇਟੀਆਂ ਨੂੰ ਰੇਲਗੱਡੀ ਦਾ ਚਾਲਕ ਕਿੱਦਾਂ ਬਣਾ ਸਕਦੇ ਹਨ।

ਲਕਸ਼ਮੀ ਕਹਿੰਦੇ ਹਨ, "ਅੱਜ ਦੇ ਦੌਰ ਦੀ ਗੱਲ ਕਰੀਏ ਤੇ ਕੁੜੀਆਂ ਨੂੰ ਆਤਮ ਨਿਰਭਰ ਹੋਣਾ ਚਾਹੀਦਾ ਹੈ। ਉਨ੍ਹਾਂ ਵਿੱਚ ਇੱਕ ਹਿੰਮਤ ਆਉਂਦੀ ਹੈ। ਉਨ੍ਹਾਂ ਵਿੱਚ ਚੰਗੇ-ਮਾੜੇ ਦੀ ਸਮਝ ਆਉਂਦੀ ਹੈ। ਉਹ ਫ਼ੈਸਲੇ ਲੈਣ ਵਿੱਚ ਸਮਰਥ ਹੋ ਜਾਂਦੀਆਂ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦਾ ਵੀ ਘਰ ਵਿੱਚ ਕੋਈ ਰੋਲ ਹੈ।"

ਅਨੀਤਾ ਕੁੰਡੂ, ਹਰਿਆਣਾ ਪੁਲਿਸ ਇੰਸਪੈਕਟਰ

2013 ਵਿੱਚ ਨੇਪਾਲ ਵੱਲੋਂ ਮਾਊਂਟ ਏਵਰੈਸਟ ਫਤਿਹ ਕਰਨ ਤੋਂ ਬਾਅਦ, ਅਨੀਤਾ ਇਸ ਸਾਲ ਚੀਨ ਵੱਲੋਂ ਵੀ ਇਸ ਪਹਾੜੀ ਤੇ ਚੜ੍ਹੀ।

ਅਨੀਤਾ ਦੱਸਦੀ ਹੈ ਕਿ ਇਹ ਪ੍ਰਾਪਤੀ ਕਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਹਨ।

Image copyright Anita/Facebook

ਹਿਸਾਰ ਤੋਂ 50 ਕਿਲੋਮੀਟਰ ਦੂਰ ਇੱਕ ਪਿੰਡ ਵਿੱਚ ਪੈਦਾ ਹੋਈ ਅਨੀਤਾ ਦਾ ਇਹ ਸਫ਼ਰ ਚੁਣੌਤੀਆਂ ਨਾਲ ਭਰਿਆ ਰਿਹਾ।

ਅਨੀਤਾ 13 ਸਾਲ ਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਪੜ੍ਹਾਈ ਕਰਨ ਦੇ ਨਾਲ ਅਨੀਤਾ ਨੇ ਆਪਣੀ ਮਾਂ ਦੀ ਘਰ ਚਲਾਉਣ 'ਚ ਮਦਦ ਕੀਤੀ।

ਅਨੀਤਾ ਕਹਿੰਦੇ ਨੇ, "ਮੇਰੇ ਮਾਤਾ-ਪਿਤਾ ਅਣਪੜ੍ਹ ਸਨ। ਪਿਤਾ ਦੀ ਮੌਤ ਤੋਂ ਬਾਅਦ ਮੈਂ ਪਸ਼ੂ ਪਾਲਣ ਕੀਤਾ ਤੇ ਦੁੱਧ ਵੇਚਿਆ। ਅਸੀਂ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਵੀ ਕੀਤੀ। ਮੈਂ ਬਾਕਸਿੰਗ ਸ਼ੁਰੂ ਕੀਤੀ ਸੀ ਜੋ ਛੱਡਣੀ ਪਈ"

ਉਨ੍ਹਾਂ ਅੱਗੇ ਦੱਸਿਆ, "ਕਾਲਜ ਤੋਂ ਬਾਅਦ ਮੈਨੂੰ ਪੁਲਿਸ ਵਿੱਚ ਕੌਂਸਟੇਬਲ ਦੀ ਨੌਕਰੀ ਮਿਲ ਗਈ। ਇਸ ਦੌਰਾਨ ਮੇਰਾ ਰੁਝਾਨ ਪਹਾੜ ਚੜ੍ਹਨ ਵੱਲ ਹੋ ਗਿਆ ਤੇ ਮੈਂ ਇਸ ਦੀ ਟ੍ਰੇਨਿੰਗ ਲਈ। ਮੈਂ ਕਈ ਪਹਾੜੀਆਂ ਤੇ ਚੜ੍ਹੀ। ਮੇਰੀ ਸਭ ਤੋਂ ਵੱਡੀ ਕਾਮਯਾਬੀ ਹੈ ਮਾਊਂਟ ਏਵਰੈਸਟ ਚੀਨ ਤੇ ਨੇਪਾਲ ਦੋਵੇਂ ਪਾਸਿਓਂ ਫਤਿਹ ਕਰਨਾ।"

Image copyright Anita/Facebook

ਅਨੀਤਾ ਦੱਸਦੇ ਹਨ ਕਿ ਜਦੋਂ ਉਨ੍ਹਾਂ ਪਹਾੜ ਚੜ੍ਹਨ ਦਾ ਫੈਸਲਾ ਲਿਆ ਤੇ ਲੋਕਾਂ ਨੇ ਬਹੁਤ ਸਵਾਲ ਚੁੱਕੇ। ਪਰ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਆਪਣੀ ਇਸ ਇੱਛਾ ਬਾਰੇ ਸਮਝਾਇਆ ਤੇ ਉਹ ਮੰਨ ਗਏ।

ਅਨੀਤਾ ਨੇ ਕਿਹਾ, "ਮੇਰੀ ਸਫਲਤਾ ਤੋਂ ਬਾਅਦ ਲੋਕਾਂ ਦਾ ਨਜ਼ਰੀਆ ਬਦਲ ਗਿਆ। ਹੁਣ ਉਹ ਮੈਨੂੰ ਪ੍ਰੇਰਨਾ ਸਰੋਤ ਵਾਂਗ ਦੇਖਦੇ ਹਨ। ਕੋਈ ਇਹ ਵੀ ਨਹੀਂ ਪੁੱਛਦਾ ਕਿ ਮੈਂ ਵਿਆਹ ਕਦੋਂ ਕਰਵਾਊਂਗੀ।"

ਇਨ੍ਹਾਂ ਦਾ ਸੁਪਨਾ ਹੈ ਅਗਲੇ ਸਾਲ ਦੋ ਹੋਰ ਪਹਾੜਾਂ ਤੇ ਫਤਿਹ ਪਾਉਣਾ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)

ਸਬੰਧਿਤ ਵਿਸ਼ੇ