ਕੀ ਯੋਗੀ ਬੀਜੇਪੀ ਨੂੰ ਗੁਜਰਾਤ ’ਚ ਬਚਾ ਸਕਣਗੇ?

ਆਦਿੱਤਿਆਨਾਥ ਯੋਗੀ, ਮੁੱਖ ਮੰਤਰੀ, ਉੱਤਰ ਪ੍ਰਦੇਸ Image copyright Getty Images

ਕੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਹਿੰਦੁਤਵ ਦੇ ਚਿਹਰੇ ਵਜੋਂ ਜਾਣੇ ਜਾਂਦੇ ਯੋਗੀ ਆਦਿੱਤਿਆਨਾਥ ਗੁਜਰਾਤ ਚੋਣਾਂ ਵਿੱਚ ਬੀਜੇਪੀ ਦੀ ਜਿੱਤ ਪੱਕੀ ਕਰ ਸਕਣਗੇ?

ਬੀਜੇਪੀ ਨੇ ਇੱਕ ਅਕਤੂਬਰ ਤੋਂ ਸ਼ੁਰੂ ਹੋਈ ਗੁਜਰਾਤ ਗੌਰਵ ਯਾਤਰਾ ਵਿੱਚ ਯੋਗੀ ਆਦਿੱਤਿਆਨਾਥ ਨੂੰ ਪ੍ਰਚਾਰ ਲਈ ਉਤਾਰਿਆ ਹੈ। ਇਹ ਯਾਤਰਾ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਸਥਾਨ ਕਰਮਸਦ ਤੋਂ ਸ਼ੁਰੂ ਹੋਈ ਸੀ।

ਯੋਗੀ ਨੇ ਪਰਡੀ ਟਾਊਨ, ਚਿਖਲੀ ਅਤੇ ਦੱਖਣੀ ਗੁਜਰਾਤ ਦੇ ਦੂਜੇ ਹਿੱਸਿਆਂ ਵਿੱਚ ਸ਼ੁਕਰਵਾਰ ਨੂੰ ਜਨਸਭਾਵਾਂ ਨੂੰ ਸੰਬੋਧਨ ਕੀਤਾ। ਸ਼ਨੀਵਾਰ ਨੂੰ ਪ੍ਰਚਾਰ ਦੇ ਲਈ ਯੋਗੀ ਕੱਛ ਜ਼ਿਲ੍ਹੇ ਵਿੱਚ ਜਾਣਗੇ।

ਨਜ਼ਰੀਆ: 2000 ਦਾ ਨੋਟ ਤੇ ਮੋਦੀ ਦਾ ਹਿੰਦੂਵਾਦ

ਗੁਜਰਾਤ: ਮੋਦੀ ਨੂੰ ਟੱਕਰ ਦੇ ਸਕਣਗੇ ਰਾਹੁਲ?

'ਹਿੰਦੁਤਵ ਹੈ ਏਜੇਂਡਾ'

ਮਾਹਿਰਾਂ ਦਾ ਕਹਿਣਾ ਹੈ ਕਿ ਹਿੰਦੁਤਵ ਦਾ ਏਜੇਂਡਾ ਲੈ ਕੇ ਅੱਗੇ ਵੱਧਣਾ ਬੀਜੇਪੀ ਦੀ ਮਜਬੂਰੀ ਹੈ ਤਾਂ ਜੋ ਦੱਖਣੀ ਗੁਜਰਾਤ ਵਿੱਚ ਆਪਣਾ ਪੁਰਾਣਾ ਵੋਟ ਬੈਂਕ ਵਾਪਸ ਹਾਸਿਲ ਕਰ ਸਕੇ।

ਸੂਰਤ ਦੇ ਸੀਨੀਅਰ ਪੱਤਰਕਾਰ ਫਇਸਲ ਬਕੀਲੀ ਕਹਿੰਦੇ ਹਨ, "ਜਦੋਂ ਯੋਗੀ ਨੂੰ ਯੂ.ਪੀ ਦਾ ਸੀਐੱਮ ਬਣਾਇਆ ਗਿਆ, ਉਹ ਦੇਸ ਵਿੱਚ ਮੋਦੀ ਤੋਂ ਬਾਅਦ ਦੂਜੇ ਸਭ ਤੋਂ ਵੱਧ ਮਸ਼ਹੂਰ ਨੇਤਾ ਸੀ।''

"ਪਰ ਯੋਗੀ ਬੀਜੇਪੀ ਦੇ ਲਈ ਹਿੰਦੂ ਚਿਹਰਾ ਬਣ ਰਹੇ ਹਨ। ਦੇਸ ਨੂੰ ਅਜੇ ਵੀ ਇੰਤਜ਼ਾਰ ਹੈ ਕਿ ਯੋਗੀ ਆਪਣੇ ਕਾਰਜਕਾਲ ਵਿੱਚ ਸੂਬੇ ਵਿੱਚ ਕਿਹੜਾ ਵਿਕਾਸ ਕਾਰਜ ਕਰਦੇ ਹਨ।''

ਯੋਗੀ ਦੇ ਪ੍ਰਚਾਰ ਨੂੰ ਹੁੰਗਾਰਾ ਨਹੀਂ

ਬੀਜੇਪੀ ਨੇ ਹੁਣ ਤੱਕ ਦੋ ਯਾਤਰਾਵਾਂ ਕੱਢੀਆਂ ਹਨ। ਆਦੀਵਾਸੀ ਯਾਤਰਾ ਅਤੇ ਗੌਰਵ ਯਾਤਰਾ।

ਦੋਹਾਂ ਯਾਤਰਾਵਾਂ ਵਿੱਚ ਬੀਜੇਪੀ ਨੂੰ ਖ਼ਾਸ ਹੁੰਗਾਰਾ ਨਹੀਂ ਮਿਲਿਆ। ਜਿਸ ਤੋਂ ਬਾਅਦ ਹੁਣ ਪਾਰਟੀ ਨੇ ਹਿੰਦੁਤਵ ਦੇ ਚਿਹਰੇ ਦਾ ਰੁਖ ਕੀਤਾ।

ਇਸਦੇ ਇਲਾਵਾ ਦੱਖਣੀ ਗੁਜਰਾਤ ਵਿੱਚ ਕਾਫ਼ੀ ਉੱਤਰੀ ਭਾਰਤੀ ਵੀ ਰਹਿੰਦੇ ਹਨ। ਇੱਕ ਅੰਦਾਜ਼ੇ ਮੁਤਾਬਕ ਦੱਖਣੀ ਗੁਜਰਾਤ ਵਿੱਚ 15 ਲੱਖ ਤੋਂ ਵੱਧ ਉੱਤਰੀ ਭਾਰਤੀ ਰਹਿੰਦੇ ਹਨ।

Image copyright Getty Images

ਯੋਗੀ ਸੂਰਤ ਵਿੱਚ ਸ਼ੁਕਰਵਾਰ ਨੂੰ ਉਦਯੋਗਪਤੀਆਂ ਨਾਲ ਮੁਲਾਕਾਤ ਕਰਨਗੇ। ਇਨ੍ਹਾਂ ਵਿੱਚ ਉੱਤਰੀ ਭਾਰਤ ਦੇ ਵਪਾਰੀ ਵੀ ਸ਼ਾਮਲ ਹਨ।

ਪਰਡੀ ਤੇ ਵਲਸਾਡ ਵਿੱਚ ਉਨ੍ਹਾਂ ਦੀਆਂ ਜਨਸਭਾਵਾਂ ਨੂੰ ਜ਼ਿਆਦਾ ਹੁੰਗਾਰਾ ਨਹੀਂ ਮਿਲਿਆ।

ਜਿਨ੍ਹਾਂ ਲੋਕਾਂ ਨੇ ਰੈਲੀ ਵਿੱਚ ਹਿੱਸਾ ਲਿਆ, ਉਨ੍ਹਾਂ ਵਿੱਚੋਂ ਕਾਫ਼ੀ ਲੋਕ ਟਿਕਟ ਚਾਹੁੰਦੇ ਹਨ। ਜੋ ਸ਼ਕਤੀ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਵਿੱਚ ਹਨ।

ਪਰ ਦੇਸ ਦੇ ਸਭ ਤੋਂ ਵੱਡੇ ਸੂਬੇ ਦੇ ਮੁੱਖ ਮੰਤਰੀ ਜਿਸ ਤਰੀਕੇ ਨਾਲ ਇੱਥੇ ਜਨਸਭਾਵਾਂ ਕਰ ਰਹੇ ਹਨ, ਉਸ ਨਾਲ ਸਭ ਸਮਝ ਆਉਂਦਾ ਹੈ।

ਕੀ ਵਿਕਾਸ ਮਾਡਲ ਪਿੱਛੇ ਹੈ?

ਵਲਸਾਡ ਵਿੱਚ ਯੋਗੀ ਦੇ ਸ਼ੋਅ ਦੌਰਾਨ ਸੜ੍ਹਕਾਂ 'ਤੇ ਬਹੁਤ ਘੱਟ ਲੋਕ ਦਿਖੇ। ਫਇਸਲ ਬਕੀਲੀ ਕਹਿੰਦੇ ਹਨ, "ਕਿ ਇਹ ਦਿਲਚਸਪ ਹੈ ਕਿ ਵਲਸਾਡ ਨੇ ਦੇਸ 'ਤੇ ਰਾਜ ਕਰਨ ਵਾਲੇ ਨੇਤਾ ਦਿੱਤੇ ਹਨ।''

ਉਨ੍ਹਾਂ ਕਿਹਾ, "ਬੀਤੇ ਤਿੰਨ ਦਹਾਕਿਆਂ ਤੋਂ ਅਜਿਹਾ ਹੋ ਰਿਹਾ ਹੈ ਕਿ ਜਿਸ ਪਾਰਟੀ ਦਾ ਮੈਂਬਰ ਪਾਰਲੀਮੈਂਟ ਵਲਸਾਡ ਤੋਂ ਚੋਣ ਜਿੱਤਦਾ ਹੈ, ਕੇਂਦਰ ਵਿੱਚ ਉਸਦੀ ਸਰਕਾਰ ਬਣਦੀ ਹੈ।''

"ਜੇਕਰ ਬੀਜੇਪੀ ਵਲਸਾਡ ਵਿੱਚ ਪਿੱਛੇ ਹੁੰਦੀ ਹੈ ਤਾਂ ਉਸਦੇ ਲਈ ਇਹ ਚਿੰਤਾ ਦੀ ਗੱਲ ਹੋਵੇਗੀ।''

Image copyright Getty Images

ਬਕੀਲੀ ਇਹ ਵੀ ਕਹਿੰਦੇ ਹਨ ਕਿ, "ਜੇਕਰ ਬੀਜੇਪੀ ਆਪਣੇ ਵਿਕਾਸ ਕਾਰਜਾਂ ਨੂੰ ਸਾਹਮਣੇ ਰੱਖਣਾ ਚਾਹੁੰਦੀ ਹੈ ਤਾਂ ਉਹ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਜਾਂ ਮੱਧ ਪ੍ਰਦੇਸ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਉਤਾਰ ਸਕਦੀ ਸੀ।''

"ਜਿਨ੍ਹਾਂ ਨੇ ਲੰਬੇ ਵਕਤ ਤੋਂ ਆਪਣੇ ਸੂਬਿਆਂ ਵਿੱਚ ਕੁਝ ਬੇਹਤਰ ਕੰਮ ਕੀਤੇ ਹਨ। ਪਰ ਬੀਜੇਪੀ ਨੇ ਯੋਗੀ ਨੂੰ ਉਤਾਰਿਆ ਅਤੇ ਇਸ ਨਾਲ ਸਾਫ਼ ਦਿਖਾਈ ਦਿੰਦਾ ਹੈ ਕਿ ਝੁਕਾਅ ਕਿਸ ਪਾਸੇ ਹੈ।''

'ਰਵਾਇਤੀ ਵੋਟ ਬੈਂਕ ਨਾਰਾਜ਼'

ਰਾਜਕੋਟ ਦੇ ਸੀਨੀਅਰ ਪੱਤਰਕਾਰ ਕਿਰਿਤ ਸਿੰਘ ਜਾਲਾ ਕਹਿੰਦੇ ਹਨ, "ਪਹਿਲੀ ਗੇੜ ਵਿੱਚ ਗੁਜਰਾਤ ਗੌਰਵ ਯਾਤਰਾ ਨੂੰ ਸੌਰਾਸ਼ਟਰ ਖੇਤਰ ਵਿੱਚ ਖ਼ਾਸ ਪ੍ਰਤੀਕਿਰਿਆ ਨਹੀਂ ਮਿਲੀ, ਜੋ ਕਿ ਉਨ੍ਹਾਂ ਦਾ ਰਵਾਇਤੀ ਵੋਟ ਬੈਂਕ ਹੈ।''

"ਇੱਥੇ ਪਾਰਟੀ ਨੂੰ ਪਾਟੀਦਾਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਜੋ ਓਬੀਸੀ ਕੋਟੇ ਵਿੱਚ ਨੌਕਰੀਆਂ ਵਿੱਚ ਰਾਖਵਾਂਕਰਨ ਦੇਣ ਦੀ ਮੰਗ ਕਰ ਰਹੇ ਹਨ।''

Image copyright Getty Images

"ਕਿਸਾਨ ਵੀ ਫ਼ਸਲ ਬੀਮਾ ਅਤੇ ਨਰਮਦਾ ਦੇ ਪਾਣੀ ਨੂੰ ਲੈ ਕੇ ਸਰਕਾਰ ਤੋਂ ਨਾਰਾਜ਼ ਹਨ।''

ਬੀਜੇਪੀ ਦਾ ਵਿਰੋਧ

ਜਾਲਾ ਨੇ ਇਹ ਵੀ ਕਿਹਾ, "ਸੌਰਾਸ਼ਟਰ ਖੇਤਰ ਵਿੱਚ ਵਿਰੋਧ ਪ੍ਰਦਰਸ਼ਨਾਂ ਦੀ ਵਜ੍ਹਾ ਕਰਕੇ ਬੀਜੇਪੀ ਦੀ ਯਾਤਰਾ ਕੁਝ ਪਿੰਡਾਂ ਵਿੱਚ ਵੜ੍ਹ ਵੀ ਨਹੀਂ ਸਕੀ। ਬੀਜੇਪੀ ਦੇ ਲਈ ਸੌਰਾਸ਼ਟਰ ਵਿੱਚ ਇਹ ਚੰਗਾ ਸੰਕੇਤ ਨਹੀਂ ਹੈ।''

ਉਹ ਕਹਿੰਦੇ ਹਨ, "ਮੁਸ਼ਕਲ ਇਹ ਹੈ ਕਿ ਇਹ ਉਹ ਪਾਟੀਦਾਰ ਹਨ ਜਿਨ੍ਹਾਂ ਨੇ ਨਰਿੰਦਰ ਮੋਦੀ ਦੇ ਗੁਜਰਾਤ ਮਾਡਲ ਦੀ ਰੱਜ ਕੇ ਤਾਰੀਫ਼ ਕੀਤੀ ਸੀ ਅਤੇ ਬੀਜੇਪੀ ਦਾ ਵੋਟ ਬੈਂਕ ਵਧਾਇਆ ਸੀ।''

"ਹੁਣ ਉਹ ਖੁੱਲ੍ਹੇਆਮ ਗੁਜਰਾਤ ਮਾਡਲ ਦੀ ਆਲੋਚਨਾ ਕਰ ਰਹੇ ਹਨ। ਅਤੇ ਉਹ 'ਗੌਰਵ ਯਾਤਰਾ' ਨੂੰ 'ਕੌਰਵ ਯਾਤਰਾ' ਕਹਿ ਰਹੇ ਹਨ।''

ਸਿਆਸੀ ਮਾਮਲਿਆਂ 'ਤੇ ਨਜ਼ਰ ਰੱਖਣ ਵਾਲੇ ਲੋਕ ਕਹਿੰਦੇ ਹਨ ਕਿ ਜੋ ਬੀਜੇਪੀ ਪਹਿਲਾਂ ਹਮਲਾਵਰ ਰੁਖ ਅਪਣਾਉਂਦੀ ਸੀ ਹੁਣ ਉਹ ਬਚਾਅ ਦੇ ਮੋਡ ਵਿੱਚ ਹੈ।

ਉਨ੍ਹਾਂ ਨੇ ਹਰ ਸਾਲ ਮੋਦੀ ਦੇ ਗੁਜਰਾਤ ਮਾਡਲ ਦਾ ਬਚਾਅ ਕਰਨਾ ਹੀ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)