ਏਪੀਜੇ ਅਬਦੁਲ ਕਲਾਮ ਨੂੰ ਪੰਜਾਬੀ ਨਹੀਂ ਸੀ ਆਉਂਦੀ, ਮੈਨੂੰ ਅੰਗਰੇਜ਼ੀ ਦਾ ਗਿਆਨ ਨਹੀਂ ਸੀ - ਬਲਬੀਰ ਸਿੰਘ ਸੀਚੇਵਾਲ

ਮਰਹੂਮ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਦੀ ਅੱਜ ਜਯੰਤੀ ਹੈ। ਮੁਲਕ ਦੇ 11ਵੇਂ ਰਾਸ਼ਟਰਪਤੀ ਕਲਾਮ ਨੂੰ ਭਾਰਤ ਦਾ ਮਿਜ਼ਾਈਲ ਮੈਨ ਵੀ ਆਖਿਆ ਜਾਂਦਾ ਹੈ।
ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਨੇ ਬੀਬੀਸੀ ਨਿਊਜ਼ ਪੰਜਾਬੀ ਨੂੰ ਡਾ. ਕਲਾਮ ਨਾਲ ਹੋਈਆਂ ਮੁਲਾਕਾਤਾਂ ਬਾਰੇ ਦੱਸਿਆ।
"ਰਾਸ਼ਟਰਪਤੀ ਹੁੰਦਿਆ ਹੋਇਆ ਡਾ. ਕਲਾਮ ਨੂੰ ਕਈ ਵਾਰ ਮਿਲਣ ਦਾ ਮੌਕਾ ਮਿਲਿਆ। ਤਿੰਨ ਵਾਰ ਰਾਸ਼ਟਰਪਤੀ ਭਵਨ ਵਿੱਚ ਤੇ ਦੋ ਵਾਰ ਸੁਲਤਾਨਪੁਰ ਲੋਧੀ ਵਿੱਚ।
ਅਸਲ ਵਿੱਚ ਇੰਨ੍ਹਾਂ ਮਿਲਣੀਆਂ ਦਾ ਸਬੱਬ ਬਾਬੇ ਨਾਨਕ ਦੀ ਪਵਿੱਤਰ ਵੇਈਂ ਬਣੀ ਸੀ।
ਸਾਨੂੰ ਅੱਜ ਵੀ ਉਹ ਦਿਨ ਯਾਦ ਹੈ ਜਦੋਂ 17 ਅਗਸਤ 2006 ਨੂੰ ਸਿਖਰਾਂ ਦੀ ਧੁੱਪ ਵਿੱਚ ਡਾ. ਕਲਾਮ ਦਾ ਹੈਲੀਕਾਪਟਰ ਸੁਲਤਾਨਪੁਰ ਦੀ ਧਰਤੀ 'ਤੇ ਉਤਰਿਆ ਸੀ।
ਉਹ ਪਵਿੱਤਰ ਵੇਈਂ ਦੀ ਕਾਰ ਸੇਵਾ ਰਾਹੀਂ ਹੋਈ ਸਫ਼ਾਈ ਦੇਖਣ ਲਈ ਆਏ ਸਨ।
ਡਾ. ਕਲਾਮ ਨੇ ਮੇਰਾ ਹੱਥ ਫੜਿਆ 'ਤੇ ਮੈਨੂੰ ਨਦੀਂ ਦੇ ਕੰਢੇ ਵੱਲ ਲੈ ਗਏ।
ਕਲਾਮ ਸਾਹਿਬ ਨੂੰ ਪੰਜਾਬੀ ਨਹੀਂ ਸੀ ਆਉਂਦੀ ਤੇ ਸਾਡੇ ਅੰਗਰਜ਼ੀ ਪੱਲ੍ਹੇ ਨਹੀਂ ਸੀ ਪੈਂਦੀ।
ਲੋਕ ਤੇ ਅਫ਼ਸਰ ਹੈਰਾਨ ਸਨ ਕਿ ਦੋਨਾਂ ਨੂੰ ਇੱਕ ਦੂਜੇ ਦੀ ਭਾਸ਼ਾ ਨਹੀਂ ਅਉਂਦੀ, ਪਰ ਚਿਹਰਿਆਂ ਦੇ ਹਾਵ-ਭਾਵ ਤੋਂ ਸਾਫ਼ ਝਲਕਦਾ ਸੀ ਕਿ ਦੋਵੇਂ ਇੱਕ ਦੂਜੇ ਨੂੰ ਬਖੂਬੀ ਸਮਝ ਰਹੇ ਹਨ।
'ਜਦੋਂ ਕਲਾਮ ਹੈਲੀਕਾਪਟਰ ਤੋਂ ਹੇਠਾਂ ਉਤਰ ਆਏ'
ਕਲਾਮ ਸਾਹਿਬ ਪਹਿਲੀ ਸੁਲਤਾਨਪੁਰ ਦੀ ਫੇਰੀ ਤੋਂ ਬਾਅਦ ਵਾਪਸ ਜਾਣ ਲਈ ਆਪਣੇ ਹੈਲੀਕਾਪਟਰ ਵਿੱਚ ਬੈਠ ਗਏ ਤਾਂ ਅਸੀਂ ਮਗਰੋਂ ਉੱਥੇ ਪਹੁੰਚੇ।
ਸੁਰੱਖਿਆ ਮੁਲਾਜ਼ਮਾਂ ਨੇ ਸਾਨੂੰ ਕਿਹਾ ਕਿ ਰਾਸ਼ਟਰਪਤੀ ਜੀ ਉਡਾਣ ਲਈ ਤਿਆਰ ਹਨ।
ਮੈਂ ਕਿਹਾ ਤੁਸੀਂ ਕਲਾਮ ਸਾਹਿਬ ਨੂੰ ਦੱਸੋ ਕਿ ਬਾਬਾ ਜੀ ਆਏ ਹਨ। ਉੱਡਣ ਲਈ ਤਿਆਰ ਹੈਲੀਕਾਪਟਰ ਅੰਦਰ ਸੁਨੇਹਾ ਪੁੱਜਦਾ ਕੀਤਾ ਗਿਆ।
ਸੁਨੇਹਾ ਮਿਲਦਿਆਂ ਹੀ ਡਾ. ਕਲਾਮ ਸਾਹਿਬ ਆਪ ਹੈਲੀਕਾਪਟਰ ਵਿੱਚੋਂ ਉਤਰਕੇ ਮਿਲਣ ਲਈ ਆਏ। ਇਹ ਉਨ੍ਹਾਂ ਦਾ ਵੱਡਪਨ ਸੀ।
'ਜਦੋਂ ਸਿਆਸਦਾਨਾਂ ਦੀ ਕਲਾਸ ਲਾਉਣ ਲਈ ਕਿਹਾ'
ਡਾ. ਕਲਾਮ ਨਾਲ ਰਾਸ਼ਟਰਪਤੀ ਭਵਨ ਵਿੱਚ ਤਿੰਨ ਮੁਲਾਕਾਤਾਂ ਹੋਈਆਂ ਸਨ। ਪਹਿਲੀ ਮੁਲਾਕਾਤ 23 ਅਪਰੈਲ 2006 ਤੇ ਦੂਜੀ 7 ਫਰਵਰੀ 2007 ਵਿੱਚ।
ਦੁਜੀ ਮੁਲਾਕਾਤ ਦੌਰਾਨ ਉਨ੍ਹਾਂ ਮੈਨੂੰ ਕਿਹਾ ਬਾਬਾ ਜੀ ਤੁਸੀਂ ਸਿਆਸੀ ਲੀਡਰਾਂ ਦੀਆਂ ਕਲਾਸਾਂ ਲਗਾਓ। ਇੰਨ੍ਹਾਂ ਲੀਡਰਾਂ ਨੂੰ ਸਮਝਾਉਣ ਦੀ ਸਭ ਤੋਂ ਵੱਧ ਲੋੜ ਹੈ।
10 ਜੁਲਾਈ 2007 ਨੂੰ ਅਸੀਂ ਦਿੱਲੀ ਵਿੱਚ ਇੰਗਲੈਂਡ ਦੀ ਅੰਬੈਸੀ ਵਿੱਚ ਵੀਜ਼ਾ ਲਗਵਾਉਣ ਲਈ ਗਏ ਸੀ।
ਜਦੋਂ ਵਿਹਲੇ ਹੋ ਗਏ ਤਾਂ ਖਿਆਲ ਆਇਆ ਕਿ ਚਲੋ ਡਾ. ਕਲਾਮ ਸਾਹਿਬ ਨੂੰ ਮਿਲਕੇ ਚੱਲਦੇ ਹਾਂ।
ਕਈ ਸੇਵਾਦਾਰ ਕਹਿਣ ਲੱਗੇ ਕਿ ਬਾਬਾ ਜੀ ਡਾ. ਕਲਾਮ ਦੇਸ਼ ਦੇ ਰਾਸ਼ਟਰਪਤੀ ਹਨ ਉਹ ਅਗਾਊਂ ਟਾਇਮ ਦਿੱਤਿਆਂ ਕਿਵੇਂ ਮਿਲਣਗੇ।
ਮੈਂ ਕਿਹਾ ਤੁਸੀਂ ਰਾਸ਼ਟਰਪਤੀ ਭਵਨ ਫੋਨ ਲਗਾ ਕੇ ਕਹੋ ਕਿ ਬਾਬਾ ਜੀ ਨੇ ਰਾਸ਼ਟਰਪਤੀ ਨੂੰ ਮਿਲਣਾ ਹੈ।
ਫੋਨ ਲਾ ਕੇ ਸੁਨੇਹਾ ਦਿੱਤਾ ਤਾਂ ਰਾਸ਼ਟਰਪਤੀ ਭਵਨ ਵਿੱਚ ਪਰਤ ਕੇ ਫੋਨ ਆ ਗਿਆ ਕਿ ਸ਼ਾਮ ਨੂੰ ਆ ਜਾਉ।
ਥੋੜ੍ਹੇ ਸਮੇਂ ਬਾਅਦ ਰਾਸ਼ਟਰਪਤੀ ਭਵਨ ਵਿੱਚੋਂ ਫਿਰ ਫੋਨ ਆਇਆ ਕਿ ਜੇ ਜ਼ਿਆਦਾ ਸਮਾਂ ਮੀਟਿੰਗ ਕਰਨੀ ਹੈ ਤਾਂ ਸਵੇਰੇ ਆ ਜਾਣਾ ਜੇ ਥੋੜ੍ਹਾ ਸਮਾਂ ਮਿਲਣਾ ਹੈ ਤਾਂ ਸ਼ਾਮ ਨੂੰ ਆ ਜਾਣਾ।
ਅਸੀਂ ਦਿੱਲੀ ਰਾਤ ਰੁੱਕ ਗਏ ਤਾਂ ਜੋ ਅਗਲੇ ਦਿਨ ਸਵੇਰੇ ਵੱਧ ਸਮਾਂ ਮਿਲੇ। ਇਹ ਰਾਸ਼ਟਰਪਤੀ ਭਵਨ ਵਿੱਚ ਸਾਡੀ ਆਖਰੀ ਮੁਲਾਕਾਤ ਸੀ।
'ਵੇਈਂ ਕੰਢੇ ਰੁਖ ਕਲਾਮ ਦੀ ਯਾਦ ਦੁਆਉਂਦਾ ਹੈ'
ਡਾ. ਕਲਾਮ ਫਿਰ ਜੁਲਾਈ 2008 ਵਿੱਚ ਸੁਲਤਾਨਪੁਰ ਲੋਧੀ ਆਏ।ਉਦੋਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗੰਦੇ ਪਾਣੀਆਂ ਨੂੰ ਸਾਫ਼ ਕਰਕੇ ਖੇਤੀ ਨੂੰ ਲਗਾਉਣ ਵਾਲਾ ਪ੍ਰੋਜੈਕਟ ਦੇਖਣਾ ਹੈ।
ਇਸ ਪ੍ਰੋਜੈਕਟ ਬਾਰੇ ਦੋ ਸਾਲ ਪਹਿਲਾ ਰਾਸ਼ਟਰਪਤੀ ਭਵਨ ਵਿੱਚ ਡਾ. ਕਲਾਮ ਨਾਲ ਹੋਈ ਮੁਲਾਕਾਤ ਵਿੱਚ ਜ਼ਿਕਰ ਕੀਤਾ ਸੀ।
ਦੋ ਸਾਲਾਂ ਬਾਅਦ ਵੀ ਉਨ੍ਹਾਂ ਨੂੰ ਹਰ ਗੱਲ ਯਾਦ ਸੀ। ਵੇਈਂ ਕੰਢੇ ਲਾਇਆ ਪਿੱਪਲ ਦਾ ਰੁਖ ਅੱਜ ਵੀ ਉਨ੍ਹਾ ਦੀ ਹੋਂਦ ਦੀ ਯਾਦ ਦੁਆਉਂਦਾ ਹੈ।
ਸੁਲਤਾਨਪੁਰ ਲੋਧੀ ਵਿੱਚ ਡਾ. ਕਲਾਮ ਦੀ ਯਾਦ ਵਿੱਚ ਵੱਡੀ ਨਰਸਰੀ ਬਣਾਉਣ ਦੀ ਯੋਜਨਾ ਹੈ।"
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)