ਸ੍ਰੀ ਲੰਕਾ: ਬੰਬ ਧਮਾਕਿਆਂ ਨੇ ਮੁੜ ਤਾਜ਼ਾ ਕੀਤੇ ਖਾਨਜੰਗੀ ਸੰਤਾਪ ਦੇ ਜ਼ਖ਼ਮ
- ਵਿਨੀਤ ਖਰੇ
- ਬੀਬੀਸੀ ਹਿੰਦੀ ਦੇ ਲਈ

ਸਿਮੀ ਹਿਡਸਨ
ਸ੍ਰੀ ਲੰਕਾ ਨੇ ਘਰੇਲੂਖਾਨਜੰਗੀ ਦਾ ਲੰਬਾ ਸੰਤਾਪ ਹੰਢਾਇਆ ਹੈ, ਅਕੂਬਰ 2017 ਵਿਚ ਬੀਬੀਸੀ ਦੀ ਟੀਮ ਨੇ ਜਾਫ਼ਨਾ ਦਾ ਦੌਰਾ ਕਰਕੇ ਹਾਲਾਤ ਜਾਣੇ ਸਨ। ਬੀਬੀਸੀ ਦੀ ਟੀਮ ਵੱਲੋਂ ਸ੍ਰੀ ਲੰਕਾ ਦੇ ਇਸ ਸੰਤਾਪਮਈ ਇਤਿਹਾਸ ਨੂੰ ਦਰਸਾਉਂਦੀ ਇਹ ਰਿਪੋਰਟ ਇੱਕ ਵਾਰ ਫੇਰ ਤਹਾਡੇ ਰੂਬਰੂ ਹੈ।
ਸਾਲ 2009 ਵਿੱਚ ਐੱਲਟੀਟੀਈ ਅਤੇ ਸ੍ਰੀ ਲੰਕਾ ਦੀ ਫ਼ੌਜ ਵਿਚਾਲੇ ਘਰੇਲੂ ਖਾਨਾਜੰਗੀ ਖ਼ਤਮ ਹੋਈ। ਜਿਸ ਨਾਲ ਇੱਥੇ ਸ਼ਾਂਤੀ ਸਥਾਪਿਤ ਹੋਈ। ਲੋਕਾਂ ਦਾ ਗਾਇਬ ਹੋਣਾ ਬੰਦ ਹੋਇਆ।
ਸੜ੍ਹਕਾਂ 'ਤੇ ਗੋਲੀਆਂ ਨਾਲ ਛਲਣੀ ਸਰੀਰ ਮਿਲਣੇ ਬੰਦ ਹੋਏ। ਲੋਕਾਂ ਦੇ ਘਰਾਂ ਦੇ ਨੇੜੇ ਅਤੇ ਉੱਤੇ ਬੰਬ ਨਹੀਂ ਫਟਦੇ ਹਨ। ਅੱਜ ਜਾਫ਼ਨਾ ਵਿੱਚ ਚੰਗੀਆਂ ਸੜ੍ਹਕਾਂ ਹਨ।
ਹੋਟਲ ਅਤੇ ਸ਼ਾਪਿੰਗ ਕੰਪਲੈਕਸ ਨਵੇਂ ਹਨ ਪਰ ਜ਼ਿੰਦਗੀ ਰੁਕੀ ਜਿਹੀ ਹੈ। ਵਿਦੇਸ਼ੀ ਸੈਲਾਨੀਆਂ ਦੇ ਇਲਾਵਾ ਇੱਥੇ ਸੜ੍ਹਕਾਂ 'ਤੇ ਹੱਥਾਂ ਵਿੱਚ ਬੰਦੂਕ ਲਏ ਸ੍ਰੀ ਲੰਕਾ ਦੇ ਫ਼ੌਜੀ ਵੀ ਨਜ਼ਰ ਆਉਂਦੇ ਹਨ।
ਇਹ ਵੀ ਪੜ੍ਹੋ:
ਪਰ ਐੱਲਟੀਟੀਈ ਅਤੇ ਸ੍ਰੀ ਲੰਕਾ ਦੇ ਵਿਚਾਲੇ ਦਹਾਕਿਆਂ ਤੱਕ ਚੱਲੀ ਜੰਗ ਵਿੱਚ ਇੱਕ ਲੱਖ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਅੱਜ ਜਾਫ਼ਨਾ ਕਿੱਥੇ ਹੈ?
ਗਾਇਬ ਲੋਕ
ਜਿਸ ਜ਼ਮੀਨ 'ਤੇ ਸੀਮੇਂਟ ਅਤੇ ਨਮਕ ਦੀਆਂ ਫੈਕਟਰੀਆਂ ਸੀ, ਜਿੱਥੇ ਸਮੁੰਦਰ ਦੇ ਨੇੜਲੇ ਇਲਾਕਿਆਂ ਵਿੱਚ ਮਛਲੀ ਦਾ ਵਪਾਰ ਚੰਗੇ ਪੱਧਰ 'ਤੇ ਹੁੰਦਾ ਸੀ, ਅੱਜ ਉੱਥੇ ਵਪਾਰਕ ਗਤੀਵਿਧੀਆਂ ਠੱਪ ਕਿਉਂ ਹਨ?
ਜਾਫ਼ਨਾ ਤੋਂ ਕਰੀਬ 60 ਕਿਲੋਮੀਟਰ 'ਤੇ ਕਿਲੀਨੋਚੀ ਹੈ। ਐੱਲਟੀਟੀਈ ਕਦੇ ਇਸਨੂੰ ਆਪਣੀ ਰਾਜਧਾਨੀ ਦੱਸਦੀ ਸੀ।
ਇੱਥੇ ਹੀ ਸੜ੍ਹਕ ਦੇ ਕਿਨਾਰੇ, ਇੱਕ ਵੱਡੇ ਹਿੰਦੂ ਮੰਦਿਰ ਦੇ ਸਾਹਮਣੇ ਟੈਂਟ ਵਿੱਚ ਸਿਮੀ ਹਡਸਨ 207 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੀ ਹੈ।
ਉਨ੍ਹਾਂ ਨੇ ਦੱਸਿਆ ਕਿ, "ਘਰੇਲੂ ਖਾਨਾਜੰਗੀ ਖ਼ਤਮ ਹੋਣ ਦੇ ਬਾਅਦ ਤੋਂ ਉਨ੍ਹਾਂ ਦਾ ਪੁੱਤਰ ਲਾਪਤਾ ਹੈ। ਉਹ ਐੱਲਟੀਟੀਈ ਦੇ ਸੀ-ਟਾਈਗਰਸ (ਸਮੁੰਦਰੀ ਟਾਈਗਰਸ) ਦਾ ਮੈਂਬਰ ਸੀ।''
ਸਿਮੀ ਨੇ ਜ਼ੋਰ ਨਾਲ ਆਪਣੇ ਪੁੱਤਰ ਦੀ ਤਸਵੀਰ ਨੂੰ ਫੜਿਆ ਹੋਇਆ ਸੀ। ਬੋਲਦੇ-ਬੋਲਦੇ ਉਹ ਰੋਣ ਲੱਗ ਪਈ।
ਆਪਣਿਆਂ ਦਾ ਇੰਤਜ਼ਾਰ
ਸਿਮੀ ਕਹਿੰਦੀ ਹੈ, "ਜੰਗ ਖ਼ਤਮ ਹੋਣ ਤੋਂ ਬਾਅਦ ਮੇਰੇ ਪੁੱਤਰ ਨੂੰ ਓਮਥਾਈ ਚੈੱਕ ਪੁਆਈਂਟ 'ਤੇ ਗ੍ਰਿਫ਼ਤਾਰ ਕੀਤਾ ਗਿਆ। ਉਸ ਨੂੰ ਲੜਾਈ ਤੋਂ ਬਾਅਦ ਕਿਉਂ ਗ੍ਰਿਫ਼ਤਾਰ ਕੀਤਾ ਗਿਆ?''
"ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਚਾਹੀਦਾ ਸੀ। ਅਤੇ ਸਜ਼ਾ ਵੀ ਦਿੱਤੀ ਜਾਣੀ ਚਾਹੀਦੀ ਸੀ।''
ਟੈਂਟ ਦੇ ਪਰਦੇ ਗਾਇਬ ਲੋਕਾਂ ਦੀਆਂ ਤਸਵੀਰਾਂ ਦਾ ਭਰੇ ਹੋਏ ਸੀ। ਬੱਚਿਆਂ, ਜਵਾਨਾਂ ਤੇ ਬਜ਼ੁਰਗਾਂ ਦੀਆਂ ਤਸਵੀਰਾਂ ਸਾਡੇ ਵੱਲ ਤੱਕ ਰਹੀਆਂ ਸੀ।
ਨੇੜੇ ਹੀ ਜੈਸ਼ੰਕਰ ਪਰਮੇਸ਼ਵਰੀ ਬੈਠੀ ਹੋਈ ਸੀ। ਉਨ੍ਹਾਂ ਦੇ ਹੱਥ ਵਿੱਚ ਇੱਕ ਬੋਰਡ ਸੀ ਜਿਸ 'ਤੇ ਤਿੰਨ ਤਸਵੀਰਾਂ ਸੀ।
ਜੰਗ ਦੌਰਾਨ ਕੈਪੀਪਿਲੋ ਪਿੰਡ ਦੇ ਕਈ ਲੋਕਾਂ ਦੀ ਜ਼ਮੀਨ 'ਤੇ ਫ਼ੌਜ ਨੇ ਕਬਜ਼ਾ ਕਰ ਲਿਆ
ਭਰਾ ਪੀ ਨਾਥਨ, ਪਤੀ ਜੈਸ਼ੰਕਰ ਅਤੇ ਭੈਣ ਦੇ ਪੁੱਤਰ ਸਤਯਾ ਸੀਲਨ ਦੀ।
ਇਹ ਤਿੰਨੋ ਤਿੰਨ ਸਾਲਾਂ ਤੋਂ ਲਾਪਤਾ ਹਨ। ਰੈੱਡ ਕਰਾਸ ਤੋਂ ਲੈ ਕੇ ਸ੍ਰੀ ਲੰਕਾ ਸਰਕਾਰ ਤੱਕ, ਉਹ ਆਪਣੀ ਫਰਿਆਦ ਲੈ ਕੇ ਸਾਰਿਆਂ ਕੋਲ ਜਾ ਚੁੱਕੀ ਸੀ ਪਰ ਉਨ੍ਹਾਂ ਨੂੰ ਹੁਣ ਤੱਕ ਆਪਣਿਆਂ ਦਾ ਇੰਤਜ਼ਾਰ ਹੈ।
ਹਡਸਨ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦਾ ਪੁੱਤਰ ਜ਼ਿੰਦਾ ਹੈ ਅਤੇ ਉਸਨੂੰ ਕਿਸੇ ਗੁਪਤ ਸਰਕਾਰੀ ਕੈਂਪ ਵਿੱਚ ਰੱਖਿਆ ਗਿਆ ਹੈ।
ਜ਼ਮੀਨ 'ਤੇ ਕਬਜ਼ਾ
ਇੱਥੋਂ ਕੁਝ ਦੂਰ ਇੱਕ ਵੱਡੇ ਫ਼ੌਜੀ ਕੈਂਪ ਦੇ ਨੇੜੇ ਕੈਪੇਪਿਲੋ ਪਿੰਡ ਦੇ ਕਈ ਪਰਿਵਾਰ ਫ਼ੌਜ ਤੋਂ ਮੰਗ ਕਰ ਰਹੇ ਹਨ, ਕਿ ਉਹ ਜੰਗ ਦੌਰਾਨ ਕਬਜ਼ੇ ਵਿੱਚ ਕੀਤੀ ਗਈ ਜ਼ਮੀਨ ਵਾਪਸ ਕਰਨ।
ਕੁਝ ਸਾਲ ਪਹਿਲਾਂ ਤੱਕ ਫ਼ੌਜੀ ਕੈਂਪਸ ਦੇ ਸਾਹਮਣੇ ਇਸ ਤਰੀਕੇ ਦਾ ਪ੍ਰਦਰਸ਼ਨ ਕਰਨਾ ਸੋਚ ਤੋਂ ਵੀ ਪਰੇ ਸੀ।
'ਬ੍ਰੋਕੇਨ ਪਲਮਾਇਰਾ' ਦੇ ਸਹਿ-ਲੇਖਕ ਦਇਆ ਸੋਮਸੁੰਦਰਮ
ਜਾਫ਼ਨਾ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੇ ਪ੍ਰੋਫ਼ੈਸਰ ਅਤੇ ਕਿਤਾਬ 'ਬ੍ਰੋਕੇਨ ਪਲਮਾਇਰਾ' ਦੇ ਸਹਿ-ਲੇਖਕ ਦਇਆ ਸੋਮਸੁੰਦਰਮ ਕਹਿੰਦੇ ਹਨ ਕਿ, "ਲੋਕਾਂ ਦੇ ਦਿਲਾਂ 'ਤੇ ਜੋ ਸੱਟ ਲੱਗੀ ਹੈ, ਉਹ ਉਨ੍ਹਾਂ ਤੋਂ ਉੱਭਰ ਨਹੀਂ ਸਕੇ।''
'ਬ੍ਰੋਕੇਨ ਪਲਮਾਇਰਾ' ਵਿੱਚ ਉਨ੍ਹਾਂ ਹੀ ਲੋਕਾਂ ਦੇ ਸਾਹਮਣੇ ਆਈਆਂ ਚੁਣੌਤੀਆਂ ਦਾ ਜ਼ਿਕਰ ਕੀਤਾ ਹੈ।
ਆਪਣਿਆਂ ਦੀ ਮੌਤ 'ਤੇ ਸੋਗ ਨਹੀਂ ਮਨਾ ਸਕੇ
ਉਹ ਕਹਿੰਦੇ ਹਨ, "ਇੱਥੇ ਸ਼ਾਂਤੀ ਨਹੀਂ ਹੈ। ਜੋ ਲੋਕ ਵਿਦੇਸ਼ ਗਏ ਉਹ ਵਾਪਸ ਨਹੀਂ ਆਏ। ਜਿਨ੍ਹਾਂ ਦੇ ਆਪਣੇ ਲੋਕ ਗਇਬ ਹਨ, ਉਹ ਸਵਾਲ ਪੁੱਛ ਰਹੇ ਹਨ।''
ਉਨ੍ਹਾਂ ਅੱਗੇ ਕਿਹਾ, "ਜਦੋਂ ਮੈਂ ਅਪਣੇ ਮਰੀਜ਼ਾਂ ਨੂੰ ਮਿਲਦਾ ਹਾਂ, ਮੈਨੂੰ ਉਨ੍ਹਾਂ ਦੇ ਦਰਦ ਦਾ ਅਹਿਸਾਸ ਹੁੰਦਾ ਹੈ।''
"ਲੋਕਾਂ ਨੂੰ ਸਿਸਟਮ ਤੇ ਸਰਕਾਰ 'ਤੇ ਭਰੋਸਾ ਨਹੀਂ ਹੈ। ਪਿਛਲੀ ਸਰਕਾਰ ਨੇ ਉਨ੍ਹਾਂ ਨੂੰ ਆਪਣਿਆਂ ਦੀ ਮੌਤ ਤੇ ਸੋਗ ਤੱਕ ਮਨਾਉਣ ਨਹੀਂ ਦਿੱਤਾ।''
ਸਰਕਾਰ ਦਾ ਕਹਿਣਾ ਹੈ ਕਿ ਉਹ ਜ਼ਮੀਨ ਵਾਪਸ ਕਰਨ ਲਈ ਤਿਆਰ ਹੈ ਅਤੇ ਉਹ ਕੋਈ ਗੁਪਤ ਕੈਂਪ ਨਹੀਂ ਚਲਾ ਰਹੀ ਹੈ।
ਸਰਕਾਰ ਦੇ ਬੁਲਾਰੇ ਅਤੇ ਸਿਹਤ ਮੰਤਰੀ ਡਾਕਟਰ ਰਜੀਤ ਸੇਨਰਤਨੇ ਭਰੋਸਾ ਦਿੰਦੇ ਹੋਏ ਕਹਿੰਦੇ ਹਨ, "ਨਹੀਂ ਸਰਕਾਰ ਕੋਈ ਗੁਪਤ ਕੈਂਪ ਨਹੀਂ ਚਲਾਉਂਦੀ ਅਤੇ ਸਾਰਿਆਂ ਨੂੰ ਹਟਾ ਲਿਆ ਗਿਆ ਹੈ।''
"ਪਰਿਵਾਰਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਲੋਕ ਜ਼ਿੰਦਾ ਹਨ। ਅਸੀਂ ਜ਼ਮੀਨ ਵੀ ਛੱਡ ਰਹੇ ਹਾਂ ਪਰ ਪ੍ਰਕਿਰਿਆ ਹੌਲੀ ਹੈ।''
ਜਦੋਂ ਅਸੀਂ ਜਾਫ਼ਨਾ ਯੂਨੀਵਰਸਿਟੀ ਪਹੁੰਚੇ ਤਾਂ ਉੱਥੇ ਸਥਾਨਕ ਮੁਲਾਜ਼ਮ ਵਿਰੋਧ ਪ੍ਰਦਰਸ਼ਨ ਦੀ ਤਿਆਰੀ ਕਰ ਰਹੇ ਸੀ। ਉਨ੍ਹਾਂ ਦੀਆਂ ਮੰਗਾਂ ਤਨਖ਼ਾਹ ਨਾਲ ਜੁੜੀਆਂ ਸੀ।
ਡਾਕਟਰ ਰਜੀਤ ਸੇਨਰਤਨੇ, ਸਿਹਤ ਮੰਤਰੀ
ਇੱਕ ਵਿਦਿਆਰਥਣ ਨੇ ਕਿਹਾ, "ਮੈਨੂੰ ਜੰਗ ਬਾਰੇ ਕੁਝ ਯਾਦ ਨਹੀਂ। ਮੈਨੂੰ ਉਹ ਜ਼ਿੰਦਗੀ ਜਿਊਂ ਰਹੀ ਹਾਂ ਜੋ ਪਹਿਲਾਂ ਜਿਊਂ ਰਹੀ ਸੀ।''
ਇੱਕ ਦੂਜੇ ਵਿਦਿਆਰਥੀ ਨੇ ਨੌਕਰੀਆਂ ਦੇ ਸੀਮਿਤ ਮੌਕਿਆਂ ਦੀ ਸ਼ਿਕਾਇਤ ਕੀਤੀ।
ਜ਼ਿਆਦਾ ਹੱਕਾਂ ਦੀ ਮੰਗ
ਭਾਰਤ ਵਾਂਗ ਸ੍ਰੀ ਲੰਕਾ ਵਿੱਚ ਸੂਬੇ ਤਾਂ ਹਨ ਪਰ ਇੱਥੇ ਹਕੂਮਤ ਕੇਂਦਰ ਤੋਂ ਹੀ ਚੱਲਦੀ ਹੈ।
ਸਥਾਨਕ ਪ੍ਰਸ਼ਾਸਨ ਦੇ ਨਾਂ 'ਤੇ ਇੱਥੇ 'ਪ੍ਰੋਵੇਂਸ਼ੀਅਲ ਕਾਊਂਸਿਲ' ਹੈ। ਪੁਲਿਸ ਦੀ ਨਿਯੁਕਤੀ ਅਤੇ ਜ਼ਮੀਨ ਦੇ ਰਜਿਸਟ੍ਰੇਸ਼ਨ ਜਿਹੇ ਹੱਕ ਕੇਂਦਰ ਸਰਕਾਰ ਕੋਲ ਹਨ।
ਕਾਊਂਸਿਲ ਸਿਆਸੀ ਸੁਧਾਰ ਦੀ ਗੱਲ ਤਾਂ ਕਰਦੀ ਹੈ ਅਤੇ ਉਸਦੀ ਮੰਗ ਹੈ ਕਿ ਉਸਨੂੰ ਹੋਰ ਹੱਕ ਦਿੱਤੇ ਜਾਣ।
ਤਸਵੀਰ ਸਰੋਤ, AFP/GETTY IMAGES
ਡਾਕਟਰ ਕੇ.ਸਰਵੇਸ਼ਵਰਨ ਉੱਤਰੀ ਪ੍ਰੋਵਿੰਸ਼ੀਅਲ ਕਾਊਂਸਿਲ ਦੇ ਮੈਂਬਰ ਹਨ। ਉਹ ਕਹਿੰਦੇ ਹਨ, "ਜੇਕਰ ਕੇਂਦਰ ਸਰਕਾਰ ਚਾਹੇ ਤਾਂ ਉਹ ਪ੍ਰੋਵਿੰਸ਼ੀਅਲ ਕਾਊਂਸਿਲ ਦੀਆਂ ਤਾਕਤਾਂ ਖ਼ਤਮ ਕਰ ਸਕਦੀ ਹੈ।''
"ਭਾਵੇ ਰਾਜਪਾਲ ਹੋਵੇ ਜਾਂ ਫ਼ਿਰ ਮੁੱਖ ਸਕੱਤਰ, ਉਨ੍ਹਾਂ ਦੀਆਂ ਨਿਯੁਕਤੀਆਂ ਅਤੇ ਫ਼ੈਸਲੇ ਰਾਸ਼ਟਰਪਤੀ ਦੇ ਹੱਥ ਵਿੱਚ ਹੁੰਦੇ ਹਨ। ਉਨ੍ਹਾਂ ਦੇ ਸਹਾਰੇ ਰਾਸ਼ਟਰਪਤੀ ਇੱਥੇ ਰਾਜ ਕਰ ਸਕਦਾ ਹੈ।''
ਭਾਰਤ ਦਾ ਨਮਕ
ਇਨ੍ਹਾਂ ਸਾਰਿਆਂ ਮੁੱਦਿਆਂ ਕਰਕੇ ਜਾਫ਼ਨਾ ਦੇ ਲਈ ਅਤੀਤ ਨੂੰ ਪਿੱਛੇ ਛੱਡ ਕੇ ਅੱਗੇ ਵੱਧਣਾ ਸੌਖਾ ਨਹੀਂ ਹੋ ਰਿਹਾ ਹੈ।
ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਅਰਥ ਵਿਵਸਥਾ ਨੂੰ ਲੈ ਕੇ ਕੀਤੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਅਸਰ ਕਿਉਂ ਨਹੀ ਹੋ ਰਿਹਾ ਹੈ?
ਜਾਫ਼ਨਾ ਚੈਂਬਰ ਆਫ ਕਾਮਰਸ ਦੇ ਉਪ-ਪ੍ਰਧਾਨ ਆਰ ਜਿਆਸੇਗਰਨ ਕਹਿੰਦੇ ਹਨ, "ਸਨਅਤ ਬਰਬਾਦ ਹੋ ਗਈ ਹੈ ਸਮੁੰਦਰੀ ਕਿਨਾਰੇ ਦੀ ਕਈ ਏਕੜ ਜ਼ਮੀਨ ਨਿੱਜੀ ਅਤੇ ਉਪਜਾਊ ਜ਼ਮੀਨ ਫੌਜ ਦੇ ਕਬਜ਼ੇ ਵਿੱਚ ਹੈ।''
ਤਸਵੀਰ ਸਰੋਤ, AFP/GETTY IMAGES
ਅਸੀਂ ਭਾਰਤ ਤੋਂ ਨਮਕ ਦਰਆਮਦ ਕਰਦੇ ਹਾਂ। ਸੀਮੇਂਟ ਦੀਆਂ ਫ਼ੈਕਟਰੀਆਂ ਖ਼ਤਮ ਹੋ ਗਈਆਂ ਹਨ। ਸਾਰੀਆਂ ਸਮੱਸਿਆਵਾਂ ਦਾ ਹੱਲ ਸੰਜੀਦਾ ਰਾਜਨੀਤਿਕ ਪਹਿਲ ਹੈ।
ਉਹ ਕਹਿੰਦੇ ਹਨ, "ਸਾਨੂੰ ਆਜ਼ਾਦੀ ਨਹੀਂ ਹੋਰ ਸ਼ਕਤੀਆਂ ਦੀ ਲੋੜ ਹੈ।''
ਉੱਧਰ ਉੱਤਰੀ ਸੂਬੇ ਦੇ ਰਾਜਪਾਲ ਰੇਜਿਨਾਲਡ ਕੁਰੇ ਮੰਨਦੇ ਹਨ ਕਿ ਕਾਊਂਸਿਲ ਕੋਲ ਜੋ ਸ਼ਕਤੀਆਂ ਹਨ, ਉਹ ਉਸਦਾ ਇਸਤੇਮਾਲ ਕਰਨ।
ਵਾਅਦੇ ਕਦੋਂ ਪੂਰੇ ਕਰੇਗੀ ਸਰਕਾਰ?
ਕੇ.ਗੁਰਪਰਨ ਜਾਫ਼ਨਾ ਯੂਨੀਵਰਸਿਟੀ ਵਿੱਚ ਸੀਨੀਅਰ ਲੈਕਚਰਾਰ ਅਤੇ ਕਨੂੰਨ ਮਹਿਕਮੇ ਦੇ ਮੁਖੀ ਹਨ।
ਉਨ੍ਹਾਂ ਨੇ ਦੱਸਿਆ, "ਲੋਕ ਇਸ ਸਵਾਲ ਦੇ ਮਾਇਨੇ ਲੱਭ ਰਹੇ ਹਨ ਕਿ ਸਾਡੇ ਜ਼ਿੰਦਾ ਰਹਿਣ ਦਾ ਕੀ ਮਤਲਬ ਹੈ।''
"ਕਿਉਂਕਿ ਲੋਕ ਸੋਚ ਰਹੇ ਹਨ ਕਿ ਅਸੀਂ ਸਿਆਸੀ ਅਤੇ ਸਮਾਜਿਕ ਤੌਰ 'ਤੇ ਕਿਸ ਦਿਸ਼ਾ ਵੱਲ ਜਾ ਰਹੇ ਹਾਂ।''
ਕੇਂਦਰ ਸਰਕਾਰ ਨੂੰ ਨਹੀਂ ਲੱਗਦਾ ਕਿ ਸ੍ਰੀ ਲੰਕਾ ਵਿੱਚ ਤਮਿਲ ਕੱਟੜਪੰਥ ਇੱਕ ਵਾਰ ਫ਼ਿਰ ਸਿਰ ਚੁੱਕੇਗਾ। ਉੱਧਰ ਜਾਫ਼ਨਾ ਵਿੱਚ ਲੋਕ ਪੁੱਛ ਰਹੇ ਹਨ ਕਿ ਸਰਕਾਰ ਉਨ੍ਹਾਂ ਨਾਲ ਕੀਤੇ ਵਾਅਦੇ ਕਦੋਂ ਪੂਰੇ ਕਰੇਗੀ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)