ਓਮ ਪੁਰੀ ਜਦੋਂ ਪੰਜਾਬੀ ਬੋਲਣ ਦੇ ਅੰਦਾਜ਼ ਤੋਂ ਬੰਦੇ ਦੇ ਇਲਾਕੇ ਬਾਰੇ ਦੱਸ ਦਿੰਦੇ

ਓਮ ਪੁਰੀ Image copyright Getty Images

ਆਕਰੋਸ਼, ਅਰਧਸੱਤਿਆ ਅਤੇ ਆਰੋਹਣ ਵਰਗੀਆਂ ਸਾਰਥਕ ਫ਼ਿਲਮਾਂ ਵਿੱਚ ਦਮਦਾਰ ਅਦਾਕਾਰੀ ਨਾਲ ਪਛਾਣ ਬਣਾਉਣ ਵਾਲੇ ਓਮ ਪੁਰੀ 6 ਜਨਵਰੀ 2017 ਨੂੰ ਅਲਵਿਦਾ ਕਹਿ ਗਏ ਸਨ।

ਮੇਰੀ ਯਾਦਸ਼ਾਹਤ ਵਿੱਚ 27 ਸਤੰਬਰ 2012 ਦਾ ਦਿਨ ਹੈ।ਉਨ੍ਹਾਂ ਦਿਨਾਂ ਵਿੱਚ ਸਾਡੀ ਫ਼ਿਲਮ 'ਸਰਸਾ' ਦੀ ਡਬਿੰਗ ਦਾ ਕੰਮ ਚੱਲ ਰਿਹਾ ਸੀ।

ਫ਼ਿਲਮ ਦੇ ਸੂਤਰਧਾਰ ਦੀ ਆਵਾਜ਼ ਲਈ ਸਭ ਤੋਂ ਪਹਿਲਾਂ ਓਮ ਪੁਰੀ ਦਾ ਨਾਮ ਚੇਤੇ ਆਉਣਾ ਸੁਭਾਵਕ ਸੀ। ਡਬਿੰਗ ਦਾ ਦਿਨ 27 ਸਤੰਬਰ ਮਿਥਿਆ ਗਿਆ।

ਨਸ਼ੇ ਦੀ ਹਾਲਤ 'ਚ ਡਬਿੰਗ ਲਈ ਪਹੁੰਚੇ

ਡਬਿੰਗ ਲਈ ਆਏ ਓਮ ਪੁਰੀ ਲਿਫ਼ਟ ਵਿੱਚੋਂ ਨਿਕਲੇ ਤੇ ਝਟਕਾ ਖਾ ਕੇ ਡਿੱਗ ਪਏ। ਉਹ ਸ਼ਰਾਬ ਨਾਲ ਡੱਕੇ ਹੋਏ ਸਨ। ਮੇਰਾ ਪਸੰਦੀਦਾ ਅਦਾਕਾਰ ਦੋ ਬੰਦਿਆਂ ਦੇ ਸਹਾਰੇ ਸਟੂਡੀਉ ਦੇ ਅੰਦਰ ਪਹੁੰਚਿਆ।

Image copyright Vito Amati/GETTY IMAGES

ਫ਼ਿਲਮ ਦੇ ਸੰਵਾਦ ਪੜਦਿਆਂ ਉਨ੍ਹਾਂ ਦੇ ਹੱਥ ਕੰਬ ਰਹੇ ਸਨ ਅਤੇ ਜ਼ੁਬਾਨ ਥਥਲਾ ਰਹੀ ਸੀ। ਉਨ੍ਹਾਂ ਨੇ ਪਹਿਲਾ ਸੰਵਾਦ ਪੜ੍ਹ ਕੇ ਪੁੱਛਿਆ, "ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੈ?"

ਫਿਰ ਉਨ੍ਹਾਂ ਨੇ ਫ਼ਿਲਮ ਦੇ ਬਾਕੀ ਸੰਵਾਦ ਲਿਖਣ ਵਾਲੇ ਦਾ ਨਾਮ ਪੁੱਛਿਆ। ਮੈਂ ਅਪਣਾ ਅਤੇ ਸਹਿ-ਲੇਖਕ ਦਾ ਨਾਮ ਲਿਆ। ਮੈਂ ਉਨ੍ਹਾਂ ਨੂੰ 'ਬਾਈ ਜੀ' ਕਹਿ ਕੇ ਸੰਬੋਧਤ ਕੀਤਾ।

ਇਹ ਵੀ ਪੜ੍ਹੋ

ਪੰਜਾਬ ਦੀ ਹਰ ਸੜ੍ਹਕ ਚੇਤੇ ਸੀ

ਉਨ੍ਹਾਂ ਨੇ ਫੌਰਨ ਮੇਰੇ ਵੱਲ ਦੇਖਿਆ। ਸਾਡੇ ਦੋਹਾਂ ਵਿੱਚ ਕੁਝ ਵਟਾਂਦਰਾ ਹੋਇਆ ਜੋ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਸਾਡੇ ਪਿੰਡਾਂ ਦੇ ਨਾਮ ਪੁੱਛੇ।

ਮੈਂ ਖੰਨੇ ਨੇੜੇ ਭੁੱਟਾ ਅਤੇ ਦਾਊਦਪੁਰ ਪਿੰਡ ਦੱਸੇ ਤਾਂ ਕਹਿੰਦੇ, ਕਿ "ਸੜਕ ਦੱਸ ਕਿਹੜੀ ਆ? ਸਮਰਾਲੇ ਵਾਲੀ, ਦੋਰਾਹੇ ਵਾਲੀ, ਜਰਗ, ਸਰਹੰਦ, ਖੁਮਾਣੋ?"

ਮੇਰੇ ਖੰਨਾ-ਖੁਮਾਣੋ ਅਤੇ ਖੰਨਾ-ਦੋਰਾਹਾ ਸੜਕਾਂ ਕਹਿਣ ਉੱਤੇ ਕਹਿੰਦੇ ਕਿ, "ਤੇਰੀ ਬੋਲੀ ਤੋਂ ਲਗਦਾ ਤੂੰ ਖੰਨੇ ਆਲੇ ਇਲਾਕੇ ਦਾ ਲਗਦਾ ਐ।''

ਨਸ਼ੇ ਵਿੱਚ ਵੀ ਸ਼ੁੱਧ ਉਚਾਰਣ

ਡਬਿੰਗ ਵੇਲੇ ਉਮ ਜੀ ਦੀ ਜ਼ੁਬਾਨ ਇੱਕ ਵਾਰ ਵੀ ਨਹੀਂ ਥਥਲਾਈ ਅਤੇ ਸ਼ਬਦਾਂ ਦਾ ਉਚਾਰਣ ਬਿਲਕੁਲ ਸਹੀ ਸੀ।

ਕੁਝ ਮਿੰਟਾਂ ਵਿੱਚ ਹੀ ਸਾਰੇ ਸੰਵਾਦ ਵੱਖਰੇ-ਵੱਖਰੇ ਤਰੀਕੇ ਨਾਲ ਬੋਲ ਦਿੱਤੇ ਤਾਂ ਕਿ ਸਭ ਤੋਂ ਢੁਕਵੇਂ ਤਰੀਕੇ ਨਾਲ ਬੋਲੇ ਸੰਵਾਦਾਂ ਦੀ ਚੋਣ ਸੌਖੀ ਹੋ ਸਕੇ।

Image copyright Samir Hussein/GETTY IMAGES

ਉਮਰ ਦਾ ਪਿਛਲਾ ਪਹਿਰ ਹੰਢਾ ਰਿਹਾ ਉਹ ਅੱਧ-ਸੁਰਤ ਬੰਦਾ ਪੰਜਾਬ ਦੇ ਪਿੰਡਾਂ, ਸ਼ਹਿਰਾਂ, ਸੜਕਾਂ, ਸਾਹਿਤ ਅਤੇ ਬੋਲੀ ਬਾਬਤ ਗੱਲ ਕਰਦਾ ਹੋਇਆ ਇੱਕ ਸ਼ਬਦ ਦੀ ਵੀ ਉਕਾਈ ਨਹੀਂ ਕਰ ਰਿਹਾ ਸੀ।

ਮੈਂ ਓਮ ਜੀ ਨੂੰ ਯਾਦ ਕਰ ਕੇ ਸੋਚਦਾ ਹਾਂ ਕਿ ਕੀ ਉਨ੍ਹਾਂ ਦੀ ਸ਼ਰਾਬ ਨਾਲ ਜੁੜੀ ਬੇਸੁਰਤੀ ਮਾਇਨੇ ਰੱਖਦੀ ਹੈ ਜਾਂ ਪੰਜਾਬ ਦੇ ਇਲਾਕਿਆਂ ਅਤੇ ਬੋਲੀ ਦੀ ਵੰਨ-ਸਵੰਨਤਾ ਬਾਬਤ ਸੁਰਤ ਜ਼ਿਆਦਾ ਮਾਇਨੇ ਰੱਖਦੀ ਹੈ।

ਮੇਰੇ ਲਈ ਤਾਂ ਉਹ ਸਦਾ ਉਸ ਗਰਾਂਈਂ ਵਰਗਾ ਹੀ ਰਹੇਗਾ ਜੋ ਆਪਣੇ ਵੈਲ ਅਤੇ ਹੁਨਰ ਸਮੇਤ ਮੜਕ ਨਾਲ ਚੱਲਦਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)