ਆਧਾਰ-ਰਾਸ਼ਨ ਕਾਰਡ ਨਾਲ ਨਾ ਜੁੜਿਆ ਤਾਂ ਬੱਚੀ ਭੁੱਖ ਨਾਲ ਮਰੀ

hunger, death, jharkhand Image copyright Dhiraj
ਫੋਟੋ ਕੈਪਸ਼ਨ ਸੰਤੋਸ਼ੀ ਦੀ ਮਾਂ ਕੋਇਲੀ ਦੇਵੀ

ਸੰਤੋਸ਼ੀ ਨੇ ਚਾਰ ਦਿਨਾਂ ਤੋਂ ਕੁਝ ਵੀ ਖਾਧਾ ਨਹੀਂ ਸੀ। ਘਰ 'ਚ ਮਿੱਟੀ ਦਾ ਚੁੱਲ੍ਹਾ ਸੀ ਅਤੇ ਜੰਗਲ 'ਚੋਂ ਲਿਆਂਦੀਆਂ ਗਈਆਂ ਕੁਝ ਲੱਕੜਾਂ ਵੀ। ਸਿਰਫ਼ ਰਾਸ਼ਨ ਨਹੀਂ ਸੀ।

ਜੇ ਰਾਸ਼ਨ ਹੁੰਦਾ, ਤਾਂ ਅੱਜ ਸੰਤੋਸ਼ੀ ਜ਼ਿੰਦਾ ਹੁੰਦੀ। ਪਰ ਲਗਾਤਾਰ ਭੁੱਖੇ ਰਹਿਣ ਦੇ ਕਾਰਨ ਉਸਦੀ ਮੌਤ ਹੋ ਗਈ। ਉਹ ਮਹਿਜ਼ 10 ਸਾਲ ਦੀ ਸੀ।

ਸੰਤੋਸ਼ੀ ਆਪਣੇ ਪਰਿਵਾਰ ਦੇ ਨਾਲ ਕਾਰੀਮਾਟੀ 'ਚ ਰਹਿੰਦੀ ਸੀ। ਇਹ ਸਿਮਡੇਗਾ ਜ਼ਿਲ੍ਹੇ ਦਾ ਇੱਕ ਪਿੰਡ ਹੈ।

ਸ਼ਾਹਪੁਰ ਕਲਾਂ ਦੇ ਦਲਿਤ ਰਾਤਾਂ ਨੂੰ ਨਹੀਂ ਸੌਂਦੇ

ਬਲਾਗ: ਸ਼ਰਮ ਜਿੰਨਕੋ ਮਗਰ ਆਤੀ ਨਹੀਂ..

ਕਰੀਬ 100 ਘਰਾਂ ਵਾਲੇ ਇਸ ਪਿੰਡ 'ਚ ਕਈ ਜਾਤਾਂ ਦੇ ਲੋਕ ਰਹਿੰਦੇ ਹਨ ਤੇ ਸੰਤੋਸ਼ੀ ਪੱਛੜੇ ਭਾਈਚਾਰੇ ਤੋਂ ਸੀ।

ਪਿੰਡ ਦੇ ਡੀਲਰ ਨੇ ਪਿਛਲੇ 8 ਮਹੀਨੇ ਤੋਂ ਉਨ੍ਹਾਂ ਨੂੰ ਰਾਸ਼ਨ ਦੇਣਾ ਹੀ ਬੰਦ ਕਰ ਦਿੱਤਾ ਸੀ। ਕਿਉਂਕਿ ਉਨ੍ਹਾਂ ਦਾ ਰਾਸ਼ਨ ਕਾਰਡ ਆਧਾਰ ਕਾਰਡ ਨਾਲ ਜੁੜਿਆ ਨਹੀਂ ਸੀ।

Image copyright Dhiraj
ਫੋਟੋ ਕੈਪਸ਼ਨ ਸੰਤੋਸ਼ੀ

ਮਾਂ-ਧੀ ਉੱਤੇ ਜ਼ਿੰਮੇਵਾਰੀ

ਸੰਤੋਸ਼ੀ ਦੇ ਪਿਤਾ ਬਿਮਾਰ ਰਹਿੰਦੇ ਹਨ। ਕੋਈ ਕੰਮ ਨਹੀਂ ਕਰਦੇ। ਅਜਿਹੇ 'ਚ ਘਰ ਚਲਾਉਣ ਦੀ ਜ਼ਿੰਮੇਵਾਰੀ ਉਸਦੀ ਮਾਂ ਕੋਇਲੀ ਦੇਵੀ ਅਤੇ ਵੱਡੀ ਭੈਣ 'ਤੇ ਸੀ।

ਉਹ ਵੀ ਦਾਤਣਾਂ ਵੇਚਦੀ ਹੈ, ਤਾਂ ਕਦੇ ਕਿਸੇ ਦੇ ਘਰ ਕੰਮ ਕਰ ਲੈਂਦੀ। ਪਰ ਪੱਛੜੇ ਭਾਈਚਾਰੇ ਤੋਂ ਹੋਣ ਦੇ ਕਾਰਨ ਉਨ੍ਹਾਂ ਨੂੰ ਜਲਦੀ ਕੰਮ ਨਹੀਂ ਮਿਲਦਾ ਸੀ।

ਅਜਿਹੇ 'ਚ ਘਰ ਦੇ ਲੋਕਾਂ ਨੇ ਕਈ ਰਾਤਾਂ ਭੁੱਖਿਆਂ ਕੱਟੀਆਂ।

#MeToo: "ਮੇਰੇ ਵਰਗਾ ਤਜਰਬਾ ਕਰੀਬ ਹਰ ਕੁੜੀ ਦਾ ਹੈ"

ਸ਼ਰਾਬ ਦੇ ਠੇਕੇ ਅੱਗੇ ਕਿਤਾਬ ਦਾ ਠੇਕਾ

ਕੋਇਲੀ ਦੇਵੀ ਨੇ ਦੱਸਿਆ, ''28 ਸਤੰਬਰ ਦੀ ਦੁਪਿਹਰ ਸੰਤੋਸ਼ੀ ਨੇ ਢਿੱਡ ਪੀੜ੍ਹ ਹੋਣ ਦੀ ਸ਼ਿਕਾਇਤ ਕੀਤੀ। ਪਿੰਡ ਦੇ ਵੈਦ ਨੇ ਕਿਹਾ ਕਿ ਇਸਨੂੰ ਭੁੱਖ ਲੱਗੀ ਹੈ। ਖਾਣਾ ਖਵਾ ਦਿਓ, ਠੀਕ ਹੋ ਜਾਵੇਗੀ। ਮੇਰੇ ਘਰ ਚੌਲਾਂ ਦਾ ਇੱਕ ਦਾਣਾ ਨਹੀਂ ਸੀ। ਸੰਤੋਸ਼ੀ ਭੁੱਖ ਕਰਕੇ ਰੋਣ ਲੱਗੀ। ਉਸਦੇ ਹੱਥ-ਪੈਰ ਅਕੜਨ ਲੱਗੇ। ਸ਼ਾਮ ਹੋਈ ਤਾਂ ਮੈਂ ਘਰ 'ਚ ਰੱਖੀ ਚਾਹ ਪੱਤੀ ਅਤੇ ਲੂਣ ਮਿਲਾਕੇ ਚਾਹ ਬਣਾਈ। ਸੰਤੋਸੀ ਨੂੰ ਪਿਆਉਣ ਦੀ ਕੋਸ਼ਿਸ਼ ਕੀਤੀ। ਪਰ, ਉਹ ਭੁੱਖ ਨਾਲ ਤੜਫ਼ ਰਹੀ ਸੀ ਤੇ ਦੇਖਦੇ ਹੀ ਦੇਖਦੇ ਉਸਨੇ ਦੰਮ ਤੋੜ ਦਿੱਤਾ। ਉਦੋਂ ਰਾਤ ਦੇ 10 ਵੱਜ ਰਹੇ ਸੀ।''

ਡੀਸੀ ਦਾ ਇਨਕਾਰ

Image copyright Dhiraj

ਸਿਮਡੇਗਾ ਦੇ ਡੀਸੀ ਮੰਜੂਨਾਥ ਭਜੰਤਰੀ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਸੰਤੋਸ਼ੀ ਦੀ ਮੌਤ ਭੁੱਖ ਕਰਕੇ ਹੋਈ ਹੈ।

ਬੀਬੀਸੀ ਨਾਲ ਗੱਲਬਾਤ 'ਚ ਉਨ੍ਹਾਂ ਦਾਅਵਾ ਕੀਤਾ ਕਿ ਸੰਤੋਸ਼ੀ ਦੀ ਮੌਤ ਮਲੇਰੀਏ ਨਾਲ ਹੋਈ ਹੈ।

ਮੰਜੂਨਾਥ ਮੁਤਾਬਕ ਸੰਤੋਸ਼ੀ ਦੀ ਮੌਤ ਦਾ ਭੁੱਖ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਕਿਉਂਕਿ ਉਸਦਾ ਪਰਿਵਾਰ ਕਾਫੀ ਗ਼ਰੀਬ ਹੈ, ਇਸ ਲਈ ਅਸੀ ਉਨ੍ਹਾਂ ਨੂੰ ਅੰਤਯੋਦਯ ਕਾਰਡ ਜਾਰੀ ਕਰ ਦਿੱਤਾ ਹੈ।

Image copyright Dhiraj

ਡੀਸੀ ਨੇ ਅੱਗੇ ਕਿਹਾ, ''ਸੰਤੋਸ਼ੀ ਦੀ ਮੌਤ 28 ਸਤੰਬਰ ਨੂੰ ਹੋਈ ਪਰ ਇਹ ਖ਼ਬਰ 6 ਅਕਤੂਬਰ ਨੂੰ ਛਪੀ। ਮੀਡੀਆ 'ਚ ਆਇਆ ਕਿ ਦੁਰਗਾ ਪੂਜਾ ਦੀ ਛੁੱਟੀਆਂ ਕਾਰਨ ਉਸਨੂੰ ਸਕੂਲ 'ਚ ਮਿਲਣ ਵਾਲਾ ਮਿਡ ਡੇਅ ਮੀਲ ਨਹੀਂ ਮਿਲ ਰਿਹਾ ਸੀ। ਜਦਕਿ ਉਹ ਮਾਰਚ ਤੋਂ ਬਾਅਦ ਕਦੇ ਸਕੂਲ ਗਈ ਹੀ ਨਹੀਂ। ਉਸਦੀ ਮੌਤ ਦੀ ਜਾਂਚ ਲਈ ਬਣੀ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਦੇ ਮੁਤਾਬਕ ਸੰਤੋਸ਼ੀ ਦੀ ਮੌਤ ਦਾ ਕਾਰਨ ਮਲੇਰੀਆ ਹੈ। ਇਸ ਕਮੇਟੀ ਨੇ ਉਸ ਡਾਕਟਰ ਨਾਲ ਗੱਲਬਾਤ ਕੀਤੀ, ਜਿਸਨੇ ਸੰਤੋਸ਼ੀ ਦਾ ਇਲਾਜ ਕੀਤਾ ਸੀ।''

ਰਾਸ਼ਨ ਕਾਰਡ ਬਹਾਲ ਕਰਨ ਦੀ ਮੰਗ

ਜਲਡੇਗਾ ਵਾਸੀ ਸਮਾਜਿਕ ਕਾਰਕੁੰਨ ਤਾਰਾਮਣੀ ਸਾਹੂ ਡੀਸੀ 'ਤੇ ਤੱਥਾਂ ਨੂੰ ਛੁਪਾਉਣ ਦਾ ਇਲਜ਼ਾਮ ਲਗਾਉਂਦੇ ਹਨ।

ਪੰਜਾਬ 'ਚ 'ਸਿਆਸੀ ਕਤਲਾਂ' ਦੀਆਂ ਅਣਸੁਲਝੀਆਂ ਗੁੱਥੀਆਂ

ਲਹੌਰ ਫੈਸ਼ਨ ਵੀਕ ਦੀਆਂ ਝਲਕੀਆਂ

ਉਨ੍ਹਾਂ ਦੱਸਿਆ ਕਿ ਏਐਨਐਮ ਮਾਲਾ ਦੇਵੀ ਨੇ 27 ਸਤੰਬਰ ਨੂੰ ਸੰਤੋਸ਼ੀ ਨੂੰ ਦੇਖਿਆ, ਉਦੋਂ ਉਸਨੂੰ ਬੁਖ਼ਾਰ ਨਹੀਂ ਸੀ। ਅਜਿਹੇ 'ਚ ਮਲੇਰੀਆ ਕਿਵੇਂ ਹੋ ਗਿਆ ਅਤੇ ਜਿਸ ਡਾਕਟਰ ਨੇ ਡੀਸੀ ਨੂੰ ਇਹ ਗੱਲ ਦੱਸੀ, ਉਸਦੀ ਯੋਗਤਾ ਕੀ ਹੈ।

ਤਾਰਾਮਣੀ ਨੇ ਬੀਬੀਸੀ ਨੂੰ ਕਿਹਾ, ''ਕੋਇਲੀ ਦੇਵੀ ਦਾ ਰਾਸ਼ਨ ਕਾਰਡ ਰੱਦ ਹੋਣ ਤੋਂ ਬਾਅਦ ਮੈਂ ਡੀਸੀ ਦੇ ਜਨਤਾ ਦਰਬਾਰ 'ਚ 21 ਅਗਸਤ ਨੂੰ ਇਸਦੀ ਸ਼ਿਕਾਇਤ ਕੀਤੀ। 25 ਸਤੰਬਰ ਨੂੰ ਜਨਤਾ ਦਰਬਾਰ 'ਚ ਮੈਂ ਦੁਬਾਰਾ ਇਹੀ ਸ਼ਿਕਾਇਤ ਕਰਦੇ ਹੋਏ ਰਾਸ਼ਨ ਕਾਰਡ ਬਹਾਲ ਕਰਨ ਦੀ ਮੰਗ ਕੀਤੀ। ਉਦੋਂ ਸੰਤੋਸ਼ੀ ਜ਼ਿੰਦਾ ਸੀ। ਪਰ ਉਸਦੇ ਘਰ ਦੀ ਹਾਲਤ ਬੇਹਦ ਖ਼ਰਾਬ ਹੋ ਚੁੱਕੀ ਸੀ। ਪਰ ਮੇਰੀ ਗੱਲ 'ਤੇ ਧਿਆਨ ਨਹੀਂ ਦਿੱਤਾ ਗਿਆ ਅਤੇ ਇਸਦੇ ਸਿਰਫ਼ ਇੱਕ ਮਹੀਨੇ ਬਾਅਦ ਹੀ ਸੰਤੋਸ਼ੀ ਦੀ ਮੌਤ ਹੋ ਗਈ।''

Image copyright Dhiraj

ਰਾਈਟ ਟੂ ਫੂਡ ਕੈਂਪੇਨ ਦੀ ਜਾਂਚ

ਇਸ ਘਟਨਾ ਤੋਂ ਬਾਅਦ ਰਾਈਟ ਟੂ ਫੂਡ ਕੈਂਪੇਨ ਦੀ 5 ਮੈਂਬਰੀ ਕਮੇਟੀ ਨੇ ਕਾਰਾਮਾਟੀ ਜਾਕੇ ਇਸ ਮਾਮਲੇ ਦੀ ਜਾਂਚ ਕੀਤੀ। ਉਨ੍ਹਾਂ ਨਾਲ ਸਿਵਲ ਸਪਲਾਈ ਕਮਿਸ਼ਨ ਦੀ ਟੀਮ ਵੀ ਸੀ।

ਇਸ ਟੀਮ 'ਚ ਸ਼ਾਮਿਲ ਧੀਰਜ ਕੁਮਾਰ ਕਹਿੰਦੇ ਹਨ, ''ਕੋਇਲੀ ਦੇਵੀ ਨੇ ਉਨ੍ਹਾਂ ਨੂੰ ਦੱਸਿਆ ਕਿ ਸੰਤੋਸ਼ੀ ਦੀ ਮੌਤ ਸਿਰਫ਼ ਤੇ ਸਿਰਫ਼ ਭੁੱਖ ਦੇ ਕਾਰਨ ਹੀ ਹੋਈ ਹੈ।''

ਉਧਰ ਜਾਣ ਪਛਾਣੇ ਸਮਾਜਿਕ ਕਾਰਕੁੰਨ ਬਲਰਾਮ ਕਹਿੰਦੇ ਹਨ, ''ਜੇਕਰ ਕਿਸੇ ਨੂੰ ਕਈ ਦਿਨਾਂ ਤੋਂ ਖਾਣਾ ਨਹੀਂ ਮਿਲ ਰਿਹਾ ਹੋਵੇ ਅਤੇ ਇਸੇ ਕਾਰਨ ਉਸਦੀ ਮੌਤ ਹੋ ਜਾਵੇ , ਤਾਂ ਇਸਨੂੰ ਕੀ ਕਹਾਂਗੇ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਾਂ ਤਾਂ ਵਿਸ਼ਵ ਸਿਹਤ ਸੰਸਥਾ ਦੀ ਪਰਿਭਾਵਾ ਨੂੰ ਮੰਨ ਲਵੇ ਜਾਂ ਫ਼ੇਰ ਭੁੱਖ ਨਾਲ ਮੌਤ ਨੂੰ ਖ਼ੁਦ ਪਰਿਭਾਸ਼ਿਤ ਕਰ ਦੇਵੇ। ਕਿਉਂਕਿ ਹਰ ਮੌਤ ਨੂੰ ਇਹ ਕਹਿ ਕੇ ਟਾਲ ਦੇਣਾ ਕਿ ਇਹ ਭੁੱਖ ਨਾਲ ਨਹੀਂ ਹੋਈ, ਅਸਲ 'ਚ ਆਪਣੀ ਜਿੰਮੇਵਾਰੀ ਤੋਂ ਭੱਜਣਾ ਹੈ।''

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)