ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਾਦੂ ਖ਼ਤਮ ਹੋ ਰਿਹਾ ਹੈ?

PM Modi Image copyright Getty Images

2014 ਵਿੱਚ ਨਰਿੰਦਰ ਮੋਦੀ ਦੀ ਇਤਿਹਾਸਕ ਜਿੱਤ ਦੀ ਇੱਕ ਵਜ੍ਹਾ ਉਨ੍ਹਾਂ ਦਾ ਜ਼ਬਰਦਸਤ 'ਤੇ ਜੋਸ਼ੀਲਾ ਭਾਸ਼ਣ ਸੀ। ਤਿੰਨ ਸਾਲ ਹੋ ਗਏ ਹਨ, ਦੇਸ਼ ਦੇ ਪ੍ਰਧਾਨ ਮੰਤਰੀ ਹੁਣ ਆਪਣਾ ਬਚਾਅ ਕਰਦੇ ਨਜ਼ਰ ਆ ਰਹੇ ਹਨ।

ਬਹੁਤ ਲੋਕਾਂ ਦਾ ਮੰਨਣਾ ਹੈ ਕਿ ਮੋਦੀ ਜੀ ਦੀਆਂ ਬੜ੍ਹਕਾਂ ਅਤੇ ਡੀਂਗਾਂ ਮਾਰਨ ਵਾਲਾ ਚਰਿੱਤਰ ਖ਼ਤਮ ਹੋਣ ਲੱਗਾ ਹੈ। ਤਾਜ਼ੇ ਭਾਸ਼ਣਾਂ ਵਿੱਚ ਉਨ੍ਹਾਂ ਨੇ ਆਪਣੇ ਅਲੋਚਕਾਂ ਨੂੰ ਕਿਆਮਤ ਲਿਆਉਣ ਵਾਲੇ ਤੱਕ ਕਿਹਾ।

ਭਾਰਤ ਦੀ ਬੁਰੀ ਵਿੱਤੀ ਹਾਲਤ ਲਈ ਪਿਛਲੀ ਕਾਂਗਰਸ ਸਰਕਾਰ 'ਤੇ ਇਲਜ਼ਾਮ ਲਾਏ। ਖੁਦ ਨੂੰ 'ਬਾਹਰੀ' ਕਰਾਰ ਦਿੰਦੇ ਹੋਏ ਕਿਹਾ ਕਿ ਉਹ ਤਾਂ ਦੇਸ਼ ਦੀ ਭਲਾਈ ਲਈ 'ਜ਼ਹਿਰ ਪੀਣ ਨੂੰ ਵੀ ਤਿਆਰ' ਹਨ। ਕੀ ਜੇਤੂ ਹੁਣ ਪੀੜ੍ਹਤ ਬਣ ਗਿਆ ਹੈ?

ਪ੍ਰਧਾਨ ਮੰਤਰੀ ਮੋਦੀ ਨੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, "ਥੋੜੇ ਜਿਹੇ ਲੋਕ ਸਾਨੂੰ ਕਮਜ਼ੋਰ ਕਰਦੇ ਹਨ। ਸਾਨੂੰ ਅਜਿਹੇ ਲੋਕਾਂ ਦੀ ਪਛਾਣ ਕਰਨ ਦੀ ਲੋੜ ਹੈ।"

ਨਜ਼ਰੀਆ: ਮੋਦੀ ਦੀ ਟੱਕਰ 'ਚ ਸਿਰਫ਼ ਮੋਦੀ

ਗੁਜਰਾਤ ਵਿੱਚ ਕਾਂਗਰਸ ਦੇ ਰਾਹ ਦਾ ਵੱਡਾ ਰੋੜਾ

ਜੈ ਸ਼ਾਹ ਦੇ ਮਾਮਲੇ 'ਚ ਫ਼ਾਇਦਾ ਲੈ ਸਕਣਗੇ ਰਾਹੁਲ ਗਾਂਧੀ ?

ਤਾਂ ਕੀ ਮੋਦੀ ਜੀ ਦਾ ਜਾਦੂ ਖ਼ਤਮ ਹੋ ਰਿਹਾ ਹੈ? ਤਿੰਨ ਸਾਲ ਪਹਿਲਾਂ ਜਦੋਂ ਉਨ੍ਹਾਂ ਦੀ ਸ਼ਾਨਦਾਰ ਜਿੱਤ ਹੋਈ ਤਾਂ, ਉਨ੍ਹਾਂ ਬਦਲਾਅ ਤੇ ਨੌਕਰੀਆਂ ਦਾ ਵਾਅਦਾ ਕੀਤਾ ਸੀ।

ਜਦੋਂ ਵਿਸ਼ਵ ਵਿੱਚ ਵਿੱਤੀ ਹਾਲਤ ਵਿੱਚ ਸੁਧਾਰ ਨਜ਼ਰ ਆ ਰਿਹਾ ਹੈ-ਮੋਦੀ ਦੀ ਅਗਵਾਈ ਵਿੱਚ ਭਾਰਤ ਇਸ ਤੋਂ ਦੂਰ ਹੁੰਦਾ ਜਾਪ ਰਿਹਾ। ਭਾਰਤ ਨਿਘਰਦੀ ਜਾ ਰਹੀ ਵਿੱਤੀ ਹਾਲਤ ਅਤੇ ਨੌਕਰੀਆਂ ਦੇ ਸੰਕਟ ਨਾਲ ਜੂਝ ਰਿਹਾ ਹੈ।

ਫ਼ੈਸਲਿਆਂ ਨਾਲ ਨੁਕਸਾਨ

ਬੈਂਕ ਪਹਾੜਾਂ ਜਿੰਨੇ ਕਰਜ ਨਾਲ ਸੰਘਰਸ਼ ਕਰ ਰਹੇ ਹਨ। ਇਸ ਕਰਕੇ ਘਰੇਲੂ ਨਿਵੇਸ਼ ਨੂੰ ਨੁਕਸਾਨ ਪਹੁੰਚਿਆ ਹੈ।

ਪਿਛਲੇ ਸਾਲ ਨਵੰਬਰ ਵਿੱਚ ਕੀਤੀ ਗਈ ਨੋਟਬੰਦੀ, ਸਿਆਸਤਦਾਨਾਂ ਵੱਲੋਂ ਕਾਲੇਧਨ ਦੀ ਵਾਪਸੀ ਦਾ ਜ਼ਰੀਆ ਦੱਸੀ ਗਈ, ਪਰ ਅਸਲ ਵਿੱਚ ਵਿਕਾਸ ਵਿੱਚ ਰੁਕਾਵਟ ਬਣੀ ਅਤੇ ਆਮ ਲੋਕਾਂ ਲਈ ਪੀੜ।

Image copyright Reuters
ਫੋਟੋ ਕੈਪਸ਼ਨ ਜਿਸ ਤਰੀਕੇ ਨਾਲ ਜੀਐੱਸਟੀ ਪੇਸ਼ ਕੀਤਾ ਗਿਆ ਉਸ ਕਰਕੇ ਅਲੋਚਨਾ ਹੋਈ

ਇੱਕ ਸਾਂਝੇ ਬਜ਼ਾਰ ਲਈ ਪੇਸ਼ ਕੀਤੇ ਗਏ ਜੀਐਸਟੀ ਕਰਕੇ ਸਨਅਤ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ।

ਸ਼ਹਿਰਾਂ ਤੇ ਕਸਬਿਆਂ ਵਿੱਚ ਵਪਾਰੀ ਜੀਐਸਟੀ ਤੋਂ ਪਰੇਸ਼ਾਨ ਹਨ। ਪਿੰਡਾਂ ਵਿੱਚ ਅੱਧੇ ਭਾਰਤੀ ਖੇਤੀਬਾੜੀ ਕਰਦੇ ਹਨ। ਕਿਸਾਨ ਘੱਟ ਆਮਦਨ ਦੀ ਸ਼ਿਕਾਇਤ ਕਰ ਰਹੇ ਹਨ, ਕਿਉਂਕਿ ਸਰਕਾਰ ਫ਼ਸਲ ਦਾ ਸਹੀ ਮੁੱਲ ਨਹੀਂ ਦੇ ਰਹੀ।

ਕੋਈ ਚੁਣੌਤੀ ਨਹੀਂ

ਜਿੱਤ ਤੋਂ ਬਾਅਦ ਪਹਿਲੀ ਵਾਰੀ ਮੋਦੀ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਹੈ।

ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿੰਨਹਾ ਦਾ ਕਹਿਣਾ ਹੈ, "ਪ੍ਰਧਾਨ ਮੰਤਰੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਗਰੀਬੀ ਨੇੜਿਓਂ ਦੇਖੀ ਹੈ। ਉਨ੍ਹਾਂ ਦੇ ਵਿੱਤ ਮੰਤਰੀ ਜ਼ਿਆਦਾ ਸਮਾਂ ਕੰਮ ਕਰ ਰਹੇ ਹਨ ਤਾਕਿ ਉਹ ਤੈਅ ਕਰ ਸਕਣ ਕਿ ਹਰ ਭਾਰਤੀ ਗਰੀਬੀ ਨੂੰ ਨੇੜਿਓਂ ਦੇਖੇ।"

ਮੋਦੀ ਵੀ ਵਿਰੋਧੀ ਧਿਰ ਦੀ ਜੰਮ ਕੇ ਅਲੋਚਨਾ ਕਰ ਰਹੇ ਹਨ। ਉਨ੍ਹਾਂ ਦੇ ਮੁੱਖ ਸਿਆਸੀ ਵਿਰੋਧੀ, ਰਾਹੁਲ ਗਾਂਧੀ ਵੀ, ਅਚਾਨਕ ਹੀ ਜ਼ਿਆਦਾ ਜੋਸ਼ ਭਰਪੂਰ ਹੋ ਗਏ ਹਨ ਤੇ ਮੋਦੀ 'ਤੇ ਪਹਿਲਾਂ ਨਾਲੋਂ ਜ਼ਿਆਦਾ ਤਿੱਖੇ ਹਮਲੇ ਕਰ ਰਹੇ ਹਨ।

Image copyright Getty Images
ਫੋਟੋ ਕੈਪਸ਼ਨ ਮੋਦੀ ਤੇ ਅਮਿਤ ਸ਼ਾਹ ਬੀਜੇਪੀ ਦੇ ਸਿਰਕੱਢ ਆਗੂ ਹਨ

ਇਸ ਤੋਂ ਇਲਾਵਾ ਮੋਦੀ ਦੇ ਕਰੀਬੀ ਅਮਿਤ ਸ਼ਾਹ ਦੇ ਬੇਟੇ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਹਨ।

ਜੈਅ ਸ਼ਾਹ ਨੇ ਦੋਸ਼ਾਂ ਨੂੰ ਨਕਾਰਿਆ ਹੈ ਅਤੇ 'ਦਾ ਵਾਇਰ' ਖ਼ਬਰ ਵੈੱਬਸਾਈਟ 'ਤੇ ਮਾਣਹਾਨੀ ਦਾ ਮੁਕੱਦਮਾ ਕਰ ਦਿੱਤਾ ਹੈ।

ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੂੰ ਚਾਰ ਚੀਜ਼ਾਂ ਦੀ ਮਦਦ ਮਿਲੀ ਹੈ।

  • ਤੇਲ ਦੀਆਂ ਘੱਟ ਕੀਮਤਾਂ: ਭਾਰਤ ਜ਼ਿਆਦਾਤਰ ਕੱਚੇ ਤੇਲ ਦੀ ਦਰਾਮਦ ਕਰਦਾ ਹੈ। ਜਿਸ ਨਾਲ ਵਿਕਾਸ'ਚ ਗਤੀ ਆਈ ਹੈ ਤੇ ਮਹਿੰਗਾਈ 'ਤੇ ਕੁਝ ਲਗਾਮ ਲੱਗੀ।
  • ਮੀਡੀਆ: ਮੀਡੀਆ ਦਾ ਇੱਕ ਹਿੱਸਾ ਸਰਾਕਰੀ ਮਸ਼ਹੂਰੀਆਂ 'ਤੇ ਨਿਰਭਰ ਕਰਦਾ ਹੈ, ਜਿਸ ਕਰਕੇ ਸਰਕਾਰ ਦੀ ਅਲੋਚਨਾ ਤੋਂ ਉਨ੍ਹਾਂ ਗੁਰੇਜ਼ ਕੀਤਾ।
  • ਮੋਦੀ ਨੂੰ ਪਾਰਟੀ 'ਚ ਅੰਦਰੂਨੀ ਕਿਸੇ ਵੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ। ਮੋਦੀ ਅਤੇ ਅਮਿਤ ਸ਼ਾਹ ਹੀ ਪਾਰਟੀ ਦੇ ਸਿਰਕੱਢ ਆਗੂ ਹਨ।
  • ਇਸ ਤੋਂ ਇਲਾਵਾ ਕਮਜ਼ੋਰ ਸਿਆਸੀ ਵਿਰੋਧੀ ਧਿਰ ਵੀ ਭਾਰਤੀਆਂ ਨੂੰ ਬਦਲ ਦੇਣ ਵਿੱਚ ਅਸਮਰੱਥ ਰਹੀ ਹੈ।

'ਹਵਾ ਵਿੱਚ ਕੁਝ ਹੈ'

ਪ੍ਰਿੰਟ ਨਿਊਜ਼ ਸਾਈਟ ਦੇ ਐਡੀਟਰ ਸ਼ੇਖਰ ਗੁਪਤਾ ਦਾ ਕਹਿਣਾ ਹੈ, "ਹਵਾ ਵਿੱਚ ਹਾਲੇ ਵੀ ਕੁਝ ਹੈ"

ਇਸ ਦਾ ਇੱਕ ਸੰਕੇਤ ਸੋਸ਼ਲ ਮੀਡੀਆ 'ਤੇ ਮਿਲਦਾ ਹੈ। ਇੱਕ ਪਾਸੇ ਮੋਦੀ ਜੀ ਦੇ ਕੱਟੜ ਸਮਰਥਕਾਂ ਨੂੰ ਸੋਸ਼ਲ ਮੀਡੀਆ 'ਤੇ ਦਬਾਇਆ ਜਾ ਰਿਹਾ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਦਾ ਮਜ਼ਾਕ ਬਣਾਉਂਦੇ ਕਾਰਟੂਨ ਵੀ ਬਹੁਤ ਦੇਖਣ ਨੂੰ ਮਿਲ ਰਹੇ ਹਨ।

ਬੀਫ਼ ਦੀ ਵਿਕਰੀ ਤੇ ਖਾਣ 'ਤੇ ਹੋ ਰਹੇ ਰੌਲੇ ਨਾਲ ਹਿੰਦੂ ਕੱਟੜਵਾਦੀਆਂ ਨੂੰ ਸੰਤੁਸ਼ਟ ਕੀਤਾ ਜਾ ਰਿਹਾ ਹੈ, ਪਰ ਇਸ ਨਾਲ ਕਾਫ਼ੀ ਨੌਜਵਾਨਾਂ ਨੂੰ ਪਾਰਟੀ ਨੇ ਡਰਾਉਣਾ ਸ਼ੁਰੂ ਕਰ ਦਿੱਤਾ ਹੈ।

ਹਾਲਾਤ ਹੋਰ ਖਰਾਬ ਕਰਨ ਦੇ ਲਈ, ਪਾਰਟੀ ਨੇ ਇੱਕ ਵਿਵਾਦਤ ਹਿੰਦੂ ਧਾਰਮਿਕ ਆਗੂ ਨੂੰ ਉੱਤਰ ਪ੍ਰਦੇਸ਼ ਦਾ ਜ਼ਿੰਮਾ ਸੌਂਪ ਦਿੱਤਾ ਹੈ। ਇਹ ਮੁਸਲਿਮ ਵਿਰੋਧੀ ਮੰਨੇ ਜਾਂਦੇ ਹਨ।

ਉੱਤਰ ਪ੍ਰਦੇਸ਼ ਵਿੱਚ ਭਾਜਪਾ ਨੇ ਮਾਰਚ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ ਸੀ। ਉੱਤਰ ਪ੍ਰਦੇਸ਼ ਦੇ 200 ਮਿਲੀਅਨ ਲੋਕ ਮੁਸਲਮਾਨ ਹਨ।

'ਸੁਧਾਰਕ ਨਹੀਂ'

2014 ਵਿੱਚ ਮੋਦੀ ਜੀ ਜ਼ਿਆਦਾਤਰ ਨੌਜਵਾਨਾਂ ਦੇ ਵੋਟ ਹਾਸਿਲ ਕਰਨ ਵਿੱਚ ਕਾਮਯਾਬ ਰਹੇ। ਸਵਾਲ ਇਹ ਹੈ ਕਿ ਕੀ ਮੋਦੀ ਜੀ ਇਸੇ ਵਰਗ ਦਾ ਸਮਰਥਨ ਗੁਆ ਰਹੇ ਹਨ ?

ਭਾਜਪਾ ਸਮਰਥਕ ਵਿਦਿਆਰਥੀ ਯੂਨੀਅਨ ਦਿੱਲੀ ਅਤੇ ਹੈਦਰਾਬਾਦ ਦੀਆਂ ਤਿੰਨ ਯੂਨੀਵਰਸਿਟੀਆਂ ਵਿੱਚ ਚੋਣਾਂ ਹਾਰ ਚੁੱਕੀ ਹੈ।

ਮੋਦੀ ਜੀ ਦੇ ਹਲਕੇ ਵਾਰਾਣਸੀ ਵਿੱਚ ਇੱਕ ਅਹਿਮ ਯੂਨੀਵਰਸਿਟੀ ਵਿੱਚ ਪੁਲਿਸ ਵੱਲੋਂ ਵਿਦਿਆਰਥਣਾਂ ਨੂੰ ਕੁੱਟਣਾ, ਜੋ ਕਿ ਸਰੀਰਕ ਸ਼ੋਸ਼ਣ ਦੇ ਖਿਲਾਫ਼ ਮੁਜ਼ਾਹਰਾ ਕਰ ਰਹੀਆਂ ਸਨ, ਪਾਰਟੀ ਅਤੇ ਉਨ੍ਹਾਂ ਨੂੰ ਨੌਜਵਾਨ ਵੋਟਰ ਨਹੀਂ ਦਵਾ ਪਾਏਗੀ।

Image copyright Reuters

ਵਿੱਤੀ ਮਾਮਲਿਆਂ ਨੂੰ ਲੈ ਕੇ ਮੋਦੀ ਜੀ ਸਵਾਲਾਂ 'ਚ ਘਿਰ ਗਏ ਹਨ ਕਿ ਕੀ ਉਮੀਦਾਂ 'ਤੇ ਖਰ੍ਹੇ ਉਤਰ ਸਕਣਗੇ?

'ਦਾ ਇਕਨੌਮਿਸਟ' ਮੈਗਜ਼ੀਨ ਨੇ ਜੂਨ ਵਿੱਚ ਨੇ ਕਿਹਾ ਮੋਦੀ ਜੀ ਕੱਟੜ ਸੁਧਾਰਕ ਨਹੀਂ ਸਨ, ਜੋ ਕਿ ਉਨ੍ਹਾਂ ਨੂੰ ਮੰਨਿਆ ਜਾ ਰਿਹਾ ਹੈ। ਮੈਗਜ਼ੀਨ ਮੁਤਾਬਕ ਮੋਦੀ ਜੀ ਕੋਲ ਜੀਐਸਟੀ ਲਈ ਥੋੜੇ ਹੀ ਵਿਚਾਰ ਸਨ। ਅਸਲ ਵਿੱਚ ਇਹ ਕਾਂਗਰਸ ਦੀ ਹੀ ਯੋਜਨਾ ਸੀ, ਜਿਸ 'ਤੇ ਮੋਹਰ ਲੱਗੀ ਹੈ।

ਆਰਐੱਸਐੱਸ ਨਾਲ ਸਬੰਧ

ਅਲੋਚਕਾਂ ਦਾ ਮੰਨਣਾ ਹੈ, ਦੇਸ਼ ਦੀ ਹੁਣ ਤੱਕ ਦੀ ਸਭ ਤੋਂ ਤਾਕਤਵਰ ਸਰਕਾਰ ਚਲਾਉਣ ਦੇ ਬਾਵਜੂਦ ਮੋਦੀ ਜੀ ਸਨਅਤ ਲਈ ਜ਼ਮੀਨ 'ਤੇ ਬਿਜਲੀ ਸਹੂਲਤਾਂ ਮੁਹੱਈਆ ਨਹੀਂ ਕਰਵਾ ਸਕੇ ਅਤੇ ਨਾ ਹੀ ਲੇਬਰ ਕਾਨੂੰਨ ਵਿੱਚ ਬਦਲਾਅ ਕਰ ਸਕੇ।

ਇਸ ਤੋਂ ਇਲਾਵਾ ਮੋਦੀ ਜੀ ਸੱਜੇ-ਪੱਖੀ ਹਿੰਦੂ ਰਾਸ਼ਟਰਵਾਦੀ ਆਰਐੱਸਐੱਸ ਦੇ ਬੰਧਕ ਲੱਗ ਰਹੇ ਹਨ, ਜਿੰਨ੍ਹਾਂ ਦਾ ਮਕਸਦ ਹਿੰਦੂਵਾਦ ਦੀਆਂ ਪ੍ਰਾਪਤੀਆਂ ਚਮਕਾਉਣਾ ਹੈ।

ਅਰਥਸ਼ਾਸਤੀ ਡਾ. ਚਕੱਰਵਰਤੀ ਮੰਨਦੇ ਹਨ ਕਿ ਮੋਦੀ ਜੀ ਕੋਲ ਹਾਲੇ ਵੀ ਸਮਾਂ ਹੈ ਕਿ ਉਹ ਸਟੌਕ ਮਾਰਕਿਟ ਦੇ ਜ਼ਰੀਏ ਵਿੱਤੀ ਹਾਲਤ ਵਿੱਚ ਸੁਧਾਰ ਕਰ ਲੈਣ, ਜਿਸ ਵਿੱਚ ਵਿਦੇਸ਼ੀ ਪੈਸਾ ਲੱਗਿਆ ਹੋਇਆ ਹੈ।

ਸੰਘਰਸ਼ਮਈ ਸਿਆਸਤਦਾਨ

ਹਾਲਾਂਕਿ ਮੋਦੀ ਜੀ ਯੋਧਾ ਹਨ। ਇਹ ਕਹਿਣਾ ਅਜੇ ਜਲਦਬਾਜ਼ੀ ਹੋਏਗਾ ਕਿ ਮੋਦੀ ਵਿਰੋਧੀ ਲਹਿਰ ਚੱਲ ਰਹੀ ਹੈ। ਅਗਸਤ ਵਿੱਚ ਕੀਤੇ ਓਪੀਨੀਅਨ ਪੋਲ ਮੁਤਾਬਕ ਜੇ ਦੁਬਾਰਾ ਚੋਣਾਂ ਕਰਵਾਈਆਂ ਗਈਆਂ ਤਾਂ ਮੋਦੀ ਜੀ ਵੱਡੇ ਫ਼ਰਕ ਨਾਲ ਜਿੱਤਣਗੇ।

ਸਿਆਸਤ ਵਿੱਚ ਇੱਕ ਮਹੀਨਾ ਬਹੁਤ ਵੱਡਾ ਫਰਕ ਹੁੰਦਾ ਹੈ।

ਗੁਜਰਾਤ ਵਿੱਚ ਦਸੰਬਰ ਵਿੱਚ ਹੋਣ ਵਾਲੀਆਂ ਚੋਣਾਂ ਕੁਝ ਇਸ਼ਾਰਾ ਕਰ ਸਕਦੀਆਂ ਹਨ।

Image copyright Reuters

'ਸੈਂਟਰ ਫੌਰ ਦ ਸਟੱਡੀ ਆਫ਼ ਡਿਵੈਲਪਿੰਗ ਸੋਸਾਇਟੀ' ਦੇ ਤਾਜ਼ਾ ਸਰਵੇ ਮੁਤਾਬਕ ਲੋਕ ਜੀਐਸਟੀ ਤੋਂ ਨਾਖੁਸ਼ ਹਨ। ਕੋਈ ਵੀ ਬੀਜੇਪੀ ਦੀ ਹਾਰ ਦੀ ਉਮੀਦ ਨਹੀਂ ਕਰਦਾ, ਪਰ ਵੋਟਾਂ ਦਾ ਫ਼ਰਕ ਮਾਇਨੇ ਰੱਖਦਾ ਹੈ।

ਸਿਆਸੀ ਮਾਹਿਰ ਸੰਜੇ ਕੁਮਾਰ ਦਾ ਮੰਨਣਾ ਹੈ, "ਅਸੰਤੁਸ਼ਟੀ ਦੀ ਇਸ ਹਨੇਰੀ ਨੂੰ ਤੇਜ਼ ਤੂਫ਼ਾਨ ਬਣਨ ਤੋਂ ਦੋ ਚੀਜ਼ਾਂ ਨੇ ਰੋਕਿਆ ਹੈ-ਮਜ਼ਬੂਤ ਬਦਲ ਦੀ ਗੈਰ-ਮੌਜੂਦਗੀ ਅਤੇ ਮੋਦੀ ਦਾ ਨਿੱਜੀ ਅਕਸ।"

"ਇੱਕ ਸਵਾਲ ਜੋ ਬਰਕਾਰ ਹੈ ਕਿ ਮੋਦੀ ਜੀ ਕਿੰਨੀ ਦੇਰ ਆਪਣੇ ਅਕਸ ਨਾਲ ਲੋਕਾਂ ਦੀ ਨਰਾਜ਼ਗੀ ਨੂੰ ਰੋਕ ਸਕਣਗੇ?"

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)