ਨੇਜ਼ਾ ਸੁੱਟਾਵੇ ਦਵਿੰਦਰ ਕੰਗ ਦਾ ਭਵਿੱਖ ਨਾਡਾ ਦੇ ਨੇਜ਼ੇ 'ਤੇ

davinder kang Image copyright Reuters

ਲੰਡਨ ਵਿਖੇ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਨੇਜ਼ਾ ਸੁੱਟਣ ਦੇ ਮੁਕਾਬਲੇ ਵਿੱਚ ਫਾਈਨਲ ਤੱਕ ਦਾ ਸਫ਼ਰ ਤੈਅ ਕਰਨ ਵਾਲੇ ਦਵਿੰਦਰ ਕੰਗ ਦਾ ਖੇਡ-ਜੀਵਨ ਦੁਰਾਹੇ ਉੱਤੇ ਖੜ੍ਹਾ ਹੈ।

ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਤੋਂ ਮਿਲੀ ਜਾਣਕਾਰੀ ਮੁਤਾਬਕ ਐਂਟੀ ਡੋਪਿੰਗ ਅਨੁਸ਼ਾਸਨੀ ਪੈਨਲ ਦਵਿੰਦਰ ਉੱਤੇ ਲੱਗੇ ਇਲਜ਼ਾਮਾਂ ਬਾਬਤ ਜਾਂਚ ਕਰ ਰਿਹਾ ਹੈ।

ਦਵਿੰਦਰ ਦੇ ਨਮੂਨੇ ਵਿੱਚ ਇਤਰਾਜ਼ਯੋਗ ਤੱਤ ਮਿਲਣ ਕਾਰਨ ਉਸ ਦੇ ਟੀਚੇ ਓਲੰਪਿਕ ਪੋਡੀਅਮ ਸਕੀਮ (ਟੌਪਸ) ਵਿੱਚੋਂ ਬਾਹਰ ਰੱਖੇ ਜਾਣ ਦਾ ਰਾਜ਼ ਖੁੱਲ੍ਹ ਗਿਆ ਜਾਪਦਾ ਹੈ।

ਦੇਸ਼ ਛੱਡਣ ਲਈ ਕਿਉਂ ਮਜਬੂਰ ਹੈ ਜੈਵਲਿਨ ਥ੍ਰੋਅਰ?

ਪੰਜਾਬ 'ਚ 'ਸਿਆਸੀ ਕਤਲਾਂ' ਦੀਆਂ ਅਣਸੁਲਝੀਆਂ ਗੁੱਥੀਆਂ

ਦਵਿੰਦਰ ਦੇ 15 ਮਈ ਨੂੰ ਲਏ ਗਏ ਨਮੂਨੇ ਵਿੱਚ ਇਤਰਾਜ਼ਯੋਗ ਤੱਤ ਮਿਲੇ ਸਨ, ਪਰ ਉਸ ਤੋਂ ਬਾਅਦ ਉਹ ਕੌਮਾਂਤਰੀ ਅਤੇ ਕੌਮੀ ਖੇਡ-ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕਿਆ ਹੈ।

15 ਮਈ ਤੋਂ ਪਹਿਲਾਂ ਸੱਤ ਮਈ ਅਤੇ ਬਾਅਦ ਵਿੱਚ ਤਿੰਨ ਜੂਨ ਨੂੰ ਦਵਿੰਦਰ ਦੇ ਨਮੂਨਿਆਂ ਵਿੱਚੋਂ ਕੋਈ ਇਤਰਾਜ਼ਯੋਗ ਤੱਤ ਨਹੀਂ ਮਿਲਿਆ। ਇਸ ਤੋਂ ਬਾਅਦ ਲੰਡਨ ਵਿਖੇ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਦੌਰਾਨ ਉਸ ਦੇ ਨਮੂਨਿਆਂ ਦੀ ਪਰਖ਼ ਹੋਈ ਸੀ।

7 ਦਿਨਾਂ ਦਾ ਵਕਤ

ਨਾਡਾ ਦੀ 14 ਜੂਨ ਨੂੰ ਲਿਖੀ ਚਿੱਠੀ ਵਿੱਚ ਦਵਿੰਦਰ ਤੋਂ ਸੱਤ ਦਿਨਾਂ ਅੰਦਰ ਜੁਆਬ ਮੰਗਿਆ ਗਿਆ ਹੈ। ਚਿੱਠੀ ਵਿੱਚ ਦਰਜ ਹੈ ਕਿ ਤਸੱਲੀਬਖ਼ਸ਼ ਜਵਾਬ ਨਾ ਮਿਲਣ ਕਾਰਨ ਆਰਜ਼ੀ ਪਾਬੰਦੀ ਲਾਗੂ ਹੋ ਜਾਵੇਗੀ।

ਚਿੱਠੀ ਮਿਲਣ ਤੋਂ ਪਹਿਲਾਂ ਅਤੇ ਜ਼ਿਕਰਗੋਚਰੇ ਡੋਪ ਟੈਸਟ ਤੋਂ ਬਾਅਦ ਦਵਿੰਦਰ ਦਾ ਨਮੂਨਾ ਭਰਿਆ ਗਿਆ ਸੀ, ਜਿਸ ਵਿੱਚ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ।

ਦਵਿੰਦਰ ਬਾਬਤ ਪੁੱਛੇ ਗਏ ਸੁਆਲ ਦੀ ਜਵਾਬੀ ਈਮੇਲ ਵਿੱਚ ਨਾਡਾ ਦੇ ਨਤੀਜਾ ਪ੍ਰਬੰਧ ਦੇ ਸਹਾਇਕ ਪ੍ਰਜੈਕਟ ਨਿਰਦੇਸ਼ਕ ਬੀ.ਜੇ.ਵਰਮਾ ਨੇ ਲਿਖਿਆ ਹੈ ਕਿ ਤੀਜੀਆਂ ਇੰਡੀਅਨ ਗਰੈਂਡ ਪ੍ਰਿਕਸ ਖੇਡਾਂ ਵਿੱਚ ਨਾਡਾ ਨੇ 15 ਮਈ ਨੂੰ ਦਵਿੰਦਰ ਦੇ ਨਮੂਨੇ ਲਏ ਸਨ।ਜਿਨ੍ਹਾਂ ਵਿੱਚ ਵਰਲਡ ਐਂਟੀ ਡੋਪਿੰਗ ਏਜੰਸੀ (ਵਾਡਾ) ਦੀ ਫਹਿਰਿਸਤ (2017) ਵਿੱਚ ਸ਼ੁਮਾਰ ਪਾਬੰਦੀਸ਼ੁਦਾ ਤੱਤ ਦੀ ਸ਼ਨਾਖ਼ਤ ਹੋਈ ਸੀ।

Image copyright Reuters

ਇਸ ਤੋਂ ਬਾਅਦ ਦਵਿੰਦਰ ਨੂੰ ਐਥਲੈਟਿਕ ਫੈਡਰੇਸ਼ਨ ਰਾਹੀਂ ਪੁੱਛਿਆ ਗਿਆ ਸੀ ਕਿ ਕੀ ਉਹ ਆਪਣੀ ਮਰਜ਼ੀ ਨਾਲ ਆਰਜ਼ੀ ਮੁਅੱਤਲ ਹੋਣਾ ਪ੍ਰਵਾਨ ਕਰਦਾ ਹੈ?

ਈਮੇਲ ਮੁਤਾਬਕ ਦਵਿੰਦਰ ਨੇ ਕਬੂਲ ਕੀਤਾ ਸੀ ਕਿ ਖੇਡ ਮੁਕਾਬਲੇ ਤੋਂ ਪਹਿਲਾਂ ਗਰਮੀ ਲੱਗਣ ਕਾਰਨ ਉਸ ਨੇ ਆਪਣੇ ਦੋਸਤ ਦੀ ਸਲਾਹ ਕਾਰਨ ਕਿਸੇ ਮੁਕਾਮੀ ਵੈਦ ਦੀ ਤਿਆਰ ਕੀਤੀ 'ਠੰਢਾਈ' ਪੀਤੀ ਸੀ।

ਅੱਗੇ ਲਿਖਿਆ ਹੈ ਕਿ ਨੋਟਿਸ ਜਾਰੀ ਹੋਣ ਤੋਂ ਬਾਅਦ 'ਠੰਢਾਈ' ਵਿੱਚ ਮਾਰਿਜੁਆਨਾ ਦੇ ਪੱਤੇ ਹੋਣ ਦੀ ਤਸਦੀਕ ਦਵਿੰਦਰ ਨੇ ਆਪਣੇ ਦੋਸਤ ਤੋਂ ਕੀਤੀ।

ਇਸ ਵੇਲੇ ਦਵਿੰਦਰ ਦਾ ਮਾਮਲਾ ਐਂਟੀ ਡੋਪਿੰਗ ਅਨੁਸ਼ਾਸਨੀ ਪੈਨਲ ਕੋਲ ਹੈ, ਜੋ ਇਸ ਉੱਤੇ ਆਖ਼ਰੀ ਫ਼ੈਸਲਾ ਲੈਣ ਬਾਬਤ ਵਿਚਾਰ ਕਰ ਰਿਹਾ ਹੈ।

Image copyright Reuters

ਬੀ.ਜੇ.ਵਰਮਾ ਨੇ ਬੀਬੀਸੀ ਨਾਲ ਟੈਲੀਫੋਨ ਉੱਤੇ ਗੱਲਬਾਤ ਕਰਦਿਆਂ ਦੱਸਿਆ ਕਿ ਨਮੂਨੇ ਵਿੱਚ ਪਾਬੰਦੀਸ਼ੁਦਾ ਤੱਤ ਦੀ ਤਸਦੀਕ ਹੋਣ ਤੋਂ ਬਾਅਦ ਹੀ ਇਹ ਮਾਮਲਾ ਤਿੰਨ ਮੈਂਬਰੀ ਪੈਨਲ ਕੋਲ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਅੰਤਿਮ ਫ਼ੈਸਲਾ ਤਾਂ ਐਂਟੀ ਡੋਪਿੰਗ ਅਨੁਸ਼ਾਸਨੀ ਪੈਨਲ ਨੇ ਕਰਨਾ ਹੈ, ਪਰ ਵਾਡਾ ਦੇ ਨਿਯਮ ਮੁਤਾਬਕ ਦਵਿੰਦਰ ਉੱਤੇ ਦੋ ਤੋਂ ਚਾਰ ਸਾਲ ਦੀ ਪਾਬੰਦੀ ਲੱਗ ਸਕਦੀ ਹੈ।

ਅਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਅਦੀਲੀ ਸੁਮੀਰੀਵਾਲਾ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਪਰ ਉਨ੍ਹਾਂ ਦਾ ਕੰਮ ਨਾਡਾ ਦੇ ਫ਼ੈਸਲੇ ਨੂੰ ਲਾਗੂ ਕਰਨਾ ਹੈ।

ਐਥਲੈਟਿਕ ਫੈਡਰੇਸ਼ਨ ਆਫ਼ ਇੰਡੀਆ ਦੇ ਸਕੱਤਰ ਕੁੱਡੀ ਕੋਟਾ ਵਿਲਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਬਤ ਕੋਈ ਜਾਣਕਾਰੀ ਨਹੀਂ ਹੈ।

Image copyright Getty Images

ਦੂਜੇ ਪਾਸੇ ਦਵਿੰਦਰ ਨੇ ਟੈਲੀਫ਼ੋਨ ਉੱਤੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਾ ਖੇਡ-ਜੀਵਨ ਬੇਦਾਗ਼ ਰਿਹਾ ਹੈ, ਪਰ ਇਸ ਵਿਵਾਦ ਕਾਰਨ ਇੱਕ ਤਾਂ ਉਸ ਨੂੰ ਟੌਪਸ ਵਿੱਚ ਨਹੀਂ ਰੱਖਿਆ ਗਿਆ ਅਤੇ ਦੂਜਾ 'ਓਲੰਪਿਕ ਗੋਲਡ ਕੂਐਸਟ' ਨੇ ਆਪਣੀ ਸਰਪ੍ਰਸਤੀ ਤੋਂ ਹੱਥ ਪਿੱਛੇ ਖਿੱਚ ਲਿਆ ਹੈ।

ਇਟਲੀ ਤੋਂ ਸੱਦਾ

ਜਦੋਂ ਪਿਛਲੇ ਦਿਨੀਂ ਕੇਂਦਰੀ ਖੇਡ ਮੰਤਰਾਲੇ ਨੇ ਟੌਪਸ ਦੀ ਫਹਿਰਿਸਤ ਜਾਰੀ ਕੀਤੀ ਸੀ ਤਾਂ ਦਵਿੰਦਰ ਨੇ ਨਜ਼ਰਅੰਦਾਜ਼ ਕੀਤੇ ਜਾਣ ਕਾਰਨ ਨਰਾਜ਼ਗੀ ਜ਼ਾਹਿਰ ਕੀਤੀ ਸੀ। ਉਸ ਨੇ ਨਜ਼ਰਅੰਦਾਜ਼ੀ ਜਾਰੀ ਰਹਿਣ ਦੀ ਹਾਲਤ ਵਿੱਚ ਇਟਲੀ ਵਿੱਚ ਜਾ ਵਸਣ ਦਾ ਬਿਆਨ ਦਿੱਤਾ ਸੀ।

ਬੀ.ਬੀ.ਸੀ. ਨਾਲ ਗੱਲਬਾਤ ਕਰਦਿਆਂ ਦਵਿੰਦਰ ਨੇ ਕਿਹਾ ਸੀ ਕਿ ਉਸ ਨੂੰ ਇਟਲੀ ਦਾ ਸ਼ਹਿਰੀ ਬਣ ਕੇ ਓਲੰਪਿਕ ਵਿੱਚ ਨੁਮਾਇੰਦਗੀ ਕਰਨ ਲਈ ਚੈਂਪੀਅਨਾਤੀ ਨੈਜ਼ਨਾਲੀ ਯੂਨੀਵਰਸੀਟਾਰੀ (CUS Parma, CNU - Campionati Nazionali Universitari) ਦਾ ਸੱਦਾ ਮਿਲਿਆ ਹੈ।

ਖੇਡ ਮੰਤਰਾਲੇ ਨੇ ਪਿਛਲੇ ਦਿਨੀਂ 107 ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਸੀ, ਜਿਸ ਨਾਲ ਇਸ ਯੋਜਨਾ ਦੇ ਘੇਰੇ ਵਿੱਚ ਆਉਣ ਵਾਲੇ ਖਿਡਾਰੀਆਂ ਦੀ ਗਿਣਤੀ 152 ਹੋ ਗਈ ਸੀ। ਅਥਲੈਟਿਕਸ ਵਿੱਚ 19 ਖਿਡਾਰੀਆਂ ਨੂੰ ਰੱਖਿਆ ਗਿਆ ਸੀ, ਪਰ ਇਨ੍ਹਾਂ ਨਾਵਾਂ ਵਿੱਚੋਂ ਦਵਿੰਦਰ ਦਾ ਗ਼ੈਰ-ਹਾਜ਼ਰ ਹੋਣਾ ਹੈਰਾਨੀ ਦਾ ਸਬੱਬ ਬਣਿਆ ਸੀ।

ਆਰਥਿਕ ਤੰਗੀ ਭਰਿਆ ਜੀਵਨ

ਲੰਡਨ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਤੋਂ ਬਾਅਦ ਦਵਿੰਦਰ ਦੇ ਸੰਘਰਸ਼ ਅਤੇ ਆਰਥਿਕ ਤੰਗੀ ਦੀਆਂ ਖ਼ਬਰਾਂ ਮੀਡੀਆ ਦੀਆਂ ਸੁਰਖ਼ੀਆਂ ਬਣੀਆਂ ਸਨ।

ਦਵਿੰਦਰ ਨੇ ਆਪਣੀ ਆਪ-ਬੀਤੀ ਸਾਂਝੀ ਕਰਦਿਆਂ ਬੀਬੀਸੀ ਨੂੰ ਦੱਸਿਆ ਸੀ ਕਿ ਉਸ ਦੀ ਫ਼ੌਜੀ ਨੌਕਰੀ ਤਾਂ ਕੌਮਾਂਤਰੀ ਖਿਡਾਰੀ ਦੀ ਖ਼ੁਰਾਕ ਦਾ ਬੋਝ ਵੀ ਨਹੀਂ ਝੱਲਦੀ ਅਤੇ ਆਪਣੇ ਪਿਤਾ ਜੀ ਦੇ ਚੁੱਕੇ ਕਰਜ਼ੇ ਨਾਲ ਉਸ ਨੇ ਮੌਜੂਦਾ ਮੁਕਾਮ ਹਾਸਿਲ ਕੀਤਾ ਹੈ।

ਲੰਡਨ ਤੋਂ ਪਰਤੇ ਦਵਿੰਦਰ ਨੇ ਦਾਅਵਾ ਕੀਤਾ ਸੀ ਕਿ ਐਥਲੈਟਿਕ ਫੈਡਰੇਸ਼ਨ ਨੇ ਉਸ ਨੂੰ ਖੇਡਾਂ ਵਿੱਚ ਭਾਗ ਲੈਣ ਤੋਂ ਰੋਕਣ ਦੇ ਉਪਰਾਲੇ ਕੀਤੇ ਸਨ। ਨਵੀਂ ਜਾਣਕਾਰੀ ਸਾਹਮਣੇ ਆਉਣ ਨਾਲ ਦਵਿੰਦਰ ਦੇ ਬਿਆਨਾਂ ਅਤੇ ਫੈਡਰੇਸ਼ਨ ਦੀ ਚੁੱਪ ਦਾ ਦੂਜਾ ਪਾਸਾ ਸਾਫ਼ ਹੋਣ ਲੱਗਿਆ ਹੈ।

ਦਵਿੰਦਰ ਦੇ ਰਿਕਾਰਡ

ਦਵਿੰਦਰ ਨੇ ਲੰਡਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 80.02 ਮੀਟਰ ਨੇਜ਼ਾ ਸੁੱਟ ਕੇ ਫਾਈਨਲ ਦੇ 13 ਸੁੱਟਾਵਿਆਂ ਵਿੱਚ 12ਵੇਂ ਥਾਂ ਰਿਹਾ ਸੀ, ਪਰ ਇਸ ਖੇਡ ਮੁਕਾਬਲੇ ਦੇ ਇਤਿਹਾਸ ਵਿੱਚ ਫਾਈਨਲ ਵਿੱਚ ਪੁੱਜਣ ਵਾਲਾ ਉਹ ਪਹਿਲਾਂ ਭਾਰਤੀ ਸੁੱਟਾਵਾ ਬਣਿਆ ਸੀ।

ਅਠਾਈ ਸਾਲਾ ਦਵਿੰਦਰ ਦੀ ਬਿਹਤਰੀਨ ਕਾਰਗੁਜ਼ਾਰੀ 84.57 ਮੀਟਰ ਰਹੀ ਹੈ। ਇਸ ਵੇਲੇ 86.48 ਮੀਟਰ ਦੇ ਕੌਮੀ ਰਿਕਾਰਡ ਵਾਲਾ ਨੇਜ਼ਾ ਸੁੱਟਾਵਾ ਨੀਰਜ ਚੋਪੜਾ ਟੌਪਸ ਵਿੱਚ ਸ਼ਾਮਿਲ ਹੈ।

Image copyright Reuters

ਦਵਿੰਦਰ ਦੀ ਕਾਰਗੁਜ਼ਾਰੀ ਵਿੱਚ ਲਗਾਤਾਰਤਾ ਉਸ ਨੂੰ ਜ਼ਿਆਦਾ ਸਮਰੱਥ ਸੁੱਟਾਵਾਂ ਸਾਬਤ ਕਰਦੀ ਹੈ, ਪਰ ਇਸ ਵਿਵਾਦ ਦਾ ਨਤੀਜਾ ਕਿਸੇ ਨਾ ਕਿਸੇ ਰੂਪ ਵਿੱਚ ਉਸ ਦੀ ਕਾਰਗੁਜ਼ਾਰੀ ਉੱਤੇ ਅਸਰਅੰਦਾਜ਼ ਹੋ ਸਕਦਾ ਹੈ।

ਦਵਿੰਦਰ ਨੇ ਟੈਲੀਫਨ ਉੱਤੇ ਦੱਸਿਆ ਕਿ ਅਣਜਾਣੇ ਵਿੱਚ ਖਾਂਦਾ/ਪੀਤਾ ਪਾਬੰਦੀਸ਼ੁਦਾ ਤੱਤ ਉਸ ਦੀ ਕਸੂਰਵਾਰੀ ਦਾ ਜ਼ਾਮਨ ਨਹੀਂ ਹੈ।

ਨਾਡਾ ਦਾ ਕਹਿਣਾ ਹੈ ਕਿ ਪਾਬੰਦੀਸ਼ੂਦਾ ਤੱਤ ਦੀ ਸ਼ਨਾਖ਼ਤ ਕਾਰਨ ਕਾਰਵਾਈ ਤਾਂ ਹੋਣੀ ਹੈ, ਪਰ ਅਣਜਾਣਪੁਣੇ ਦੀ ਦਲੀਲ ਸੱਚੀ ਜਾਪਣ ਉੱਤੇ ਕਾਰਵਾਈ ਦੀ ਸਖ਼ਤੀ ਘੱਟ ਹੋ ਸਕਦੀ ਹੈ।

ਮਾਮਲਾ ਕਿਉਂ ਲਟਕਾਇਆ ਜਾ ਰਿਹਾ ਹੈ?

ਦਵਿੰਦਰ ਦੀ ਦਲੀਲ ਹੈ ਕਿ ਉਹ ਅਣਜਾਣਤਾ ਵਿੱਚ ਹੋਈ ਉਕਾਈ ਨੂੰ ਕਬੂਲ ਕਰਦਾ ਹੈ, ਪਰ ਉਸ ਦੇ ਮਾਮਲੇ ਨੂੰ ਲਟਕਾਇਆ ਕਿਉਂ ਜਾ ਰਿਹਾ ਹੈ।

ਦਵਿੰਦਰ ਨੇ ਅੱਗੇ ਕਿਹਾ, "ਮੈਂ ਇਸ ਇਲਜਾਮ ਨੂੰ ਕਦੇ ਵੀ ਕਬੂਲ ਨਹੀਂ ਕਰ ਸਕਦਾ ਕਿ ਮੈਂ ਇਸ ਤਰ੍ਹਾਂ ਲਗਾਤਾਰ ਕਰਦਾ ਹਾਂ। ਤਕਰੀਬਨ 200 ਵਾਰ ਮੇਰੇ ਨਮੂਨਿਆਂ ਦੀ ਹੋਈ ਪਰਖ਼ ਮੇਰਾ ਸੱਚ ਦਰਸਾਉਂਦੀ ਹੈ।"

ਇਸ ਵੇਲੇ ਕੌਮਾਂਤਰੀ ਪੱਧਰ ਉੱਤੇ ਉਸੈਨ ਬੋਲਟ ਨੂੰ ਉਸ ਦੇ ਖੇਡ-ਜੀਵਨ ਦੀ ਆਖ਼ਰੀ ਫਰਾਟਾ ਦੌੜ ਵਿੱਚ ਹਰਾਉਣ ਵਾਲੇ ਜਸਟਿਨ ਗੈਟਲਿਨ ਸਮੇਤ ਕਈ ਖਿਡਾਰੀ ਹਨ ਜੋ ਵਾਡਾ ਦੀਆਂ ਪਾਬੰਦੀਆਂ ਭੁਗਤਣ ਤੋਂ ਬਾਅਦ ਚੰਗੀ ਕਾਰਗੁਜ਼ਾਰੀ ਕਰ ਰਹੇ ਹਨ।

ਦਵਿੰਦਰ ਦੇ ਮਾਮਲੇ ਵਿੱਚ ਕੀਤੀ ਜਾ ਰਹੀ ਦੇਰੀ ਅਤੇ ਫੈਡਰੇਸ਼ਨ ਦੀ ਬੇਲਾਗਤਾ ਕਈ ਸੁਆਲਾਂ ਦੀ ਗੁੰਜ਼ਾਇਸ਼ ਪੈਦਾ ਕਰਦੀ ਹੈ। ਜੇ ਦਵਿੰਦਰ ਉੱਤੇ ਪਾਬੰਦੀ ਲੱਗਦੀ ਹੈ ਤਾਂ ਇਸ ਅਰਸੇ ਦੌਰਾਨ ਉਹ ਆਪਣੀ ਕਾਰਗੁਜ਼ਾਰੀ ਦੇ ਨਾਲ-ਨਾਲ ਉਤਸ਼ਾਹ ਨੂੰ ਕਿਵੇਂ ਕਾਇਮ ਰੱਖ ਸਕੇਗਾ?

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)

ਸਬੰਧਿਤ ਵਿਸ਼ੇ