ਗੀਤਾਂਜਲੀ ਨੇ ਜਿੱਤਿਆ ਅਮਰੀਕਾ ਦਾ 'ਟੌਪ ਯੰਗ ਸਾਇੰਟਿਸਟ' ਐਵਾਰਡ

GEETANJALI

ਤਸਵੀਰ ਸਰੋਤ, DISCOVERY EDUCATION

ਭਾਰਤੀ ਮੂਲ ਦੀ ਇੱਕ 11 ਸਾਲਾ ਵਿਦਿਆਰਥਣ ਨੇ ਪਾਣੀ 'ਚ ਲੈਡ (ਸੀਸਾ) ਪਤਾ ਕਰਨ ਲਈ ਇੱਕ ਸਸਤਾ ਤਰੀਕਾ ਵਿਕਸਿਤ ਕਰਕੇ ਅਮਰੀਕਾ ਦਾ 'ਟੌਪ ਯੰਗ ਸਾਇੰਟਿਸਟ' ਅਵਾਰਡ ਜਿੱਤ ਲਿਆ ਹੈ।

ਗੀਤਾਂਜਲੀ ਰਾਓ ਨੂੰ ਉਨ੍ਹਾਂ 10 ਪ੍ਰਤੀਭਾਗੀਆਂ ਵਿਚੋਂ ਚੁਣਿਆ ਗਿਆ ਹੈ, ਜਿਨ੍ਹਾਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਲਈ ਚੋਟੀ ਦੇ ਵਿਗਿਆਨਕਾਂ ਨਾਲ 3 ਮਹੀਨੇ ਬਿਤਾਉਣ ਲਈ ਚੁਣਿਆ ਗਿਆ ਸੀ।

ਗੀਤਾਂਜਲੀ ਨੇ ਜੋ ਯੰਤਰ ਬਣਾਇਆ ਹੈ ਉਸ ਨਾਲ ਕਾਰਬਨ ਨੈਨੋਟਿਊਬਸ ਰਾਹੀਂ ਪਾਣੀ 'ਚ ਲੈਡ ਹੋਣ ਦਾ ਪਤਾ ਲਗਦਾ ਹੈ।

ਹੁਣ ਤੱਕ ਜਾਂਚ ਮਹਿੰਗੀ ਸੀ

ਅਮਰੀਕਾ 'ਚ ਹਜ਼ਾਰਾਂ ਜਲ ਸਰੋਤ ਲੈਡ ਨਾਲ ਪ੍ਰਦੂਸ਼ਿਤ ਹਨ। ਗੀਤਾਂਜਲੀ ਨੇ ਦੱਸਿਆ ਕਿ ਉਨ੍ਹਾਂ ਦੀ ਖੋਜ ਅਮਰੀਕਾ ਦੇ ਮਿਸ਼ੀਗਨ ਸੂਬੇ 'ਚ ਫਲਿੰਟ ਸ਼ਹਿਰ ਵਿੱਚ ਸਾਲ 2014-15 'ਚ ਹੋਏ ਜਲ ਪ੍ਰਦੂਸ਼ਣ ਤੋਂ ਪ੍ਰੇਰਿਤ ਹੈ।

ਇਸ ਮਾਮਲੇ 'ਚ ਅਧਿਕਾਰੀਆਂ 'ਤੇ ਕੇਸ ਚੱਲ ਰਿਹਾ ਹੈ, ਜਿਸ ਵਿੱਚ ਜਾਨ ਲੈਣ ਦੀਆਂ ਧਾਰਾਵਾਂ ਵੀ ਸ਼ਾਮਲ ਹਨ।

ਹੁਣ ਤੱਕ ਪਾਣੀ ਵਿੱਚ ਲੈਡ ਦੀ ਜਾਂਚ ਬਹੁਤ ਮਹਿੰਗੀ ਹੁੰਦੀ ਸੀ ਅਤੇ ਪਾਣੀ ਦੇ ਨਮੂਨਿਆਂ ਨੂੰ ਲੈਬ 'ਚ ਭੇਜਣਾ ਪੈਂਦਾ ਸੀ।

ਤਸਵੀਰ ਸਰੋਤ, Getty Images

ਗੀਤਾਂਜਲੀ ਨੇ ਜੋ ਯੰਤਰ ਬਣਾਇਆ ਹੈ, ਉਸ ਨੂੰ ਕਿਤੇ ਵੀ ਲੈ ਜਾ ਸਕਦੇ ਹਾਂ ਅਤੇ ਮੋਬਾਇਲ ਐਪ ਨਾਲ ਜੋੜ ਕੇ ਪਾਣੀ 'ਚ ਲੈੱਡ ਦੀ ਤੁਰੰਤ ਪਤਾ ਲੱਗ ਜਾਵੇਗਾ।

ਸ਼ੁੱਧ ਜਲ ਦੀ ਗ੍ਰੀਕ ਦੇਵੀ 'ਟੇਥੀਜ਼' ਦੇ ਨਾਂ 'ਤੇ ਉਸ ਨੇ ਯੰਤਰ ਦਾ ਨਾਂ ਰੱਖਿਆ ਹੈ।

ਗੀਤਾਂਜਲੀ ਨੇ 'ਬਿਜ਼ਨਸ ਇਨਸਾਇਡਰ' ਨਾਲ ਗੱਲ ਕਰਦਿਆਂ ਕਿਹਾ ਕਿ ਉਹ ਆਪਣੇ ਯੰਤਰ ਨੂੰ ਹੋਰ ਬਿਹਤਰ ਬਣਾਉਣ ਲਈ ਇਸ 'ਤੇ ਅੱਗੇ ਕੰਮ ਕਰਨਾ ਚਾਹੁੰਦੀ ਹੈ।

ਉਨ੍ਹਾਂ ਨੇ ਕਿਹਾ, "ਜੇਕਰ ਤੁਸੀਂ ਲੈਡ ਨਾਲ ਪ੍ਰਦੂਸ਼ਿਤ ਪਾਣੀ ਨਾਲ ਨਹਾਉਂਦੇ ਹੋ ਤਾਂ ਚਮੜੀ ਨਾਲ ਸਬੰਧਤ ਰੋਗ ਹੋ ਜਾਂਦੇ ਹਨ। ਜੇਕਰ ਲੈਡ ਪ੍ਰਦੂਸ਼ਿਤ ਪਾਣੀ ਪੀ ਲੈਂਦੇ ਹੋ ਤਾਂ ਕੁਝ ਬਹੁਤ ਗੰਭੀਰ ਦਿੱਕਤਾਂ ਹੋ ਸਕਦੀਆਂ ਹਨ।"

ਗੀਤਾਂਜਲੀ ਨੂੰ ਐਵਾਰਡ ਨਾਲ 25 ਹਜ਼ਾਰ ਡਾਲਰ (ਕਰੀਬ 16.22 ਲੱਖ ਰੁਪਏ) ਦੀ ਇਨਾਮੀ ਰਾਸ਼ੀ ਵੀ ਦਿੱਤੀ ਗਈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)