‘ਹਿੰਦੀ-ਚੀਨੀ ਭਾਈ-ਭਾਈ ਨਾਲ ਪੱਕ ਗਏ ਸੀ ਕੰਨ’

  • ਰੇਹਾਨ ਫ਼ਜ਼ਲ
  • ਬੀਬੀਸੀ, ਪੱਤਰਕਾਰ

ਸਾਲ 1962 ਹਿੱਸਾ ਲੈਣ ਵਾਲੇ ਸੈਕਿੰਡ ਲੈਫ਼ਟੀਨੈਂਟ ਅਤੇ ਭਾਰਤ-ਚੀਨ ਜੰਗ ਤੋਂ 50 ਸਾਲ ਬਾਅਦ ਸੇਵਾਮੁਕਤ ਹੋਏ ਬ੍ਰਿਗੇਡੀਅਰ ਅਮਰਜੀਤ ਬਹਿਲ ਟੈਲੀਫੋਨ 'ਤੇ ਗੱਲਬਾਤ ਕਰਦੇ-ਕਰਦੇ ਫੁੱਟ-ਫੁੱਟ ਕੇ ਰੋ ਪਏ।

ਬੀਬੀਸੀ ਹਿੰਦੀ ਨੇ ਅਮਰਜੀਤ ਬਹਿਲ ਨਾਲ 2012 ਵਿੱਚ ਗੱਲਬਾਤ ਕੀਤੀ ਸੀ। ਉਸ ਵੇਲੇ ਅਮਰਜੀਤ ਬਹਿਲ ਨੇ ਭਾਰਤ-ਚੀਨ ਜੰਗ ਨੂੰ ਲੈ ਕੇ ਜੋ ਗੱਲਾਂ ਕਹੀਆਂ ਸਨ, ਉਹ ਇਸ ਤਰ੍ਹਾਂ ਹਨ:

"ਡੂੰਘਾ ਦਰਦ ਹੈ, ਜੰਗੀ ਕੈਦੀ ਹੋਣ ਦਾ ਗਮ ਵੀ ਹੈ, ਪਰ ਸਵੈਮਾਣ ਵੀ ਹੈ ਕਿ ਚੀਨੀ ਫੌਜੀਆਂ ਨਾਲ ਚੰਗੀ ਤਰ੍ਹਾਂ ਲੋਹਾ ਲਿਆ।"

ਬੀਬੀਸੀ ਨਾਲ ਫੋਨ 'ਤੇ ਕੀਤੀ ਗੱਲਬਾਤ ਤੋਂ ਬ੍ਰਿਗੇਡੀਅਰ ਬਹਿਲ ਦੀ ਅਵਾਜ਼ 'ਚ ਜੋ ਦਮ ਮਹਿਸੂਸ ਹੋਇਆ ,ਉਸ ਤੋਂ ਪਤਾ ਲੱਗਦਾ ਹੈ ਉਸ ਵੇਲੇ ਉਨ੍ਹਾਂ ਵਿੱਚ ਕਿੰਨਾ ਜੋਸ਼ ਰਿਹਾ ਹੋਵੇਗਾ।

ਆਪਣੇ ਸੀਨੀਅਰ ਅਧਿਕਾਰੀਆਂ ਵਲੋਂ ਲੜਾਈ ਵਿੱਚ ਜਾਣ ਦੀ ਬੇਨਤੀ ਸਵੀਕਾਰ ਕੀਤੇ ਜਾਣ ਤੋਂ ਬਾਅਦ ਬਹਿਲ ਕਾਫ਼ੀ ਖੁਸ਼ ਸਨ।

17 ਪੈਰਾਸ਼ੂਟ ਰੈਜਿਮੈਂਟ ਦੇ ਨਾਲ ਆਗਰਾ ਵਿੱਚ ਤਾਇਨਾਤ , ਉਹ 30 ਸਿਤੰਬਰ 1962 ਨੂੰ ਆਗਰਾ ਤੋਂ ਨੇਫ਼ਾ ਲਈ ਰਵਾਨਾ ਹੋਏ।

ਕੁਝ ਉਤਰਾਅ-ਚੜ੍ਹਾਅ ਭਰਿਆ ਸਫ਼ਰ ਅਤੇ ਤੇਜ਼ਪੁਰ ਵਿੱਚ ਰੁਕਣ ਤੋਂ ਬਾਅਦ ਸੈਕਿੰਡ ਲੈਫ਼ਟੀਨੈਂਟ ਏਜੇਐੱਸ ਬਹਿਲ ਤੰਗਧਾਰ ਪਹੁੰਚੇ, ਤਾਂ ਉਨ੍ਹਾਂ ਨੂੰ ਸ਼ਾਇਦ ਹੀ ਇਸ ਦਾ ਅੰਦਾਜ਼ਾ ਸੀ ਕਿ ਆਉਣ ਵਾਲਾ ਸਮਾਂ ਉਨ੍ਹਾਂ ਲਈ ਮੁਸ਼ਕਿਲਾਂ ਲੈ ਕੇ ਆਉਣ ਵਾਲਾ ਹੈ।

19 ਅਕਤੂਬਰ ਦੀਉਹ ਸਵੇਰ

19 ਅਕਤੂਬਰ ਦੀ ਉਹ ਸਵੇਰ ਬਹਿਲ ਹਾਲੇ ਵੀ ਨਹੀਂ ਭੁੱਲੇ ਹਨ। ਜਦੋਂ ਅਚਾਨਕ ਚੀਨੀ ਫੌਜੀਆਂ ਵੱਲੋਂ ਗੋਲੀਬਾਰੀ ਸ਼ੁਰੂ ਹੋਈ ਅਤੇ ਫਿਰ ਗੋਲੀਆਂ ਦੀ ਬੁਛਾੜ ਹੋਈ। ਚੀਨੀਆਂ ਦੀ ਰਣਨੀਤੀ ਅੱਗੇ ਭਾਰਤ ਪਛੜ ਚੁੱਕਾ ਸੀ।

ਸਾਰੇ ਸੰਪਰਕ ਸੂਤਰ ਕੱਟੇ ਜਾ ਚੁੱਕੇ ਸਨ, ਪਰ ਆਪਣੇ 40 ਸਾਥੀਆਂ ਨਾਲ ਸੈਕਿੰਡ ਲੈਫ਼ਟੀਨੈਂਟ ਏਜੇਐੱਸ ਬਹਿਲ ਨੇ ਜੋ ਬਹਾਦਰੀ ਦਿਖਾਈ, ਉਸ ਨੂੰ ਕਈ ਸੀਨੀਅਰ ਅਧਿਕਾਰੀ ਆਪਣੀਆਂ ਕਿਤਾਬਾਂ ਵਿੱਚ ਥਾਂ ਦੇ ਚੁੱਕੇ ਹਨ।

ਸਰਹੱਦ 'ਤੇ ਮੌਜੂਦ ਭਾਰਤੀ ਫੌਜੀਆਂ ਲਈ ਹਥਿਆਰ ਉਡਾਣ ਜ਼ਰੀਏ ਭੇਜੇ ਜਾਂਦੇ ਸੀ, ਪਰ ਸੰਘਣੇ ਜੰਗਲਾਂ ਕਰਕੇ ਹਥਿਆਰ ਲੱਭਣਾ ਕਾਫ਼ੀ ਮੁਸ਼ਕਿਲ ਹੁੰਦਾ ਸੀ।

ਫਿਰ ਵੀ ਸੈਕਿੰਡ ਲੈਫ਼ਟੀਨੈਂਟ ਬਹਿਲ ਅਤੇ ਸਾਥੀਆਂ ਕੋਲ ਹਥਿਆਰ ਚੰਗੀ ਗਿਣਤੀ ਵਿੱਚ ਸਨ।

ਤਸਵੀਰ ਕੈਪਸ਼ਨ,

ਅਮਰਜੀਤ ਬਹਿਲ 7 ਮਹੀਨੇ ਬਾਅਦ ਚੀਨੀ ਜੰਗਬੰਦੀ ਕੈਂਪ ਤੋਂ ਪਰਤੇ ਸਨ।

19 ਅਕਤੂਬਰ ਦੀ ਸਵੇਰ ਨੂੰ ਚਾਰ ਵਜੇ ਹੀ ਗੋਲੀਬਾਰੀ ਸ਼ੁਰੂ ਹੋ ਗਈ ਸੀ। ਬਹਿਲ ਦੱਸਦੇ ਹਨ ਕਿ 9 ਵਜੇ ਤੱਕ ਤਾਂ ਅਜਿਹਾ ਲਗਦਾ ਸੀ ਕਿ ਅਸਮਾਨ ਹੀ ਫਟ ਪਿਆ ਹੋਵੇ।

ਇਸ ਗੋਲੀਬਾਰੀ ਵਿੱਚ ਬਹਿਲ ਦੇ ਦੋ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ, ਪਰ ਜੰਗ ਵਿੱਚ ਉਲਟੇ ਹਾਲਾਤ ਵਿੱਚ ਵੀ ਤਿਆਰ ਰਹਿਣ ਵਾਲੇ ਇੱਕ ਫੌਜੀ ਦੀ ਤਰ੍ਹਾਂ ਸੈਕਿੰਡ ਲੈਫ਼ਟੀਨੈਂਟ ਬਹਿਲ ਨੇ ਜ਼ਖਮੀਆਂ ਦੀ ਮਲ੍ਹਮ ਪੱਟੀ ਕੀਤੀ।

ਬਹਿਲ ਅਤੇ ਉਨ੍ਹਾਂ ਦੇ ਸਾਥੀ ਚੀਨੀਆਂ ਦੇ ਹਮਲੇ ਦਾ ਜਵਾਬ ਤਾਂ ਦੇ ਰਹੇ ਸਨ, ਉਨ੍ਹਾਂ 'ਤੇ ਫਾਇਰਿੰਗ ਵੀ ਕਰ ਰਹੇ ਸੀ, ਪਰ ਉਨ੍ਹਾਂ ਦਾ ਸੰਪਰਕ ਕਿਸੇ ਨਾਲ ਨਹੀਂ ਹੋ ਪਾ ਰਿਹਾ ਸੀ।

ਜੰਗੀ ਕੈਦੀ

ਅਮਰਜੀਤ ਬਹਿਲ ਦੱਸਦੇ ਹਨ, "ਅਸੀਂ ਕੈਪਟਨ ਅਤੇ ਲੈਫ਼ਟੀਨੈਂਟ ਨਾਲ-ਨਾਲ ਸੀ। ਅਸੀਂ ਆਪਸ ਵਿੱਚ ਗੱਲ ਕਰਦੇ ਸੀ। ਅਸੀਂ ਜਦੋਂ ਖਾਣਾ ਖਾਣ ਜਾਂਦੇ ਸੀ, ਆਪਣੇ ਜਵਾਨਾਂ ਨਾਲ ਗੱਲਬਾਤ ਕਰ ਸਕਦੇ ਸੀ, ਕਿਉਂਕਿ ਉਹੀ ਸਾਡੇ ਲਈ ਖਾਣਾ ਬਣਾਉਂਦੇ ਸਨ।

ਮੇਜਰ ਅਤੇ ਲੈਫ਼ਟੀਨੈਂਟ ਕਰਨਲ ਨੂੰ ਵੱਖ ਰੱਖਿਆ ਗਿਆ ਸੀ ਅਤੇ ਉਨ੍ਹਾਂ ਨੂੰ ਬਾਹਰ ਨਿਕਲਣ ਨਹੀਂ ਦਿੱਤਾ ਜਾਂਦਾ ਸੀ। ਮੇਜਰ ਜੌਨ ਡਾਲਵੀ ਤਾਂ ਦੂਰ ਕਿਤੇ ਇਕੱਲੇ ਰਹਿੰਦੇ ਸੀ। ਉਨ੍ਹਾਂ ਦੀ ਜ਼ਿੰਦਗੀ ਕਾਫ਼ੀ ਔਖੀ ਹੁੰਦੀ ਸੀ।

ਅਖੀਰ ਉਹੀ ਹੋਇਆ, ਜਿਸ ਦਾ ਡਰ ਸੀ। ਸੈਕਿੰਡ ਲੈਫ਼ਟੀਨੈਂਟ ਬਹਿਲ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਗੋਲੀਆਂ ਖ਼ਤਮ ਹੋਣ ਲੱਗੀਆਂ ਅਤੇ ਫਿਰ ਉਨ੍ਹਾਂ ਨੂੰ ਨਾ ਚਾਹੁੰਦੇ ਹੋਏ ਵੀ ਜੰਗੀ ਕੈਦੀ ਬਣਨਾ ਪਿਆ।"

ਕਿਸੇ ਵੀ ਫੌਜੀ ਲਈ ਇਹ ਮਾੜੀ ਹਾਲਤ ਹੁੰਦੀ ਹੈ, ਪਰ ਸੇਵਾਮੁਕਤ ਬ੍ਰਿਗੇਡੀਅਰ ਬਹਿਲ ਮੁਤਾਬਕ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਦੇ ਕਿਸੇ ਵੀ ਸਾਥੀ ਨੇ ਪਿੱਛੇ ਹਟਣ ਦੀ ਗੱਲ ਨਹੀਂ ਕੀਤੀ। ਜਦਕਿ ਕਈ ਭਾਰਤੀ ਅਧਿਕਾਰੀ ਅਤੇ ਫੌਜੀ ਉੱਥੋਂ ਹੱਟ ਰਹੇ ਸਨ।

ਚੀਨੀ ਫੌਜੀਆਂ ਨੇ ਬ੍ਰਿਗੇਡੀਅਰ ਬਹਿਲ ਦੀ ਪਿਸਤੌਲ ਖੋਹ ਲਈ। ਉਨ੍ਹਾਂ ਦੇ ਸਾਥੀਆਂ ਦੇ ਵੀ ਹਥਿਆਰ ਖੋਹ ਲਏ ਗਏ।

ਚਾਰ ਦਿਨ ਬਾਅਦ ਸੈਕਿੰਡ ਲੈਫ਼ਟੀਨੈਂਟ ਬਹਿਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ੇਨ ਈ ਵਿੱਚ ਜੰਗਬੰਦੀ ਕੈਂਪ ਵਿੱਚ ਪਹੁੰਚਾਇਆ ਗਿਆ।

ਇਸ ਕੈਂਪ ਵਿੱਚ ਤਕਰੀਬਨ 500 ਜੰਗੀ ਕੈਦੀ ਸਨ।

ਭਾਰਤੀ ਜਵਾਨਾਂ ਦੀ ਰਸੋਈ ਵਿੱਚ ਮੌਜੂਦਗੀ ਦਾ ਇੱਕ ਫਾਇਦਾ ਬਹਿਲ ਨੂੰ ਇਹ ਹੋਇਆ ਕਿ ਉਨ੍ਹਾਂ ਨੂੰ ਸਵੇਰੇ-ਸਵੇਰੇ ਫਿੱਕੀ ਬਲੈਕ-ਟੀ (ਬਿਨਾਂ ਦੁੱਧ ਅਤੇ ਖੰਡ ਦੀ ਚਾਹ) ਮਿਲ ਜਾਂਦੀ ਸੀ।

ਭਾਵੇਂ ਉਹ ਦਿਨ ਦਾ ਖਾਣਾ ਹੋਵੇ ਜਾਂ ਰਾਤ ਦਾ।

'ਚਾਰੋ ਪਾਸੇ ਹਿੰਦੀ-ਚੀਨੀ ਭਾਈ-ਭਾਈ ਦੀ ਗੂੰਜ'

ਸਖ਼ਤੀ ਅਤੇ ਕੁੱਟਮਾਰ ਇੱਕ ਪਾਸੇ ਅਤੇ ਦੂਜੇ ਪਾਸੇ ਵੱਜਦਾ ਇਹ ਗਾਣਾ ਗੂੰਜ ਰਿਹਾ ਹੈ 'ਚਾਰੋ ਪਾਸੇ ਹਿੰਦੀ-ਚੀਨੀ ਭਾਈ-ਭਾਈ'।

ਇੱਕ ਵੇਲੇ ਭਾਰਤ ਅਤੇ ਚੀਨ ਦੀ ਦੋਸਤੀ ਦਾ ਪ੍ਰਤੀਕ ਇਹ ਗਾਣਾ ਉਸ ਵੇਲੇ ਬਹਿਲ ਲਈ ਪਰੇਸ਼ਾਨੀ ਦਾ ਸਬੱਬ ਬਣ ਗਿਆ ਸੀ।

ਉਹ ਦੱਸਦੇ ਹਨ, "ਗੂੰਜ ਰਿਹਾ ਹੈ ਚਾਰੋ ਪਾਸੇ ਹਿੰਦੀ-ਚੀਨੀ ਭਾਈ-ਭਾਈ, ਇਹ ਗਾਣਾ ਹਮੇਸ਼ਾ ਹੀ ਵੱਜਦਾ ਰਹਿੰਦਾ ਸੀ। ਇਹ ਸੁਣਕੇ ਸਾਡੇ ਕੰਨ ਪੱਕ ਗਏ ਸੀ ਕਿਉਂਕਿ ਇਸ ਨਾਲ ਰਿਸ਼ਤੇ ਵਿੱਚ ਤਾਂ ਸੁਧਾਰ ਹੋ ਨਹੀਂ ਰਿਹਾ ਸੀ।"

ਜੰਗੀ ਕੈਦੀ ਦੇ ਤੌਰ 'ਤੇ ਫੌਜੀਆਂ ਨਾਲ ਸਖ਼ਤੀਆਂ ਵੀ ਹੁੰਦੀਆਂ ਹਨ ਅਤੇ ਕੁੱਟਮਾਰ ਵੀ। ਬ੍ਰਿਗੇਡੀਅਰ ਬਹਿਲ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਵੀ ਅਜਿਹਾ ਹੀ ਹੋਇਆ ਸੀ, ਪਰ ਉਸ ਵੇਲੇ ਉਹ ਜਵਾਨ ਸੀ ਅਤੇ ਉਨ੍ਹਾਂ ਉਸ ਨੂੰ ਗੰਭੀਰਤਾ ਨਾਲ ਨਹੀਂ ਲਿਆ।

ਚੀਨੀ ਫੌਜੀ ਅਧਿਕਾਰੀ ਟੀਕਾਕਾਰ ਦੀ ਮਦਦ ਨਾਲ ਭਾਰਤੀ ਜੰਗੀ ਕੈਦੀਆਂ ਨਾਲ ਗੱਲ ਕਰਦੇ ਸੀ ਅਤੇ ਉਨ੍ਹਾਂ ਨੂੰ ਇਹ ਜਤਾਉਣ ਦੀ ਕੋਸ਼ਿਸ਼ ਕਰਦੇ ਸੀ ਕਿ ਭਾਰਤ ਅਮਰੀਕਾ ਦਾ ਪਿੱਠੂ ਹੈ।

ਉਨ੍ਹਾਂ ਨੂੰ ਇਹ ਗੱਲ ਮੰਨਣ ਨੂੰ ਕਿਹਾ ਜਾਂਦਾ ਸੀ।

ਜੰਗੀ ਕੈਦੀ ਦੇ ਰੂਪ ਵਿੱਚ ਇੱਕ ਫੌਜੀ ਦਾ ਫਰਜ਼ ਇਹ ਵੀ ਹੁੰਦਾ ਹੈ ਕਿ ਉਹ ਜੇਲ੍ਹ ਤੋਂ ਭੱਜਣ ਦੀ ਕੋਸ਼ਿਸ਼ ਕਰੇ। ਬਹਿਲ ਦੇ ਦਿਮਾਗ ਵਿੱਚ ਵੀ ਅਜਿਹੀ ਯੋਜਨਾ ਸੀ। ਬਹਿਲ ਅਤੇ ਉਨ੍ਹਾਂ ਦੇ ਸਾਥੀ ਬਿਮਾਰੀ ਦਾ ਬਹਾਨਾ ਬਣਾ ਕੇ ਦਵਾਈਆਂ ਇਕੱਠੀਆਂ ਕਰਦੇ ਸੀ ਤਾਕਿ ਭੱਜਣ ਤੋਂ ਬਾਅਦ ਉਹ ਉਨ੍ਹਾਂ ਦੇ ਕੰਮ ਆਏ।

ਉਹ ਮੌਸਮ ਠੀਕ ਹੋਣ ਦੀ ਉਡੀਕ ਕਰ ਰਹੇ ਸੀ, ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਛੱਡ ਦਿੱਤਾ ਗਿਆ।

ਪਰਿਵਾਰ ਤੱਕ ਪਹੁੰਚ

"ਜਦੋਂ ਸਾਨੂੰ ਛੱਡਣ ਦਾ ਐਲਾਨ ਹੋਇਆ ਸੀ, ਤਾਂ ਇੰਨੀ ਖੁਸ਼ੀ ਹੋਈ ਕਿ ਸਮਾਂ ਖ਼ਤਮ ਹੋਂ ਚ ਨਹੀਂ ਆ ਰਿਹਾ ਸੀ। ਅਗਲੇ 20 ਦਿਨ 20 ਮਹੀਨੇ ਦੇ ਬਰਾਬਰ ਸਨ। ਸਾਨੂੰ ਗੁਮਲਾ ਵਿੱਚ ਛੱਡਿਆ ਗਿਆ। ਅਸੀਂ ਆਪਣੀ ਜਨਮ ਭੂਮੀ ਨੂੰ ਚੁੰਮਿਆ ਅਤੇ ਕਿਹਾ-ਇਹ ਭਾਰਤ ਭੂਮੀ ਸਾਡੀ ਮਾਤ ਭੂਮੀ ਦੇਵਤਿਆਂ ਬਰਾਬਰ ਹੈ।"

ਇਸ ਦੌਰਾਨ ਰੈੱਡਕਰਾਸ ਦੀ ਮਦਦ ਨਾਲ ਉਨ੍ਹਾਂ ਦੇ ਪਰਿਵਾਰ ਤੱਕ ਇਹ ਸੂਚਨਾ ਭੇਜ ਦਿੱਤੀ ਗਈ ਸੀ ਕਿ ਉਹ ਜੰਗੀ ਕੈਦੀ ਹਨ।

ਹਾਲਾਂਕਿ ਇਸ ਤੋਂ ਪਹਿਲਾਂ ਫੌਜ ਦੇ ਮੁੱਖ ਦਫ਼ਤਰ ਤੋਂ ਘਰ ਇਹ ਟੈਲੀਗਰਾਮ ਚਲਾ ਗਿਆ ਸੀ ਕਿ ਬਹਿਲ ਲਾਪਤਾ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ।

ਫਿਰ ਉਹ ਦਿਨ ਵੀ ਆਇਆ ਜਦੋਂ ਬਹਿਲ ਅਤੇ ਉਨ੍ਹਾਂ ਦੇ ਸਾਥੀਆਂ ਦੇ ਛੱਡਣ ਦਾ ਐਲਾਨ ਹੋਇਆ। ਬਹਿਲ ਇਹ ਦੱਸਦੇ-ਦੱਸਦੇ ਕਾਫ਼ੀ ਭਾਵੁਕ ਹੋ ਗਏ ਅਤੇ ਰੋਣ ਲੱਗੇ। ਸ਼ਾਇਦ ਇੱਕ ਜੰਗੀ ਕੈਦੀ ਹੀ ਦੇਸ਼ ਪਰਤਣ ਦੀ ਖੁਸ਼ੀ ਸਮਝ ਸਕਦਾ ਹੈ।

ਅੰਮ੍ਰਿਤ ਵਾਲੀ ਚਾਹ

ਅਮਰਜੀਤ ਬਹਿਲ ਸੱਤ ਮਹੀਨੇ ਬਾਅਦ ਚੀਨੀ ਜੰਗੀ ਕੈਦੀ ਕੈਂਪ ਤੋਂ ਮੁਲਕ ਪਰਤੇ।

ਬਹਿਲ ਮੁਤਾਬਕ ਭਾਰਤ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਦੁਨੀਆਂ ਦੀ ਸਭ ਤੋਂ ਚੰਗੀ ਚਾਹ ਮਿਲੀ। ਇਸ ਚਾਹ ਵਿੱਚ ਦੁੱਧ ਅਤੇ ਖੰਡ ਵੀ ਸੀ ਅਤੇ ਉਹ ਚਾਹ ਉਨ੍ਹਾਂ ਲਈ ਅਮ੍ਰਿਤ ਦੀ ਤਰ੍ਹਾਂ ਸੀ।

ਇਸ ਤੋਂ ਬਾਅਦ ਬਹਿਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਡੀ-ਬ੍ਰੀਫ਼ਿੰਗ (ਇੱਕ ਪ੍ਰਕਿਰਿਆ, ਜਿਸ ਦੇ ਤਹਿਤ ਜੰਗੀ ਕੈਦੀ ਬਣਨ ਤੋਂ ਬਾਅਦ ਪਰਤਣ 'ਤੇ ਗੰਭੀਰ ਪੁੱਛ-ਗਿੱਛ ਹੁੰਦੀ ਹੈ) ਦੇ ਲਈ ਰਾਂਚੀ ਭੇਜਿਆ ਗਿਆ।

ਉੱਥੇ ਬਹਿਲ ਨੂੰ ਤਿੰਨ ਦਿਨ ਰੱਖਿਆ ਗਿਆ, ਪਰ ਇਸ ਤੋਂ ਬਾਅਦ ਉਨ੍ਹਾਂ ਨੂੰ 'ਆਲ ਕਲੀਅਰ' ਕਰਾਰ ਦਿੱਤਾ ਗਿਆ। ਇਸ ਤੋਂ ਬਾਅਦ ਉਹ ਛੁੱਟੀ 'ਤੇ ਗਏ ਅਤੇ ਫਿਰ ਆਪਣੀ ਰੈਜਿਮੈਂਟ ਵਿੱਚ ਗਏ।

ਸੇਵਾਮੁਕਤ ਬ੍ਰਿਗੇਡੀਅਰ ਬਹਿਲ ਜੰਗੀ ਕੈਦੀ ਬਣਾਏ ਜਾਣ ਤੋਂ ਨਿਰਾਸ਼ ਨਹੀਂ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਲਈ ਇਹ ਤਜਰਬਾ ਮਿੱਠਾ ਵੀ ਰਿਹਾ ਅਤੇ ਕੌੜਾ ਵੀ। ਮਿੱਠਾ ਇਸ ਲਈ ਕਿਉਂਕਿ ਇੱਕ ਜਵਾਨ ਅਧਿਕਾਰੀ ਹੋਣ ਦੇ ਨਾਤੇ ਉਹ ਜੰਗ ਵਿੱਚ ਸ਼ਾਮਿਲ ਹੋਏ, ਜ਼ਖਮੀ ਵੀ ਹੋਏ ਅਤੇ ਜੰਗੀ ਕੈਦੀ ਵੀ ਬਣਾਏ ਗਏ।

ਕੌੜਾ ਇਸ ਲਈ ਕਿਉਂਕਿ ਬਹਿਲ ਮੰਨਦੇ ਹਨ ਕਿ ਜੇ ਉਹ ਕੈਦੀ ਨਾ ਹੁੰਦੇ ਤਾਂ ਇੱਕ ਲੜਾਈ ਹੋਰ ਕਰ ਲੈਂਦੇ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)