ਪੱਤਰਕਾਰ ਵਿਨੋਦ ਵਰਮਾ ਦਾ ਛੱਤੀਸਗੜ੍ਹ ਪੁਲਿਸ ਨੇ ਲਿਆ ਟਰਾਂਜਿਟ ਰਿਮਾਂਡ

Vinod Verma Image copyright Vinod Verma/Facebook

ਛੱਤੀਸਗੜ੍ਹ ਪੁਲਿਸ ਨੇ ਗਾਜ਼ੀਆਬਾਦ ਦੀ ਅਦਾਲਤ ਤੋਂ ਸੀਨੀਅਰ ਪੱਤਰਕਾਰ ਵਿਨੋਦ ਵਰਮਾ ਟਰਾਂਜਿਟ ਰਿਮਾਂਡ ਹਾਸਲ ਕਰ ਲਿਆ ਹੈ। ਪੁਲਿਸ ਹੁਣ ਉਨ੍ਹਾਂ ਨੂੰ ਛੱਤੀਸਗੜ੍ਹ ਲੈ ਜਾਵੇਗੀ।

ਇਸ ਤੋਂ ਪਹਿਲਾਂ ਵਿਨੋਦ ਵਰਮਾ ਨੇ ਕਿਹਾ ਕਿ ਉਨ੍ਹਾਂ ਕੋਲ ਛੱਤੀਸਗੜ੍ਹ ਦੇ ਇੱਕ ਮੰਤਰੀ ਦੀ ਸੈਕਸ ਸੀਡੀ ਹੈ, ਇਸੇ ਕਾਰਨ ਉਨ੍ਹਾਂ ਨੂੰ ਫ਼ਸਾਇਆ ਗਿਆ ਹੈ।

ਛੱਤੀਸਗੜ੍ਹ ਪੁਲਿਸ ਨੇ ਵਿਨੋਦ ਵਰਮਾ ਨੂੰ ਵੀਰਵਾਰ ਦੇਰ ਰਾਤ ਗ਼ਾਜ਼ਿਆਬਾਦ ਉਨ੍ਹਾਂ ਦੇ ਘਰੋਂ ਹਿਰਾਸਤ 'ਚ ਲਿਆ ਸੀ।

ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਕਈ ਘੰਟਿਆਂ ਤੱਕ ਉਨ੍ਹਾਂ ਤੋਂ ਇੰਦੀਰਾਪੁਰਮ ਥਾਣੇ 'ਚ ਪੁੱਛ-ਗਿੱਛ ਕੀਤੀ ਗਈ ।

ਪੱਤਰਕਾਰ ਸਮੀਰਆਤਮਜ ਮਿਸ਼ਰ ਮੁਤਾਬਕ ਇੰਦੀਰਾਪੁਰਮ ਥਾਣੇ ਦੇ ਪੁਲਿਸ ਕੰਟਰੋਲ ਰੂਮ ਨੇ ਦੱਸਿਆ ਕਿ ਰਾਏਪੁਰ ਦੇ ਪੁਲਿਸ ਅਫ਼ਸਰ ਬੀਬੀਸੀ ਦੇ ਸਾਬਕਾ ਪੱਤਰਕਾਰ ਵਿਨੋਦ ਵਰਮਾ ਨੂੰ ਆਪਣੇ ਨਾਲ ਤਕਰੀਬਨ 4 ਵਜੇ ਇੰਦੀਰਾਨਗਰ ਥਾਣੇ ਲੈ ਗਏ ਅਤੇ ਪੁੱਛ-ਗਿੱਛ ਕਰਨ ਲੱਗੇ।

'ਈਰਾਨ ਬੀਬੀਸੀ ਕਰਮੀਆਂ ਨੂੰ ਪਰੇਸ਼ਾਨ ਨਾ ਕਰੇ'

ਦੋ ਸਾਲ ਕਿੱਥੇ ਲਾਪਤਾ ਰਹੀ ਪਾਕਿਸਤਾਨੀ ਪੱਤਰਕਾਰ?

ਹਾਲਾਂਕਿ, ਪਹਿਲਾ ਗ਼ਾਜ਼ਿਆਬਾਦ ਦੇ ਸੀਨੀਅਰ ਪੁਲਿਸ ਅਫ਼ਸਰ ਹਰਿਨਾਰਾਇਣ ਸਿੰਘ ਨੇ ਕਿਹਾ ਸੀ ਕਿ ਇਸ ਸਬੰਧੀ ਫ਼ਿਲਹਾਲ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

Image copyright Vinod Verma /Facebook

ਬੀਬੀਸੀ ਨਾਲ ਗੱਲਬਾਤ 'ਚ ਹਰਿਨਾਰਾਇਣ ਨੇ ਕਿਹਾ, ''ਛੱਤੀਸਗੜ ਪੁਲਿਸ ਆਈ ਹੈ ਤਾਂ ਉਨ੍ਹਾਂ ਤੋਂ ਹੀ ਪੁੱਛੋ। ਸਾਨੂੰ ਇਸ ਸਬੰਧੀ ਕੁਝ ਨਹੀਂ ਪਤਾ, ਜਦੋਂ ਜਾਣਕਾਰੀ ਮਿਲੇਗੀ ਤਾਂ ਤੁਹਾਨੂੰ ਦੇ ਦਿੱਤੀ ਜਾਵੇਗੀ।''

ਇੰਦੀਰਾਪੁਰਮ ਥਾਣੇ 'ਚ ਮੌਜੂਦ ਸੀਨੀਅਰ ਪੱਤਰਕਾਰ ਉਰਮੀਲੇਸ਼ ਨੇ ਦੱਸਿਆ, ''ਪੁਲਿਸ ਨੇ ਵਿਨੋਦ ਵਰਮਾ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਉਨ੍ਹਾਂ 'ਤੇ 384 ਅਤੇ 507 ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।''

Image copyright Urmilesh Urmil/Facebook

ਸੀਨੀਅਰ ਪੱਤਰਕਾਰ ਉਰਮੀਲੇਸ਼ ਨੇ ਆਪਣੇ ਫੇਸਬੁੱਕ 'ਤੇ ਲਿਖਿਆ ਹੈ, ''ਵੀਰਵਾਰ-ਸ਼ੁੱਕਰਵਾਰ ਦੀ ਰਾਤ ਨੂੰ ਤਕਰੀਬਨ 3 ਵਜੇ ਛੱਤੀਸਗੜ ਪੁਲਿਸ ਨੇ ਯੂਪੀ ਪੁਲਿਸ ਦੇ ਸਹਿਯੋਗ ਨਾਲ ਬੀਬੀਸੀ ਅਤੇ ਅਮਰ ਉਜਾਲਾ ਦੇ ਸਾਬਕਾ ਪੱਤਰਕਾਰ ਅਤੇ ਲੇਖਕ ਵਿਨੋਦ ਵਰਮਾ ਨੂੰ ਉਨ੍ਹਾਂ ਦੇ ਇੰਦੀਰਾਪੁਰਮ (ਗ਼ਾਜ਼ਿਆਬਾਦ, ਯੂਪੀ) ਸਥਿਤ ਘਰ ਤੋਂ ਹਿਰਾਸਤ 'ਚ ਲੈ ਲਿਆ। ਵਰਮਾ ਅਡੀਟਰਜ਼ ਗਿਲਡ ਆਫ਼ ਇੰਡੀਆ ਦੇ ਮੈਂਬਰ ਵੀ ਹਨ। ਇਸ ਵੇਲੇ ਉਨ੍ਹਾਂ ਨੂੰ ਇੰਦੀਰਾਪੁਰਮ ਥਾਣੇ 'ਚ ਬਿਠਾ ਕੇ ਰੱਖਿਆ ਗਿਆ ਹੈ। ਉਨ੍ਹਾਂ ਨੂੰ ਇੱਕ ਪੋਰਨ ਸੀਡੀ ਰੱਖਣ ਦਾ ਦੋਸ਼ੀ ਬਣਾਇਆ ਜਾ ਰਿਹਾ ਹੈ। ਉਹ ਸੀਡੀ ਕਿਸੇ ਸੂਬਾਈ ਮੰਤਰੀ ਦੀ ਦੱਸੀ ਜਾ ਰਹੀ ਹੈ! ਪੱਤਰਕਾਰ ਨੂੰ ਹਿਰਾਸਤ 'ਚ ਲੈਣ ਦਾ ਇਹ ਕਾਰਾ ਮੈਨੂੰ ਐਮਰਜੰਸੀ ਦੀ ਯਾਦ ਦਵਾਉਂਦਾ ਹੈ। ਮੈਂ ਇੱਥੇ ਹੀ ਥਾਣੇ 'ਚ ਇੱਕ ਸ਼ੀਸ਼ੇ ਦੀ ਕੰਧ ਦੇ ਪਾਰ ਵਿਨੋਦ ਨਾਲ ਹੋ ਰਹੀ ਪੁਲਿਸ ਦੀ ਪੁੱਛ-ਗਿੱਛ ਨੂੰ ਦੇਖ ਰਿਹਾ ਹਾਂ। ਵਕੀਲ ਓਮਵੀਰ ਸਿੰਘ ਅਤੇ ਅਮਿਤ ਯਾਦਵ ਥਾਣੇ ਪਹੁੰਚ ਚੁੱਕੇ ਹਨ।''

ਰਾਸ਼ਟਰੀ ਸਿੱਖ ਸੰਗਤ ਵਿਵਾਦ: ਕਿਸ ਨੇ ਕੀ ਕਿਹਾ

ਪੁਲਿਸ ਨੇ ਅਧਿਕਾਰਿਤ ਤੌਰ 'ਤੇ ਹਾਲੇ ਤੱਕ ਇਸ ਸਬੰਧੀ ਕੁਝ ਨਹੀਂ ਦੱਸਿਆ ਹੈ ਕਿ ਵਿਨੋਦ ਵਰਮਾ ਨੂੰ ਕਿਹੜੇ ਦੋਸ਼ਾਂ ਤਹਿਤ ਹਿਰਾਸਤ 'ਚ ਲਿਆ ਗਿਆ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)