ਤੁਹਾਡੇ ਬੈੱਡਰੂਮ ਵਿੱਚ 'ਬਲੂ ਫ਼ਿਲਮਾਂ’ ਨੇ ਦਸਤਕ ਤਾਂ ਨਹੀਂ ਦਿੱਤੀ
- ਅਨਗਾਹ ਪਾਠਕ
- ਬੀਬੀਸੀ ਪੱਤਰਕਾਰ

ਤਸਵੀਰ ਸਰੋਤ, PUNEET BARNALA
ਰਤਨਾ(ਨਾਂ ਬਦਲਿਆ ਹੋਇਆ) ਮਹਾਰਾਸ਼ਟਰਾ ਦੇ ਇੱਕ ਪਿਛੜੇ ਇਲਾਕੇ ਤੋਂ ਹੈ ।
ਉਸਨੇ ਨਵੇਂ ਸੁਪਨਿਆਂ ਦੇ ਨਾਲ ਆਪਣਾ ਵਿਆਹੁਤਾ ਜੀਵਨ ਸ਼ੁਰੂ ਕੀਤਾ ਸੀ।
ਉਹ ਚਾਹੁੰਦੀ ਸੀ ਕਿ ਉਸਦਾ ਪਤੀ ਉਸਨੂੰ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਵਰਗੀਆਂ ਫਿਲਮਾਂ ਦੇ ਹੀਰੋ ਵਾਂਗ ਪਿਆਰ ਕਰੇ।
ਵਿਆਹ ਤੋਂ ਬਾਅਦ ਕੁਝ ਦਿਨ ਤਾਂ ਰਤਨਾ ਦੀ ਆਸ ਮੁਤਾਬਕ ਸਭ ਹੋਇਆ। ਉਸਦਾ ਪਤੀ ਚੰਗਾ ਪੜ੍ਹਿਆ ਲਿਖਿਆ ਸੀ ਜੋ ਉਸਦੀ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ ਸੀ।
ਸਿਰਫ਼ ਇੱਕ ਸਮੱਸਿਆ ਸੀ। ਉਹ ਸੈਕਸ ਦੌਰਾਨ ਕਈ ਵਾਰ ਹਿੰਸਕ ਹੋ ਜਾਂਦਾ ਸੀ।
ਇਹ ਵੀ ਪੜ੍ਹੋ :
ਰਤਨਾ ਦੇ ਪਤੀ ਨੂੰ ਅਸ਼ਲੀਲ ਵੀਡੀਓ ਦੇਖਣ ਦੀ ਲਤ ਸੀ। ਉਹ ਰਤਨਾ ਨੂੰ ਅਸ਼ਲੀਲ ਵੀਡੀਓ ਵਿੱਚ ਦਿਖਾਏ ਤਰੀਕਿਆਂ ਨਾਲ ਸੈਕਸ ਕਰਨ ਨੂੰ ਮਜਬੂਰ ਕਰਦਾ ਸੀ।
ਰਤਨਾ ਨੂੰ ਲੱਗਿਆ ਸ਼ਾਇਦ ਉਸਦੇ ਪਤੀ ਦਾ ਵਤੀਰਾ ਕੁਝ ਵਕਤ ਬਾਅਦ ਬਦਲ ਜਾਵੇਗਾ।
ਅਫ਼ਸੋਸ,ਅਜਿਹਾ ਨਹੀਂ ਹੋਇਆ। ਉਸਦਾ ਪਤੀ ਹੋਰ ਹਿੰਸਕ ਹੋ ਗਿਆ। ਉਹ ਪੂਰੀ ਰਾਤ ਅਸ਼ਲੀਲ ਵੀਡੀਓ ਦੇਖਦਾ ਸੀ। ਤਾਕਤ ਵਧਾਉਣ ਦੀਆਂ ਗੋਲੀਆਂ ਖਾਂਦਾ ਸੀ।
ਰਤਨਾ ਨੂੰ ਪੋਰਨ ਫਿਲਮਾਂ ਵਿੱਚ ਦਿਖਾਏ ਜਾਂਦੇ ਸੈਕਸ ਵਾਂਗ ਕਰਨ ਵਾਸਤੇ ਜ਼ਬਰਦਸਤੀ ਕਰਦਾ ਸੀ। ਜੇ ਉਸਦੀ ਮੰਗ ਪੂਰੀ ਨਹੀਂ ਕੀਤੀ ਜਾਂਦੀ ਤਾਂ ਉਹ ਰਤਨਾ ਨਾਲ ਕੁੱਟਮਾਰ ਵੀ ਕਰਦਾ ਸੀ।
'ਸੈਕਸ ਨਹੀਂ ਜਜ਼ਬਾਤਾਂ ਦਾ ਕਤਲ'
ਇੱਕ ਰਾਤ ਉਸਨੇ ਰਤਨਾ ਦੀਆਂ ਲੱਤਾਂ ਛੱਤ ਵਾਲੇ ਪੱਖੇ ਨਾਲ ਬੰਨ ਦਿੱਤੀਆਂ ਤੇ ਵੀਡੀਓ ਵਿੱਚ ਦਿਖਾਏ ਤਰੀਕੇ ਨਾਲ ਸੈਕਸ ਕੀਤਾ। ਇਸ ਕਾਰੇ ਨੇ ਰਤਨਾ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ। ਇਹ ਉਸ ਲਈ ਹੱਦ ਤੋਂ ਪਾਰ ਦਾ ਤਸ਼ੱਦਦ ਸੀ।
ਰਤਨਾ ਨੇ ਨਾ ਚਾਹੁੰਦਿਆਂ ਹੋਇਆਂ ਵੀ ਤਲਾਕ ਲਈ ਅਰਜ਼ੀ ਪਾ ਦਿੱਤੀ।
ਸਮਾਜ ਸੇਵੀ ਰਾਧਾ ਗਾਵਲੇ ਮੁਤਾਬਕ, "ਇਸ ਘਟਨਾ ਨੇ ਰਤਨਾ ਦੀ ਪੂਰੀ ਜ਼ਿੰਦਗੀ ਬਦਲ ਦਿੱਤੀ। ਰਤਨਾ ਅਜੇ ਵੀ ਲੋਕਾਂ 'ਤੇ ਜਲਦੀ ਭਰੋਸਾ ਨਹੀਂ ਕਰ ਸਕਦੀ ਅਤੇ ਆਪਣੇ ਮਾਪਿਆਂ ਨਾਲ ਰਹਿੰਦੀ ਹੈ। ਉਸਦੇ ਪਤੀ ਨੇ ਦੁਬਾਰਾ ਵਿਆਹ ਕਰਵਾ ਲਿਆ ਹੈ।
ਤਸਵੀਰ ਸਰੋਤ, PUNEET BARNALA
ਰਾਧਿਕਾ, ਟਾਟਾ ਟਰਸਟ ਤੇ ਮਹਾਰਾਸ਼ਟਰ ਸਰਕਾਰ ਵੱਲੋਂ ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਲਈ ਬਣਾਏ ਗਏ ਸੈੱਲ ਲਈ ਸਮਾਜਸੇਵੀ ਵਜੋਂ ਕੰਮ ਕਰਦੀ ਹੈ।
ਰਾਧਿਕਾ ਮੁਤਾਬਕ ਅਸ਼ਲੀਲ ਵੀਡੀਓ ਦੇ ਪ੍ਰਭਾਵ ਵਿੱਚ ਪਤੀਆਂ ਵੱਲੋਂ ਹਿੰਸਾ ਤੇ ਸਰੀਰਕ ਸੋਸ਼ਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਪਤੀ ਆਪਣੀਆਂ ਪਤਨੀਆਂ ਤੋਂ ਗੈਰ ਕੁਦਰਤੀ ਸੈਕਸ ਦੀ ਮੰਗ ਕਰਦੇ ਹਨ। ਮੰਗ ਪੂਰੀ ਨਾ ਹੋਣ 'ਤੇ ਪਤਨੀਆਂ ਦੀ ਕੁੱਟਮਾਰ ਹੋਣੀ ਆਮ ਜਿਹੀ ਗੱਲ ਹੋ ਗਈ ਹੈ।
ਇਹ ਵੀ ਪੜ੍ਹੋ :
ਅਜਿਹੇ ਹਾਲਾਤ ਲਈ ਨਾ ਤਾਂ ਪੇਂਡੂ ਜਾਂ ਸ਼ਹਿਰੀ ਇਲਾਕਿਆਂ ਦਾ ਫ਼ਰਕ ਮਾਇਨੇ ਰੱਖਦਾ ਹੈ ਨਾ ਹੀ ਅਮੀਰੀ-ਗਰੀਬੀ ਦਾ ਫ਼ਾਸਲਾ।
ਜ਼ਿਆਦਾਤਰ ਅਜਿਹੇ ਹਿੰਸਕ ਕਾਰੇ ਪਤੀ ਨਸ਼ੇ ਦੀ ਹਾਲਾਤ ਵਿੱਚ ਕਰਦੇ ਹਨ।
ਸਸਤਾ ਫੋਨ ਤੇ ਮੁਫ਼ਤ ਇੰਟਰਨੈਟ ਹੈ ਮੁੱਖ ਵਜ੍ਹਾ
ਡੈਟਾ ਇੰਟੈਲੀਜੈਂਸ ਨਾਲ ਜੁੜੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ 'ਵਿਦੂਲੀ' ਦੇ ਸੰਸਥਾਪਕ ਤੇ ਸੀਏਓ ਸੁਬਰਤ ਕੌਰ ਮੁਤਾਬਕ, "ਪਿਛਲੇ ਸਾਲ ਦੇ ਮੁਕਾਬਲੇ 2016-17 ਵਿੱਚ ਭਾਰਚ 'ਚ ਪੋਰਨ ਵੀਡੀਓਜ਼ ਦੀ ਖਪਤ ਦੁਗਣੀ ਹੋਈ ਹੈ।
ਸੁਬਰਤ ਨੇ ਕਿਹਾ, "ਸਾਡੇ ਸਰਵੇਖਣ ਮੁਤਾਬਕ ਸਸਤੇ ਸਮਾਰਟ ਫੋਨ ਤੇ ਮੁਫ਼ਤ ਇੰਟਰਨੈਟ ਕਰਕੇ ਬੀਤੇ ਇੱਕ ਸਾਲ ਵਿੱਚ ਪੋਰਨ ਦੀ ਖਪਤ ਵਿੱਚ ਕਾਫ਼ੀ ਤੇਜ਼ੀ ਨਾਲ ਵਾਧਾ ਹੋਇਆ ਹੈ।''
ਤਸਵੀਰ ਸਰੋਤ, PA
ਰਾਧਾ ਗਾਵਲੇ ਇੱਕ ਘਟਨਾ ਬਾਰੇ ਦੱਸਦੀ ਹੈ। ਜਿਸ ਵਿੱਚ ਇੱਕ ਸ਼ਖਸ ਨੇ ਆਪਣੀ ਪਤਨੀ ਨੂੰ ਪਲ੍ਹੰਘ ਨਾਲ ਬੰਨ ਕੇ ਉਸ ਨਾਲ ਅਸ਼ਲੀਲ ਵੀਡੀਓਜ਼ ਵਿੱਚ ਦਿਖਾਈਆਂ ਹਰਕਤਾਂ ਕੀਤੀਆਂ। ਉਸ ਨੇ ਇਸ ਪੂਰੀ ਘਟਨਾ ਦਾ ਵੀਡੀਓ ਬਣਾ ਕੇ ਆਪਣੇ ਦੋਸਤ ਨੂੰ ਵੀ ਦਿਖਾਇਆ।
ਰਾਧਾ ਮੁਤਾਬਕ ਉਹ ਇੱਕ ਦਿਹਾੜੀ ਮਜ਼ਦੂਰ ਸੀ ਪਰ ਉਸ ਕੋਲ ਵੀ ਸਮਾਰਟ ਫੋਨ ਅਤੇ ਸਸਤਾ ਇੰਨਟਰਨੈੱਟ ਸੀ। ਜਿਸ ਕਰਕੇ ਉਹ ਪੋਰਨ ਵੀਡੀਓਜ਼ ਦੇਖ ਰਿਹਾ ਸੀ।
ਔਰਤ ਨੂੰ ਜਾਇਦਾਦ ਸਮਝਣ ਦੀ ਸੋਚ
ਮਰਾਠਵਾੜਾ ਵਿੱਚ ਔਰਤਾਂ ਤੇ ਬੱਚਿਆਂ ਦੇ ਸੈੱਲ ਦੀ ਕੋਆਰਡੀਨੇਟਰ ਜਯੋਤੀ ਸਾਪਕਲ ਮੁਤਾਬਕ ਕਈ ਵਾਰ ਮਰਦਾਂ ਦਾ ਮਕਸਦ ਸਿਰਫ਼ ਸਰੀਰਕ ਜ਼ਰੂਰਤ ਪੂਰੀ ਕਰਨਾ ਨਹੀਂ ਹੁੰਦਾ। ਮਰਦ ਆਪਣੀ ਪਤਨੀਆਂ ਨੂੰ ਕਾਬੂ ਵਿੱਚ ਰੱਖਣ ਵਾਸਤੇ ਵੀ ਅਜਿਹੇ ਹਿੰਸਕ ਕਾਰੇ ਕਰਦੇ ਹਨ।
ਅਜਿਹੀ ਹਿੰਸਾ ਇਸ ਸੋਚ ਦੀ ਉਪਜ ਹੁੰਦੀ ਹੈ ਕਿ ਮੇਰੀ ਪਤਨੀ ਮੇਰੀ ਨਿੱਜੀ ਜਾਇਦਾਦ ਹੈ ਅਤੇ ਮੈਂ ਉਸ ਨਾਲ ਕੁਝ ਵੀ ਕਰ ਸਕਦਾ ਹਾਂ।
ਤਸਵੀਰ ਸਰੋਤ, PUNEET BARNALA
ਹੈਦਰਾਬਾਦ ਦੀ ਸੈਕਸ ਰੋਗ ਮਾਹਰ ਡਾ. ਸ਼ਰਮਿਲਾ ਮੁਜੁਮਦਾਰ ਨੇ ਕਿਹਾ, "ਜੇਕਰ ਕੋਈ ਮਹਿਲਾ ਅਜਿਹੇ ਕਿਸੇ ਹਾਲਾਤ ਦਾ ਸ਼ਿਕਾਰ ਹੁੰਦੀ ਹੈ ਤਾਂ ਉਸਨੂੰ ਫੌਰਨ ਮਦਦ ਲੈਣੀ ਚਾਹੀਦੀ ਹੈ।''
"ਜ਼ਬਰਨ ਤੇ ਗੈਰ ਕੁਦਰਤੀ ਸੈਕਸ ਦੇ ਨਾਂ 'ਤੇ ਹੁੰਦੀ ਹਿੰਸਾ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ।''
'ਪੋਰਨ ਕਈ ਵਾਰ ਫ਼ਾਇਦੇਮੰਦ ਵੀ'
ਸਿਧਾਂਤਕ ਪੱਖੋਂ ਸੈਕਸ ਨੂੰ ਤਾਂ ਹੀ ਮਾਨਤਾ ਹੈ ਜਦੋਂ ਦੋਹਾਂ ਲੋਕਾਂ ਵਿੱਚ ਸਹਿਮਤੀ ਹੋਵੇ। ਭਾਰਤ ਵਿੱਚ ਰਤਨਾ ਵਰਗੀਆਂ ਔਰਤਾਂ ਲਈ ਇਹ ਦੂਰ ਦੀ ਕੌਡੀ ਨਜ਼ਰ ਆਉਂਦੀ ਹੈ। ਜੋ ਵਿਆਹੁਤਾ ਜੀਵਨ ਵਿੱਚ ਪਿਆਰ ਤੇ ਰੋਮਾਂਸ ਦੀ ਉਮੀਦ ਕਰਦੀਆਂ ਹਨ।
ਭਾਰਤ ਵਿੱਚ ਇਨ੍ਹਾਂ ਮਸਲਿਆਂ ਵਿੱਚ ਔਰਤਾਂ ਦੀ ਰਾਏ ਘੱਟ ਹੀ ਲਈ ਜਾਂਦੀ ਹੈ।
ਤਸਵੀਰ ਸਰੋਤ, Thinkstock
ਡਾ. ਸ਼ਰਮੀਲਾ ਮੁਤਾਬਕ ਪੋਰਨ ਦੇਖਣ ਵਿੱਚ ਕੋਈ ਬੁਰਾਈ ਨਹੀਂ ਹੈ। ਕਈ ਵਾਰ ਇਹ ਪਤੀ-ਪਤਨੀ ਦੇ ਵਿਚਾਲੇ ਦੀ ਦੂਰੀ ਘੱਟ ਕਰਨ ਵਿੱਚ ਜਾਂ ਸਿਹਤਮੰਦ ਸਰੀਰਕ ਸਬੰਧਾਂ ਲਈ ਮਦਦਗਾਰ ਸਾਬਤ ਹੁੰਦਾ ਹੈ।
ਭਾਰਤ ਜਿੱਥੇ ਸੈਕਸ ਬਾਰੇ ਗੱਲ ਕਰਨ ਦੀ ਸਮਾਜਿਕ ਮਨਾਹੀ ਹੈ ਉੱਥੇ ਦੇ ਵਿਆਹੁਤਾ ਜੋੜਿਆਂ ਲਈ ਸਿਹਤਮੰਦ ਸਰੀਰਕ ਸਬੰਧ ਉਦੋਂ ਇੱਕ ਸੁਪਨਾ ਹੀ ਹੈ ਜਦੋਂ ਤੱਕ ਸਕੂਲਾਂ ਤੇ ਪਰਿਵਾਰਾਂ ਵਿੱਚ ਸੈਕਸ ਬਾਰੇ ਖੁੱਲ੍ਹੇਆਮ ਗੱਲ ਨਹੀਂ ਕੀਤੀ ਜਾਂਦੀ।
ਰਾਧਾ ਮੰਨਦੀ ਹੈ ਕਿ ਔਰਤਾਂ ਨੂੰ ਇਸ ਲਈ ਆਵਾਜ਼ ਚੁੱਕਣੀ ਪਏਗੀ। ਉਮੀਦ ਹੈ ਉਨ੍ਹਾਂ ਦੇ ਪਤੀ ਤੇ ਪਰਿਵਾਰ ਉਨ੍ਹਾਂ ਨੂੰ ਸੁਣਨਗੇ।
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ