ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਆਖ਼ਰੀ ਦਿਨ ਦਾ ਵੇਰਵਾ

Indira Gandhi Image copyright photo division

ਭੁਵਨੇਸ਼ਵਰ ਨਾਲ ਇੰਦਰਾ ਗਾਂਧੀ ਦੀਆਂ ਕਈ ਯਾਦਾਂ ਜੁੜੀਆਂ ਹਨ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਯਾਦਾਂ ਸੁਖਦ ਨਹੀਂ ਹਨ।

ਇਸੇ ਸ਼ਹਿਰ ਵਿੱਚ ਉਨ੍ਹਾਂ ਦੇ ਪਿਤਾ ਜਵਾਹਰ ਲਾਲ ਨਹਿਰੂ ਪਹਿਲੀ ਵਾਰ ਗੰਭੀਰ ਰੂਪ ਨਾਲ ਬਿਮਾਰ ਹੋਏ ਸੀ ਜਿਸ ਕਾਰਨ 1964 ਵਿੱਚ ਉਨ੍ਹਾਂ ਦੀ ਮੌਤ ਹੋਈ ਸੀ।

ਇਸੇ ਸ਼ਹਿਰ ਵਿੱਚ 1967 ਦੀਆਂ ਚੋਣਾਂ ਦੇ ਪ੍ਰਚਾਰ ਦੌਰਾਨ ਇੰਦਰਾ ਗਾਂਧੀ 'ਤੇ ਇੱਕ ਪੱਥਰ ਸੁੱਟਿਆ ਗਿਆ ਅਤੇ ਉਨ੍ਹਾਂ ਦੀ ਨੱਕ ਦੀ ਹੱਡੀ ਟੁੱਟ ਗਈ ਸੀ।

30 ਅਕਤੂਬਰ 1984 ਦੀ ਦੁਪਹਿਰ ਇੰਦਰਾ ਗਾਂਧੀ ਨੇ ਜੋ ਭਾਸ਼ਣ ਦਿੱਤਾ, ਉਸਨੂੰ ਹਮੇਸ਼ਾ ਵਾਂਗ ਉਨ੍ਹਾਂ ਦੇ ਸੂਚਨਾ ਸਲਾਹਕਾਰ ਐੱਚ.ਵਾਈ ਸ਼ਾਰਦਾ ਪ੍ਰਸਾਦ ਨੇ ਤਿਆਰ ਕੀਤਾ ਸੀ।

ਪਰ ਅਚਾਨਕ ਉਨ੍ਹਾਂ ਨੇ ਤਿਆਰ ਭਾਸ਼ਣ ਤੋਂ ਵੱਖ ਬੋਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਤੇਵਰ ਵੀ ਬਦਲ ਗਏ।

ਰੇਹਾਨ ਫਜ਼ਲ ਦੀ ਪੜਚੋਲ

ਇੰਦਰਾ ਗਾਂਧੀ ਬੋਲੇ, "ਮੈਂ ਅੱਜ ਇੱਥੇ ਹਾਂ। ਕੱਲ੍ਹ ਸ਼ਾਇਦ ਇੱਥੇ ਨਾ ਹੋਵਾਂ। ਮੈਨੂੰ ਚਿੰਤਾ ਨਹੀਂ ਮੈਂ ਰਹਾਂ ਜਾਂ ਨਾ ਰਹਾਂ। ਮੇਰਾ ਜੀਵਨ ਲੰਬਾ ਰਿਹਾ ਹੈ ਅਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਆਪਣਾ ਪੂਰਾ ਜੀਵਨ ਆਪਣੇ ਲੋਕਾਂ ਦੀ ਸੇਵਾ ਵਿੱਚ ਲਾਇਆ ਹੈ।''

Image copyright PIB

"ਮੈਂ ਆਪਣੇ ਆਖ਼ਰੀ ਸਾਹ ਤੱਕ ਅਜਿਹਾ ਕਰਦੀ ਰਹਾਂਗੀ ਅਤੇ ਜਦੋਂ ਮੈਂ ਮਰਾਂਗੀ ਤਾਂ ਮੇਰੇ ਖ਼ੂਨ ਦਾ ਇੱਕ-ਇੱਕ ਕਤਰਾ ਭਾਰਤ ਨੂੰ ਮਜ਼ਬੂਤ ਕਰਨ ਵਿੱਚ ਲੱਗੇਗਾ।''

ਕਦੇ-ਕਦੇ ਹੋਣੀ ਸ਼ਬਦਾਂ ਦਾ ਰੂਪ ਲੈ ਕੇ ਆਉਣ ਵਾਲੇ ਦਿਨਾਂ ਵੱਲ ਇਸ਼ਾਰਾ ਕਰਦੀ ਹੈ।

ਭਾਸ਼ਣ ਤੋਂ ਬਾਅਦ ਉਹ ਰਾਜਭਵਨ ਪਰਤੇ ਤਾਂ ਰਾਜਪਾਲ ਬਿਸ਼ੰਭਰਨਾਥ ਪਾਂਡੇ ਨੇ ਕਿਹਾ, "ਤੁਸੀਂ ਹਿੰਸਕ ਮੌਤ ਦਾ ਜ਼ਿਕਰ ਕਰ ਕੇ ਮੈਨੂੰ ਹਿਲਾ ਕੇ ਰੱਖ ਦਿੱਤਾ।''

ਇੰਦਰਾ ਨੇ ਜਵਾਬ ਦਿੱਤਾ ਕਿ ਉਹ ਈਮਾਨਦਾਰ ਅਤੇ ਤੱਥਾਂ ਦੇ ਆਧਾਰ 'ਤੇ ਕਹਿ ਰਹੇ ਸਨ।

ਪੂਰੀ ਰਾਤ ਨਹੀਂ ਸੁੱਤੇ

ਉਸ ਰਾਤ ਇੰਦਰਾ ਜਦੋਂ ਦਿੱਲੀ ਪਰਤੇ ਤਾਂ ਕਾਫ਼ੀ ਥੱਕ ਗਏ ਸਨ। ਉਸ ਰਾਤ ਉਹ ਬਹੁਤ ਘੱਟ ਸੁੱਤੇ।

ਸਾਹਮਣੇ ਦੇ ਕਮਰੇ ਵਿੱਚ ਸੌਂ ਰਹੀ ਸੋਨੀਆ ਗਾਂਧੀ ਜਦੋਂ ਸਵੇਰੇ ਚਾਰ ਵਜੇ ਆਪਣੇ ਦਮੇ ਦੀ ਦਵਾਈ ਲੈਣ ਦੇ ਲਈ ਉੱਠ ਕੇ ਬਾਥਰੂਮ ਵੱਲ ਗਏ ਤਾਂ ਇੰਦਰਾ ਉਸ ਵੇਲੇ ਜਾਗ ਰਹੇ ਸਨ।

ਸੋਨੀਆ ਗਾਂਧੀ ਆਪਣੀ ਕਿਤਾਬ 'ਰਾਜੀਵ' ਵਿੱਚ ਲਿਖਦੀ ਹੈ ਕਿ ਇੰਦਰਾ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਬਾਥਰੂਮ ਵਿੱਚ ਆ ਗਏ ਅਤੇ ਦਵਾਈ ਲੱਭਣ ਵਿੱਚ ਉਨ੍ਹਾਂ ਦੀ ਮਦਦ ਕਰਨ ਲੱਗੇ।

ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਤੁਹਾਡੀ ਤਬੀਅਤ ਫ਼ਿਰ ਵਿਗੜੇ ਤਾਂ ਮੈਨੂੰ ਆਵਾਜ਼ ਦੇ ਦੇਣਾ। ਮੈਂ ਜਾਗ ਰਹੀ ਹਾਂ।

ਹਲਕਾ ਨਾਸ਼ਤਾ

ਸਵੇਰੇ 7.30 ਵਜੇ ਤੱਕ ਇੰਦਰਾ ਗਾਂਧੀ ਤਿਆਰ ਹੋ ਚੁੱਕੇ ਸਨ। ਉਸ ਦਿਨ ਉਨ੍ਹਾਂ ਨੇ ਕੇਸਰੀਆ ਰੰਗ ਦੀ ਸਾੜੀ ਪਾਈ ਹੋਈ ਸੀ ਜਿਸਦਾ ਬਾਡਰ ਕਾਲਾ ਸੀ।

Image copyright PA

ਇਸ ਦਿਨ ਉਨ੍ਹਾਂ ਦੀ ਪਹਿਲਾ ਮੁਲਾਕਾਤ ਪੀਟਰ ਉਸਤੀਨੋਵ ਦੇ ਨਾਲ ਤੈਅ ਸੀ ਜੋ ਇੰਦਰਾ ਗਾਂਧੀ 'ਤੇ ਇੱਕ ਦਸਤਾਵੇਜ਼ੀ ਫਿਲਮ ਬਣਾ ਰਹੇ ਸੀ।

ਉਹ ਇੱਕ ਦਿਨ ਪਹਿਲਾਂ ਉੜੀਸਾ ਦੌਰੇ ਦੌਰਾਨ ਵੀ ਉਨ੍ਹਾਂ ਨੂੰ ਸ਼ੂਟ ਕਰ ਰਹੇ ਸੀ।

ਦੁਪਹਿਰ ਵੇਲੇ ਉਨ੍ਹਾਂ ਨੂੰ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਜੇਮਸ ਕੈਲੇਘਨ ਅਤੇ ਮਿਜ਼ੋਰਮ ਦੇ ਇੱਕ ਆਗੂ ਨਾਲ ਮਿਲਣਾ ਸੀ।

ਸ਼ਾਮ ਨੂੰ ਉਨ੍ਹਾਂ ਨੇ ਬ੍ਰਿਟੇਨ ਦੀ ਰਾਜਕੁਮਾਰੀ ਐਨ ਨੂੰ ਖਾਣੇ 'ਤੇ ਸੱਦਿਆ ਸੀ।

ਉਸ ਦਿਨ ਨਾਸ਼ਤੇ ਵਿੱਚ ਉਨ੍ਹਾਂ ਨੇ ਦੋ ਟੋਸਟ, ਸੰਤਰੇ ਦਾ ਜੂਸ ਅਤੇ ਆਂਡੇ ਲਏ।

ਨਾਸ਼ਤੇ ਤੋਂ ਬਾਅਦ ਜਦੋਂ ਮੇਕਅਪ-ਮੈਨ ਉਨ੍ਹਾਂ ਦੇ ਚਿਹਰੇ 'ਤੇ ਪਾਊਡਰ ਅਤੇ ਬਲਸ਼ਰ ਲਾ ਰਿਹਾ ਸੀ ਤਾਂ ਉਨ੍ਹਾਂ ਦੇ ਡਾਕਟਰ ਕੇ.ਪੀ ਮਾਥੂਰ ਉੱਥੇ ਪਹੁੰਚ ਗਏ।

ਉਹ ਰੋਜ਼ ਇਸੇ ਸਮੇਂ ਉਨ੍ਹਾਂ ਨੂੰ ਦੇਖਣ ਪਹੁੰਚਦੇ ਸੀ।

Image copyright Getty Images

ਉਨ੍ਹਾਂ ਨੇ ਡਾਕਟਰ ਮਾਥੁਰ ਨੂੰ ਵੀ ਅੰਦਰ ਬੁਲਾ ਲਿਆ ਅਤੇ ਦੋਵੇਂ ਗੱਲਾਂ ਕਰਨ ਲੱਗੇ।

ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਲੋੜ ਤੋਂ ਵੱਧ ਮੇਕਅਪ ਕਰਨ ਅਤੇ ਉਨ੍ਹਾਂ ਦੇ 80 ਸਾਲ ਦੀ ਉਮਰ ਵਿੱਚ ਵੀ ਕਾਲੇ ਬਾਲ ਹੋਣ ਦੇ ਬਾਰੇ ਵਿੱਚ ਮਜ਼ਾਕ ਵੀ ਕੀਤਾ।

ਅਚਾਨਕ ਫਾਇਰਿੰਗ

9 ਵੱਜ ਕੇ 10 ਮਿੰਟ 'ਤੇ ਜਦੋਂ ਇੰਦਰਾ ਗਾਂਧੀ ਬਾਹਰ ਆਈਂ ਤਾਂ ਖੁਸ਼ਨੁਮਾ ਧੁੱਪ ਖਿੜੀ ਹੋਈ ਸੀ।

ਉਨ੍ਹਾਂ ਨੂੰ ਧੁੱਪ ਤੋਂ ਬਚਾਉਣ ਲਈ ਸਿਪਾਹੀ ਨਾਰਾਇਣ ਸਿੰਘ ਕਾਲੀ ਛੱਤਰੀ ਲਏ ਉਨ੍ਹਾਂ ਦੇ ਨਾਲ ਚੱਲ ਰਹੇ ਸੀ।

ਉਨ੍ਹਾਂ ਤੋਂ ਕੁਝ ਕਦਮ ਪਿੱਛੇ ਸੀ ਆਰ.ਕੇ ਧਵਨ ਅਤੇ ਉਨ੍ਹਾਂ ਦੇ ਵੀ ਪਿੱਛੇ ਸੀ ਇੰਦਰਾ ਗਾਂਧੀ ਦੇ ਨਿੱਜੀ ਸੇਵਕ ਨਾਥੂ ਰਾਮ।

ਸਭ ਤੋਂ ਪਿੱਛੇ ਸੀ ਉਨ੍ਹਾਂ ਦੇ ਨਿੱਜੀ ਸੁਰੱਖਿਆ ਅਫ਼ਸਰ ਸਬ ਇੰਸਪੈਕਟਰ ਰਾਮੇਸ਼ਵਰ ਦਿਆਲ।

ਇਸ ਵਿਚਾਲੇ ਇੱਕ ਮੁਲਾਜ਼ਮ ਟੀ-ਸੈਟ ਲੈ ਕੇ ਸਾਹਮਣਿਓਂ ਲੰਘਿਆ ਜਿਸ ਵਿੱਚ ਉਸਤੀਨੋਵ ਨੂੰ ਚਾਹ ਸਰਵ ਕੀਤੀ ਜਾਣੀ ਸੀ।

ਇੰਦਰਾ ਨੇ ਉਸਨੂੰ ਬੁਲਾ ਕੇ ਕਿਹਾ, "ਉਸਤੀਨੋਵ ਦੇ ਲਈ ਦੂਜਾ ਟੀ-ਸੈਟ ਕੱਢਿਆ ਜਾਏ।''

ਜਦੋਂ ਇੰਦਰਾ ਗਾਂਧੀ ਇੱਕ ਅਕਬਰ ਰੋਡ ਨੂੰ ਜੋੜਨ ਵਾਲੇ ਵਿਕੇਟ ਗੇਟ 'ਤੇ ਪਹੁੰਚੇ ਤਾਂ ਉਹ ਧਵਨ ਨਾਲ ਗੱਲਾਂ ਕਰ ਰਹੇ ਸਨ।

ਧਵਨ ਉਨ੍ਹਾਂ ਨੂੰ ਦੱਸ ਰਹੇ ਸੀ ਕਿ ਉਨ੍ਹਾਂ ਦੇ ਹੁਕਮਾਂ ਮੁਤਾਬਕ ਯਮਨ ਦੇ ਦੌਰੇ 'ਤੇ ਗਏ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਸੰਦੇਸ਼ ਭੇਜ ਦਿੱਤਾ ਹੈ ਕਿ ਉਹ ਸੱਤ ਵਜੇ ਤੱਕ ਦਿੱਲੀ ਲੈਂਡ ਕਰ ਜਾਣ।

ਉਨ੍ਹਾਂ ਨੂੰ ਪਾਲਮ ਹਵਾਈ ਅੱਡੇ 'ਤੇ ਰਿਸੀਵ ਕਰਨ ਤੋਂ ਬਾਅਦ ਇੰਦਰਾ ਨੇ ਬ੍ਰਿਟੇਨ ਦੀ ਰਾਜਕੁਮਾਰੀ ਐਨ ਨੂੰ ਦਿੱਤੀ ਜਾਣ ਵਾਲੀ ਟ੍ਰੀਟ ਵਿੱਚ ਸ਼ਾਮਲ ਹੋਣਾ ਸੀ।

ਅਚਾਨਕ ਉੱਥੇ ਤੈਨਾਤ ਸੁਰੱਖਿਆ ਮੁਲਾਜ਼ਮ ਬੇਅੰਤ ਸਿੰਘ ਨੇ ਆਪਣੀ ਰਿਵਾਲਵਰ ਕੱਢ ਕੇ ਇੰਦਰਾ ਗਾਂਧੀ 'ਤੇ ਫਾਇਰ ਕੀਤਾ। ਗੋਲੀ ਉਨ੍ਹਾਂ ਦੇ ਢਿੱਡ ਵਿੱਚ ਲੱਗੀ।

ਇੰਦਰਾ ਨੇ ਚਿਹਰਾ ਬਚਾਉਣ ਦੇ ਲਈ ਆਪਣਾ ਸੱਜਾ ਹੱਥ ਚੁੱਕਿਆ ਪਰ ਉਸੇ ਵੇਲੇ ਬੇਅੰਤ ਨੇ ਬਿਲਕੁਲ ਪੁਆਇੰਟ ਬਲੈਂਕ ਰੇਜ ਤੋਂ ਦੋ ਫਾਇਰ ਹੋਰ ਕੀਤੇ।

ਇਹ ਗੋਲੀਆਂ ਉਨ੍ਹਾਂ ਦੇ ਬਗਲ, ਸੀਨੇ ਅਤੇ ਕਮਰ ਵਿੱਚ ਲੱਗੀਆਂ।

ਗੋਲੀ ਚਲਾਓ

ਉੱਥੋਂ ਪੰਜ ਫੁੱਟ ਦੀ ਦੂਰੀ 'ਤੇ ਸਤਵੰਤ ਸਿੰਘ ਆਪਣੀ ਟਾਮਸਨ ਆਟੋਮੈਟਿਕ ਕਾਰਬਾਈਨ ਦੇ ਨਾਲ ਖੜ੍ਹਾ ਸੀ।

ਇੰਦਰਾ ਗਾਂਧੀ ਨੂੰ ਡਿੱਗਦੇ ਦੇਖ ਉਹ ਐਨੀ ਦਹਿਸ਼ਤ ਵਿੱਚ ਆ ਗਿਆ ਕਿ ਆਪਣੀ ਥਾਂ ਤੋਂ ਹਿੱਲਿਆ ਤੱਕ ਨਹੀਂ । ਉਸੇ ਵੇਲੇ ਬੇਅੰਤ ਨੇ ਉਸ ਨੂੰ ਜ਼ੋਰ ਦੀ ਆਵਾਜ਼ ਵਿੱਚ ਕਿਹਾ ਗੋਲੀ ਚਲਾਓ।

ਸਤਵੰਤ ਨੇ ਫੌਰਨ ਆਪਣੀ ਆਟੋਮੈਟਿਕ ਕਾਰਬਾਈਨ ਦੀਆਂ 25 ਗੋਲੀਆਂ ਇੰਦਰਾ ਗਾਂਧੀ 'ਤੇ ਚਲਾ ਦਿੱਤੀਆਂ।

ਬੇਅੰਤ ਸਿੰਘ ਦਾ ਪਹਿਲਾ ਫਾਇਰ ਹੋਏ 25 ਸੈਕੰਡ ਬੀਤ ਚੁੱਕੇ ਸੀ ਅਤੇ ਉੱਥੇ ਤੈਨਾਤ ਸੁਰੱਖਿਆ ਮੁਲਾਜ਼ਮਾਂ ਵੱਲੋਂ ਕੋਈ ਪ੍ਰਕਿਰਿਆ ਸਾਹਮਣੇ ਨਹੀਂ ਆਈ ਸੀ।

ਹੁਣ ਸਤਵੰਤ ਫਾਇਰ ਕਰ ਰਿਹਾ ਸੀ। ਸਭ ਤੋਂ ਪਿੱਛੇ ਚੱਲ ਰਹੇ ਰਾਮੇਸ਼ਵਰ ਦਿਆਲ ਨੇ ਅੱਗੇ ਦੌੜਨਾ ਸ਼ੁਰੂ ਕੀਤਾ।

ਪਰ ਉਹ ਇੰਦਰਾ ਗਾਂਧੀ ਤੱਕ ਪਹੁੰਚ ਸਕਦੇ, ਉਸ ਤੋਂ ਪਹਿਲਾਂ ਸਤਵੰਤ ਵੱਲੋਂ ਚਲਾਈਆਂ ਗਈਆਂ ਗੋਲੀਆਂ ਉਨ੍ਹਾਂ ਦੇ ਪੱਟ ਅਤੇ ਪੈਰ ਵਿੱਚ ਲੱਗੀਆਂ ਅਤੇ ਉਹ ਉੱਥੇ ਹੀ ਢੇਰ ਹੋ ਗਏ।

ਇੰਦਰਾ ਗਾਂਧੀ ਨਾਲ ਕੰਮ ਕਰਦੇ ਲੋਕਾਂ ਨੇ ਉਨ੍ਹਾਂ ਦੇ ਜ਼ਖ਼ਮੀ ਸਰੀਰ ਨੂੰ ਦੇਖਿਆ ਤਾਂ ਇੱਕ ਦੂਜੇ ਨੂੰ ਹੁਕਮ ਦੇਣ ਲੱਗੇ।

Image copyright Getty Images

ਇੱਕ ਅਕਬਰ ਰੋਡ ਤੋਂ ਇੱਕ ਪੁਲਿਸ ਅਫ਼ਸਰ ਦਿਨੇਸ਼ ਕੁਮਾਰ ਭੱਟ ਇਹ ਦੇਖਣ ਦੇ ਲਈ ਬਾਹਰ ਆਏ ਕਿ ਇਹ ਸ਼ੋਰ ਕਿਵੇਂ ਪੈ ਰਿਹਾ ਹੈ।

ਐਂਬੁਲੈਂਸ ਨਦਾਰਦ

ਉਸ ਸਮੇਂ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਦੋਹਾਂ ਨੇ ਆਪਣੇ ਹਥਿਆਰ ਸੁੱਟ ਦਿੱਤੇ।

ਬੇਅੰਤ ਸਿੰਘ ਨੇ ਕਿਹਾ, "ਅਸੀਂ ਜੋ ਕੁਝ ਕਰਨਾ ਸੀ ਅਸੀਂ ਕਰ ਦਿੱਤਾ। ਹੁਣ ਤੁਸੀਂ ਜੋ ਕਰਨਾ ਹੈ ਤੁਸੀਂ ਕਰੋ।''

ਉਸੇ ਵੇਲੇ ਨਾਰਾਇਣ ਸਿੰਘ ਨੇ ਅੱਗੇ ਕੁੱਦ ਕੇ ਬੇਅੰਤ ਸਿੰਘ ਨੂੰ ਜ਼ਮੀਨ ਤੇ ਪਟਕ ਦਿੱਤਾ।

ਨੇੜੇ ਦੇ ਗਾਰਡ ਰੂਮ ਤੋਂ ਆਈਟੀਬੀਪੀ ਦੇ ਜਵਾਨ ਦੌੜਦੇ ਹੋਏ ਆਏ ਅਤੇ ਉਨ੍ਹਾਂ ਨੇ ਸਤਵੰਤ ਸਿੰਘ ਨੂੰ ਵੀ ਆਪਣੇ ਘੇਰੇ ਵਿੱਚ ਲੈ ਲਿਆ।

ਉੱਥੇ ਹਰ ਸਮੇਂ ਐਂਬੂਲੈਂਸ ਖੜ੍ਹੀ ਰਹਿੰਦੀ ਸੀ। ਪਰ ਉਸ ਦਿਨ ਉਸਦਾ ਡ੍ਰਾਈਵਰ ਉੱਥੋਂ ਨਦਾਰਦ ਸੀ।

ਇੰਨੀ ਦੇਰ ਵਿੱਚ ਇੰਦਰਾ ਦੇ ਸਿਆਸੀ ਸਲਾਹਾਕਾਰ ਮਾਖਨ ਲਾਲ ਫੋਤੇਦਾਰ ਨੇ ਚੀਕ ਕੇ ਕਾਰ ਕੱਢਣ ਨੂੰ ਕਿਹਾ।

Image copyright Getty/ AFP

ਇੰਦਰਾ ਗਾਂਧੀ ਨੂੰ ਜ਼ਮੀਨ ਤੋਂ ਆਰ ਕੇ ਧਵਨ ਅਤੇ ਸੁਰੱਖਿਆ ਮੁਲਾਜ਼ਮ ਦਿਨੇਸ਼ ਭੱਟ ਨੇ ਚੁੱਕ ਕੇ ਚਿੱਟੀ ਐੱਮਬੈਸਡਰ ਕਾਰ ਦੀ ਪਿਛਲੀ ਸੀਟ 'ਤੇ ਰੱਖਿਆ।

ਅੱਗੇ ਦੀ ਸੀਟ 'ਤੇ ਧਵਨ, ਫੋਤੇਦਾਰ ਅਤੇ ਡ੍ਰਾਇਵਰ ਬੈਠੇ। ਜਿਵੇਂ ਹੀ ਕਾਰ ਚੱਲਣ ਲੱਗੀ ਸੋਨੀਆ ਗਾਂਧੀ ਨੰਗੇ ਪੈਰ, ਆਪਣੇ ਡ੍ਰੈਸਿੰਗ ਗਾਊਨ ਵਿੱਚ ਮੰਮੀ-ਮੰਮੀ ਬੋਲਦੇ ਹੋਏ ਭੱਜਦੇ ਹੋਏ ਆਏ।

ਇੰਦਰਾ ਗਾਂਧੀ ਦੀ ਹਾਲਤ ਦੇਖ ਕੇ ਉਹ ਉਸੀ ਹਾਲ ਵਿੱਚ ਕਾਰ ਦੀ ਪਿੱਛੇ ਦੀ ਸੀਟ 'ਤੇ ਬੈਠ ਗਏ। ਉਨ੍ਹਾਂ ਨੇ ਖੂਨ ਨਾਲ ਲਥਪਥ ਇੰਦਰਾ ਗਾਂਧੀ ਦਾ ਸਿਰ ਆਪਣੀ ਗੋਦ ਵਿੱਚ ਲੈ ਲਿਆ।

ਕਾਰ ਬਹੁਤ ਤੇਜ਼ੀ ਨਾਲ ਏਮਸ ਵੱਲ ਵਧੀ। ਚਾਰ ਕਿਲੋਮੀਟਰ ਦੇ ਸਫ਼ਰ ਦੌਰਾਨ ਕੋਈ ਕੁਝ ਨਹੀਂ ਬੋਲਿਆ। ਸੋਨੀਆ ਦਾ ਗਾਊਨ ਇੰਦਰਾ ਦੇ ਖੂਨ ਨਾਲ ਭਿੱਜ ਚੁੱਕਿਆ ਸੀ।

ਸਟ੍ਰੇਚਰ ਗਾਇਬ

ਕਾਰ 9 ਵੱਜ ਕੇ 32 ਮਿੰਟ 'ਤੇ ਏਮਸ ਪਹੁੰਚੀ। ਉੱਥੇ ਇੰਦਰਾ ਦੇ ਬਲੱਡ ਗਰੁੱਪ ਓ ਆਰਐੱਚ ਨੈਗੇਟਿਵ ਦਾ ਕਾਫ਼ੀ ਸਟਾਕ ਸੀ।

ਪਰ ਇੱਕ ਸਫ਼ਦਰਜੰਗ ਰੋਡ ਤੋਂ ਕਿਸੇ ਨੇ ਵੀ ਏਮਸ ਫ਼ੋਨ ਕਰ ਕੇ ਨਹੀਂ ਦੱਸਿਆ ਸੀ ਕਿ ਇੰਦਰਾ ਗਾਂਧੀ ਨੂੰ ਗੰਭੀਰ ਹਾਲਤ ਵਿੱਚ ਉੱਥੇ ਲਿਆਇਆ ਜਾ ਰਿਹਾ ਹੈ।

ਐਮਰਜੈਂਸੀ ਵਾਰਡ ਦਾ ਗੇਟ ਖੋਲ੍ਹਣ ਅਤੇ ਇੰਦਰਾ ਨੂੰ ਕਾਰ ਤੋਂ ਉਤਾਰਨ ਵਿੱਚ ਤਿੰਨ ਮਿੰਟ ਲੱਗ ਗਏ। ਉੱਥੇ ਇੱਕ ਸਟ੍ਰੇਚਰ ਤੱਕ ਮੌਜੂਦ ਨਹੀਂ ਸੀ।

ਕਿਸੇ ਤਰ੍ਹਾਂ ਇੱਕ ਸਟ੍ਰੇਚਰ ਦਾ ਇੰਤਜ਼ਾਮ ਕੀਤਾ ਗਿਆ। ਜਦੋਂ ਉਨ੍ਹਾਂ ਨੂੰ ਕਾਰ ਤੋਂ ਉਤਾਰਿਆ ਗਿਆ ਤਾਂ ਇੰਦਰਾ ਨੂੰ ਇਸ ਹਾਲਤ ਵਿੱਚ ਦੇਖ ਕੇ ਉੱਥੇ ਤਾਇਨਾਤ ਡਾਕਟਰ ਘਬਰਾ ਗਏ।

Image copyright Getty Images

ਉਨ੍ਹਾਂ ਨੇ ਫ਼ੌਰਨ ਫੋਨ ਕਰ ਏਮਸ ਦੇ ਸੀਨੀਅਰ ਕਾਰਡੀਓਲੋਜਿਸਟ ਨੂੰ ਇਸਦੀ ਸੂਚਨਾ ਦਿੱਤੀ।

ਮਿੰਟਾਂ ਵਿੱਚ ਉੱਥੇ ਡਾਕਟਰ ਗੁਲੇਰੀਆ, ਡਾਕਟਰ ਐੱਮ.ਐੱਮ ਕਪੂਰ ਤੇ ਡਾਕਟਰ ਐੱਸ ਬਾਲਾਰਾਮ ਪਹੁੰਚ ਗਏ।

ਇਲੈਕਟ੍ਰੋਕਾਰਡੀਓਗ੍ਰਾਮ ਵਿੱਚ ਇੰਦਰਾ ਦੇ ਦਿਲ ਦੀ ਮਾਮੂਲੀ ਹਰਕਤ ਦਿਖਾਈ ਦੇ ਰਹੀ ਸੀ ਪਰ ਨਾੜੀ ਵਿੱਚ ਕੋਈ ਧੜਕਨ ਨਹੀਂ ਮਿਲ ਰਹੀ ਸੀ।

ਉਨ੍ਹਾਂ ਦੀ ਅੱਖਾਂ ਦੀ ਪੁਤਲੀਆਂ ਫੈਲੀਆਂ ਹੋਈਆਂ ਸੀ। ਜੋ ਇਸ ਵੱਲ ਇਸ਼ਾਰਾ ਸੀ ਕਿ ਉਨ੍ਹਾਂ ਦੇ ਦਿਮਾਗ ਨੂੰ ਨੁਕਸਾਨ ਪਹੁੰਚਿਆ ਹੈ।

ਇੱਕ ਡਾਕਟਰ ਨੇ ਉਨ੍ਹਾਂ ਦੇ ਮੂੰਹ ਜ਼ਰੀਏ ਉਨ੍ਹਾਂ ਦੀ ਸਾਹ ਦੀ ਨਲੀ ਵਿੱਚ ਇੱਕ ਟਿਊਬ ਵਾੜੀ ਤਾਂ ਜੋ ਫੇਫੜਿਆਂ ਤੱਕ ਆਕਸੀਜਨ ਪਹੁੰਚ ਸਕੇ ਅਤੇ ਦਿਮਾਗ਼ ਨੂੰ ਜ਼ਿੰਦਾ ਰੱਖਿਆ ਜਾ ਸਕੇ।

ਇੰਦਰਾ ਨੂੰ 80 ਬੋਤਲ ਖ਼ੂਨ ਚਾੜਿਆ ਗਿਆ ਜੋ ਉਨ੍ਹਾਂ ਦੇ ਸਰੀਰ ਦੇ ਖ਼ੂਨ ਦਾ ਪੰਜ ਗੁਣਾ ਸੀ।

ਡਾਕਟਰ ਗੁਲੇਰੀਆ ਦੱਸਦੇ ਹਨ, "ਮੈਨੂੰ ਤਾਂ ਦੇਖ ਕੇ ਹੀ ਲੱਗ ਗਿਆ ਸੀ ਕਿ ਉਹ ਇਸ ਦੁਨੀਆਂ ਤੋਂ ਜਾ ਚੁੱਕੇ ਹਨ।''

"ਉਸਦੇ ਬਾਅਦ ਅਸੀਂ ਇਸਦੀ ਤਸਦੀਕ ਦੇ ਲਈ ਈਸੀਜੀ ਕੀਤਾ। ਫ਼ਿਰ ਅਸੀਂ ਉੱਥੇ ਮੌਜੂਦ ਸਿਹਤ ਮੰਤਰੀ ਸ਼ੰਕਰਾਨੰਦ ਤੋਂ ਪੁੱਛਿਆ ਕਿ ਹੁਣ ਕੀ ਕਰਨਾ ਹੈ? ਕੀ ਅਸੀਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦੇਈਏ?''

Image copyright AFP/GETTY IMAGES

"ਉਨ੍ਹਾਂ ਨੇ ਕਿਹਾ ਨਹੀਂ। ਫ਼ਿਰ ਅਸੀਂ ਉਨ੍ਹਾਂ ਨੂੰ ਆਪਰੇਸ਼ਨ ਥਿਏਟਰ ਵੱਲ ਲੈ ਗਏ।''

ਸਿਰਫ਼ ਦਿਲ ਸਲਾਮਤ ਸੀ

ਡਾਕਟਰਾਂ ਨੇ ਉਨ੍ਹਾਂ ਦੇ ਸਰੀਰ ਨੂੰ ਹਾਰਟ ਐਂਡ ਲੰਗ ਮਸ਼ੀਨ ਨਾਲ ਜੋੜ ਦਿੱਤਾ ਜੋ ਉਨ੍ਹਾਂ ਦੇ ਖ਼ੂਨ ਨੂੰ ਸਾਫ਼ ਕਰਨ ਦਾ ਕੰਮ ਕਰਨ ਲੱਗੀ, ਜਿਸਦੇ ਕਾਰਨ ਉਨ੍ਹਾਂ ਦੇ ਖ਼ੂਨ ਦਾ ਤਾਪਮਾਨ 37 ਡਿਗਰੀ ਦੇ ਆਮ ਤਾਪਮਾਨ ਤੋਂ ਘੱਟ ਕੇ 31 ਡਿਗਰੀ ਹੋ ਗਿਆ।

ਇਹ ਸਾਫ਼ ਸੀ ਕਿ ਇੰਦਰਾ ਇਸ ਦੁਨੀਆਂ ਤੋਂ ਜਾ ਚੁੱਕੇ ਸੀ ਪਰ ਫਿਰ ਵੀ ਉਨ੍ਹਾਂ ਨੂੰ ਏਮਸ ਦੀ ਅੱਠਵੀਂ ਮੰਜ਼ਿਲ ਦੇ ਆਪਰੇਸ਼ਨ ਥਿਏਟਰ ਵਿੱਚ ਲਿਜਾਇਆ ਗਿਆ।

ਡਾਕਟਰਾਂ ਨੇ ਦੇਖਿਆ ਕਿ ਗੋਲੀਆਂ ਨੇ ਉਨ੍ਹਾਂ ਦੇ ਲੀਵਰ ਦੇ ਸੱਜੇ ਹਿੱਸੇ ਨੂੰ ਛੱਲਣੀ ਕਰ ਦਿੱਤਾ ਸੀ। ਉਨ੍ਹਾਂ ਦੀ ਵੱਡੀ ਅੰਤੜੀ ਵਿੱਚ ਘੱਟੋ-ਘੱਟ 12 ਸੁਰਾਖ਼ ਹੋ ਗਏ ਸਨ ਅਤੇ ਛੋਟੀ ਅਂਤੜੀ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਸੀ।

ਉਨ੍ਹਾਂ ਦੇ ਇੱਕ ਫੇਫੜੇ ਵਿੱਚ ਵੀ ਗੋਲੀ ਲੱਗੀ ਸੀ ਅਤੇ ਰੀੜ੍ਹ ਦੀ ਹੱਡੀ ਵੀ ਗੋਲੀਆਂ ਕਰਕੇ ਟੁੱਟ ਚੁੱਕੀ ਸੀ। ਸਿਰਫ਼ ਉਨ੍ਹਾਂ ਦਾ ਦਿਲ ਸਲਾਮਤ ਸੀ।

ਯੋਜਨਾ ਬਣਾ ਕੇ ਨਾਲ ਡਿਊਟੀ

ਆਪਣੇ ਅੰਗ ਰੱਖਿਅਕਾਂ ਵੱਲੋਂ ਗੋਲੀ ਮਾਰੇ ਜਾਣ ਦੇ ਤਕਰੀਬਨ ਚਾਰ ਘੰਟਿਆਂ ਬਾਅਦ 2 ਵੱਜ ਕੇ 23 ਮਿੰਟ 'ਤੇ ਇੰਦਰਾ ਗਾਂਧੀ ਨੂੰ ਮ੍ਰਿਤਕ ਐਲਾਨਿਆ ਗਿਆ।

ਸਰਕਾਰ ਦਾ ਪ੍ਰਚਾਰ ਕਰਨ ਵਾਲੀਆਂ ਏਜੰਸੀਆਂ ਨੇ ਇਸਦਾ ਐਲਾਨ ਸ਼ਾਮ 6 ਵਜੇ ਤੱਕ ਨਹੀਂ ਕੀਤਾ।

ਇੰਦਰਾ ਗਾਂਧੀ ਦੀ ਜੀਵਨੀ ਲਿਖਣ ਵਾਲੇ ਇੰਦਰ ਮਲਹੌਤਰਾ ਨੇ ਦੱਸਿਆ ਸੀ ਕਿ ਖ਼ੁਫੀਆ ਏਜੰਸੀਆਂ ਨੂੰ ਖਦਸ਼ਾ ਸੀ ਕਿ ਇੰਦਰਾ ਗਾਂਧੀ 'ਤੇ ਇਸ ਤਰੀਕੇ ਦਾ ਹਮਲਾ ਹੋ ਸਕਦਾ ਹੈ।

Image copyright Getty Images

ਉਨ੍ਹਾਂ ਨੇ ਸਿਫ਼ਾਰਿਸ਼ ਕੀਤੀ ਸੀ ਸਾਰੇ ਸਿੱਖ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਹਟਾ ਲਿਆ ਜਾਏ।

ਪਰ ਜਦੋਂ ਫਾਇਲ ਇੰਦਰਾ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਬਹੁਤ ਗੁੱਸੇ ਵਿੱਚ ਉਸ 'ਤੇ ਤਿੰਨ ਸ਼ਬਦ ਲਿੱਖੇ, "ਆਰ ਵੀ ਸੈਕੁਲਰ?''(ਕੀ ਅਸੀਂ ਧਰਮ ਨਿਰਪੱਖ ਹਾਂ?)

ਉਸ ਤੋਂ ਬਾਅਦ ਤੈਅ ਕੀਤਾ ਗਿਆ ਕਿ ਇੱਕੋ ਨਾਲ ਦੋ ਸਿੱਖ ਮੁਲਾਜ਼ਮਾਂ ਦੀ ਉਨ੍ਹਾਂ ਦੇ ਨੇੜੇ ਡਿਊਟੀ ਨਾ ਲਾਈ ਜਾਏ।

31 ਅਕਤੂਬਰ ਦੇ ਦਿਨ ਸਤਵੰਤ ਸਿੰਘ ਨੇ ਬਹਾਨਾ ਕੀਤਾ ਕਿ ਉਨ੍ਹਾਂ ਦਾ ਪੇਟ ਖ਼ਰਾਬ ਹੈ। ਇਸ ਲਈ ਉਸਨੂੰ ਪਖਾਣੇ ਦੇ ਨੇੜੇ ਤਾਇਨਾਤ ਕੀਤਾ ਜਾਏ।

ਇਸ ਤਰ੍ਹਾਂ ਬੇਅੰਤ ਤੇ ਸਤਵੰਤ ਇੱਕੋ ਨਾਲ ਤਾਇਨਾਤ ਹੋਏ ਅਤੇ ਉਨ੍ਹਾਂ ਨੇ ਇੰਦਰਾ ਗਾਂਧੀ ਤੋਂ ਆਪਰੇਸ਼ਨ ਬਲੂਸਟਾਰ ਦਾ ਬਦਲਾ ਲੈ ਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)