ਪ੍ਰੋਫੈਸਰ ਗੋਪਾਲ ਅਈਯਰ ਦੀਆਂ ਕੁਝ ਯਾਦਾਂ

  • ਜਗਮੋਹਣ ਸਿੰਘ
  • ਕਿਸਾਨ ਆਗੂ ਬੀਬੀਸੀ ਪੰਜਾਬੀ ਲਈ
Prof. K.Gopal Iyer

ਤਸਵੀਰ ਸਰੋਤ, yoges sanehi

ਲੋਕਾਂ ਨਾਲ ਅਲੱਗ ਅਲੱਗ ਪੱਖਾਂ ਤੋਂ ਸਰੋਕਾਰ ਰੱਖਣ ਵਾਲੇ ਬਹੁਤ ਸਾਰੇ ਬੁੱਧੀਜੀਵੀਆਂ ਨਾਲ ਮੇਰੀ ਮੁਲਾਕਾਤ ਮੇਰੇ ਸਤਿਕਾਰਤ ਦੋਸਤ ਮਨਮੋਹਨ ਸ਼ਰਮਾ ਨੇ ਕਰਵਾਈ। ਅੱਜ ਤੋਂ ਕੋਈ 30 ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਪ੍ਰੋ. ਗੋਪਾਲ ਅਈਯਰ ਨਾਲ ਮੇਰੀ ਪਹਿਲੀ ਮੁਲਾਕਾਤ ਮਨਮੋਹਨ ਸ਼ਰਮੇ ਨੇ ਹੀ ਕਰਵਾਈ ਸੀ।

ਪਹਿਲੀ ਮੁਲਾਕਾਤ ਪੰਜਾਬ ਵਿੱਚ ਉਸ ਸਮੇਂ ਚੱਲ ਰਹੇ ਖਾੜਕੂ/ਭਿੰਡਰਾਂਵਾਲੇ ਦੇ ਵਰਤਾਰੇ ਸਮੇਂ ਹੋਈ। ਇਸ ਵਰਤਾਰੇ ਸਬੰਧੀ ਕਾਫ਼ੀ ਗੱਲਾਂ-ਬਾਤਾਂ ਹੋਈਆਂ। ਇਸ ਦੌਰਾਨ ਮੈਂ ਗੰਭੀਰਤਾ ਨਾਲ ਨੋਟ ਕੀਤਾ ਕਿ ਉਨ੍ਹਾਂ ਦਾ ਰਵੱਈਆ ਜਾਨਣ ਦਾ ਜ਼ਿਆਦਾ ਸੀ ਤੇ ਆਪਣੇ ਵਿਚਾਰਾਂ ਨੂੰ ਦਰਸਾਉਣ ਦਾ ਘੱਟ। ਜਿਹੜਾ ਕਿ ਮੈਂ ਪ੍ਰੋਫਸਰਾਂ/ਬੁੱਧੀਜੀਵੀਆਂ ਵਿਚ ਬਹੁਤ ਘੱਟ ਦੇਖਿਆ ਸੀ ਅਤੇ ਦੇਖਦਾ ਹਾਂ।

ਆਖਰ ਵਿਚਾਰ ਚਰਚਾ ਤੋਂ ਬਾਅਦ ਉਹ ਸਾਨੂੰ ਪੰਜਾਬ ਯੂਨੀਵਰਸਿਟੀ ਦੇ ਗੇਟ ਤੋਂ ਬਾਹਰ ਤੱਕ ਪੀ. ਜੀ. ਆਈ. ਦੇ ਸਾਹਮਣੇ ਵਾਲੇ ਗੇਟ ਤੱਕ ਛੱਡਣ ਆਏ ਤੇ ਬਾਹਰ ਖੜ੍ਹੀ ਸਾਧਾਰਨ ਰੇਹੜੀ ਤੋਂ ਚਾਹ ਪਲਾਈ।

ਵਿਦਵਾਨ ਵੀ ਤੇ ਕਾਰਕੁੰਨ ਵੀ

ਅਲੱਗ ਹੋਣ ਲੱਗਿਆਂ ਕਹਿਣ ਲੱਗੇ ਕਿ ਜਗਮੋਹਣ ਜੀ ਮਿਲਦੇ ਰਹਾਂਗੇ। ਮਿਲਦੇ ਰਹਿਣ ਪਿਛੇ ਜੋ ਤਰਕ ਦਿੱਤਾ, ਉਹ ਅੱਜ ਵੀ ਮੇਰੇ ਸਿਰਫ਼ ਮੰਨ ਵਿੱਚ ਹੀ ਨਹੀਂ ਵੱਸਿਆ ਹੋਇਆ, ਉਸ ਦਾ ਮੈਂ ਕਈਆਂ ਨੂੰ ਹਵਾਲਾ ਵੀ ਦਿੰਦਾ ਰਿਹਾ ਹਾਂ ਅਤੇ ਸਟੇਜ ਤੋਂ ਬੋਲਦਿਆਂ ਵੀ ਪ੍ਰਗਟਾਇਆ ਹੈ, ਮੇਰੇ ਮੁਤਾਬਕ ਉਹ ਬੇਹੱਦ ਮਹੱਤਤਾ ਵਾਲਾ ਹੈ।

ਪ੍ਰੋਫੈਸਰ ਗੋਪਾਲ ਅਈਯਰ ਨੇ ਕਿਹਾ ਸੀ ਕਿ ਕੋਈ ਵੀ ਮੇਰੇ ਵਰਗਾ ਸਮਾਜ ਵਿਗਿਆਨੀ ਚਾਹੇ ਉਹ ਅਧਿਆਪਕ ਹੈ ਜਾਂ ਵਿਦਿਆਰਥੀ ਆਪਣੇ ਕੰਮ ਵਿਚ ਵਿਕਾਸ ਨਹੀਂ ਕਰ ਸਕਦਾ। ਜੇਕਰ ਉਹ ਆਪਣੇ ਅਕਾਦਮਿਕ ਕੰਮ ਦੇ ਨਾਲ ਉਨ੍ਹਾਂ ਲੋਕਾਂ ਨਾਲ ਗੂੜ੍ਹਾ ਸਬੰਧ ਨਹੀਂ ਰੱਖਦਾ, ਜਿਹੜੇ ਲੋਕ ਸਮਾਜਿਕ ਤਾਣੇ-ਬਾਣੇ ਦੀਆਂ ਕੁਰੀਤੀਆਂ ਵਿੱਚ ਸੁਧਾਰ/ਤਬਦੀਲੀ ਕਰਨ ਲਈ ਜੁਟੇ ਹਨ/ਲੋਚਦੇ ਹਨ।

ਪ੍ਰੋਫੈਸਰ ਗੋਪਾਲ ਅਈਯਰ ਦੇ ਉਪਰੋਕਤ ਵਿਚਾਰ ਨੂੰ ਬਾਅਦ ਵਾਲੇ ਸਮੇਂ ਵਿੱਚ ਮੈਂ ਅਮਲੀ ਰੂਪ ਵਿੱਚ ਵੇਖਿਆ। ਇੱਥੇ ਇੱਕ ਘਟਨਾ ਦਾ ਜ਼ਰੂਰ ਜ਼ਿਕਰ ਕਰਾਂਗਾ-ਜਿਸ ਸਦਕਾ ਉਹ ਮੈਨੂੰ ਅਤੇ ਮੇਰੇ ਵੱਡੇ ਵੀਰ ਮਰਹੂਮ ਬਲਕਾਰ ਸਿੰਘ ਡਕੌਂਦਾ ਨੂੰ ਟੁੰਬ ਗਿਆ ਸੀ।

ਅਸੀਂ ਕਈ ਦਿਨਾਂ ਤੋਂ ਅਣਮਿਥੇ ਸਮੇਂ ਦਾ ਧਰਨਾ ਲਾ ਕੇ ਮਟਕਾ ਚੌਂਕ ਵਿੱਚ ਬੈਠੇ ਸੀ। ਅੱਜ ਕੱਲ੍ਹ ਵਰਗਾ ਹੀ ਮੌਸਮ ਸੀ, ਦਿਨ ਵੇਲੇ ਗਰਮੀ ਅਤੇ ਰਾਤ ਨੂੰ ਠੰਡ। ਸ਼ਾਮੀ 5-6 ਵਜੇ ਦਾ ਸਮਾਂ ਸੀ ਅਸੀਂ ਆਪਣਾ ਰਾਤ ਦਾ ਬਿਸਤਰ ਠੀਕ ਕਰ ਰਹੇ ਸਾਂ, ਠੰਡ ਤੇ ਤਰੇਲ ਕਰਕੇ ਅਸੀਂ ਟਰਾਲੀ ਥੱਲੇ ਪਰਾਲੀ ਵਿਛਾ ਕੇ ਉਪਰ ਪੱਲੀ ਵਿਛਾ ਕੇ ਬੜੀ ਗੂੜ੍ਹੀ ਨੀਂਦ ਸੌਂਦੇ ਸੀ। ਉਸ ਸਮੇਂ ਪ੍ਰੋ. ਗੋਪਾਲ ਅਈਯਰ ਸਾਡੇ ਕੋਲ ਆ ਪਹੁੰਚੇ, ਮੈਂ ਉਨ੍ਹਾਂ ਦੀ ਜਾਣ ਪਹਿਚਾਣ ਬਲਕਾਰ ਸਿੰਘ ਡਕੌਂਦਾ ਨਾਲ ਕਰਵਾਈ।

ਧਰਨੇ ਦੇਣ ਵਾਲਾ ਪ੍ਰੋਫੈਸਰ

ਕਿਸਾਨੀ ਦੀ ਹਾਲਤ 'ਤੇ ਧਰਨੇ ਦੀਆਂ ਤਤਕਾਲੀ ਮੰਗਾਂ ਸਬੰਧੀ ਵਿਚਾਰ-ਚਰਚਾ ਹੁੰਦੀ ਰਹੀ, ਮੈਂ ਤੇ ਬਲਕਾਰ ਸਿੰਘ ਡਕੌਂਦਾ ਨੇ ਉੱਥੇ ਧਰਨੇ ਵਾਲੀ ਥਾਂ 'ਤੇ ਹੀ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਜਾਣਾ ਸੀ। ਸਾਡੀ ਇਸ ਜ਼ਰੂਰਤ ਨੂੰ ਜਾਣ ਕੇ ਉਸ ਨੇ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਮੈਂ ਉਨ੍ਹਾਂ ਨੂੰ ਨਰਮਾ-ਪੱਟੀ ਦੇ ਕਿਸਾਨ ਦੇ ਕੈਂਪ ਵਿੱਚ ਛੱਡ ਆਇਆ।

ਅਸੀਂ ਮੀਟਿੰਗ ਖ਼ਤਮ ਕਰਨ ਬਾਅਦ, ਰੋਟੀ ਖਾ ਕੇ ਰਾਤੀਂ ਕੋਈ 10 ਵਜੇ ਟਰਾਲੀ ਥੱਲੇ ਆਪਣੇ ਬਿਸਤਰ 'ਤੇ ਸੌਂ ਗਏ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਹ ਸਾਡੇ ਨਾਲ ਟਰਾਲੀ ਥੱਲੇ ਬਿਸਤਰ ਦੇ ਇੱਕ ਪਾਸੇ ਸੌਂ ਰਹੇ ਸਨ। ਮੈਂ ਜਦੋਂ ਇਹ ਦੇਖਿਆ ਤਾਂ ਰਾਤ ਦੇ ਕੋਈ 2-3 ਵਜੇ ਦਾ ਸਮਾਂ ਸੀ। ਸਵੇਰੇ ਜਲਦੀ ਉਠ ਕੇ ਜਲਦੀ-ਜਲਦੀ ਸਿਰਫ਼ ਇਹ ਕਹਿ ਕੇ ਨਰਮਾ ਪੱਟੀ ਦੇ ਕਈ ਪੱਖਾਂ ਤੋਂ ਪੀੜਤ ਕਿਸਾਨ ਨਾਲ ਮੇਰੀ ਗੱਲਬਾਤ ਬਹੁਤ ਸਾਰਥਕ ਰਹੀ ਤੇ ਉਹ ਚਲੇ ਗਏ। ਇਹ ਮੈਨੂੰ ਉਸ ਸਮੇਂ ਸਮਝ ਨਹੀਂ ਸੀ ਆਇਆ ਕਿ ਮਟਕਾ ਚੌਂਕ ਤੋਂ ਥੋੜ੍ਹੀ ਦੂਰੀ 'ਤੇ ਉਸਦੀ ਰਿਹਾਇਸ਼ ਹੋਣ ਦੇ ਬਾਵਜੂਦ, ਉਸ ਨੇ ਉਹ ਰਾਤ ਉੱਥੇ ਕਿਉਂ ਕੱਟੀ?

ਹਾਂ! ਪਰ ਬਲਕਾਰ ਸਿੰਘ ਡਕੌਂਦੇ ਨੇ ਇਹ ਜ਼ਰੂਰ ਕਿਹਾ ਸੀ, ਕਿ ਇੱਕ ਤੇਰਾ ਉਹ ਯਾਰ ਸੀ ਜੋ ਪਰਸੋਂ ਕਾਰ ਵਿੱਚ ਆਪਣੀ ਬੱਚੀ ਨੂੰ ਨਾਲ ਲੈ ਕੇ ਆਇਆ ਸੀ ਜਿਵੇਂ ਕੋਈ ਚਿੜੀਆ ਘਰ ਦਿਖਾਉਣ ਆਇਆ ਹੋਵੇ। ਤੂੰ ਕਹਿਦਾਂ ਸਾਂ ਕਿ ਇਹ ਵਿਦਿਆਰਥੀਆਂ ਦਾ ਸੂਬਾਈ ਲੀਡਰ ਰਿਹਾ ਹੈ ਅਤੇ ਅੱਜ ਕੱਲ੍ਹ ਵੱਡੀ ਅਖ਼ਬਾਰ ਦਾ ਵੱਡਾ ਪੱਤਰਕਾਰ ਹੈ ਤੇ ਦੂਸਰਾ ਇਹ ਪ੍ਰੋ. ਗੋਪਾਲ ਅਈਯਰ?

ਸਿੱਖਣ ਦੀ ਲਲਕ ਵਾਲਾ ਨਿਮਰ ਵਿਦਵਾਨ

ਫਰਵਰੀ 1996 ਵਿੱਚ ਆਲ ਇੰਡੀਆ ਪੀਪਲਜ਼ ਫੋਰਮ ਵੱਲੋਂ ਅੰਤਰਰਾਸ਼ਟਰੀ ਪੱਧਰ ਦੇ ਕੌਮੀਅਤਾ ਦੇ ਮਸਲੇ 'ਤੇ ਦਿੱਲੀ ਵਿਖੇ ਸੈਮੀਨਾਰ ਕਰਵਾਉਣ ਦੀਆਂ ਤਿਆਰੀਆਂ ਹੋ ਰਹੀਆਂ ਸਨ। ਜ਼ਿੰਮੇਵਾਰ ਪ੍ਰਬੰਧਕਾਂ ਵਲੋਂ ਸੁਆਗਤੀ ਕਮੇਟੀ ਦੀ ਲਿਸਟ ਤਿਆਰ ਕੀਤੀ ਜਾ ਰਹੀ ਸੀ। ਬਹੁਤੇ ਵੱਡੇ-ਵੱਡੇ ਪ੍ਰੋਫੈਸਰਾਂ/ਬੁੱਧੀਜੀਵੀਆਂ ਤੇ ਮਨੁੱਖੀ ਤੇ ਜਮਹੂਰੀ ਅਧਿਕਾਰਾਂ ਦੇ ਪੈਰੋਕਾਰ ਦੇ ਨਾਮ ਲਿਖੇ ਜਾ ਰਹੇ ਸਨ। ਮੈਂ ਨੇੜੇ ਬੈਠੇ ਨੇ ਪ੍ਰੋਫੈਸਰ ਗੋਪਾਲ ਅਈਯਰ ਦੇ ਨਾਮ ਦਾ ਸੁਝਾਅ ਦੇ ਦਿੱਤਾ, ਪਰ ਅਣਗੌਲਿਆ ਕਰ ਦਿੱਤਾ ਗਿਆ।

ਪਰ ਪ੍ਰੋਫੈਸਰ ਅਈਯਰ ਨਾਲ ਮੇਰਾ ਲਗਾਅ, ਸਤਿਕਾਰ ਤੇ ਪਿਆਰ ਹੋਰ ਵੱਧ ਗਿਆ ਜਦੋਂ ਉਹ ਬਿਨਾਂ ਸੱਦਿਆਂ ਉਸ ਸੈਮੀਨਾਰ ਵਿਚ ਦਿੱਲੀ ਪਹੁੰਚ ਗਏ ਪਰ ਉਸ ਲੰਮੀ ਸੁਆਗਤੀ ਕਮੇਟੀ ਦੀ ਲਿਸਟ ਵਿੱਚੋਂ ਇੱਕਾ ਦੁੱਕਾ ਹੀ ਦਿਖਾਈ ਦਿੱਤੇ। ਉਥੇ ਉਨ੍ਹਾਂ ਨੇ ਮੇਰੇ ਨਾਲ ਕੁਝ ਸਮਾਂ ਲੰਕਾ ਵਿੱਚ ਲਿੱਟੇ ਵਲੋਂ ਚਲਾਈ ਜਾ ਰਹੀ ਲਹਿਰ ਨਾਲ ਸਬੰਧਤ ਵਿਚਾਰ-ਚਰਚਾ ਕੀਤੀ। ਮੈਂ ਉਨ੍ਹਾਂ ਦਾ ਦਰਸ਼ਕ ਦਾ ਕਾਰਡ ਬਣਵਾ ਦਿੱਤਾ। ਸੈਮੀਨਾਰ ਵਿੱਚ ਉਨ੍ਹਾਂ ਨੇ ਬੁਲਾਰਿਆਂ ਨੂੰ ਸੁਣਿਆ। ਦੇਰ ਰਾਤ ਮੈਂ ਉਨ੍ਹਾਂ ਨੂੰ ਦੱਖਣੀ ਭਾਰਤ ਤੋਂ ਆਏ ਡੈਲੀਗੇਟਾਂ ਨਾਲ ਬਹੁਤ ਡੂੰਘਾ ਵਿਚਾਰ-ਵਟਾਂਦਰਾ ਕਰਦਿਆਂ ਦੇਖਿਆ।

ਕਿਸਾਨੀ ਸਮੱਸਿਆਵਾਂ ਨਾਲ ਲਗਾਅ ਰੱਖਣ ਵਾਲਾ

ਜੇ ਉਨ੍ਹਾਂ ਦੇ ਅਕਾਦਮਿਕ ਕੰਮ 'ਤੇ ਨਜ਼ਰ ਮਾਰੀਏ ਤਾਂ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਉਨ੍ਹਾਂ ਨੇ ਕਿਸਾਨੀ ਨਾਲ ਸਬੰਧਤ ਕਈ ਪੱਖਾਂ ਤੋਂ ਕੰਮ ਕੀਤਾ, ਕਿਸਾਨੀ ਸਮੱਸਿਆਵਾਂ ਨਾਲ ਆਪਣੀ ਵਿਚਾਰ-ਚਰਚਾ ਵਿੱਚ ਵੀ ਬਹੁਤ ਲਗਾਅ ਰੱਖਦੇ ਸਨ।

ਸਭ ਤੋਂ ਪਹਿਲਾਂ ਉਨ੍ਹਾਂ ਨੇ ਕਲਮਬੰਦ ਕੀਤਾ ਸੀ ਬੰਧੂਆ ਮਜ਼ਦੂਰਾਂ ਦੀਆਂ ਸਮੱਸਿਆਵਾਂ, ਜਿਸ ਸਬੰਧੀ ਉਹ ਦੱਸਦੇ ਹੁੰਦੇ ਸਨ ਕਿ ਇਹ ਕੰਮ ਆਪਣੇ ਸਤਿਕਾਰਯੋਗ ਅਧਿਆਪਕ ਪ੍ਰੋਫੈਸਰ ਪਾਰਥਨਾਥ ਮੁਕਰਜੀ ਦੀ ਪ੍ਰੇਰਨਾ ਸਦਕਾ ਕਰ ਸਕੇ। ਇਸ ਕੰਮ ਤੋਂ ਬਾਅਦ ਉਨ੍ਹਾਂ ਦਾ ਲਗਾਅ ਤੇ ਪਹਿਚਾਣ ਲੋਕ ਮਸਲਿਆਂ ਨਾਲ ਹੋ ਗਈ। ਜਿਸ ਸਦਕਾ ਉਨ੍ਹਾਂ ਨੇ ਅਧਿਐਨ ਕੀਤਾ ਝਾਰਖੰਡ ਇਲਾਕੇ ਦੇ ਆਦਿਵਾਸੀਆਂ ਦੀ ਜ਼ਿੰਦਗੀ 'ਤੇ ਅਤੇ ਪੰਜਾਬ ਦੇ ਅਤੀ ਪਿੱਛੜੇ ਸਮੁਦਾਏ ਜਾਂ ਰਹਿ ਚੁੱਕੇ ਕਬੀਲਿਆਂ 'ਤੇ ਕੀਤਾ ਉਨ੍ਹਾਂ ਦਾ ਅਧਿਐਨ ਅਕਾਦਮਿਕ ਘੇਰਿਆਂ ਤੱਕ ਹੀ ਸੀਮਤ ਨਹੀਂ ਹੈ ਬਲਕਿ ਕਿਸੇ ਵੀ ਕਿਸਮ ਦੀ ਸਰਗਰਮੀ ਇਨ੍ਹਾਂ ਅਤੀ ਪਛੜੇ ਲੋਕਾਂ ਲਈ ਕਰਨ ਵਾਲੇ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਰਹੇਗਾ।

ਉਹ ਆਮ ਤੌਰ 'ਤੇ ਕਰਿਡ ਚੰਡੀਗੜ੍ਹ 'ਚ ਆਉਂਦੇ ਜਾਂਦੇ ਰਹਿੰਦੇ ਸਨ। ਉਹ ਮੈਨੂੰ ਉਥੇ ਮਿਲੇ ਜਿਥੇ ਉਹ ਡਾ. ਕ੍ਰਿਸ਼ਨ ਚੰਦ ਤੇ ਮਰਹੂਮ ਕੇਸਰ ਸਿੰਘ ਨੂੰ ਮਿਲ ਕੇ ਜਾ ਰਹੇ ਸਨ।

ਅਤੀ ਪਛੜੇ ਕਬੀਲਿਆਂ ਦਾ ਖੋਜੀ

ਉਸ ਸਮੇਂ ਕੇਸਰ ਸਿੰਘ ਹੁਰਾਂ ਦੇ ਪੰਜਾਬੀ ਦੇ ਇੱਕ ਅਖ਼ਬਾਰ ਵਿੱਚ ਛਪੇ 'ਰਾਏ ਸਿੱਖ ਬਰਾਦਰੀ' 'ਤੇ ਲਿਖੇ ਲੇਖ ਚਰਚਾ ਦਾ ਵਿਸ਼ਾ ਸਨ, ਮੇਰੇ ਬਾਰੇ ਜਾਣਦੇ ਹੋਏ ਕਿ ਮੇਰੇ ਜੱਦੀ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਰਾਏ ਸਿੱਖ ਬਰਾਦਰੀ ਵਾਲੇ ਇਲਾਕੇ ਹਨ। ਮੇਰੇ ਨਾਲ ਬਹੁਤ ਸਾਰੀ ਗੱਲਬਾਤ ਰਾਏ ਸਿੱਖ ਬਰਾਦਰੀ ਬਾਰੇ ਕੀਤੀ।

ਪੰਜਾਬ ਦੇ ਪ੍ਰਵਾਸੀ ਮਜ਼ਦੂਰਾਂ ਬਾਰੇ ਦੇਣ

ਉਸ ਸਮੇਂ ਮੇਰੇ ਨਾਲ ਫਿਰ ਮਿਲਣ ਦਾ ਸਮਾਂ ਰੱਖਿਆ। ਜਦੋਂ ਫਿਰ ਮਿਲੇ, ਉਨ੍ਹਾਂ ਨੇ ਆਪਣੇ ਵਲੋਂ ਕੀਤੇ ਅਤੀ ਪਛੜੇ ਸਮੁਦਾਏ ਗੱਦੀ ਲੋਕ, ਸਾਂਸੀ, ਥੋਰੀ ਅਤੇ ਪੇਰਨੇ ਆਦਿ ਸਬੰਧੀ ਅਧਿਐਨ ਬਾਰੇ ਦੱਸਿਆ ਅਤੇ ਕੁਝ ਲਿਖਤੀ ਰਿਪੋਰਟਾਂ ਵੀ ਦਿੱਤੀਆਂ। ਜੋ ਰਿਪੋਰਟਾਂ ਉਨ੍ਹਾਂ ਨੇ 4 ਸਾਲ ਲਾਲ ਬਹਾਦਰ ਸ਼ਾਸਤਰੀ ਇੰਸਟੀਚਿਊਟ ਮਸੂਰੀ (ਜਿਥੇ ਆਈ. ਏ. ਐਸ. ਦੀ ਟ੍ਰੇਨਿੰਗ ਹੁੰਦੀ ਹੈ) ਵਿਖੇ ਇੱਕ ਪ੍ਰੋਜੈਕਟ ਦਾ ਕੰਮ ਕਰਦਿਆਂ ਪੰਜਾਬ ਦੇ ਅਤੇ ਪੰਜਾਬ ਦੀ ਪੱਟੀ ਦੇ ਇਰਧ ਗਿਰਧ ਰਹਿੰਦੇ ਕਈ ਜਾਂ ਰਹਿ ਚੁੱਕੇ ਅਰਧ ਕਬੀਲਿਆਂ ਸਬੰਧੀ, ਖੁਦ ਆਪ ਵਿਚਰ ਕੇ ਤਿਆਰ ਕੀਤੀਆਂ ਸਨ।

ਉਨ੍ਹਾਂ ਦੀ ਕਿਤਾਬ ਜੋ ਉਨ੍ਹਾਂ ਨੇ ਸੰਪਾਦਿਤ ਕੀਤੀ ਕੋਈ 25 ਸਾਲ ਪਹਿਲਾਂ 'ਪ੍ਰਵਾਸੀ ਮਜ਼ਦੂਰ ਤੇ ਮਨੁੱਖੀ ਹੱਕ' ਅੱਜ ਵੀ ਬੇਹੱਦ ਸਾਰਥਿਕ ਹੈ। ਜਦੋਂ ਹਰ ਤਰ੍ਹਾਂ ਦੇ ਮੀਡੀਏ ਵਿੱਚ ਪੰਜਾਬੀ ਪ੍ਰਵਾਸੀਆਂ ਬਾਰੇ ਤਾਂ ਆਮ ਤੌਰ 'ਤੇ ਚਰਚਾ ਹਰ ਮਸਲੇ 'ਤੇ ਹੁੰਦੀ ਹੋਵੇ ਪਰ ਪੰਜਾਬ ਵਿੱਚ ਆਉਂਦੇ ਮਜ਼ਦੂਰੀ ਕਰਨ ਵਾਲੇ/ਪ੍ਰਵਾਸੀਆਂ ਬਾਰੇ ਚਰਚਾ ਨਾ ਮਾਤਰ ਹੋਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)