ਗ੍ਰਾਊਂਡ ਰਿਪੋਰਟ: ਹਾਥੀਆਂ ਨੇ ਕੀਤਾ ਬੰਦਿਆਂ ਨੂੰ ਦਰਖ਼ਤਾਂ 'ਤੇ ਰਹਿਣ ਨੂੰ ਮਜਬੂਰ

  • ਸਲਮਾਨ ਰਾਵੀ
  • ਬੀਬੀਸੀ ਪੱਤਰਕਾਰ,ਓਡੀਸ਼ਾ, ਛੱਤੀਸਗੜ੍ਹ ਸੀਮਾ ਤੋਂ
Elephant

ਪੂਰਬੀ ਭਾਰਤ ਦੇ ਸੰਘਣੇ ਜੰਗਲਾਂ ਵਿੱਚ ਇੱਕ ਅਜਿਹਾ ਸੰਘਰਸ਼ ਚੱਲ ਰਿਹਾ ਹੈ ਜਿੱਥੇ ਇੱਕ ਪਾਸੇ ਮਨੁੱਖ ਹੈ ਤੇ ਦੂਜੇ ਪਾਸੇ ਜੰਗਲੀ ਹਾਥੀ।

ਹੁਣ ਤੱਕ ਇਸ ਲੜਾਈ ਵਿੱਚ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਸੌ ਤੋਂ ਵੱਧ ਹਾਥੀ।

ਉੱਤਰ ਪੂਰਬੀ ਸੂਬੇ ਅਸਾਮ ਤੋਂ ਇਲਾਵਾ ਭਾਰਤ ਦੇ ਓਡੀਸ਼ਾ, ਝਾਰਖੰਡ ਅਤੇ ਛੱਤੀਸਗੜ੍ਹ ਵਿੱਚ ਇਹ ਲੜਾਈ ਆਪਣੇ ਸਭ ਤੋਂ ਖ਼ਰਾਬ ਦੌਰ ਤੋਂ ਲੰਘ ਰਹੀ ਹੈ।

ਤਸਵੀਰ ਸਰੋਤ, AFP

ਹਾਥੀ ਇਨਸਾਨਾਂ 'ਤੇ ਹਮਲਾ ਕਰ ਰਹੇ ਹਨ ਅਤੇ ਇਨਸਾਨ ਹਾਥੀਆਂ 'ਤੇ। ਇਹ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਹਾਲਾਤ ਵਿਗੜਦੇ ਜਾ ਰਹੇ ਹਨ।

ਮੁਆਵਜ਼ੇ ਦਾ ਇੰਤਜ਼ਾਰ

ਓਡੀਸ਼ਾ ਅਤੇ ਛੱਤੀਸਗੜ੍ਹ ਦੀ ਸੀਮਾ 'ਤੇ ਇੱਕ ਪਿੰਡ ਵਿੱਚ ਮਦਨ ਰਾਠੀਆ ਦੇ ਰਿਸ਼ਤੇਦਾਰ ਅਜੇ ਵੀ ਸਦਮੇ ਵਿੱਚ ਹਨ।

ਉਹ ਮੱਝਾਂ ਚਾਰਣ ਜੰਗਲ ਗਏ ਸੀ। ਉਸ ਵੇਲੇ ਹਾਥੀਆਂ ਦੇ ਝੁੰਡ ਨੇ ਉਨ੍ਹਾਂ ਨੂੰ ਕੁਚਲ ਕੇ ਮਾਰ ਦਿੱਤਾ।

ਵੀਡੀਓ ਕੈਪਸ਼ਨ,

ਹਾਥੀਆਂ ਤੇ ਇਨਸਾਨਾਂ ਦੀ ਜੰਗ

ਪਰਿਵਾਰ ਵਾਲੇ ਮੁਆਵਜ਼ੇ ਦਾ ਇੰਤਜ਼ਾਰ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਹਾਥੀਆਂ ਦੇ ਕਾਰਨ ਉਹ ਸੁਰੱਖਿਅਤ ਨਹੀਂ ਹਨ ਅਤੇ ਉਨ੍ਹਾਂ ਦੇ ਪਾਲਤੂ ਜਾਨਵਰ ਵੀ ਅਸੁਰੱਖਿਅਤ ਹਨ।

ਉਨ੍ਹਾਂ ਦੇ ਮੁੰਡੇ ਭੁਵਨੇਸ਼ਵਰ ਰਾਠੀਆ ਨੇ ਬੀਬੀਸੀ ਨੂੰ ਦੱਸਿਆ,''ਝੋਟਾ ਜੰਗਲ ਵਿੱਚ ਵੜ ਗਿਆ। ਲੱਭਣ ਲਈ ਪਿਤਾ ਜੀ ਜੰਗਲ ਦੇ ਅੰਦਰ ਚਲੇ ਗਏ ਹੋਣਗੇ। ਝੋਟਾ ਵਾਪਸ ਆ ਗਿਆ। ਪਰ ਚਰਾਉਣ ਵਾਲਾ ਵਾਪਸ ਨਹੀਂ ਆਇਆ।''

ਉਹ ਦੱਸਦੇ ਹਨ,'' ਅਸੀਂ ਪਿੰਡ ਦੇ ਲੋਕਾਂ ਨੂੰ ਇਕੱਠਾ ਕੀਤਾ। ਜੰਗਲ ਗਏ ਤਾਂ ਉੱਥੇ ਉਨ੍ਹਾਂ ਦੀ ਲਾਸ਼ ਪਈ ਸੀ। ਪ੍ਰਸ਼ਾਸਨ ਨੇ ਸੰਸਕਾਰ ਕਰਨ ਲਈ ਕੁਝ ਪੈਸੇ ਦਿੱਤੇ ਪਰ ਸਾਨੂੰ ਮੁਆਵਜ਼ੇ ਦੀ ਬਾਕੀ ਰਾਸ਼ੀ ਦਾ ਇੰਤਜ਼ਾਰ ਹੈ।''

ਹਾਥੀ ਨੇ 1465 ਲੋਕਾਂ ਦੀ ਲਈ ਜਾਨ

ਹਾਲ ਹੀ ਵਿੱਚ ਸੰਸਦ ਵਿੱਚ ਦਿੱਤੇ ਗਏ ਇੱਕ ਬਿਆਨ ਵਿੱਚ ਜੰਗਲਾਤ ਮੰਤਰੀ ਹਰਸ਼ਨਰਧਨ ਦਾ ਕਹਿਣਾ ਹੈ ਕਿ ਸਾਲ 2013 ਤੋਂ ਲੈ ਕੇ ਇਸ ਸਾਲ ਫਰਵਰੀ ਮਹੀਨੇ ਤੱਕ ਹਾਥੀਆਂ ਵੱਲੋਂ ਕੀਤੇ ਗਏ ਹਮਲੇ ਵਿੱਚ 1465 ਲੋਕਾਂ ਦੀ ਮੌਤ ਹੋਈ ਹੈ।

ਇਸ ਦੌਰਾਨ ਲਗਭਗ 100 ਤੋਂ ਵੱਧ ਹਾਥੀ ਵੀ ਮਾਰੇ ਗਏ। ਜਿਨ੍ਹਾਂ ਲੋਕਾਂ 'ਤੇ ਹਾਥੀਆਂ ਨੂੰ ਮਾਰਨ ਦੇ ਇਲਜ਼ਾਮ ਲੱਗੇ ਹਨ ਉਹ ਆਪਣੇ ਆਪ ਨੂੰ ਬੇਗੁਨਾਹ ਦੱਸਦੇ ਹਨ।

ਛੱਤੀਸਗੜ੍ਹ ਦੇ ਜਸ਼ਪੁਰ ਅਤੇ ਓਡੀਸ਼ਾ ਦੇ ਸੰਬਲਪੁਰ ਦੀ ਸੀਮਾ ਨਾਲ ਲੱਗੇ ਇੱਕ ਪਿੰਡ ਵਿੱਚ ਸਾਡੀ ਮੁਲਾਕਾਤ ਸ਼ਿਵ ਪ੍ਰਸਾਦ ਯਾਦਵ ਨਾਲ ਹੋਈ ਜੋ ਇੱਕ ਦਿਨ ਪਹਿਲਾ ਹੀ ਜ਼ਮਾਨਤ 'ਤੇ ਰਿਹਾ ਹੋਏ ਹਨ।

ਹਾਥੀਆਂ ਦੇ ਹਮਲੇ

ਉਨ੍ਹਾਂ 'ਤੇ ਹਾਥੀ ਨੂੰ ਮਾਰਨ ਦਾ ਇਲਜ਼ਾਮ ਹੈ। ਉਹ ਕਹਿੰਦੇ ਹਨ ਉਨ੍ਹਾਂ ਨੇ ਜੰਗਲ ਜਾ ਕੇ ਹਾਥੀ ਨੂੰ ਨਹੀਂ ਮਾਰਿਆ। ਹਾਥੀ ਉਨ੍ਹਾਂ ਦੇ ਖੇਤ ਵਿੱਚ ਆ ਕੇ ਮਰਿਆ ਸੀ।

ਸ਼ਿਵ ਪ੍ਰਸਾਦ ਕਹਿੰਦੇ ਹਨ,''ਮੇਰੇ ਘਰ ਦੇ ਪਿੱਛੇ ਖੇਤਾਂ ਵਿੱਚ ਬਿਜਲੀ ਦੀ ਤਾਰ ਲੱਗੀ ਹੋਈ ਸੀ ਜੋ ਕਿ ਪੰਪ ਚਲਾਉਣ ਲਈ ਹੈ। ਇਸੇ ਪੰਪ ਦੇ ਸਹਾਰੇ ਅਸੀਂ ਖੇਤੀ ਕਰਦੇ ਹਾਂ। ਹਾਥੀ ਉਸ ਤਾਰ ਦੀ ਚਪੇਟ ਵਿੱਚ ਆਇਆ ਅਤੇ ਮਰ ਗਿਆ। ਜੰਗਲਾਤ ਵਿਭਾਗ ਨੇ ਸਾਡੇ 'ਤੇ ਧੱਕੇ ਨਾਲ ਮਾਮਲਾ ਦਰਜ ਕੀਤਾ ਅਤੇ ਜੇਲ ਭੇਜ ਦਿੱਤਾ। ਦੱਸੋ ਇਹਦੇ 'ਚ ਸਾਡਾ ਕੀ ਕਸੂਰ ਹੈ?''

ਪਿੰਡੇ 'ਤੇ ਹਾਥੀਆਂ ਦੇ ਹਮਲੇ ਵੱਧਦੇ ਜਾ ਰਹੇ ਹਨ ਅਤੇ ਹਾਥੀਆਂ 'ਤੇ ਮਨੁੱਖਾਂ ਦੇ।

ਕਿਉਂ ਹਾਥੀਆਂ ਦੇ ਰਸਤੇ ਵਿੱਚ ਆ ਰਹੀ ਹੈ ਰੁਕਾਵਟ?

ਜੰਗਲਾਤ ਮਾਹਰ ਅਜੀਤ ਪਾਂਡੇ ਕਹਿੰਦੇ ਹਨ ਕਿ ਹਾਥੀਆਂ ਦੇ ਰਸਤੇ ਵਿੱਚ ਆ ਰਹੀ ਰੁਕਾਵਟ ਦੇ ਕਾਰਨ ਇਨ੍ਹਾਂ ਦੇ ਝੁੰਡ ਪਿੰਡਾਂ ਅਤੇ ਸ਼ਹਿਰਾਂ ਵੱਲ ਆ ਜਾਂਦੇ ਹਨ। ਇੱਥੋਂ ਹੀ ਸੰਘਰਸ਼ ਸ਼ੁਰੂ ਹੋ ਜਾਂਦਾ ਹੈ।

ਪਾਂਡਾ ਕਹਿੰਦੇ ਹਨ ਕਿ ਇਸਦੇ ਇਲਾਵਾ ਜੰਗਲਾਂ ਵਿੱਚ ਉਨ੍ਹਾਂ ਦਰਖ਼ਤਾਂ ਅਤੇ ਘਾਹ ਦੀ ਘਾਟ ਹੈ ਜੋ ਹਾਥੀ ਖੁਸ਼ ਹੋ ਕੇ ਖਾਂਦੇ ਹਨ। ਹਾਥੀ ਝੋਨਾ ਖਾਣ ਲਈ ਪਿੰਡ ਵੱਲ ਆਉਂਦੇ ਹਨ।

ਹਾਥੀਆਂ ਦੇ ਰਸਤੇ 'ਚ ਆ ਰਹੀ ਰੁਕਾਵਟ ਦੇ ਕਾਰਨ ਪਿੰਡ ਅਸੁਰੱਖਿਅਤ ਹੁੰਦੇ ਜਾ ਰਹੇ ਹਨ। ਅਜਿਹਾ ਹੀ ਇੱਕ ਪਿੰਡ ਹੈ ਪੁਸਾਵਡੇਰਾ।

ਇੱਥੇ ਹਾਥੀਆਂ ਦੇ ਝੁੰਡ ਆਏ ਦਿਨ ਕਹਿਰ ਢਾਉਂਦੇ ਹਨ । ਪਿੰਡ ਵਿੱਚ ਸ਼ਾਇਦ ਹੀ ਅਜਿਹਾ ਘਰ ਹੋਵੇ ਜਿਸ 'ਤੇ ਹਾਥੀਆਂ ਨੇ ਹਮਲਾ ਨਾ ਕੀਤਾ ਹੋਵੇ।

ਟੁੱਟੇ ਘਰਾਂ ਵਿੱਚ ਰਹਿ ਰਹੇ ਲੋਕ

ਪਿੰਡ ਵਾਸੀ ਦੱਸਦੇ ਹਨ ਕਿ ਪਿਛਲੇ ਕਈ ਮਹੀਨਿਆਂ ਵਿੱਚ 35 ਹਾਥੀਆਂ ਦਾ ਇੱਕ ਝੁੰਡ ਵਾਰ-ਵਾਰ ਉਨ੍ਹਾਂ ਦੇ ਪਿੰਡ ਵਿੱਚ ਆ ਰਿਹਾ ਹੈ ਅਤੇ ਤੋੜ ਫੋੜ ਕਰ ਰਿਹਾ ਹੈ।

ਕਈ ਲੋਕ ਮਹੀਨਿਆਂ ਤੋਂ ਟੁੱਟੇ ਹੋਏ ਘਰ ਵਿੱਚ ਹੀ ਰਹਿ ਰਹੇ ਹਨ। ਇੱਥੇ ਦਰਦਨਾਕ ਕਹਾਣੀਆਂ ਦੀ ਕਮੀ ਨਹੀਂ ਹੈ।

ਉਹ ਕਹਿੰਦੇ ਹਨ ਕਿ ਬਾਰ-ਬਾਰ ਘਰ ਦੀ ਮੁਰੰਮਤ ਕਰਵਾਉਣ ਲਈ ਉਨ੍ਹਾਂ ਕੋਲ ਪੈਸੇ ਨਹੀਂ ਹਨ। ਹਰ ਵਾਰ ਉਹ ਆਪਣਾ ਘਰ ਮੁੜ ਤੋਂ ਬਣਾਉਂਦੇ ਹਨ ਤੇ ਹਾਥੀਆਂ ਦਾ ਝੁੰਡ ਉਨ੍ਹਾਂ ਨੂੰ ਤੋੜ ਦਿੰਦਾ ਹੈ।

ਦੌੜਦੇ-ਦੌੜਦੇ ਸਕੂਲ ਦੀ ਛੱਤ 'ਤੇ ਚੜ੍ਹ ਗਏ

ਇੱਥੋਂ ਦੇ ਰਹਿਣ ਵਾਲੇ ਆਦਿਮ ਜਨਜਾਤੀ ਦੇ ਗਜਨ ਰਾਮ ਕੋਲ ਹਾਥੀਆਂ ਦੇ ਹਮਲਿਆਂ ਦੇ ਕਈ ਕਿੱਸੇ ਹਨ। ਇੱਕ ਹਫ਼ਤੇ ਪਹਿਲਾਂ ਜਦੋਂ ਹਾਥੀਆਂ ਨੇ ਉਨ੍ਹਾਂ ਦੇ ਪਿੰਡ 'ਤੇ ਹਮਲਾ ਕੀਤਾ ਸੀ ਤਾਂ ਉਹ ਸਕੂਲ ਦੀ ਛੱਤ 'ਤੇ ਚਲੇ ਗਏ ਸੀ।

ਉਨ੍ਹਾਂ ਨੇ ਦੱਸਿਆ,'' ਅਸੀਂ ਦੌੜਦੇ-ਦੌੜਦੇ ਸਕੂਲ ਦੀ ਛੱਤ 'ਤੇ ਚੜ੍ਹ ਗਏ। ਬਾਈਬਲ ਪੜ੍ਹ ਰਹੇ ਸੀ ਅਤੇ ਛੱਤ 'ਤੇ ਹੀ ਸੀ ਪਰ ਹਾਥੀਆਂ ਦਾ ਝੁੰਡ ਉੱਥੇ ਵੀ ਆ ਗਿਆ। ਉਨ੍ਹਾਂ ਨੇ ਸਾਡੇ 'ਤੇ ਸੁੰਢ ਨਾਲ ਹਮਲਾ ਕੀਤਾ। ਝੁੰਡ ਵਿੱਚ ਵੱਡੇ ਵੱਡੇ ਹਾਥੀ ਸੀ। ਬਾਪ ਰੇ ਹਾਥੀ!!!''

ਹਾਥੀਆਂ ਨੇ ਪਿੰਡ ਵਾਲਿਆਂ ਦੀਆਂ ਨੀਂਦਾਂ ਉਡਾਈਆਂ

ਹਾਥੀਆਂ ਦੇ ਵੱਧਦੇ ਹਮਲਿਆਂ ਤੋਂ ਖ਼ੁਦ ਨੂੰ ਬਚਾਉਣ ਲਈ ਪਿੰਡ ਵਾਲਿਆਂ ਨੇ ਇੱਕ ਤਰੀਕਾ ਲੱਭਿਆ ਹੈ।

ਉਨ੍ਹਾਂ ਨੇ ਹੁਣ ਆਲੇ-ਦੁਆਲੇ ਦੇ ਵੱਡੇ ਅਤੇ ਮਜ਼ਬੂਤ ਦਰਖਤਾਂ ਨੂੰ ਆਪਣਾ ਆਸ਼ਿਆਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

ਝਾਰਖੰਡ, ਓਡੀਸ਼ਾ ਅਤੇ ਛੱਤੀਸਗੜ੍ਹ ਦੇ ਜੰਗਲਾਂ ਦੇ ਨਾਲ ਲੱਗਦੇ ਕਈ ਅਜਿਹੇ ਪਿੰਡ ਹਨ ਜਿੱਥੇ ਲੋਕ ਨਾ ਦਿਨੇ ਸੋ ਸਕਦੇ ਹਨ ਤੇ ਨਾ ਹੀ ਰਾਤ ਨੂੰ।

ਪੁਸਾਵਡੇਰਾ ਪਹਾੜੀਆਂ 'ਤੇ ਸਥਿਤ ਹੈ ਇਸ ਲਈ ਇੱਥੇ ਸਮੇਂ ਸਿਰ ਮਦਦ ਪਹੁੰਚਾਉਣਾ ਵੀ ਮੁਮਕਿਨ ਨਹੀਂ।

ਜਾਗਰੂਕ ਕਰਨ ਲਈ ਮੁਹਿੰਮ

ਹਾਥੀਆਂ ਪ੍ਰਤੀ ਜਾਗਰੂਕਤਾਂ ਪੈਦਾ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।

ਪਿਛਲੇ ਕੁਝ ਸਾਲਾਂ ਤੋਂ ਸਰਕਾਰੀ ਅਧਿਕਾਰੀ ਜਤਿੰਦਰ ਉਪਾਧਿਆਏ ਓਡੀਸ਼ਾ, ਝਾਰਖੰਡ ਅਤੇ ਛੱਤੀਸਗੜ੍ਹ ਵਿੱਚ ਹਾਥੀਆਂ ਦੇ ਉਤਪਾਦ ਨੂੰ ਲੈ ਕੇ ਸਰਕਾਰੀ ਮਹਿਕਮਿਆਂ ਵਿੱਚ ਤਾਲਮੇਲ ਬਣਾਉਣ ਦਾ ਕੰਮ ਕਰ ਰਹੇ ਹਨ।

ਉਹ ਕਹਿੰਦੇ ਹਨ,''ਹਾਥੀਆਂ ਦਾ ਆਉਣ-ਜਾਣਾ ਝਾਰਖੰਡ, ਓਡੀਸ਼ਾ ਅਤੇ ਛੱਤੀਸਗੜ੍ਹ ਦੇ ਵਿੱਚ ਲੱਗਿਆ ਰਹਿੰਦਾ ਹੈ। ਇਸ ਲਈ ਡਰ ਦੀ ਸਥਿਤੀ ਬਣੀ ਹੋਈ ਹੈ ਕਿਉਂਕਿ ਹਾਥੀ ਲੋਕਾਂ ਦੀ ਫ਼ਸਲ ਤਬਾਹ ਕਰ ਦਿੰਦੇ ਹਨ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੰਦੇ ਹਨ। ਹੁਣ ਅਸੀਂ ਲੋਕਾਂ ਨੂੰ ਇਸਦੇ ਪ੍ਰਤੀ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਹੈ। ਇਸੇ ਦੇ ਤਹਿਤ ਹਾਥੀ ਮਿੱਤਰ ਦਲ ਅਤੇ ਹਾਥੀ ਸੂਚਨਾ ਦਲ ਦਾ ਗਠਨ ਕੀਤਾ ਗਿਆ ਹੈ।''

ਪਲਾਇਨ ਨੂੰ ਮਜਬੂਰ

ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ ਇਸ ਲੜਾਈ ਨੇ ਇੱਕ ਅਜਿਹਾ ਰੂਪ ਲੈ ਲਿਆ ਹੈ ਜਿੱਥੇ ਲੋਕਾਂ ਨੂੰ ਆਪਣੇ ਪਿੰਡਾਂ ਤੋਂ ਪਲਾਇਨ ਕਰਨ ਤੋਂ ਮਜਬੂਰ ਹੋਣਾ ਪੈ ਰਿਹਾ ਹੈ।

ਹਰ ਰਾਤ ਇੱਕ ਇੱਕ ਵਿਅਕਤੀ 'ਤੇ ਭਾਰੀ ਪੈ ਰਹੀ ਹੈ ਅਤੇ ਇਹ ਲੜਾਈ ਖ਼ਤਮ ਹੁੰਦੀ ਨਜ਼ਰ ਨਹੀਂ ਆ ਰਹੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)