1984 ਅਸੀਂ ਅਚਾਨਕ ਖਾਨਾਬਦੋਸ਼ ਹੋ ਗਏ: ਅਰਪਣਾ ਕੌਰ

1984 /ਅਰਪਣਾ ਕੌਰ

1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਰਾਹਤ ਕੈਂਪਾਂ ਵਿੱਚ ਹਜ਼ਾਰਾਂ ਲੋਕਾਂ ਦੇ ਦਰਦ ਦੀ ਗਵਾਹ ਅਤੇ ਪੀੜਤਾਂ ਦੀ ਸੇਵਾ ਕਰਨ ਵਾਲੀ ਅਰਪਣਾ ਉਸ ਵੇਲੇ ਨੂੰ ਇੱਕ ਵਾਰ ਅੱਖਾਂ ਸਾਵੇਂ ਲਿਆਉਂਦੇ ਹਨ ਤੇ ਕਹਿੰਦੇ ਹਨ, "ਅਸੀਂ ਏਮਜ਼ ਨੇੜੇ ਰਹਿ ਰਹੇ ਸੀ, ਜਿੱਥੇ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਰੱਖੀ ਗਈ ਸੀ ਅਤੇ ਨਾਅਰੇ ਲੱਗੇ...ਲੁੱਟ ਖਸੁੱਟ ਸ਼ੁਰੂ ਹੋ ਗਈ, ਅਸੀਂ ਅਚਾਨਕ ਬੇਘਰ ਹੋ ਗਏ।"

ਚਿੱਤਰਕਾਰ ਅਰਪਣਾ ਦੱਸਦੇ ਹਨ, "ਮਾਂ ( ਅਜੀਤ ਕੌਰ) ਨੇ 'ਨਵੰਬਰ ਚੁਰਾਸੀ' ਅਤੇ 'ਖਾਨਾਬਦੋਸ਼' ਕਿਤਾਬਾਂ ਵੀ ਲਿਖੀਆਂ ਅਤੇ ਹੋਰ ਵੀ ਬਹੁਤ ਕੁਝ ਲਿਖਿਆ।"

ਉਸ ਦੱਸਦੇ ਹਨ, "ਅਸੀਂ ਅਚਾਨਕ ਬੇਘਰ ਹੋ ਗਏ, ਸਾਡੀ ਛੱਤ ਚਲੀ ਗਈ। ਮੈਂ ਤੇ ਮੇਰੀ ਮਾਂ ਉਨ੍ਹਾਂ ਦੀ ਦੋਸਤ ਦੇ ਡਰਾਇੰਗ ਰੂਮ 'ਚ 6 ਮਹੀਨੇ ਰਹੇ।"

ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਿਰ ਤੋਂ ਛੱਤ ਚਲੇ ਜਾਣ ਦਾ ਦੁੱਖ ਉਸ ਵੇਲੇ ਦੇ ਸੰਤਾਪ ਤੋਂ ਕਿਤੇ ਛੋਟਾ ਲੱਗਦਾ ਸੀ।

ਅਰਪਣਾ ਮੁਤਾਬਕ 2 ਦਿਨ ਬਾਅਦ ਉਨ੍ਹਾਂ ਨੇ ਭੀੜ ਚੋਂ ਨਿਕਲਣਾ ਸ਼ੁਰੂ ਕੀਤਾ। ਔਰਤਾਂ ਹੋਣ ਕਾਰਨ ਉਹ ਅਸਾਨੀ ਨਾਲ ਨਿਕਲ ਸਕਦੇ ਸਨ।

ਉਸ ਦੱਸਦੇ ਹਨ ਕਿ ਉਹ ਟੈਂਪੂ 'ਚ ਕੰਬਲ, ਡੈਟੋਲ, ਰੂੰ, ਲੈ ਕੇ ਮੁੱਖ ਕੈਂਪ ਯਮੁਨਾ ਪਾਰ ਦੇ ਫਰਸ਼ ਬਜ਼ਾਰ 'ਚ 6 ਮਹੀਨੇ ਜਾਂਦੇ ਰਹੇ।

'ਲਹੂ ਦੇ ਚਬੱਚੇ'

ਉਹ ਕਹਿੰਦੇ ਹਨ, "ਅਸੀਂ ਉੱਥੇ ਪਹੁੰਚਦੇ ਹੀ ਰੋਣ ਲੱਗ ਪੈਂਦੇ ਸੀ।"

ਇੱਕ ਸ਼ਖਸ ਨੇ ਉੱਥੇ ਮੇਰੀ ਮਾਂ ਨੂੰ ਪਛਾਣਿਆ ਤੇ ਕਿਹਾ "ਬੀਬੀ ਜੀ ਇਹ ਲਹੂ ਦੇ ਚਬੱਚੇ 'ਚੋ ਅਸੀਂ ਨਿਕਲੇ ਹਾਂ ।"

ਅਸੀਂ ਹਰ ਰੋਜ਼ ਸਵੇਰ ਤੋਂ ਰਾਤ ਤੱਕ ਉੱਥੇ ਰਹਿੰਦੇ ਸਾਂ ਅਤੇ ਇਸੇ ਤਜਰਬੇ ਤੋਂ ਬਾਅਦ ਉਨ੍ਹਾਂ ਨੇ 'ਲਹੂ ਦੇ ਚਬੱਚੇ' ਨਾਂ ਦੀ ਕਿਤਾਬ ਲਿਖੀ ਸੀ।

ਉੱਥੇ ਕਰੀਬ 10 ਹਜ਼ਾਰ ਬੰਦਾ ਫਰਸ਼ ਬਜ਼ਾਰ 'ਚ ਸੀ। ਨਾ ਘਰ ਬਾਰ ਰਿਹਾ ਤੇ ਨਾਂ ਪਖਾਨੇ ਵਰਗੀਆਂ ਛੋਟੀਆਂ ਸਹੂਲਤਾਂ ਮਿਲਦੀਆਂ ਸਨ। ਇੰਝ ਲੱਗਦਾ ਸੀ ਜਿਵੇਂ ਮੁਰਗੀਆਂ ਕੈਦ ਹੁੰਦੀਆਂ ਹਨ।

ਮਾਂ ਨੇ ਉਸ ਵੇਲੇ ਜਗਮੋਹਣ ਨੂੰ ਕਹਿ ਕੇ ਸਕੂਲ ਦੀ ਕੰਧ ਤੁੜਵਾ ਦਿੱਤੀ। ਤਾਂ ਜੋ ਲੋਕ ਉਥੇ ਜਾ ਸਕਣ।

'ਵਰਲਡ ਗੋਜ਼ ਓਨ'

ਅਸੀਂ ਉੱਥੇ ਰੋਜ਼ ਜਾਂਦੇ, ਮੈਨੂੰ ਪੇਂਟਿੰਗਜ਼ ਬੇਮਤਲਬ ਲੱਗਣ ਲੱਗੀਆ ਸਨ। ਫਿਰ ਮੈਂ ਦਰਦ ਹੰਢਾਉਣ ਲਈ ਰੰਗਾਂ ਦਾ ਸਹਾਰਾ ਲਿਆ ਅਤੇ ਇੱਕ ਸੀਰੀਜ਼ 'ਵਰਲਡ ਗੋਜ਼ ਓਨ' ਸ਼ੁਰੂ ਕੀਤੀ।

ਮੰਡੀ ਹਾਊਸ 'ਚ ਅਬਾਰਾਹੀਮ ਅਲਕਾਜ਼ੀ ਦੀ ਗੈਲਰੀ ਹੈ, ਜਿੰਨ੍ਹਾਂ ਨੇ ਹਿੰਮਤ ਕਰਕੇ ਪ੍ਰਦਰਸ਼ਨੀ ਲਗਾਈ। ਜਿਸ ਵਿੱਚ 20 ਤਸਵੀਰਾਂ ਸਨ।

ਪੇਟਿੰਗ ਦਿਖਾਉਦੇ ਹੋਏ ਉਹ ਕਹਿੰਦੇ ਹਨ, 'ਇਸ ਪੇਟਿੰਗ 'ਚ ਇੱਕ ਵਿੱਚ ਸਿੱਖ ਦਾ ਕੱਟਿਆ ਹੋਇਆ ਹੈ ਸਿਰ ਅਤੇ ਉਸ ਦੀ ਦਾੜ੍ਹੀ ਖ਼ੂਨ ਨਾਲ ਲਿੱਬੜੀ ਹੋਈ ਹੈ ਤੇ ਨੇੜੇ ਬੈਠੀ ਹੈ ਉਸ ਦੀ ਵਿਧਵਾ ਅਤੇ ਇਸ ਤੋਂ ਥੋੜਾ ਦੂਰ ਇੱਕ ਹੋਰ ਵਿਅਕਤੀ ਦਿਖਾਇਆ ਹੈ, ਜਿਸ ਨੂੰ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਇਹ ਕੀ ਹੋ ਰਿਹਾ ਹੈ।

ਉਹ ਤਸਵੀਰਾਂ 1985 'ਚ ਬਣੀਆਂ ਅਤੇ ਉਦੋਂ ਹੀ ਪ੍ਰਦਰਸ਼ਿਤ ਹੋਈਆਂ।

ਫਿਰ ਇਹ ਗੈਲਰੀ ਮੰਬਈ ਸਿਮਰੋਜ਼ਾ ਗੈਲਰੀ ਗਈ ਅਤੇ ਫਿਰ ਕੋਲਕਾਤਾ ਗਈਆਂ।

ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਕਦੀ ਪਹਿਲਾ ਮੌਤ ਨੂੰ ਰੰਗਾਂ 'ਚ ਨਹੀਂ ਉਤਾਰਿਆ ਸੀ, ਇਸ ਲਈ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਹ ਮੌਤ ਦੇ ਵਰਤਾਰੇ ਨੂੰ ਕਿਵੇਂ ਦਿਖਾਉਣ।

ਅਰਪਣਾ ਨੇ ਇਸ ਨੂੰ ਦਿਖਾਉਂਣ ਲਈ ਪਾਣੀ ਨੂੰ ਚਿੰਨ੍ਹ ਵਜੋਂ ਵਰਤਿਆ ਕਿ ਇੱਕ ਬੰਦਾ ਪਾਣੀ ਵਿੱਚ ਡੁੱਬ ਰਿਹਾ ਹੈ ਪਰ ਦੂਜੇ ਨੂੰ ਇਸ ਨਾਲ ਕੋਈ ਸਰੋਕਾਰ ਨਹੀਂ ਹੈ। ਦੁਨੀਆਂ ਚੱਲਦੀ ਰਹਿੰਦੀ ਹੈ 'ਵਰਲਡ ਗੋਜ਼ ਓਨ'।

ਉਨ੍ਹਾਂ ਨੇ ਦੱਸਿਆ ਕਿ ਜਿਵੇਂ ਅਸੀਂ ਕਿਤੇ ਸੜਕ ਦੁਰਘਟਨਾ ਦੇਖਦੇ ਹਾਂ ਪਰ ਕੋਲੋਂ ਲੰਘ ਜਾਂਦੇ ਹਾਂ।

ਉਹ ਕਹਿੰਦੇ ਹਨ ਹੁਣ ਵੀ ਇੱਦਾਂ ਹੀ ਹੋ ਰਿਹਾ ਕਿਉਂਕਿ ਕਿਸੇ ਦੋਸ਼ੀ ਨੂੰ ਕੋਈ ਸਜ਼ਾ ਨਹੀਂ ਹੋਈ ਅਜੇ ਤੱਕ।

'ਦਰਦਨਾਕ ਨਜ਼ਾਰਾ'

ਅਰਪਣਾ ਕਹਿੰਦੇ ਹਨ ਕਿ ਜਦੋਂ ਉਹ ਪਹਾੜਗੰਜ ਦੀ ਭੀੜ 'ਚੋ ਨਿਕਲਦੇ ਸਨ ਤਾਂ ਉਥੋਂ ਦਰਦਨਾਕ ਨਜ਼ਾਰਾ ਦੇਖਦੇ ਸਨ। ਫਿਰ ਅਗਲੇ ਦਿਨ ਕਿਸੇ ਅਖ਼ਬਾਰ ਚ ਪੜ੍ਹਦੇ ਸਨ, ਭੀੜ ਨੇ ਇੱਕ ਫੌਜੀ ਨੂੰ ਸਾੜ ਦਿੱਤਾ।

ਉਹ ਕਹਿੰਦੇ ਹਨ ਕਿ ਇੱਕ ਪੇਂਟਰ ਹੋਣ ਕਾਰਨ ਮੈਂ ਇਹ ਸੀਰਿਜ਼ ਕਰ ਲਈ। ਕੋਸ਼ਿਸ਼ ਕਰਦੀ ਹਾਂ ਕਿ ਇਹ ਸਕੂਲਾਂ ਕਾਲਜਾਂ ਵਿੱਚ ਦਿਖਾਉਂਦੀ ਹਾਂ ਤਾਂ ਕਿ ਅੱਜ ਦੀ ਪੀੜੀ ਨੂੰ ਯਾਦ ਰਹੇ।

ਇਸੇ ਤਰ੍ਹਾਂ ਖੁਸ਼ਵੰਤ ਸਿੰਘ ਘਰ ਵੀ ਭੀੜ ਪਹੁੰਚ ਗਈ ਸੀ, ਉਨ੍ਹਾਂ ਦੇ ਲਾਗੇ ਗੁਰਦੁਆਰਾ ਵੀ ਸਾੜ ਦਿੱਤਾ ਗਿਆ ਸੀ।

ਪਰ ਅਸੀਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਲਿਖੋ ਅਤੇ ਅਸੀਂ ਉਨ੍ਹਾਂ ਨੂੰ ਕਾਰ ਵਿੱਚ ਬੈਠਾ ਕਿ ਕੈਂਪ ਵਿੱਚ ਲੈ ਕੇ ਗਏ ਤੇ ਉਨ੍ਹਾਂ ਨੇ ਪਹਿਲਾਂ ਲੇਖ '1984' ਉਦੋਂ ਲਿਖਿਆ ਸੀ।

ਇਸ ਤੋਂ ਬਾਅਦ ਤਿਲਕ ਵਿਹਾਰ ਜਿੱਥੇ ਵਿਧਵਾਵਾਂ ਨੇ ਮੁੜਵਸੇਬਾ ਕੀਤਾ ਸੀ ਉੱਥੇ 5 ਅਨਾਥਾਂ ਦਾ ਪਰਿਵਾਰ ਸੀ।

ਜਿਸ ਵਿੱਚ ਸਭ ਤੋ ਵੱਡਾ 13 ਸਾਲ ਤੇ ਸਭ ਤੋਂ ਛੋਟਾ 2 ਸਾਲ ਦੀ ਸੀ, ਉਨ੍ਹਾਂ ਨੂੰ 6 ਸਾਲ ਲਗਾਤਾਰ ਹਰੇਕ ਮਹੀਨੇ ਦੀ ਪਹਿਲੀ ਤਰੀਕ ਨੂੰ ਜਾ ਕੇ ਪੂਰੇ ਮਹੀਨੇ ਦਾ ਰਾਸ਼ਨ, ਕੱਪੜੇ ਖਰੀਦ ਕੇ ਦੇ ਕੇ ਆਉਂਦੀ ਸੀ।

ਪਤਾ ਨਹੀਂ ਕਿਵੇਂ ਉਦੋਂ ਮੈਂ ਦਰਦ ਸਹਿ ਜਾਂਦੀ ਸੀ ਪਰ ਹੁਣ ਮੇਰਾ ਰੋਣਾਂ ਨਿਕਲਣ ਲੱਗ ਪੈਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)