ਇੰਦਰਾ ਨਾਲ ਫੋਟੋ ਸ਼ੇਅਰ ਕਰਨ `ਤੇ ਪ੍ਰਿਅੰਕਾ ਦੀ ਖਿਚਾਈ

priyanka chopra

ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ 'ਤੇ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਆਪਣੇ ਰਿਸ਼ਤਾਦਾਰਾਂ ਨਾਲ ਉਨ੍ਹਾਂ ਦੀ ਇੱਕ ਪੁਰਾਣੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।

ਪ੍ਰਿਅੰਕਾ ਨੇ ਲਿਖਿਆ ਸੀ, ''ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਮੇਰੀ ਮਾਸੀ, ਮਾਂ ਅਤੇ ਨਾਨਾ-ਨਾਨੀ ਦੀ ਪੁਰਾਣੀ ਯਾਦ।''

ਪ੍ਰਿਅੰਕਾ ਦਾ ਇਸ ਤਸਵੀਰ ਨੂੰ ਸਾਂਝਾ ਕਰਨਾ ਕਈ ਲੋਕਾਂ ਨੂੰ ਜਚਿਆ ਨਹੀਂ ਅਤੇ ਉਹ ਟਰੋਲ ਦਾ ਸ਼ਿਕਾਰ ਹੋਈ ਹੈ।

ਕਈਆਂ ਨੇ ਲਿਖਿਆ ਕਿ ਉਹ ਕਤਲੇਆਮ ਕਰਨ ਵਾਲੇ ਦਾ ਸਾਥ ਕਿਉਂ ਦੇ ਰਹੀ ਹੈ?

@Nasyv ਨੇ ਲਿਖਿਆ, ''ਤੁਹਾਨੂੰ ਖ਼ੁਦ 'ਤੇ ਸ਼ਰਮ ਆਉਣੀ ਚਾਹੀਦੀ ਹੈ। ਤੁਸੀਂ ਖ਼ੁਦ ਨੂੰ ਉਦਾਰ ਸੰਸਥਾਵਾਂ ਦਾ ਰਾਜਦੂਤ ਦੱਸਦੇ ਹੋ ਜੋ ਵੰਚਿਤ ਲੋਕਾਂ ਦੀ ਮਦਦ ਕਰਦਾ ਹੈ। ਦੂਜੀ ਥਾਂ ਤੁਸੀਂ ਉਨ੍ਹਾਂ ਨਾਲ ਹੋ ਜਿਸ ਨੇ ਹਿੰਸਾ, ਵਿਤਕਰਾ ਅਤੇ ਕਤਲੇਆਮ ਕੀਤਾ। ਇਹ ਸ਼ਰਮਨਾਕ ਹੈ।''

@A_trail_of_breadcrumbs ਨੇ ਲਿਖਿਆ, ''ਇਸ ਤਾਰੀਖ 'ਤੇ ਇਹ ਪੋਸਟ...ਤੁਸੀ ਆਪਣੇ ਲਈ ਸਾਰੀ ਇੱਜ਼ਤ ਗਵਾ ਦਿੱਤੀ। ਕਾਸ਼ ਅਮਰੀਕਾ ਵਿੱਚ ਵੀ ਲੋਕ ਤੁਹਾਡੀ ਸਹੀ ਪਛਾਣ ਕਰ ਸਕਣ।''

ਜਸਕਰਨ ਨੇ ਲਿਖਿਆ, ''ਤੁਸੀਂ ਉਸ ਦੀ ਬਰਸੀ ਨੂੰ ਜਨਮਦਿਨ ਸਮਝਦਿਆਂ ਲਿਖਿਆ ਹੈ, ਤੁਸੀਂ ਉਸ ਦਾ ਜਨਮ ਦਿਨ ਕਿਵੇਂ ਮਨਾ ਸਕਦੇ ਹੋ ਜਿਸਨੇ ਇੰਨੇ ਲੋਕਾਂ ਦਾ ਕਤਲ ਕੀਤਾ?''

ਹਾਲਾਂਕਿ ਕੁਝ ਲੋਕਾਂ ਨੇ ਪ੍ਰਿਅੰਕਾ ਦਾ ਸਾਥ ਵੀ ਦਿੱਤਾ। @dreamz01 ਲਿਖਦੇ ਹਨ, ''ਦੂਜੇ 'ਤੇ ਉਂਗਲੀ ਚੁੱਕਣ ਤੋਂ ਪਹਿਲਾਂ ਆਪਣੇ ਵੱਲ ਵੇਖੋ। ਉਹ ਭਾਰਤ ਨੂੰ ਗਲੋਬਲ ਪੱਧਰ ਉੱਤੇ ਲੈਕੇ ਗਏ। ਤੁਸੀਂ ਉਹ ਵੀ ਨਹੀਂ ਕਰ ਸਕੇ। ਪ੍ਰਿਅੰਕਾ ਤੁਸੀਂ ਚੰਗਾ ਕੰਮ ਜਾਰੀ ਰੱਖੋ।''

ਨਰੇਸ਼ ਕੁਮਾਰ ਨੇ ਲਿਖਿਆ, ''ਇੰਦਰਾ ਬਹਾਦੁਰ ਔਰਤ ਸੀ। ਉਹਨੇ ਸੁਰੱਖ਼ਿਆ ਏਜੰਸੀਆੰ ਤੋਂ ਖ਼ਤਰੇ ਦੀ ਜਾਣਕਾਰੀ ਦੇ ਬਾਵਜੂਦ ਸਿੱਖ ਬੌਡੀਗਾਰਡ ਰੱਖੇ। ਇਹ ਹਰ ਕੋਈ ਨਹੀਂ ਕਰ ਸਕਦਾ।''

@sandrasingh ਲਿਖਦੇ ਹਨ, ''ਇਹ ਸਾਬਤ ਕਰਦਾ ਹੈ ਕਿ ਲੋਕਾਂ ਵਿੱਚ ਕਿੰਨੀ ਅਸਹਿਣਸ਼ੀਲਤਾ ਹੈ। ਉਹ ਕਦੇ ਸਾਡੀ ਪ੍ਰਧਾਨ ਮੰਤਰੀ ਸੀ, ਇੱਜ਼ਤ ਕਰੋ ਜਾਂ ਛੱਡ ਦੋ। ਜੋ ਕਹਿ ਰਹੇ ਹਨ ਕਿ ਉਹਨੇ ਸਿੱਖਾਂ ਨੂੰ ਮਰਵਾਇਆ ਸੀ, ਇਹ ਕਿਉਂ ਨਹੀੰ ਵੇਖਦੇ ਕਿ ਉਸਨੂੰ ਮਾਰਿਆ ਵੀ ਸਿੱਖਾਂ ਨੇ ਹੀ ਸੀ।'

ਇਹ ਪਹਿਲੀ ਵਾਰ ਨਹੀਂ ਹੈ ਕਿ ਪ੍ਰਿਅੰਕਾ ਨੂੰ ਟਰੋਲ ਕੀਤਾ ਗਿਆ ਹੋਏ। ਉਹ ਅਕਸਰ ਸੋਸ਼ਲ ਮੀਡੀਆ 'ਤੇ ਨਿਸ਼ਾਨਾ ਬਣਦੀ ਹਨ ਅਤੇ ਟ੍ਰੋਲਜ਼ ਦਾ ਜਵਾਬ ਵੀ ਦਿੰਦੀ ਹਨ। ਹਾਲੇ ਤਕ ਉਹ ਇਸ ਮਾਮਲੇ ਤੇ ਕੁਝ ਨਹੀਂ ਬੋਲੀ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)