ਐੱਨਟੀਪੀਸੀ ਹਾਦਸਾ: 'ਘਟਨਾ ਵਾਲੀ ਥਾਂ 'ਤੇ ਧੂੰਏ ਬਿਨਾਂ ਹੋਰ ਕੁਝ ਨਹੀਂ ਦਿਖ ਰਿਹਾ ਸੀ'

  • ਸਮੀਰਾਤਮਜ ਮਿਸ਼ਰ
  • ਰਾਏਬਰੇਲੀ ਤੋਂ ਬੀਬੀਸੀ ਡੌਟ ਕੋਮ ਲਈ
NTPC BLAST

ਉੱਤਰ ਪ੍ਰਦੇਸ਼ ਦੇ ਉਂਚਾਹਾਰ ਸਥਿਤ ਐੱਨਟੀਪੀਸੀ ਪਲਾਂਟ ਵਿੱਚ ਬੁਆਇਲਰ ਫਟਣ ਕਰਕੇ ਮਰਨ ਵਾਲਿਆ ਦੀ ਗਿਣਤੀ ਵੱਧ ਕੇ 26 ਹੋ ਗਈ ਹੈ।

ਇਸ ਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਦੀ ਗਿਣਤੀ 59 ਹੈ। ਜ਼ਖਮੀਆਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।

ਘਟਨਾ ਦੌਰਾਨ ਐੱਨਟੀਪੀਸੀ ਪਲਾਂਟ ਵਿੱਚ ਮੌਜੂਦ ਮੁਲਾਜ਼ਮ ਹਿਮਾਂਸ਼ੂ ਨੇ ਦੱਸਿਆ ਕਿ ਜਿਸ ਵੇਲੇ ਬੁਆਇਲਰ ਫਟਿਆ, ਉੱਥੇ ਤਕਰੀਬਨ ਸਾਢੇ ਪੰਜ ਸੌ ਲੋਕ ਕੰਮ ਕਰ ਰਹੇ ਸੀ।

ਘਟਨਾ ਦੇ ਬਾਅਦ ਪਲਾਂਟ ਵਿੱਚ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਮੀਡੀਆ ਨੂੰ ਵੀ ਉਦੋਂ ਇਜਾਜ਼ਤ ਮਿਲੀ ਜਦੋਂ ਮੌਕੇ 'ਤੇ ਰਾਏਬਰੇਲੀ ਦੇ ਜ਼ਿਲ੍ਹਾ ਅਧਿਕਾਰੀ ਤੇ ਐੱਸਪੀ ਆਏ।

ਜ਼ਿਲਾ ਅਧਿਕਾਰੀ ਸੰਜੇ ਖਤਰੀ ਨੇ ਦੱਸਿਆ, "ਬੁਆਇਲਰ ਦਾ ਇੱਕ ਪਾਈਪ ਫੱਟ ਗਿਆ ਸੀ, ਜਿਸ ਕਰਕੇ ਵੱਡੀ ਗਿਣਤੀ ਵਿੱਚ ਗੈਸ ਤੇ ਸਵਾਹ ਬਾਹਰ ਨਿਕਲੀ, ਇਸੇ ਕਰਕੇ ਲੋਕ ਜ਼ਖਮੀ ਹੋ ਗਏ।"

ਉਨ੍ਹਾਂ ਕਿਹਾ ਕਿ ਛੋਟੀਆਂ-ਮੋਟੀਆਂ ਸੱਟਾਂ ਨੂੰ ਲੈ ਕੇ ਗੰਭੀਰ ਰੂਪ ਨਾਲ ਜ਼ਖਮੀ ਹੋਣ ਵਾਲਿਆਂ ਦੀ ਕੁਲ ਗਿਣਤੀ 80 ਹੈ। ਜ਼ਖਮੀਆਂ ਵਿੱਚ ਐੱਨਟੀਪੀਸੀ ਦੇ ਮੁਲਾਜ਼ਮ ਤੇ ਠੇਕੇ 'ਤੇ ਰੱਖੇ ਗਏ ਮੁਲਾਜ਼ਮ ਦੋਨੋ ਹਨ।

ਐੱਨਟੀਪੀਸੀ ਮੁਲਾਜ਼ਮ ਹਿਮਾਂਸ਼ੂ ਨੇ ਅੱਖੀਂ-ਡਿਠਾ ਹਾਲ ਬੀਬੀਸੀ ਨੂੰ ਦੱਸਿਆ।

'ਸਿਰਫ਼ ਧੂੰਆਂ ਤੇ ਧੁੰਦ ਸੀ'

ਇਸ ਹਾਦਸੇ ਵਿੱਚ ਮੇਰੇ ਸਾਲੇ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜਿਸ ਵੇਲੇ ਬੁਆਇਲਰ ਦਾ ਟਿਊਬ ਫਟਿਆ, ਉਸ ਦੇ ਅੱਧੇ ਘੰਟੇ ਤੱਕ ਧੂਆਂ ਤੇ ਧੁੰਦ ਹੀ ਛਾਈ ਰਹੀ।

ਘਟਨਾ ਵਾਲੀ ਥਾਂ ਧੂੰਏ ਬਿਨਾਂ ਹੋਰ ਕੁਝ ਨਹੀਂ ਦਿਖ ਰਿਹਾ ਸੀ।

ਇਹ ਹਾਦਸਾ 3 ਵੱਜ ਕੇ 20 ਮਿਨਟ 'ਤੇ ਵਾਪਰਿਆ, ਜਦਕਿ ਅਸੀਂ ਆਪਣਾ ਕੰਮ ਖ਼ਤਮ ਕਰਦੇ ਹਾਂ ਤਿੰਨ ਵਜੇ। ਜਿਸ ਵੇਲੇ ਹਾਦਸਾ ਹੋਇਆ ਅਸੀਂ ਥੱਲੇ ਸੀ। ਉਸ ਵੇਲੇ 570 ਲੋਕ ਕੰਮ ਕਰ ਰਹੇ ਸੀ।

ਇਹ ਸਾਰੇ ਲੋਕ ਠੇਕੇ 'ਤੇ ਲੱਗੇ ਮੁਲਾਜ਼ਮ ਸਨ, ਇੰਨ੍ਹਾਂ ਵਿੱਚ ਐੱਨਟੀਪੀਸੀ ਦੇ ਸਿਰਫ਼ ਦੋ ਜਾਂ ਤਿੰਨ ਮੁਲਾਜ਼ਮ ਜ਼ਖਮੀ ਹੋਏ ਹਨ।

ਘਟਨਾ ਦੇ ਤਕਰੀਬਨ ਇੱਕ ਘੰਟੇ ਬਾਅਦ ਐਂਬੁਲੈਂਸ ਆਈ, ਉਹ ਵੀ ਬਾਹਰੋਂ। ਘਟਨਾ ਵੇਲੇ ਇੱਥੇ ਕੋਈ ਐਂਬੁਲੈਂਸ ਮੌਜੂਦ ਨਹੀਂ ਸੀ।

ਜਦੋਂ ਸੁਰੱਖਿਆ ਮੁਲਾਜ਼ਮ ਆਏ ਉਸ ਵੇਲੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਉਸ ਤੋਂ ਬਾਅਦ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ।

ਇਸ ਦੌਰਾਨ ਸਾਨੂੰ ਵੀ ਬਚਾਅ ਕਰਨ ਤੋਂ ਰੋਕਿਆ ਗਿਆ। ਉੱਥੇ ਨਾ ਤਾਂ ਕੋਈ ਐੱਨਟੀਪੀਸੀ ਦਾ ਮੁਲਾਜ਼ਮ ਸੀ ਤੇ ਨਾ ਹੀ ਕੋਈ ਹੋਰ।

ਹਾਲੇ ਵੀ ਇੱਥੇ ਮਲਬਾ ਜਿਵੇਂ ਡਿੱਗਿਆ ਉਵੇਂ ਹੀ ਪਿਆ ਹੈ। ਘਟਨਾ ਦੇ ਤੁਰੰਤ ਬਾਅਦ ਬਿਜਲੀ ਬੰਦ ਕਰ ਦਿੱਤੀ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)