ਬਲਾਗ: ਗੁਜਰਾਤ ਚੋਣਾਂ 'ਚ ਕਾਂਗਰਸ 'ਤੇ ਕੋਈ ਸ਼ਰਤ ਲਾਉਣ ਲਈ ਤਿਆਰ ਨਹੀਂ

  • ਜ਼ੁਬੈਰ ਅਹਿਮਦ
  • ਪੱਤਰਕਾਰ, ਬੀਬੀਸੀ
gujarat Vidhansabha election, 2017

ਤਸਵੀਰ ਸਰੋਤ, TWITTER @BJP4GUJARAT

ਇਸ ਸਾਲ ਅਪ੍ਰੈਲ ਵਿੱਚ ਇੱਕ ਖਾਸ ਸਟੋਰੀ ਕਰਨ ਲਈ ਮੈਂ ਗੁਜਰਾਤ ਗਿਆ। ਉਸ ਵੇਲੇ ਪੱਕੇ ਤੌਰ 'ਤੇ ਵਿਧਾਨ ਸਭਾ ਚੋਣਾਂ ਦੂਰ ਸਨ, ਹਾਲਾਂਕਿ ਇਹ ਸਭ ਨੂੰ ਪਤਾ ਸੀ ਕਿ ਇਹ ਦਿਸੰਬਰ ਵਿੱਚ ਹੋਣ ਵਾਲੀਆਂ ਹਨ।

ਇਸ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਅਹਿਮਦਾਬਾਦ ਵਿੱਚ ਰੈਲੀ ਕਰਕੇ ਇਸ ਦਾ ਚੋਣ ਮੁਹਿੰਮ ਦਾ ਆਗਾਜ਼ ਕੀਤਾ ਸੀ। ਜ਼ਿਲ੍ਹੇ ਅਤੇ ਬਲਾਕ ਪੱਧਰ ਦੇ ਆਗੂ ਇਸ ਸਪੱਸ਼ਟ ਸੁਨੇਹੇ ਨਾਲ ਆਪਣੇ-ਆਪਣੇ ਘਰਾਂ ਨੂੰ ਪਰਤੇ ਕਿ ਹੁਣ ਜੀਅ ਤੋੜ ਮਿਹਨਤ ਕਰਨੀ ਹੈ।

ਇੰਨ੍ਹਾਂ 'ਚੋਂ ਕਈਆਂ ਨੇ ਕਿਹਾ ਕਿ ਉਹ ਵਿਧਾਨ ਸਭਾ ਚੋਣਾਂ ਲਈ ਖੁਦ ਨੂੰ ਤਿਆਰ ਕਰ ਰਹੇ ਹਨ।

ਕਾਂਗਰਸ ਤੇ ਭਾਜਪਾ ਚੋਣ ਮੂਡ'

ਦੂਜੇ ਪਾਸੇ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਖੇਮੇ ਵਿੱਚ ਬੇਹੱਦ ਖਾਮੋਸ਼ੀ ਦਿਖ ਰਹੀ ਸੀ। ਮੈਂ ਵਿਰੋਧੀ ਕੈਂਪਾਂ ਵਿੱਚ ਉਤਸ਼ਾਹ ਤੇ ਭਿਆਨਕ ਚੁੱਪੀ ਦੇ ਇਸ ਅਨੋਖੇ ਮੂਡ ਨੂੰ ਦੇਖਣ ਤੋਂ ਵਾਂਝਾ ਨਹੀਂ ਰਹਿਣਾ ਚਾਹੁੰਦਾ ਸੀ।

ਜਿੰਨ੍ਹਾਂ ਕੁਝ ਕਾਂਗਰਸੀ ਆਗੂਆਂ ਨਾਲ ਮੇਰੀ ਮੁਲਾਕਾਤ ਹੋਈ ਉਨ੍ਹਾਂ 'ਚੋਂ ਇਹ ਲੱਗਿਆ ਕਿ ਚੋਣ ਦੀ ਤਿਆਰੀ 'ਚ ਹਾਲੇ ਕਾਫ਼ੀ ਸਮਾਂ ਹੈ, ਪਰ ਬੀਜੇਪੀ ਦੇ ਵਿਧਾਇਕਾਂ ਨੇ ਇਹ ਪ੍ਰਭਾਵ ਦਿੱਤਾ ਕਿ ਚੋਣਾਂ ਵਿੱਚ ਹਾਲੇ ਵੀ ਸਮਾਂ ਨਹੀਂ ਹੈ।

ਉਹ ਜਲਦੀ ਤੋਂ ਜਲਦੀ ਆਪਣੇ-ਆਪਣੇ ਚੋਣ ਖੇਤਰਾਂ ਵਿੱਚ ਝੰਡਾ ਗੱਡਣ ਲਈ ਤਿਆਰ ਹਨ।

ਤਸਵੀਰ ਸਰੋਤ, TWITTER @BJP4GUJARAT

ਭਾਜਪਾ ਅਪ੍ਰੈਲ ਤੋਂ ਹੀ ਚੋਣ ਲੜਨ ਲਈ ਤਿਆਰ

ਅਸੀਂ ਸਾਰੇ ਜਾਣਦੇ ਹਾਂ ਕਿ 182 ਸੀਟਾਂ ਲਈ ਗੁਜਰਾਤ ਵਿਧਾਨ ਸਭਾ ਚੋਣਾਂ ਬੇਹੱਦ ਨੇੜੇ ਹਨ। ਸਰਕਾਰ ਬਣਾਉਣ ਲਈ ਜਾਦੁਈ ਅੰਕੜਾ 92 ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਚੋਣ ਪਿਛਲੇ ਕੁਝ ਸਾਲਾਂ ਵਿੱਚ ਹੋਈਆਂ ਜੋਸ਼ੀਲੀਆਂ ਚੋਣਾਂ ਵਿੱਚੋਂ ਇੱਕ ਹੋਏਗੀ। ਨਾਲ ਹੀ ਹਾਕਮਧਿਰ ਬੀਜੇਪੀ ਦੀ ਆਪਣੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੀ ਤੁਲਨਾ ਵਿੱਚ ਜਾਦੁਈ ਅੰਕੜੇ 'ਤੇ ਪਹੁੰਚਣ ਦੀ ਜ਼ਿਆਦਾ ਸੰਭਾਵਨਾ ਹੈ।

ਚੋਣ ਮੁਹਿੰਮ ਦੀ ਅਪ੍ਰੈਲ ਵਿੱਚ ਹੀ ਸ਼ੁਰੂਆਤ ਕਰਨ ਵਾਲੀ ਬੀਜੇਪੀ ਦੇ ਚੰਗੀ ਹਾਲਤ ਵਿੱਚ ਖੜ੍ਹੇ ਹੋਣ ਦੀ ਜ਼ਿਆਦਾ ਉਮੀਦ ਹੈ। ਉਨ੍ਹਾਂ ਦੀ ਚੋਣ ਮਸ਼ੀਨਰੀ ਦੇ ਪੂਰੇ ਸੂਬੇ ਵਿੱਚ ਗਹਿਰਾਈ ਤੱਕ ਪਹੁੰਚ ਹੈ। ਇਹੀ ਇੱਕ ਵਿਸ਼ਵਾਸ ਦਾ ਕਾਰਨ ਵੀ ਹੈ, ਜਦਕਿ ਕਾਂਗਰਸ ਹਾਲੇ ਵੀ ਪੇਂਡੂ ਖੇਤਰਾਂ ਵਿੱਚ ਆਪਣੇ ਵਰਕਰਾਂ ਨੂੰ ਇੱਕਜੁਟ ਕਰਨ ਵਿੱਚ ਲੱਗੀ ਹੈ।

ਬੀਜੇਪੀ ਸੂਬੇ ਵਿੱਚ 1995 ਤੋਂ ਆਪਣੇ ਦਮ 'ਤੇ ਜਦਕਿ 1990 ਤੋਂ ਜਨਤਾ ਪਾਰਟੀ ਦੀ ਸਾਂਝੇਦਾਰੀ ਨਾਲ ਬਣੀ ਹੋਈ ਹੈ।

ਸੂਬੇ ਦੀ ਸੱਤਾ 'ਚੋਂ ਉਸ ਨੂੰ ਜੜ੍ਹੋਂ ਪੁੱਟਣ ਲਈ ਕਾਂਗਰਸ ਤੇ ਇਸ ਦੇ ਦਲਿਤ ਆਗੂ ਜਿਗਨੇਸ਼ ਮੇਵਾਣੀ ਤੇ ਕਾਂਗਰਸ ਵਿੱਚ ਸ਼ਾਮਿਲ ਹੋਏ, ਓਬੀਸੀ ਅਲਪੇਸ਼ ਠਾਕੋਰ ਸਣੇ ਸਾਰੀਆਂ ਸਹਿਯੋਗੀ ਪਾਰਟੀਆਂ ਦੀ ਸਾਂਝੀ ਤਾਕਤ ਤੋਂ ਜ਼ਿਆਦਾ ਦੀ ਲੋੜ ਹੋਵੇਗੀ।

ਤਸਵੀਰ ਸਰੋਤ, Getty Images

ਮੋਦੀ ਹੀ ਬੀਜੇਪੀ ਦੇ ਟਰੰਪ ਕਾਰਡ

ਨਰਿੰਦਰ ਮੋਦੀ ਭਾਵੇਂ ਵਿਧਾਨ ਸਭਾ ਚੋਣਾਂ ਵਿੱਚ ਨਹੀਂ ਲੜ ਰਹੇ ਹਨ, ਪਰ ਉਹ ਬੀਜੇਪੀ ਦਾ ਲਈ ਹੁਕਮ ਦਾ ਯੱਕਾ ਬਣੇ ਰਹਿਣਗੇ। ਉਹ ਗੁਜਰਾਤ ਦਾ ਮਨਪਸੰਦ ਚਿਹਰਾ ਹਨ। ਇੱਕ ਕੌਮੀ ਮੀਡੀਆ ਵੱਲੋਂ ਕਰਵਾਏ ਸਰਵੇ ਮੁਤਾਬਕ ਉਨ੍ਹਾਂ ਦੀ ਪ੍ਰਸਿੱਧੀ 66 ਫੀਸਦੀ ਹੈ।

ਬੀਜੇਪੀ ਦਾ ਐਲਾਨਿਆ ਟੀਚਾ 150 ਸੀਟਾਂ ਹਾਸਿਲ ਕਰਨ ਦਾ ਹੈ, ਪਰ ਸ਼ੁਰੂਆਤੀ ਤਿਆਰੀ ਦੇ ਬਾਵਜੂਦ ਇਹ ਗਿਣਤੀ ਵੱਡੀ ਮੰਨੀ ਜਾ ਰਹੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇ ਇਹ 2012 ਵਿੱਚ ਜਿੱਤੀਆਂ 116 ਸੀਟਾਂ ਨੂੰ ਬਰਕਰਾਰ ਰੱਖਣ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਮੌਜੂਦਾ ਸਿਆਸੀ ਹਾਲਾਤ ਵਿੱਚ ਇਹ ਘੱਟ ਹਨ।

ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਗੁਜਰਾਤ ਮੋਦੀ ਤੇ ਅਮਿਤ ਸ਼ਾਹ ਦਾ ਘਰ ਹੈ, 116 ਤੋਂ ਘੱਟ ਸੀਟਾਂ ਹਾਸਿਲ ਕਰਨਾ ਉਨ੍ਹਾਂ ਲਈ ਹਾਰ ਵਰਗਾ ਹੋਵੇਗਾ।

ਨਾ ਸਿਰਫ਼ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦਾ ਵੱਕਾਰ ਦਾਅ 'ਤੇ ਹੈ, ਸਗੋਂ ਇਹ ਉਨ੍ਹਾਂ ਦੇ ਵੱਡੇ ਸੁਧਾਰਾਂ 'ਤੇ ਲਏ ਗਏ ਫੈਸਲਿਆਂ 'ਤੇ ਨਤੀਜੇ ਵਜੋਂ ਦੇਖਿਆ ਜਾਵੇਗਾ। ਜਿਵੇਂ ਕਿ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਰੂਪ ਵਿੱਚ ਨੋਟਬੰਦੀ ਤੇ ਜੀਐੱਸਟੀ।

ਤਸਵੀਰ ਸਰੋਤ, DIBYANGSHU SARKAR/AFP/GETTY IMAGES

ਗੁਜਰਾਤ ਮਾਡਲ ਇਸ ਵਾਰੀ ਚੋਣਾਂ ਤੋਂ ਨਦਾਰਦ

ਚੋਣ ਦੀ ਸਮਾਪਤੀ ਤੋਂ ਬਾਅਦ ਵੀ ਬੀਜੇਪੀ ਦਾ ਲੰਬਾ ਸ਼ਾਸਨ ਜਾਰੀ ਰਹਿ ਸਕਦਾ ਹੈ, ਪਰ ਇਸ ਦੀ ਚਮਕ ਸ਼ਾਇਦ ਉੰਨੀ ਨਾ ਰਹੇ। ਅਸਲ ਵਿੱਚ ਇਸ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਭ ਤੋਂ ਵੱਡੀ ਚੁਣੌਤੀ ਪਾਰਟੀ ਤੇ ਇਸ ਦੀ ਆਪਣੀ ਸਰਕਾਰ ਤੋਂ ਹੀ ਮਿਲ ਰਹੀ ਹੈ। ਅਕਸਰ ਚੋਣਾਂ ਵੇਲੇ ਪਾਰਟੀ ਨੇ ਗੁਜਰਾਤ ਦੇ ਵਿੱਤੀ ਵਿਕਾਸ ਮਾਡਲ ਦਾ ਮੁਜ਼ਾਹਰਾ ਕਰਨ ਦੀ ਕੋਸ਼ਿਸ਼ ਕੀਤੀ।

ਜਿਸ ਨੂੰ ਮੁੱਖ ਮੰਤਰੀ ਮੋਦੀ ਦੀ ਸਫ਼ਲਤਾ ਦੀ ਕਹਾਣੀ ਦੇ ਤੌਰ 'ਤੇ ਦਰਸਾਇਆ ਜਾਂਦਾ ਰਿਹਾ ਹੈ। ਉਨ੍ਹਾਂ ਨੂੰ ਸਮਰਥਕਾਂ ਵੱਲੋਂ ਵਿਕਾਸ ਪੁਰਸ਼ ਕਿਹਾ ਜਾਂਦਾ ਸੀ।

ਜੀਐੱਸਟੀ ਤੇ ਜਨਤਾ ਦੀ ਬੇਸਬਰੀ ਦੇਖਦੇ ਹੋਏ ਬੀਜੇਪੀ ਆਗੂ ਇਸ ਵਾਰੀ ਗੁਜਰਾਤ ਮਾਡਲ 'ਤੇ ਕੋਈ ਚੀਕਾਂ ਨਹੀਂ ਮਾਰ ਰਹੇ।

ਉਹ ਬੁਨਿਆਦੀ ਢਾਂਚੇ, ਵਿਕਾਸ ਤੇ ਰੁਜ਼ਗਾਰ 'ਤੇ ਕੁਝ ਨਹੀਂ ਬੋਲ ਰਹੇ। ਇਹ ਸਿੱਧਾ ਲੋਕਾਂ ਦੀ ਹਾਲਤ ਨੂੰ ਪ੍ਰਭਾਵਿਤ ਕਰ ਰਿਹਾ ਹੈ ਤੇ ਕਈ ਤਾਂ ਮੋਦੀ ਦੀ ਨੋਟਬੰਦੀ 'ਤੇ ਜੀਐੱਸਟੀ ਸੁਧਾਰ ਤੋਂ ਨਾਖੁਸ਼ ਹਨ।

ਖਾਸ ਕਰਕੇ ਉਨ੍ਹਾਂ ਦੇ ਰਵਾਇਤੀ ਹਿਮਾਇਤੀ ਜਿਵੇਂ ਕਿ ਵਪਾਰੀ ਤੇ ਕਾਰੋਬਾਰੀ।

ਇਸ ਦੀ ਬਜਾਏ ਮੋਦੀ ਨੇ ਹਾਲ ਹੀ ਵਿੱਚ ਸੂਬੇ ਦੇ ਦੌਰੇ ਦੌਰਾਨ ਗੁਜਰਾਤੀ ਭਾਈਚਾਰੇ ਨਾਲ ਭਾਜਪਾ ਨੂੰ ਸੱਤਾ ਵਿੱਚ ਵਾਪਸੀ ਲਾਈ ਵੋਟ ਕਰਨ ਤੇ ਗੁਜਰਾਤੀ ਮਾਣ ਦੀ ਰੱਖਿਆ ਕਰਨ ਨੂੰ ਕਿਹਾ ਹੈ।

ਉਹ ਵੱਖ-ਵੱਖ ਵੋਟਰਾਂ ਦੀ ਬਜਾਏ ਪੂਰੇ ਭਾਈਚਾਰੇ ਨੂੰ ਵੋਟਾਂ ਪਾਉਣ ਨੂੰ ਕਹਿੰਦੇ ਦਿਖੇ।

ਜਜ਼ਬਾਤੀ ਅਪੀਲ ਨੇ ਪਹਿਲਾਂ ਵੀ ਉਨ੍ਹਾਂ ਲਈ ਕੰਮ ਕੀਤਾ ਹੈ ਤੇ ਇਸ ਵਾਰੀ ਵੀ ਕਰ ਸਕਦੇ ਹਨ।

ਇਸ ਲਈ ਸ਼ਾਹ ਨੂੰ ਅੰਕਗਣਿਤ ਕਰਨਾ ਪਏਗਾ ਤੇ ਮੋਦੀ ਨੂੰ ਆਪਣੇ ਗੁਜਰਾਤੀ ਵੋਟਰਾਂ ਨਾਲ ਨਿੱਜੀ ਤੌਰ 'ਤੇ ਜੁੜਨਾ ਪਏਗਾ।

ਤਸਵੀਰ ਸਰੋਤ, Getty Images

ਸਿਰਫ਼ ਰਾਹੁਲ ਲਈ ਜੁੜਦੀ ਹੈ ਭੀੜ

ਦੂਜੀ ਚੁਣੌਤੀ ਕਾਂਗਰਸ ਤੋਂ ਆਉਣ ਦੀ ਸੰਭਾਵਨਾ ਹੈ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਗੁਜਰਾਤ ਵਾਪਸੀ ਕਰ ਰਹੀ ਹੈ। ਪਾਰਟੀ ਉਪ ਪ੍ਰਧਾਨ ਰਾਹੁਲ ਗਾਂਧੀ ਸੂਬੇ ਦੇ ਹਾਲੀਆ ਸਫ਼ਰ ਦੌਰਾਨ ਉਸ਼ਾਹਿਤ ਮੂਡ ਵਿੱਚ ਨਜ਼ਰ ਆਏ।

ਉਹ ਸਾਂਝੇ ਹਿੰਦੁਵਾਦੀ ਤੇ ਸਿਆਸੀ ਹਮਲੇ ਦੇ ਜੋੜ ਦਾ ਇਸਤੇਮਾਲ ਕਰਕੇ ਬੀਜੇਪੀ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਉਹ ਸੂਬਾ ਸਰਕਾਰ ਦੇ ਨਿਰਾਸ਼ਾਵਾਦੀ ਪ੍ਰਦਰਸ਼ਨ 'ਤੇ ਹਮਲਾ ਕਰ ਰਹੇ ਹਨ। ਸੂਬੇ ਦੇ ਦੌਰੇ ਦੌਰਾਨ, ਉਹ ਮੰਦਿਰਾਂ ਵਿੱਚ ਜਾ ਕੇ ਪੂਜਾ ਕਰਦੇ ਦੇਖੇ ਜਾ ਸਕਦੇ ਹਨ।

ਉਹ ਬੁਨਿਆਦੀ ਢਾਂਚੇ, ਰੁਜ਼ਗਾਰ ਤੇ ਸਾਰੀ ਵਿੱਤੀ ਹਾਲਤ ਤੇ ਸਰਕਾਰ ਦੇ ਟਰੈਕ ਰਿਕਾਰਡ 'ਤੇ ਵੀ ਸਵਾਲ ਚੁੱਕ ਰਹੇ ਹਨ।

ਉਹ ਜਨਤਾ ਦੇ ਨਾਲ ਹਮਦਰਦੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਜੀਐੱਸਟੀ ਤੇ ਨੋਟਬੰਦੀ ਦੀ ਮਾਰ ਤੋਂ ਪ੍ਰਭਾਵਿਤ ਰਹੇ ਹਨ।

ਬੀਜੇਪੀ ਨੂੰ ਉਮੀਦ ਹੈ ਕਿ ਕਾਂਗਰਸ ਜਲਦੀ ਹੀ ਲੜਖੜਾਏਗੀ। ਦਰਅਸਲ ਕਾਂਗਰਸ ਪਾਰਟੀ ਆਪਣੀਆਂ ਹੀ ਮੁਸ਼ਕਿਲਾਂ ਨਾਲ ਜੂਝ ਰਹੀ ਹੈ।

ਗਾਂਧੀ ਦੇ ਇਲਾਵਾ ਕੋਈ ਹੋਰ ਆਗੂ ਸੂਬੇ ਵਿੱਚ ਭੀੜ ਖਿੱਚਣ ਵਿੱਚ ਕਾਮਯਾਬ ਨਹੀਂ ਹੋ ਸਕਿਆ ਹੈ। ਇਸ ਦੀ ਸੂਬਾ ਇਕਾਈ ਵੀ ਬਹੁਤ ਕਮਜ਼ੋਰ ਦੱਸੀ ਜਾ ਰਹੀ ਹੈ।

ਫਿਰ ਤੋਂ ਖੜ੍ਹਾ ਹੋਣ ਦੀ ਕੋਸ਼ਿਸ਼ ਵਿੱਚ ਲੱਗੀ ਕਾਂਗਰਸ ਦੀ ਤੁਲਨਾ ਵਿੱਚ ਭਾਜਪਾ ਅਲੱਗ ਦਿਖ ਰਹੀ ਹੈ, ਪਰ ਇਸ ਦੇ ਕੁਝ ਆਗੂਆਂ ਦਾ ਮੰਨਣਾ ਹੈ ਕਿ ਪਾਰਟੀ ਦੇ ਬਾਰੇ ਮੀਡੀਆ ਵਿੱਚ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ।

ਤਸਵੀਰ ਸਰੋਤ, AICC

ਤਸਵੀਰ ਕੈਪਸ਼ਨ,

ਅਲਪੇਸ਼ ਠਾਕੁਰ ਨਾਲ ਰਾਹੁਲ ਗਾਂਧੀ

ਹਾਰਦਿਕ ਪਟੇਲ ਕਿੰਨੀ ਵੱਡੀ ਚੁਣੌਤੀ?

ਭਾਜਪਾ ਲਈ ਇੱਕ ਹੋਰ ਵੱਡੀ ਚੁਣੌਤੀ ਦੇ ਰੂਪ ਵਿੱਚ ਹਾਰਦਿਕ ਪਟੇਲ ਦੇ ਅੰਦੋਲਨ ਦਾ ਅਸਰ ਹੈ।

ਜਿਸ ਨਾਲ ਪਾਰਟੀ ਦੇ ਰਵਾਇਤੀ ਵੋਟ ਬੈਂਕ ਪਾਟੀਦਾਰਾਂ ਤੇ ਅਸਰ ਪੈਣ ਦੇ ਅਸਾਰ ਹਨ। ਇਸ ਨਾਲ ਨਜਿੱਠਣ ਲਈ ਬੀਜੇਪੀ ਜੀਅ ਤੋੜ ਕੋਸ਼ਿਸ਼ਾਂ ਵਿੱਚ ਜੁਟੀ ਹੈ।

ਉਹ ਹਾਰਦਿਕ ਪਟੇਲ ਦੇ ਕੋਰ ਗਰੁੱਪ ਨੂੰ ਤੋੜਨ ਵਿੱਚ ਕਾਮਯਾਬ ਹੋ ਗਏ ਹਨ ਤੇ ਉਨ੍ਹਾਂ ਦੇ ਸਾਬਕਾ ਸਹਿਯੋਗੀਆਂ ਨੂੰ ਪਾਰਟੀ ਵਿੱਚ ਸ਼ਾਮਲ ਵੀ ਕੀਤਾ ਗਿਆ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਜੇ ਹਾਰਦਿਕ ਪਟੇਲ ਦਾ ਤੋੜ ਮਿਲ ਗਿਆ ਤਾਂ ਉਨ੍ਹਾਂ ਦਾ ਪ੍ਰਭਾਵ ਸਿਰਫ਼ ਕੌੜੇ ਭਾਈਚਾਰੇ ਤੱਕ ਹੀ ਰਹਿ ਜਾਏਗਾ, ਜਿਸ ਨਾਲ ਉਨ੍ਹਾਂ ਨੂੰ ਸਿਰਫ਼ ਕੁਝ ਹੀ ਸੀਟਾਂ ਮਿਲ ਸਕਣਗੀਆਂ।

ਇਸ ਲਈ ਜੇ ਹਾਰਦਿਕ ਕਾਂਗਰਸ ਦੀ ਹਿਮਾਇਤ ਕਰਨ ਦਾ ਫੈਸਲਾ ਵੀ ਕਰਦੇ ਹਨ, ਜੋ ਫਿਲਹਾਲ ਪੱਕਾ ਨਹੀਂ ਹੈ ਤਾਂ ਭਾਜਪਾ ਦੀ ਨਜ਼ਰ ਵਿੱਚ ਇਸ ਨਾਲ ਜ਼ਿਆਦਾ ਨੁਕਸਾਨ ਨਹੀਂ ਹੋਏਗਾ।

ਬੇਸ਼ੱਕ ਹਾਲੇ ਦਿਸੰਬਰ ਤੱਕ ਬਹੁਤ ਕੁਝ ਹੋ ਸਕਦਾ ਹੈ, ਪਰ ਜਿਸ ਕਿਸੇ ਵੀ ਅਕਾਰ ਵਿੱਚ ਦੇਖੀਏ, ਇਹ ਵਿਸ਼ਵਾਸ ਕਰਨਾ ਤਕਰੀਬਨ ਔਖਾ ਹੈ ਕਿ ਬੀਜੇਪੀ ਇੰਨ੍ਹਾਂ ਚੋਣਾਂ ਵਿੱਚ ਹਾਰੇਗੀ।

ਇਹ ਸੰਭਵ ਹੈ ਕਿ ਉਨ੍ਹਾਂ ਦਾ ਵੋਟ ਫੀਸਦੀ 48% (2012 ਦੀਆਂ ਚੋਣਾਂ) ਤੋਂ ਕੁਝ ਘੱਟ ਹੋ ਸਕਦਾ ਹੈ ਤੇ ਜਿੱਤ ਦਾ ਸਵਾਦ ਵੀ ਕੁਝ ਕੌੜਾ ਹੋਵੇ।

ਕੌੜਾ ਸੱਚ ਇਹ ਹੈ ਕਿ ਇਸ ਮੋੜ ਤੇ ਕੋਈ ਵੀ ਕਾਂਗਰਸ ਤੇ ਸ਼ਰਤ ਲਾਉਣ ਨੂੰ ਤਿਆਰ ਨਹੀਂ ਹੈ। ਹਾਲੇ ਤਾਂ ਬਿਲਕੁੱਲ ਵੀ ਨਹੀਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)