#BBCInnovators: ਇਸ ਸ਼ਖ਼ਸ ਨੇ ਕੀਤੀਆਂ 140 ਤੋਂ ਵੱਧ ਖੋਜਾਂ

  • ਕੈਰੋਲਿਨ ਰਾਈਸ
  • ਇਨੋਵੇਟਰਸ , ਬੀਬੀਸੀ ਵਰਲਡ ਸਰਵਿਸ
ਵੀਡੀਓ ਕੈਪਸ਼ਨ,

ਕਾਢਾਂ ਦਾ ਸਰਤਾਜ ਊਧਬ ਭਰਾਲੀ

ਊਧਬ ਭਰਾਲੀ ਕਹਿੰਦੇ ਹਨ, "ਮੁਸ਼ਕਲਾਂ ਸਰ ਕਰਨਾ ਮੈਨੂੰ ਚੰਗਾ ਲਗਦਾ ਹੈ। ਲੋਕਾਂ ਦੀ ਜ਼ਿੰਦਗੀ ਨੂੰ ਸੌਖਾ ਬਣਾਉਣਾ ਅਤੇ ਉਨ੍ਹਾਂ ਨੂੰ ਬੇਮੁਹਤਾਜ ਕਰਨ ਵਿੱਚ ਮੈਨੂੰ ਖੁਸ਼ੀ ਮਿਲਦੀ ਹੈ।"

ਇਸੇ ਵਿਚਾਰ ਨੇ ਭਰਾਲੀ ਨੂੰ ਖੋਜਾਂ ਕਰਨ ਦੇ ਰਾਹ 'ਤੇ ਤੋਰਿਆ। ਤੀਹ ਸਾਲ ਪਹਿਲਾਂ ਉਨ੍ਹਾਂ ਨੇ ਵੱਡਾ ਘਰੇਲੂ ਕਰਜ਼ਾ ਲਾਹੁਣ ਲਈ ਸਮਾਨ ਬਣਾਉਣਾ ਅਤੇ ਵੇਚਣਾ ਸ਼ੁਰੂ ਕੀਤਾ ਸੀ। ਜੋ ਕਿ ਅੱਜ ਉਨ੍ਹਾਂ ਦਾ ਜਨੂਨ ਬਣ ਗਿਆ ਹੈ।

ਭਰਾਲੀ ਨੇ 140 ਤੋਂ ਵੱਧ ਖੋਜਾਂ ਕੀਤੀਆਂ

ਉਨ੍ਹਾਂ ਨੇ ਇੱਕ ਸੌ ਚਾਲੀ ਤੋਂ ਵੱਧ ਖ਼ੋਜਾਂ ਕੀਤੀਆਂ। ਜਿਨ੍ਹਾਂ ਵਿੱਚੋਂ ਕਈਆਂ ਨੂੰ ਖਰੀਦਦਾਰ ਅਤੇ ਕੌਮਾਂਤਰੀ ਇਨਾਮ ਵੀ ਮਿਲੇ।

ਭਰਾਲੀ ਦਾ ਕਹਿਣਾ ਹੈ ਕਿ ਲੋਕਾਂ ਦੀ ਮੱਦਦ ਕਰਨ ਦਾ ਵਿਚਾਰ ਉਨ੍ਹਾਂ ਲਈ ਸਭ ਤੋਂ ਵੱਡੀ ਹੱਲਾਸ਼ੇਰੀ ਹੈ।

ਖੇਤੀ-ਕਾਢਾਂ ਲਈ ਹਿੰਦੋਸਤਾਨ ਵਿੱਚ ਨਾਮ ਕਮਾਉਣ ਤੋਂ ਬਾਅਦ ਹੁਣ ਉਹ ਅਪਾਹਜਾਂ ਦੇ ਮਦਦ ਲਈ ਕਾਢਾਂ ਕੱਢ ਰਹੇ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਮੁਲਕ ਵਿੱਚ ਅੰਗਹੀਣਾਂ ਲਈ ਲੋੜੀਂਦੀ ਸਰਕਾਰੀ ਮੱਦਦ ਨਾ ਹੋਣ ਕਰਕੇ ਉਨ੍ਹਾਂ ਵਰਗੇ ਖ਼ੋਜੀਆਂ ਨੂੰ ਬਦਲਵੇਂ ਹੱਲ ਮੁਹੱਈਆ ਕਰਾਉਣੇ ਚਾਹੀਦੇ ਹਨ।

ਪੰਦਰਾਂ ਸਾਲ ਰਾਜ ਰਹਿਮਾਨ ਜਮਾਂਦਰੂ ਅਪਾਹਜ ਅਤੇ ਦਿਮਾਗੀ ਤੌਰ 'ਤੇ ਕਮਜ਼ੋਰ ਹੈ।

ਭਰਾਲੀ ਨੇ ਉਸ ਲਈ ਇੱਕ ਸਧਾਰਣ ਯੰਤਰ ਬਣਾਇਆ ਹੈ। ਚਮਚੇ ਅਤੇ ਚਮੜੇ ਦੀ ਬੈਲਟ ਨਾਲ ਬਣੇ ਇਸ ਯੰਤਰ ਨੂੰ ਰਹਿਮਾਨ ਆਪਣੇ ਗੁੱਟ ਨਾਲ ਬੰਨਦਾ ਹੈ। ਇਹ ਯੰਤਰ ਉਸਦੀ ਖਾਣ-ਪੀਣ ਅਤੇ ਲਿਖਣ ਵਿੱਚ ਮਦਦ ਕਰਦਾ ਹੈ।

ਭਰਾਲੀ ਨੇ ਰਾਜ ਦੀ ਜੁੱਤੀ ਨੂੰ ਆਪਣੀ ਕਾਢ ਨਾਲ ਇਸ ਤਰ੍ਹਾਂ ਢਾਲਿਆ ਕਿ ਉਸਦਾ ਘੁੰਮਣਾ ਫਿਰਨਾ ਸੌਖਾ ਹੋ ਗਿਆ ਹੈ।

ਉਹ ਕਹਿੰਦਾ ਹੈ, "ਪਹਿਲਾਂ ਮੈਨੂੰ ਆਪਣੀ ਬਹੁਤ ਫ਼ਿਕਰ ਹੁੰਦੀ ਸੀ ਪਰ ਇਸ ਯੰਤਰ ਨਾਲ ਹੁਣ ਮੈਨੂੰ ਕੋਈ ਪਰੇਸ਼ਾਨੀ ਨਹੀਂ। ਮੈਂ ਚਿੰਤਾ ਮੁਕਤ ਹਾਂ।

ਮੈਨੂੰ ਰੇਲ ਪੱਟੜੀ ਪਾਰ ਕਰਨ ਤੋਂ ਡਰ ਨਹੀਂ ਲੱਗਦਾ ਅਤੇ ਮੈਂ ਅਰਾਮ ਨਾਲ ਤੁਰ ਕੇ ਸਕੂਲ ਜਾ ਸਕਦਾ ਹਾਂ।''

"ਮੈਂ ਖੁਸ਼ ਹਾਂ ਕਿ ਮੈਂ ਅਪਣੀ ਦੇਖਭਾਲ ਆਪ ਕਰ ਸਕਦਾ ਹਾਂ।"

ਮਨੁੱਖੀ ਹੁਨਰ

ਭਰਾਲੀ ਬਿਹਾਰ ਦੇ ਰਹਿਣ ਵਾਲੇ ਹਨ। ਉਹ ਯਾਦ ਕਰਦੇ ਹਨ, "ਸ਼ੁਰੂ ਵਿੱਚ ਲੋਕ ਮੈਨੂੰ ਨਿਕੰਮਾ ਸਮਝਦੇ ਸਨ ਪਰ 18 ਸਾਲ ਦੀ ਅਣਥੱਕ ਮਿਹਨਤ ਨੇ ਮੈਨੂੰ ਖ਼ੋਜੀ ਵਜੋਂ ਵੱਖਰੀ ਪਛਾਣ ਦਿੱਤੀ ਹੈ।"

ਭਰਾਲੀ ਦੀਆਂ ਖ਼ੋਜਾਂ ਵਿੱਚ ਮੁਕਾਮੀ ਅਤੇ ਅਸਾਨੀ ਨਾਲ ਮਿਲਣ ਵਾਲੇ ਕੱਚੇ ਮਾਲ ਦੀ ਵਰਤੋਂ ਹੁੰਦੀ ਹੈ। ਇਸ ਕਰਕੇ ਉਹ ਸਸਤੇ ਭਾਅ ਉੱਤੇ ਮੁਹੱਈਆ ਹੁੰਦੀਆ ਹਨ।

ਇਸ ਤਰ੍ਹਾਂ ਦੀਆਂ ਕਿਫ਼ਾਇਤੀ ਖ਼ੋਜਾਂ ਨੂੰ ਜੁਗਾੜ ਵੀ ਕਿਹਾ ਜਾਂਦਾ ਹੈ।

ਕੈਮਬਰਿੱਜ ਯੂਨੀਵਰਸਿਟੀ ਦੇ 'ਜੱਜ ਬਿਜ਼ਨਿਸ ਸਕੂਲ' ਤੋਂ ਪੜ੍ਹੇ ਜੈਦੀਪ ਪ੍ਰਭੂ ਜੁਗਾੜ ਬਾਰੇ ਕਿਤਾਬ ਲਿਖ ਚੁੱਕੇ ਹਨ।

ਉਹਨਾਂ ਦਾ ਸੋਚਣਾ ਹੈ ਕਿ ਇਹ ਲੋਕਾਂ ਦੀ ਖ਼ੋਜੀ ਬਿਰਤੀ ਨੂੰ ਵੱਡਾ ਹੁਲਾਰਾ ਦਿੰਦਾ ਹੈ।

ਉਹ ਕਹਿੰਦੇ ਹਨ, "ਇਸ ਲਈ ਤੁਹਾਡਾ ਅੰਦਰਲਾ ਮਨੁੱਖੀ ਹੁਨਰ ਹੀ ਕਾਫ਼ੀ ਹੈ। ਤੁਹਾਡੀ ਪਹੁੰਚ ਸਮਾਜ ਦੀਆਂ ਮੁਸ਼ਕਲਾਂ ਦੂਰ ਕਰ ਸਕਦੀ ਹੈ। ਅਸਾਨੀ ਨਾਲ ਮਿਲਣ ਵਾਲੇ ਸਾਜੋ-ਸਮਾਨ ਨਾਲ ਮੁਸ਼ਕਲਾਂ ਦਾ ਹੱਲ ਕੱਢਿਆ ਜਾਂਦਾ ਹੈ।"

ਕਾਢਾਂ ਨੂੰ ਵੇਚਣਾ ਭਰਾਲੀ ਦੀ ਕਮਾਈ ਦਾ ਵਸੀਲਾ ਹੈ। ਇਸ ਤੋਂ ਬਿਨ੍ਹਾਂ ਉਹ ਵਪਾਰਕ ਅਦਾਰਿਆਂ ਅਤੇ ਸਰਕਾਰ ਲਈ ਤਕਨੀਕੀ ਹੱਲ ਲੱਭਣ ਦਾ ਕੰਮ ਕਰਦੇ ਹਨ।

ਉਹ ਦੂਜਿਆਂ ਦੀ ਆਮਦਨੀ ਵਧਾਉਣ ਵਿੱਚ ਮੱਦਦ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ। ਕੁਝ ਕੇਂਦਰਾਂ ਵਿੱਚ ਉਹ ਲੋਕਾਂ ਨੂੰ ਆਪਣੀਆਂ ਮਸ਼ੀਨਾਂ ਮੁਹੱਈਆ ਕਰਾਉਂਦੇ ਹਨ।

ਇਨ੍ਹਾਂ ਕੇਂਦਰਾਂ ਵਿੱਚੋਂ ਇੱਕ ਕੇਂਦਰ ਅਜਿਹਾ ਹੈ ਜਿੱਥੇ ਮੁਕਾਮੀ ਪਿੰਡਾਂ ਦੀਆਂ ਔਰਤਾਂ ਭਰਾਲੀ ਦੀ ਬਣਾਈ ਚਾਵਲ ਪੀਸਣ ਵਾਲੀ ਮਸ਼ੀਨ ਵਰਤਦੀਆਂ ਹਨ।

ਚੌਲਾਂ ਦੇ ਆਟੇ ਨਾਲ ਕੇਕ ਅਤੇ ਹੋਰ ਖਾਣਯੋਗ ਚੀਜ਼ਾਂ ਬਣਾ ਕੇ ਵੇਚੀਆਂ ਜਾਂਦੀਆਂ ਹਨ।

ਕਾਮਯਾਬੀ ਦਾ ਕੋਈ ਸੌਖਾ ਰਾਹ ਨਹੀਂ ਹੁੰਦਾ

ਆਲਮੀ ਬੈਂਕ ਮੁਤਾਬਕ ਹਿੰਦੋਸਤਾਨ ਵਿੱਚ ਪੰਦਰਾਂ ਸਾਲ ਤੋਂ ਵੱਧ ਉਮਰ ਦੀਆਂ ਸਿਰਫ਼ 27 ਫੀਸਦ ਔਰਤਾਂ ਹੀ ਵਿੱਤੀ ਤੌਰ ਉੱਤੇ ਸਰਗਰਮ ਹਨ।

ਕੇਂਦਰ ਵਿੱਚ ਆਉਣ ਵਾਲੀ ਬੀਬੀ ਪੋਰਬਿਤਾ ਦੱਤਾ ਦੱਸਦੀ ਹੈ, "ਪਿੰਡਾਂ ਵਿੱਚ ਰੋਜ਼ੀ-ਰੋਟੀ ਕਮਾਉਣ ਦੇ ਵਸੀਲੇ ਅਤੇ ਰੁਜ਼ਗਾਰ ਲਈ ਸਹੂਲਤਾਂ ਬਹੁਤ ਘੱਟ ਹਨ।"

"ਇੱਥੇ ਕੇਂਦਰ ਵਿੱਚ ਖ਼ੋਜਾਂ ਨੇ ਸਾਨੂੰ ਆਤਮ-ਨਿਰਭਰ ਬਣਾਇਆ ਹੈ ਅਤੇ ਆਮਦਨ ਦੇ ਚੰਗੇ ਵਸੀਲੇ ਮੁਹੱਈਆ ਕਰਵਾਏ ਹਨ।"

ਭਰਾਲੀ ਦੇ ਹੁਨਰ ਨੇ ਪੇਂਡੂ ਖੇਤਰਾਂ ਦੇ ਮਰਦਾਂ ਨੂੰ ਵੀ ਫਾਇਦਾ ਪੁਚਾਇਆ ਹੈ। ਉਨ੍ਹਾਂ ਨੇ ਦੋ ਸੌ ਤੋਂ ਵੱਧ ਇੱਟਾਂ ਤਿਆਰ ਕਰਨ ਵਾਲੀਆਂ ਮਸ਼ੀਨਾਂ ਬਣਾਕੇ ਵੇਚੀਆਂ ਹਨ।

ਇੱਕ ਮਸ਼ੀਨ ਨੂੰ ਪੰਜ ਬੰਦੇ ਚਲਾਉਂਦੇ ਹਨ। ਭਰਾਲੀ ਮੁਤਾਬਕ ਹਜ਼ਾਰ ਬੰਦੇ ਨੂੰ ਰੁਜ਼ਗਾਰ ਮਿਲਿਆ ਹੈ।

ਭਰਾਲੀ ਦਾ ਮੰਨਣਾ ਹੈ ਕਿ ਕਾਮਯਾਬੀ ਦਾ ਕੋਈ ਸੌਖਾ ਰਾਹ ਨਹੀਂ ਹੁੰਦਾ, ਉਨ੍ਹਾਂ ਦੀ ਅਣਥੱਕ ਮਿਹਨਤ ਵਿੱਚ ਜ਼ਿੰਦਗੀ ਦਾ ਚੈਨ ਹੈ ਅਤੇ ਉਹ ਅਪਣੇ ਵਪਾਰ ਸਦਕਾ ਸੈਂਕੜੇ ਪਰਿਵਾਰਾਂ ਦੀ ਮਦਦ ਕਰ ਰਹੇ ਹਨ।

ਤਕਨੀਕੀ ਸਿੱਖਿਆ ਵਾਲੇ ਪਿਛੋਕੜ ਨੇ ਬੇਸ਼ੱਕ ਭਰਾਲੀ ਦੀ ਮਦਦ ਕੀਤੀ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਖੋਜੀ ਬਿਰਤੀ ਦੇ ਬੁਨਿਆਦੀ ਸਿਧਾਂਤ ਸਿਖਾਏ ਨਹੀਂ ਜਾ ਸਕਦੇ।

ਉਹ ਕਹਿੰਦੇ ਹਨ, "ਖ਼ੋਜੀ ਬਿਰਤੀ ਮਨੁੱਖ ਦੇ ਅੰਦਰੋਂ ਆਉਂਦੀ ਹੈ। ਕੋਈ ਉਸਨੂੰ ਖ਼ੋਜੀ ਨਹੀਂ ਬਣਾ ਸਕਦਾ। ਇਸਨੂੰ ਆਪ ਮਹਿਸੂਸ ਕਰਨਾ ਪੈਂਦਾ ਹੈ।

ਮੂਲ ਰੂਪ ਵਿੱਚ ਉਹ ਅਪਣੀਆਂ ਮਸ਼ੀਨਾਂ ਤਿਆਰ ਕਰਕੇ ਉਹਨਾਂ ਦੀ ਵਿੱਤੀ ਕਾਮਯਾਬੀ ਦੀ ਆਸ ਕਰਦਾ ਹੈ। ਖ਼ੋਜਾਂ ਦਾ ਜੋਸ਼ ਉਹਨੂੰ ਪੱਬਾਂ ਭਾਰ ਰੱਖਦਾ ਹੈ।

ਉਹ ਕਹਿੰਦਾ ਹੈ, "ਮੈਂ ਕੁਝ ਨਵਾਂ ਕਰਨ ਦੀ ਚੁਣੌਤੀ ਨੂੰ ਅਤੇ ਕਿਸੇ ਨਵੀਂ ਚੀਜ਼ ਦਾ ਪਹਿਲਾ ਖ਼ੋਜੀ ਹੋਣ ਦੀ ਖੁਸ਼ੀ ਨੂੰ ਮਾਣਦਾ ਹਾਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)