ਬੀਬੀਸੀ ਵਿਸ਼ੇਸ਼: 'ਕਾਸ਼! ਇਹ ਅਧਾਰ ਇੰਨਾ ਜ਼ਰੂਰੀ ਨਾ ਹੁੰਦਾ'

  • ਰਵੀ ਪ੍ਰਕਾਸ਼
  • ਰਾਂਚੀ ਤੋਂ, ਬੀਬੀਸੀ ਹਿੰਦੀ ਲਈ
SANTOSHI'S BROTHER

ਤਸਵੀਰ ਸਰੋਤ, Ravi Prakash

ਤਸਵੀਰ ਕੈਪਸ਼ਨ,

ਸੰਤੋਸ਼ੀ ਦਾ ਭਰਾ

ਸਿੱਲੀ ਡੀਹ ਦੇ ਜਗਦੀਸ਼ ਹਜਾਮ ਨੂੰ ਉਨ੍ਹਾਂ ਦੇ ਪੀਡੀਐੱਸ (ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ) ਡੀਲਰ ਨੇ ਰਾਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਦਾ ਅਧਾਰ ਕਾਰਡ ਉਸ ਬਾਇਯੋਮਿਟ੍ਰਿਕ ਮਸ਼ੀਨ ਵਿੱਚ ਅਪਲੋਡ ਨਹੀਂ ਹੈ, ਜਿਸ ਵਿੱਚ ਅੰਗੂਠੇ ਲਾ ਕੇ ਉਹ ਆਪਣਾ ਮਹੀਨੇ ਦਾ ਰਾਸ਼ਨ ਲੈ ਲੈਂਦੇ।

(ਬੀਬੀਸੀ ਹਿੰਦੀ ਸੇਵਾ ਅਧਾਰ ਕਾਰਡ 'ਤੇ ਵਿਸ਼ੇਸ਼ ਸੀਰੀਜ਼ ਦੀ ਸ਼ੁਰੂਆਤ ਕਰ ਰਹੀ ਹੈ।)

ਰਾਸ਼ਨ ਨਾ ਮਿਲਣ ਕਰਕੇ ਉਨ੍ਹਾਂ ਘਰ ਖਾਣਾ ਬਣਾਉਣਾ ਵੀ ਔਖਾ ਹੋ ਗਿਆ ਹੈ।

ਸਿੱਲੀ ਡੀਹ ਰਾਂਚੀ ਜ਼ਿਲ੍ਹੇ ਦੇ ਸਿੱਲੀ ਪ੍ਰਖੰਡ ਦਾ ਇੱਕ ਪਿੰਡ ਹੈ। ਜਗਦੀਸ਼ ਹਜਾਮ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦਾ ਰਾਸ਼ਨ ਔਰਤਾਂ ਦੇ ਇੱਕ ਮਦਦਗਾਰ ਸੰਗਠਨ ਵੱਲੋਂ ਚਲਾਏ ਜਾਂਦੇ ਰਾਸ਼ਨ ਵੰਡ ਕੇਂਦਰ ਤੋਂ ਆਉਂਦਾ ਸੀ। ਉਨ੍ਹਾਂ ਨੂੰ ਪਹਿਲਾਂ ਕਦੇ ਰਾਸ਼ਨ ਲੈਣ 'ਚ ਮੁਸ਼ਕਿਲ ਨਹੀਂ ਹੋਈ ਸੀ।

ਜਗਦੀਸ਼ ਹਜਾਮ ਨੇ ਕਿਹਾ, "ਮੇਰੀ ਮਾਂ ਦੁਰਗਾ ਦੇਵੀ ਦੇ ਨਾਮ 'ਤੇ ਲਾਲ ਕਾਰਡ ਹੈ। ਅਸੀਂ ਲੋਕ ਉਸੇ ਤੋਂ ਰਾਸ਼ਨ ਲੈਂਦੇ ਸੀ। ਹੁਣ ਪਿਛਲੇ ਦੋ ਮਹੀਨਿਆਂ 'ਚ ਘੱਟੋ-ਘੱਟ ਪੰਜ ਵਾਰੀ ਰਾਸ਼ਨ ਲੈਣ ਗਏ, ਪਰ ਡੀਲਰ ਨੇ ਰਾਸ਼ਨ ਦੇਣ ਤੋਂ ਮਨ੍ਹਾ ਕਰ ਦਿੱਤਾ ਕਿਉਂਕਿ ਮੇਰੇ ਅਧਾਰ ਕਾਰਡ ਦਾ ਨੰਬਰ ਉਨ੍ਹਾਂ ਦੀ ਮਸ਼ੀਨ ਵਿੱਚ ਨਹੀਂ ਦਿਖ ਰਿਹਾ। ਕਾਸ਼ ਇਹ ਅਧਾਰ ਇੰਨਾ ਜ਼ਰੂਰੀ ਨਾ ਹੁੰਦਾ।"

ਤਸਵੀਰ ਸਰੋਤ, Ravi Prakash

ਤਸਵੀਰ ਕੈਪਸ਼ਨ,

ਜਗਦੀਸ਼ ਹਜਾਮ

ਸਰਕਾਰੀ ਹੁਕਮ

ਦਰਅਸਲ ਝਾਰਖੰਡ ਸਰਕਾਰ ਨੇ ਅਪ੍ਰੈਲ ਤੋਂ ਰਾਸ਼ਨ ਲੈਣ ਲਈ ਅਧਾਰ ਕਾਰਡ ਹੋਣਾ ਜ਼ਰੂਰੀ ਕਰ ਦਿੱਤਾ ਸੀ।

ਇਸੇ ਕਰਕੇ ਕਈ ਮੁਸ਼ਕਿਲਾਂ ਪੈਦਾ ਹੋਈਆਂ ਤੇ ਪਿਛਲੇ ਦਿਨੀਂ ਸਿਮਡੇਗਾ ਜ਼ਿਲ੍ਹੇ ਵਿੱਚ ਸੰਤੋਸ਼ੀ ਕੁਮਾਰੀ ਦੀ ਮੌਤ ਤੋਂ ਬਾਅਦ ਵਿਭਾਗੀ ਮੰਤਰੀ ਸਰਯੂ ਰਾਏ ਨੇ ਸਰਕਾਰ ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ।

ਸਰਯੂ ਰਾਏ ਨੇ ਉਦੋਂ ਕਿਹਾ ਕਿ ਰਾਸ਼ਨ ਵੰਡ ਲਈ ਅਧਾਰ ਕਾਰਡ ਦਾ ਹੋਣਾ ਜ਼ਰੂਰੀ ਨਹੀਂ ਹੈ।

ਇਸ ਦੇ ਬਾਵਜੂਦ ਝਾਰਖੰਡ ਦੇ ਸਾਰੇ ਜ਼ਿਲ੍ਹਿਆਂ ਵਿੱਚ ਇਸ 'ਤੇ ਤਤਕਾਲ ਅਮਲ ਨਹੀਂ ਹੋਇਆ। ਇਸ ਕਰਕੇ ਹਜ਼ਾਰਾਂ ਲੋਕ ਪਰੇਸ਼ਾਨ ਹਨ।

ਬੁਧਨੀ ਗੋਪ ਦੀ ਸੁਣੋ

ਜ਼ਿੰਦਗੀ ਦੇ ਸਤਵੇਂ ਦਹਾਕੇ ਵਿੱਚ ਬੁਧਨੀ ਗੋਪ ਵੀ ਪਰੇਸ਼ਾਨੀ ਝੱਲ ਰਹੀ ਹੈ। ਉਹ ਚਾਕੁਲਿਆ ਦੇ ਲੋਧਾਸ਼ੋਲੀ ਪੰਚਾਇਤ ਦੇ ਪਾਤਰੋਟਲਾ ਪਿੰਡ ਵਿੱਚ ਰਹਿੰਦੀ ਹੈ।

ਉਨ੍ਹਾਂ ਨੂੰ ਜੂਨ ਤੋਂ ਬਾਅਦ ਰਾਸ਼ਨ ਨਹੀਂ ਮਿਲਿਆ ਹੈ। ਇਸ ਲਈ ਉਹ 600 ਰੁਪਏ ਦੀ ਬਜ਼ੁਰਗ ਪੈਂਸ਼ਨ ਤੋਂ ਘਰ ਦਾ ਰਾਸ਼ਨ ਖਰੀਦ ਰਹੀ ਹੈ।

ਉਨ੍ਹਾਂ ਕੋਲ ਪੀਲਾ ਕਾਰਡ ਸੀ। ਉਹ ਰਾਸ਼ਨ ਲਈ ਬਜ਼ੁਰਗ ਪੈਂਸਨ ਤੇ ਆਪਣੀ ਨੂੰਹ ਦੀ ਮਜ਼ਦੂਰੀ ਨਾਲ ਕਮਾਏ ਰੁਪਇਆਂ 'ਤੇ ਨਿਰਭਰ ਹੋ ਚੁੱਕੀ ਹੈ।

ਬੁਧਨੀ ਗੋਪ ਆਪਣੀ ਪੰਚਾਇਤ ਦੇ ਉਨ੍ਹਾਂ ਸੈਂਕੜੇ ਲੋਕਾਂ ਵਿੱਚ ਸ਼ਾਮਿਲ ਹੈ, ਜਿੰਨ੍ਹਾਂ ਨੂੰ ਅਧਾਰ ਕਾਰਡ ਅਪਡੇਟ ਨਾ ਹੋਣ ਕਰਕੇ ਰਾਸ਼ਨ ਨਹੀਂ ਮਿਲ ਰਿਹਾ ਹੈ।

ਝਾਰਖੰਡ ਦੇ ਫੂਡ ਐਂਡ ਸਪਲਾਈ ਮੰਤਰੀ ਨੇ ਇਸ ਪੰਚਾਇਤ ਵਿੱਚ ਡੀਲਰ ਦੀ ਮਨਮਰਜ਼ੀ ਨਾਲ ਸਬੰਧਿਤ ਇੱਕ ਰਿਪੋਰਟ ਪੂਰਬੀ ਸਿੰਘਭੂਮ ਜ਼ਿਲ੍ਹੇ ਦੇ ਡੀਸੀ ਅਮਿਤ ਕੁਮਾਰ ਨੂੰ ਭੇਜੀ ਸੀ।

ਇਸ ਵਿੱਚ ਉੱਥੋਂ ਦੇ ਲੋਕਾਂ ਨੂੰ ਰਾਸ਼ਨ ਨਾ ਮਿਲਣ ਦੀ ਗੱਲ ਦਾ ਬਿਓਰਾ ਸੀ।

ਇਸ ਤੋਂ ਬਾਅਦ ਪੂਰਬੀ ਸਿੰਘਭੂਮ ਦੇ ਡੀਸੀ ਅਮਿਤ ਕੁਮਾਰ ਨੇ ਦੱਸਿਆ ਉਨ੍ਹਾਂ ਨੇ ਲੋਧਾਸ਼ੋਲੀ ਦੇ ਡੀਲਰ ਦਾ ਲਾਈਸੈਂਸ ਰੱਦ ਕਰਕੇ ਪੁਲਿਸ ਖਿਲਾਫ਼ ਰਿਪੋਰਟ ਦਰਜ ਕਰਵਾਉਣ ਦਾ ਹੁਕਮ ਦਿੱਤਾ ਹੈ।

ਇਸਦੇ ਨਾਲ ਹੀ ਉਸ ਪੰਚਾਇਤ ਦੇ ਲੋਕਾਂ ਨੂੰ ਨੇੜਲੇ ਰਾਸ਼ਨ ਡੀਲਰ ਨਾਲ ਅਟੈਚ ਕਰਾ ਰਹੇ ਹਨ ਤਾਕਿ ਤਤਕਾਲ ਉਨ੍ਹਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾ ਸਕੇ।

ਤਸਵੀਰ ਸਰੋਤ, Ravi Prakash

ਤਸਵੀਰ ਕੈਪਸ਼ਨ,

ਕਾਂਗਰਸ ਕਰ ਚੁੱਕੀ ਹੈ ਮੁਜ਼ਾਹਰਾ

ਭੁੱਖ ਕਰਕੇ ਮੌਤ

ਝਾਰਖੰਡ ਵਿੱਚ ਇੱਕ ਮਹੀਨੇ ਦੌਰਾਨ ਹੋਈਆਂ ਤਿੰਨ ਮੌਤਾਂ ਨੂੰ ਲੈ ਕੇ ਪ੍ਰਸ਼ਾਸਨ ਤੇ ਪਿੰਡਵਾਸੀਆਂ ਦੇ ਵੱਖੋ-ਵੱਖਰੇ ਦਾਅਵੇ ਹਨ।

ਜਲਡੇਗਾ (ਲਿਮਡੇਗਾ) ਦੀ ਸੰਤੋਸ਼ੀ ਕੁਮਾਰੀ, ਝਰਿਆ (ਧਨਬਾਦ) ਦੇ ਬੈਜਨਾਥ ਰਵਿਦਾਸ ਤੇ ਮੋਹਨਪੁਰ (ਦੇਵਘਰ) ਦੇ ਰੂਪਲਾਲ ਮਰਾਂਡੀ ਦੀ ਬੈਵਕਤੀ ਮੌਤ ਤੋਂ ਬਾਅਦ ਇਨ੍ਹਾਂ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਘਰ ਵਿੱਚ ਅਨਾਜ ਨਾ ਹੋਣ ਕਰਕੇ ਖਾਣਾ ਨਹੀਂ ਬਣ ਪਾ ਰਿਹਾ ਸੀ।

ਇਸ ਕਰਕੇ ਉਸ ਦੀ ਮੌਤ ਹੋਈ। ਜਦਕਿ ਮੁੱਖ ਮੰਤਰੀ ਰਘੁਵਰ ਦਾਸ ਤੇ ਉਨ੍ਹਾਂ ਦੇ ਅਫ਼ਸਰ ਇਸ ਤੋਂ ਇਨਕਾਰ ਕਰਦੇ ਹਨ।

ਮੁੱਖ ਮੰਤਰੀ ਨੇ ਪਿਛਲੇ ਦਿਨੀਂ ਹੋਏ ਇੱਕ ਜਨਤਕ ਸਮਾਗਮ ਵਿੱਚ ਦਾਅਵਾ ਕੀਤਾ ਸੀ ਕਿ ਇਨ੍ਹਾਂ ਦੀ ਮੌਤ ਦੀ ਵਜ੍ਹਾ ਭੁੱਖ ਨਹੀਂ ਹੈ।

ਇਸ ਵਿਚਾਲੇ, ਕਾਂਗਰਸ ਪਾਰਟੀ ਨੇ ਪੂਰੇ ਸੂਬੇ ਖਿਲਾਫ਼ ਧਰਨਾ ਦਿੱਤਾ। ਪਾਰਟੀ ਆਗੂ ਤੇ ਗੋਡਾ ਜ਼ਿਲ੍ਹੇ ਦੀ ਪ੍ਰਧਾਨ ਦੀਪਿਕਾ ਪਾਂਡੇ ਸਿੰਘ ਨੇ ਕਿਹਾ ਕਿ ਸਰਕਾਰ ਆਪਣੀ ਨਾਕਾਮੀ ਲੁਕਾ ਰਹੀ ਹੈ।

ਸੱਚ ਤਾਂ ਇਹ ਹੈ ਕਿ ਇੰਨ੍ਹਾਂ ਲੋਕਾਂ ਦੀ ਮੌਤ ਭੁੱਖ ਕਰਕੇ ਹੋਈ ਹੈ ਤੇ ਸਰਕਾਰ ਇੰਨ੍ਹਾਂ ਨੂੰ ਰਾਸ਼ਨ ਦੇਣ ਵਿੱਚ ਨਾਕਾਮ ਸਾਬਿਤ ਹੋ ਰਹੀ ਹੈ।

ਤਸਵੀਰ ਸਰੋਤ, Ravi Prakash

ਤਸਵੀਰ ਕੈਪਸ਼ਨ,

ਸੰਤੋਸ਼ੀ ਦੇ ਪਰਿਵਾਰ ਦੇ ਲੋਕ

ਅਧਾਰ ਹੈ ਵਜ੍ਹਾ

ਦੇਵਘਰ ਵਿੱਚ ਚੱਲ ਰਹੀ ਸੰਸਥਾ ਪ੍ਰਵਾਹ ਦੀ ਪ੍ਰੋਗਰਾਮ ਮੈਨੇਜਰ ਬਬਿਤਾ ਸਿਨਹਾ ਕਹਿੰਦੀ ਹੈ ਕਿ ਮੋਹਨਪੁਰ ਦੇ ਜਿਸ ਰੂਪਲਾਲ ਮਰਾਂਡੀ ਦੀ ਮੌਤ ਭੁੱਖ ਕਰਕੇ ਹੋਣ ਤੋਂ ਪ੍ਰਸ਼ਾਸਨ ਇਨਕਾਰ ਕਰ ਰਿਹਾ ਹੈ, ਉਨ੍ਹਾਂ ਦੇ ਘਰ ਵਿੱਚ ਕਈ ਦਿਨਾਂ ਤੋਂ ਖਾਣਾ ਨਹੀਂ ਬਣਿਆ ਸੀ।

ਉਹ ਲੋਕ ਘਰ ਵਿੱਚ ਬਚੀ ਮੂੜੀ (ਫੁੱਲੀਆਂ) ਖਾ ਕੇ ਗੁਜ਼ਾਰਾ ਕਰ ਰਹੇ ਸਨ।

ਉਨ੍ਹਾਂ ਦੇ ਡੀਲਰ ਨੇ ਰਾਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਅਧਾਰ ਕਾਰਡ ਪੀਓਐੱਸ ਮਸ਼ੀਨ ਵਿੱਚ ਅਪਡੇਟ ਨਹੀਂ ਸੀ।

ਇਸੇ ਤਰ੍ਹਾਂ ਝਰੀਆ ਦੇ ਬੈਜਨਾਥ ਰਵੀਦਾਸ ਅਤੇ ਜਲਡੇਗਾ ਦੀ ਸੰਤੋਸ਼ੀ ਕੁਮਾਰੀ ਦੀ ਮੌਤ ਤੋਂ ਬਾਅਦ ਇਹ ਗੱਲ ਜਨਤਕ ਹੋਈ ਕਿ ਪਰਿਵਾਰ ਨੂੰ ਰਾਸ਼ਨ ਨਹੀਂ ਮਿਲ ਪਾ ਰਿਹਾ ਸੀ।

ਸੰਤੋਸ਼ੀ ਦੀ ਮਾਂ ਕੋਇਲੀ ਦੇਵੀ ਕਹਿੰਦੀ ਹੈ ਕਿ ਅਧਾਰ ਕਾਰਡ ਕਰਕੇ ਡੀਲਰ ਉਨ੍ਹਾਂ ਨੂੰ ਰਾਸ਼ਨ ਨਹੀਂ ਦੇ ਪਾ ਰਿਹਾ ਸੀ।

ਉੱਥੇ ਹੀ ਬੈਜਨਾਥ ਰਵੀਦਾਸ ਦੇ ਬੇਟੇ ਰਵੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਦੀ ਮੌਤ ਤੋਂ ਬਾਅਦ ਡੀਲਰ ਰਾਸ਼ਨ ਨਹੀਂ ਦੇ ਰਿਹਾ ਸੀ।

ਉਦੋਂ ਉਨ੍ਹਾਂ ਦੇ ਪਿਤਾ ਜੀ ਨੇ ਨਵਾਂ ਰਾਸ਼ਨ ਕਾਰਡ ਬਣਵਾਉਣ ਲਈ ਅਪਲਾਈ ਕੀਤਾ, ਪਰ ਇਸ ਦੇ ਬਣਨ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)