ਦੇਸ਼ ਦਾ ਪਹਿਲਾ ਵੋਟਰ ਸ਼ਾਇਦ ਇਸ ਵਾਰ ਨਾ ਪਾਵੇ ਵੋਟ

First voter of india Image copyright Pankaj Sharma

ਕਮਜ਼ੋਰ ਨਜ਼ਰ, ਬੁੱਢਾ ਸਰੀਰ ਅਤੇ ਲੜਖੜਾਂਦੇ ਪੈਰ ਅੱਜ ਵੀ ਜਜ਼ਬੇ, ਜੋਸ਼ ਅਤੇ ਜੰਨੂਨ ਦੀ ਕਹਾਣੀ ਬਿਆਨ ਕਰਦੇ ਹਨ।

ਸ਼ਾਮ ਸਰਨ ਨੇਗੀ ਅਜ਼ਾਦ ਭਾਰਤ ਦੇ ਪਹਿਲੇ ਅਤੇ ਸਭ ਤੋਂ ਬਜ਼ੁਰਗ ਵੋਟਰ ਹਨ। ਨੇਗੀ ਕਰੀਬ 16 ਲੋਕ ਸਭਾ ਅਤੇ 12 ਵਿਧਾਨ ਸਭਾ ਚੋਣਾਂ ਵਿੱਚ ਵੋਟ ਦਾ ਇਸਤੇਮਾਲ ਕਰ ਚੁਕੇ ਹਨ।

ਕਰੀਬ 100 ਬਸੰਤ ਪਾਰ ਕਰ ਚੁੱਕੇ ਸ਼ਾਮ ਸਰਨ ਨੇਗੀ ਦੀ ਸਿਹਤ ਹੁਣ ਬਹੁਤ ਕਮਜ਼ੋਰ ਹੋ ਗਈ ਹੈ ਪਰ ਉਨ੍ਹਾਂ ਹਿੰਮਤ ਤੇ ਹੌਸਲਾ ਅਜੇ ਵੀ ਬਰਕਰਾਰ ਹੈ।

ਜ਼ਿਲ੍ਹਾ ਕਿੰਨੌਰ ਦੇ ਕਲਪਾ ਨਿਵਾਸੀ ਸ਼ਾਮ ਸਰਨ ਨੇਗੀ ਕਰੀਬ 101 ਸਾਲ ਦੇ ਹੋ ਗਏ ਹਨ। ਸਰੀਰ ਮੁਸ਼ਕਲ ਨਾਲ ਸਾਥ ਦੇ ਰਿਹਾ ਹੈ।

ਸ਼ਾਮ ਸਰਨ ਨੇਗੀ ਕਹਿੰਦੇ ਹਨ ਜੇਕਰ ਉਨ੍ਹਾਂ ਦੀ ਸਿਹਤ ਠੀਕ ਰਹੀ ਤਾਂ ਹੀ ਉਹ ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਕਰਨਗੇ।

1952 ਵਿੱਚ ਪਾਈ ਸੀ ਵੋਟ

ਸ਼ਾਮ ਸਰਨ ਨੇਗੀ ਦਾ ਜਨਮ 1 ਜੁਲਾਈ 1917 ਨੂੰ ਹਿਮਾਚਲ ਪ੍ਰਦੇਸ਼ ਦੇ ਕਲਪਾ ਵਿੱਚ ਹੋਇਆ। ਉਹ ਇੱਕ ਰਿਟਾਇਰਡ ਸਕੂਲ ਮਾਸਟਰ ਹਨ।

ਸ਼ਾਮ ਸਰਨ ਨੇਗੀ ਨੇ 1951 ਵਿੱਚ ਹੋਏ ਅਜ਼ਾਦ ਭਾਰਤ ਦੀਆਂ ਪਹਿਲੀਆਂ ਆਮ ਚੋਣਾਂ ਵਿੱਚ ਸਭ ਤੋਂ ਪਹਿਲਾ ਵੋਟਿੰਗ ਕੀਤੀ ਸੀ।

Image copyright Pankaj Sharma

1947 ਵਿੱਚ ਬ੍ਰਿਟਿਸ਼ ਰਾਜ ਦੇ ਅੰਤ ਦੇ ਬਾਅਦ ਦੇਸ਼ ਦੀਆਂ ਪਹਿਲੀਆਂ ਚੋਣਾਂ ਫਰਵਰੀ 1952 ਵਿੱਚ ਹੋਈਆ ਪਰ ਠੰਡ ਦੇ ਮੌਸਮ ਵਿੱਚ ਭਾਰੀ ਬਰਫ਼ਬਾਰੀ ਹੋਣ ਦੀ ਸੰਭਾਵਨਾਵਾਂ ਕਾਰਨ ਇੱਥੋਂ ਦੇ ਵੋਟਰਾਂ ਨੂੰ 5 ਮਹੀਨੇ ਪਹਿਲਾਂ ਹੀ ਵੋਟ ਪਾਉਣ ਦਾ ਮੌਕਾ ਦਿੱਤਾ ਗਿਆ ਸੀ।

ਸ਼ਾਮ ਸਰਨ ਨੇਗੀ ਨੇ 1951 ਦੇ ਬਾਅਦ ਦੀਆਂ ਹਰ ਆਮ ਚੋਣਾਂ ਲਈ ਵੋਟਿੰਗ ਕੀਤੀ। ਉਨ੍ਹਾਂ ਨੂੰ ਭਾਰਤ ਦੇ ਪਹਿਲੇ ਤੇ ਸਭ ਤੋਂ ਪੁਰਾਣੇ ਵੋਟਰ ਨਾਲ ਜਾਣਿਆ ਜਾਂਦਾ ਹੈ।

ਸ਼ਾਮ ਸਰਨ ਨੇਗੀ ਨੇ ਹਿਮਾਚਲ ਪ੍ਰਦੇਸ਼ ਦੀਆਂ ਹਰ ਚੋਣਾਂ ਵਿੱਚ ਵੋਟਿੰਗ ਕੀਤੀ ਹੈ। ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਾਮ ਸਰਨ ਨੇਗੀ ਦੇ ਵੋਟ ਪਾਉਣ ਲਈ ਪ੍ਰਸ਼ਾਸਨ ਨੇ ਸ਼ਾਨਦਾਰ ਤਿਆਰੀਆਂ ਕੀਤੀਆਂ ਹਨ।

ਨੇਗੀ ਨੂੰ ਕੀਤਾ ਜਾਵੇਗੀ ਸਨਮਾਨਿਤ

Image copyright pankaj sharma

ਕਿੰਨੌਰ ਦੇ ਡੀਸੀ ਡਾ. ਨਰੇਸ਼ ਕੁਮਾਰ ਲੱਠ ਦੱਸਦੇ ਹਨ ਕਿ 9 ਨਵੰਬਰ ਦੀ ਵੋਟਿੰਗ ਲਈ ਸ਼ਾਮ ਸਰਨ ਨੇਗੀ ਨੂੰ ਪ੍ਰਸ਼ਾਸਨਿਕ ਅਧਿਕਾਰੀ ਘਰ ਤੋਂ ਹੀ ਵੋਟਿੰਗ ਲਈ ਲੈ ਕੇ ਆਉਣਗੇ। ਇਸਦੇ ਨਾਲ ਉਨ੍ਹਾਂ ਨੂੰ ਸੱਭਿਆਚਾਰਕ ਟੋਪੀ ਅਤੇ ਮਫ਼ਲਰ ਦੇ ਨਾਲ ਸਨਮਾਨਿਤ ਕੀਤਾ ਜਾਵੇਗੀ।

ਸਮੋਗ: ਦਿੱਲੀ ਤੋਂ ਲਾਹੌਰ ਤੱਕ ਐਮਰਜੈਂਸੀ ਹਾਲਾਤ

ਚਾਰ ਸਾਲ 'ਚ ਦੁਨੀਆਂ ਨੂੰ ਹਿਲਾਉਣ ਵਾਲੇ ਖੁਲਾਸੇ

ਸ਼ਾਮ ਸਰਨ ਨੇਗੀ ਨੇ ਦੇਸ਼ ਦੇ ਵੋਟਰਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਪਿੰਡ ਦੇ ਲੋਕ ਅਕਸਰ ਨੇਗੀ ਦਾ ਹਾਲ ਪੁੱਛਣ ਆਉਂਦੇ ਰਹਿੰਦੇ ਹਨ। ਲੋਕ ਪਿਆਰ ਨਾਲ ਉਨ੍ਹਾਂ ਨੂੰ ਗੁਰੂ ਜੀ ਕਹਿੰਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਸ਼ਾਨ ਮੰਨਦੇ ਹਨ।

ਸਥਾਨਕ ਨਿਵਾਸੀ ਜਗਤ ਨੇਗੀ ਦੱਸਦੇ ਹਨ ਕਿ ਅੱਜ ਸ਼ਾਮ ਸਰਨ ਨੇਗੀ ਦੇ ਕਾਰਨ ਉਨ੍ਹਾਂ ਦੇ ਛੋਟੇ ਜਿਹੇ ਪਿੰਡ ਦਾ ਨਾਮ ਪੂਰੇ ਦੇਸ਼ ਵਿੱਚ ਮਸ਼ਹੂਰ ਹੋ ਗਿਆ ਹੈ ਜੋ ਮਾਣ ਵਾਲੀ ਗੱਲ ਹੈ।

ਸ਼ਾਮ ਸਰ ਨੇਗੀ ਦਾ ਮੁੰਡਾ ਚੰਦਰ ਪ੍ਰਕਾਸ਼ ਨੇਗੀ ਦੱਸਦਾ ਹੈ ਕਿ ਇਸ ਉਮਰ ਵਿੱਚ ਵੀ ਉਹ ਅਪਣਾ ਕੰਮ ਖ਼ੁਦ ਕਰਨਾ ਪਸੰਦ ਕਰਦੇ ਹਨ।

ਸ਼ਾਮ ਸਰਨ ਨੇਗੀ ਨੂੰ ਚੋਣ ਕਮਿਸ਼ਨ ਨੇ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ। 2010 ਵਿੱਚ ਤੱਤਕਾਲੀ ਮੁੱਖ ਚੋਣ ਕਮਿਸ਼ਨਰ ਨਵੀਨ ਚਾਵਲਾ ਨੇ ਪਿੰਡ ਆ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਸੀ।

ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਲਈ ਇਸ ਵਾਰ ਕਰੀਬ 50 ਲੱਖ ਵੋਟਰ ਹਨ।

Image copyright PAnkaj Sharma

ਸ਼ਾਮ ਸਰਨ ਨੇਗੀ ਅੱਜ ਵੀ ਸਾਰੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਲੋਕਤੰਤਰ ਵਿੱਚ ਜਨਤਾ ਦੀ ਤਾਕਤ ਉਨ੍ਹਾਂ ਦਾ ਵੋਟ ਹੈ।

ਵੋਟ ਦੀ ਅਹਿਮੀਅਤ ਦੱਸਦੇ ਹਨ

ਅੱਖਾਂ ਅਤੇ ਕੰਨ ਭਾਵੇਂ ਹੀ ਸ਼ਾਮ ਸਰਨ ਨੇਗੀ ਦਾ ਸਾਥ ਨਾ ਦੇਣ ਪਰ ਦੇਸ਼ ਦੀ ਹਰ ਖ਼ਬਰ ਤੇ ਉਹ ਆਪਣੀ ਨਜ਼ਰ ਰੇਡੀਓ ਦੇ ਜ਼ਰੀਏ ਰੱਖਦੇ ਹਨ।

ਅੱਜ ਦੇ ਦੌਰ ਵਿੱਚ ਵਿਕਾਸ ਅਤੇ ਅਸਾਨ ਸਹੂਲੀਅਤ ਦਾ ਜ਼ਿਕਰ ਕਰਦੇ ਹੋਏ ਨੇਗੀ ਦੇਸ਼ੀ ਦੀ ਤਰੱਕੀ ਤੋਂ ਤਾਂ ਖੁਸ਼ ਹਨ ਪਰ ਭ੍ਰਿਸ਼ਟਾਚਾਰ ਨੂੰ ਉਹ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਮੰਨਦੇ ਹਨ।

ਅਜ਼ਾਦ ਭਾਰਤ ਦੇ ਸਭ ਤੋਂ ਪਹਿਲੇ ਅਤੇ ਬਜ਼ੁਰਗ ਵੋਟਰ ਸ਼ਾਮ ਸਰਨ ਨੇਗੀ ਅੱਜ ਦੇਸ਼ ਦੇ ਉਨ੍ਹਾਂ ਕਰੋੜਾਂ ਲੋਕਾਂ ਲਈ ਇੱਕ ਮਿਸਾਲ ਹਨ ਜੋ ਆਪਣੀ ਵੋਟ ਦੀ ਅਹਮਿਅਤ ਨਹੀਂ ਦੇਖਦੇ।

ਪੰਜਾਬ ਦੇ 2 ਪਿੰਡ ਚਰਚਾ ਵਿੱਚ ਕਿਉਂ?

ਕਮਾਈ- ਟਾਪ ਦੇ 100 ਖਿਡਾਰੀਆਂ ’ਚ ਕਿੰਨੀਆਂ ਔਰਤਾਂ

ਗੌਰਤਲਬ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ 7521 ਪੋਲਿੰਗ ਸਟੇਸ਼ਨਾਂ 'ਤੇ 9 ਨਵੰਬਰ 2017 ਨੂੰ ਵੋਟਿੰਗ ਹੋਵੇਗੀ। ਇੱਥੇ ਪਹਿਲੀ ਵਾਰ ਵੀਵੀਪੀਏਟੀ ਮਸ਼ੀਨ ਦੀ ਵਰਤੋਂ ਹੋਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)