ਕਿੱਥੇ ਬਿਜਲੀ-ਪਾਣੀ ਨਹੀਂ ਬਾਂਦਰ ਹਨ ਅਹਿਮ ਮੁੱਦਾ?

ਸ਼ਿਮਲਾ ਵਿੱਚ ਬਾਂਦਰਾਂ ਦੀ ਵੱਧਦੀ ਆਬਾਦੀ ਹੈ ਸਮੱਸਿਆ
ਫੋਟੋ ਕੈਪਸ਼ਨ ਸ਼ਿਮਲਾ ਵਿੱਚ ਬਾਂਦਰਾਂ ਦੀ ਵੱਧਦੀ ਆਬਾਦੀ ਹੈ ਸਮੱਸਿਆ

ਭਾਰਤ ਦੇ ਹਿਮਾਚਲ ਪ੍ਰਦੇਸ ਸੂਬੇ ਵਿੱਚ ਸ਼ਹਿਰਾਂ ਅਤੇ ਕਸਬਿਆਂ ਵਿੱਚ ਬਾਂਦਰਾਂ ਦੀ ਵੱਧਦੀ ਹੋਈ ਗਿਣਤੀ ਮੁਸ਼ਕਿਲਾਂ ਪੈਦਾ ਕਰ ਰਹੀ ਹੈ। ਦਿੱਕਤਾਂ ਇੰਨੀ ਵੱਧ ਗਈਆਂ ਹਨ ਕਿ ਇਹ ਸੂਬੇ ਦੀਆਂ ਚੋਣਾਂ ਦਾ ਅਹਿਮ ਮੁੱਦਾ ਬਣਾ ਗਿਆ ਹੈ।

ਸੂਬੇ ਦੀ ਵੱਡੀ ਸਿਆਸੀ ਪਾਰਟੀਆਂ ਕਾਂਗਰਸ ਤੇ ਬੀਜੇਪੀ ਦੋਵਾਂ ਨੇ ਚੋਣਾਂ ਦੌਰਾਨ ਬਾਂਦਰਾਂ ਦੀ ਸਮੱਸਿਆ ਦਾ ਹੱਲ ਤਲਾਸ਼ ਕਰਨ ਦਾ ਵਾਅਦਾ ਕੀਤਾ ਹੈ।

ਸੂਬੇ ਦੀ ਰਾਜਧਾਨੀ ਸ਼ਿਮਲਾ ਵਿੱਚ ਬਾਂਦਰਾਂ ਦੇ ਝੁੰਡ ਹਰ ਥਾਂ 'ਤੇ ਦੇਖੇ ਜਾ ਸਕਦੇ ਹਨ। ਇਹ ਅਕਸਰ ਖ਼ਤਰਨਾਕ ਸਾਬਿਤ ਹੁੰਦੇ ਹਨ।

ਦਸ ਸਾਲ ਦੀ ਨੀਲਮ ਸ਼ਰਮਾ ਅਤੇ ਉਸਦੇ ਛੋਟੇ ਭਰਾ ਰੋਹਿਤ ਦੇ ਲਈ ਘਰ ਤੋਂ ਸਕੂਲ ਜਾਣਾ ਇੱਕ ਮੁਸ਼ਕਿਲ ਕੰਮ ਹੈ।

ਸਥਾਨਕ ਲੋਕਾਂ 'ਚ ਬਾਂਦਰਾਂ ਦਾ ਖੌਫ਼

ਨੀਲਮ ਕਹਿੰਦੀ ਹੈ, "ਰਸਤੇ ਵਿੱਚ ਅਕਸਰ ਬਾਂਦਰਾਂ ਦਾ ਝੁੰਡ ਸਾਨੂੰ ਮਿਲਦਾ ਹੈ। ਉਹ ਸਾਨੂੰ ਦੌੜਾਂਦੇ ਹਨ ਅਤੇ ਕਦੇ-ਕਦੇ ਬੈਗ ਵੀ ਖੋਹ ਲੈਂਦੇ ਹਨ।

ਅਸੀਂ ਕਿਸੇ ਵੱਡੇ ਦਾ ਇੰਤਜ਼ਾਰ ਕਰਦੇ ਹਾਂ ਤਾਂ ਜੋ ਅਸੀਂ ਉੱਥੋਂ ਨਿਕਲ ਸਕੀਏ, ਨਹੀਂ ਤਾਂ ਸਾਨੂੰ ਇੱਕਲੇ ਹੀ ਜਾਣਾ ਹੁੰਦਾ ਹੈ।''

ਸ਼ਹਿਰ ਵਿੱਚ ਘਰਾਂ, ਬਾਜ਼ਾਰਾਂ, ਸੜ੍ਹਕਾਂ ਅਤੇ ਰੁੱਖਾਂ 'ਤੇ ਹਰ ਥਾਂ 'ਤੇ ਬਾਂਦਰ ਨਜ਼ਰ ਆਉਂਦੇ ਹਨ ਅਤੇ ਇੱਥੋਂ ਦੇ ਨਿਵਾਸੀ ਖੌਫ਼ ਵਿੱਚ ਰਹਿੰਦੇ ਹਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਹਿਮਾਚਲ ਪ੍ਰਦੇਸ਼ ਵਿੱਚ ਬਾਂਦਰ ਵੱਡੀ ਸਮੱਸਿਆ

ਸੰਤਰਾਮ ਸ਼ਰਮਾ ਕਹਿੰਦੇ ਹਨ, "ਬਾਂਦਰਾਂ ਨੇ ਮੇਰੇ ਨੂੰਹ ਨੂੰ ਇੰਨੀ ਜ਼ੋਰ ਨਾਲ ਦੌੜਾਇਆ ਕਿ ਉੱਥੇ ਡਿੱਗ ਪਈ ਅਤੇ ਉਸਨੂੰ ਵੱਢ ਲਿਆ। ਮੇਰੇ ਪੋਤਰੇ ਨੂੰ ਬਾਂਦਰਾਂ ਨੇ ਦੌੜਾਇਆ ਅਤੇ ਉਸਨੂੰ ਵੀ ਵੱਢ ਲਿਆ।''

'ਅਦਰਕ ਤੱਕ ਖਾ ਜਾਂਦੇ ਹਨ ਬਾਂਦਰ'

ਹਿਮਾਚਲ ਵਿੱਚ ਬਾਂਦਰਾਂ ਦੀ ਗਿਣਤੀ ਇੰਨੀ ਵੱਧ ਚੁੱਕੀ ਹੈ ਕਿ ਉਹ ਸ਼ਹਿਰਾਂ ਤੋਂ ਨਿਕਲ ਕੇ ਕਈ ਪਿੰਡਾਂ ਵਿੱਚ ਫੈਲ ਗਏ ਹਨ। ਫ਼ਲਾਂ ਤੇ ਫ਼ਸਲਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ।

ਨਮੋਲ ਪਿੰਡ ਦੇ ਇੱਕ ਕਿਸਾਨ ਪਿਆਰੇ ਲਾਲ ਠਾਕੁਰ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਬਾਂਦਰਾਂ ਦੀ ਤਾਦਾਦ ਬਹੁਤ ਵੱਧ ਗਈ ਹੈ।

ਫੋਟੋ ਕੈਪਸ਼ਨ ਸਕੂਲ ਜਾਂਦੇ ਬੱਚਿਆਂ ਲਈ ਬਾਂਦਰ ਬਣਦੇ ਹਨ ਚੁਣੌਤੀ

ਉਹ ਕਹਿੰਦੇ ਹਨ, "ਬਾਂਦਰ ਅੰਬ, ਅਮਰੂਦ, ਅਨਾਰ ਤੇ ਬਾਦਾਮ ਖਾ ਜਾਂਦੇ ਹਨ। ਹੁਣ ਤਾਂ ਉਹ ਖੇਤਾਂ ਵਿੱਚ ਦਾਲ ਤੱਕ ਨੂੰ ਨਹੀਂ ਛੱਡਦੇ। ਕਿਸਾਨ ਬਾਂਦਰਾਂ ਕਰਕੇ ਬਹੁਤ ਪਰੇਸ਼ਾਨ ਹਨ।''

ਦੂਜੇ ਕਿਸਾਨ ਭਰਤ ਸ਼ਰਮਾ ਨੇ ਕਿਹਾ, "ਬਾਂਦਰ ਕੀ ਜਾਣੇ ਅਦਰਕ ਦਾ ਸਵਾਦ ਵਰਗੇ ਅਖਾਣ ਹੁਣ ਬੇਕਾਰ ਹੋ ਚੁੱਕੇ ਹਨ ਕਿਉਂਕਿ ਬਾਂਦਰ ਹੁਣ ਇੱਥੇ ਅਦਰਕ ਵੀ ਖਾਉਣ ਲੱਗੇ ਹਨ।''

ਬਾਂਦਰ ਬਣੇ ਸਿਆਸੀ ਮੁੱਦਾ

ਬਾਂਦਰਾਂ ਦੀ ਮੁਸੀਬਤ ਦਾ ਡੁੰਘਾ ਅਸਰ ਹੁਣ ਸੂਬੇ ਦੀ ਸਿਆਸਤ ਤੇ ਚੋਣਾਂ 'ਤੇ ਵੀ ਪੈਣ ਲੱਗਾ ਹੈ।

ਬੀਜੇਪੀ ਆਗੂ ਅਤੇ ਚੋਣਾਂ ਵਿੱਚ ਉਮੀਦਵਾਰ ਡਾ. ਪ੍ਰਮੋਦ ਸ਼ਰਮਾ ਕਹਿੰਦੇ ਹਨ, "ਕਿਸਾਨਾਂ ਨੂੰ ਬਾਂਦਰਾਂ ਦੀ ਤਬਾਹੀ ਤੋਂ ਬਚਾਉਣ ਦੇ ਲਈ ਜਾਲ ਲਾਉਣ ਵਰਗੇ ਇੰਤਜ਼ਾਮ ਕਰਨੇ ਪੈਣਗੇ ਨਹੀਂ ਤਾਂ ਹਿਮਾਚਲ ਦੇ ਕਿਸਾਨ ਵੀ ਦੂਜੇ ਸੂਬਿਆਂ ਦੇ ਕਿਸਾਨਾਂ ਵਾਂਗ ਖੁਦਕੁਸ਼ੀ ਕਰਨ ਨੂੰ ਮਜਬੂਰ ਹੋਣਗੇ।

Image copyright AFP

ਸੂਬਾ ਸਰਕਾਰ ਨੇ ਬਾਂਦਰਾਂ ਦੀ ਆਬਾਦੀ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੀ।

ਕਿਰਾਏ 'ਤੇ ਢਾਂਗੂ

ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੇ ਬੁਲਾਰੇ ਨਰੇਸ਼ ਚੌਹਾਨ ਨੇ ਬੀਬੀਸੀ ਨੂੰ ਦੱਸਿਆ ਕਿ ਬਾਂਦਰ ਦੀ ਸਮੱਸਿਆ ਇੱਕ ਗੰਭੀਰ ਮਸਲਾ ਹੈ।

ਉਨ੍ਹਾਂ ਕਿਹਾ, "ਅਸੀਂ ਕੁਝ ਪਿੰਡਾਂ ਵਿੱਚ ਬਾਂਦਰਾਂ ਨੂੰ ਮਾਰਨ ਦੇ ਲਈ ਕੇਂਦਰ ਸਰਕਾਰ ਤੋਂ ਇਜਾਜ਼ਤ ਲਈ ਸੀ ਪਰ ਧਾਰਮਿਕ ਭਾਵਨਾਵਾਂ ਕਰਕੇ ਇਨ੍ਹਾਂ ਨੂੰ ਮਾਰਨ ਦਾ ਕੰਮ ਅੱਗੇ ਨਹੀਂ ਵੱਧ ਸਕਿਆ।''

ਜੀਉਂਦੇ ਜੀਵ-ਜੰਤੂਆਂ ਨੂੰ ਨਾ ਮਾਰਨ ਦੀ ਸਰਕਾਰੀ ਨੀਤੀ ਕਰਕੇ ਬਾਂਦਰਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।

ਬਾਂਦਰਾਂ ਤੋਂ ਬਚਣ ਦੇ ਲਈ ਕਈ ਸੈਲਾਨੀ ਕੇਂਦਰਾਂ 'ਤੇ ਕਿਰਾਏ ਦਾ ਢਾਂਗੂ ਲੈਣ ਦਾ ਵੀ ਇੰਤਜ਼ਾਮ ਹੈ।

ਸਰਕਾਰੀ ਅੰਕੜਿਆਂ ਮੁਤਾਬਕ ਬਾਂਦਰ ਹਰ ਸਾਲ 150 ਕਰੋੜ ਤੋਂ ਵੱਧ ਦੀ ਫ਼ਸਲ ਤੇ ਫ਼ਲ ਤਬਾਹ ਕਰ ਰਹੇ ਹਨ।

ਕਾਂਗਰਸ ਅਤੇ ਬੀਜੇਪੀ ਚੋਣਾਂ ਜਿੱਤਣ 'ਤੇ ਹਿਮਾਚਲ ਪ੍ਰਦੇਸ ਵਿੱਚ ਬਾਂਦਰਾਂ ਦੀ ਸਮੱਸਿਆ ਖ਼ਤਮ ਕਰਨ ਦਾ ਵਾਅਦਾ ਕਰ ਰਹੀਆਂ ਹਨ ਪਰ ਇਹ ਸਮੱਸਿਆ ਕਿਵੇਂ ਸੁਲਝੇਗੀ ਇਸਦਾ ਕੋਈ ਠੋਸ ਹੱਲ ਉਨ੍ਹਾਂ ਕੋਲ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)