ਨਹਿਰੂ ਨੇ ਜਦੋਂ ਮੁਸਲਮਾਨ ਸ਼ਰਨਾਰਥੀਆਂ ’ਤੇ ਹੋ ਰਹੇ ਹਮਲਿਆਂ ਕਾਰਨ ਗੁੱਸੇ ’ਚ ਆ ਕੇ ਪਿਸਤੌਲ ਕੱਢਿਆ

  • ਰੇਹਾਨ ਫਜ਼ਲ
  • ਬੀਬੀਸੀ ਪੱਤਰਕਾਰ
ਜਵਾਹਰ ਲਾਲ ਨਹਿਰੂ

ਤਸਵੀਰ ਸਰੋਤ, Getty Images

ਗੱਲ 1947 ਦੀ ਹੈ। ਵੰਡ ਤੋਂ ਬਾਅਦ ਸਰਹੱਦ ਦੇ ਦੋਵੇਂ ਪਾਸੇ ਇਨਸਾਨ, ਇਨਸਾਨ ਦੇ ਖੂਨ ਦਾ ਪਿਆਸਾ ਹੋ ਗਿਆ ਸੀ। ਭਾਵੇਂ ਲਾਹੌਰ ਹੋਵੇ ਜਾਂ ਕੋਈ ਹੋਰ ਥਾਂ, ਕਤਲ ਤੇ ਲੁੱਟ-ਖਸੁੱਟ ਚਾਰੇ ਪਾਸੇ ਹੋ ਰਹੀ ਸੀ।

ਜਵਾਹਰ ਲਾਲ ਨਹਿਰੂ ਨੂੰ ਅਚਾਨਕ ਖ਼ਬਰ ਮਿਲੀ ਕਿ ਦਿੱਲੀ ਦੇ ਕਨਾਟ ਪਲੇਸ ਵਿੱਚ ਮੁਸਲਮਾਨਾਂ ਦੀਆਂ ਦੁਕਾਨਾਂ ਲੁੱਟੀਆਂ ਜਾ ਰਹੀਆਂ ਹਨ।

ਜਦੋਂ ਨਹਿਰੂ ਉੱਥੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਪੁਲਿਸ ਤਾਂ ਤਮਾਸ਼ਾ ਦੇਖ ਰਹੀ ਹੈ ਅਤੇ ਹਿੰਦੂ ਤੇ ਸਿੱਖ ਦੰਗਾਈ ਮੁਸਲਮਾਨਾਂ ਦੀਆਂ ਦੁਕਾਨਾਂ ਤੋਂ ਔਰਤਾਂ ਦੇ ਹੈਂਡਬੈਗ, ਕਾਸਮੈਟਿਕਸ ਤੇ ਮਫ਼ਲਰ ਲੈ ਕੇ ਭੱਜ ਰਹੇ ਹਨ।

ਨਹਿਰੂ ਨੂੰ ਇੰਨਾ ਗੁੱਸਾ ਆਇਆ ਕਿ ਉਹ ਇੱਕ ਸੁਸਤ ਪੁਲਿਸ ਵਾਲੇ ਦੇ ਹੱਥੋਂ ਡਾਂਗ ਖੋਹ ਕੇ ਦੰਗਾਈਆਂ ਵੱਲ ਦੌੜ ਪਏ। ਗੱਲ ਇੱਥੇ ਹੀ ਖ਼ਤਮ ਨਹੀਂ ਹੋਈ।

ਕੋਰੋਨਾਵਾਇਰਸ

ਜਵਾਹਰ ਲਾਲ ਨਹਿਰੂ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ ਅਤੇ ਜਿੰਨ੍ਹਾਂ ਮੁਲਕ ਦੇ ਅਜ਼ਾਦੀ ਲਈ ਲੜੇ ਗਏ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਈ ਸੀ।

ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ 1889 ਨੂੰ ਇਲਾਹਾਬਾਦ ਵਿਚ ਮੋਤੀ ਲਾਲ ਨਹਿਰੂ ਦੇ ਘਰ ਹੋਇਆ ਸੀ। ਉਨ੍ਹਾਂ ਦਾ ਬੱਚਿਆਂ ਨਾਲ ਖਾਸ ਲਗਾਅ ਸੀ, ਇਸ ਲਈ ਉਨ੍ਹਾਂ ਨੂੰ 'ਚਾਚਾ ਨਹਿਰੂ' ਵੀ ਕਿਹਾ ਜਾਂਦਾ ਹੈ।

ਨਹਿਰੂ ਦੀ ਮੌਤ 27 ਮਈ 1964 ਨੂੰ ਹੋਈ ਸੀ, ਉਨ੍ਹਾਂ ਦੀ ਬਰਸੀ ਮੌਕੇ ਉੱਤੇ ਬੀਬੀਸੀ ਪੱਤਰਕਾਰ ਰੇਹਾਨ ਫ਼ਜ਼ਲ ਦੀ ਇਹ ਖਾਸ ਰਿਪੋਰਟ ਸਾਂਝੀ ਕੀਤੀ ਜਾ ਰਹੀ ਹੈ।

ਕੋਰੋਨਾਵਾਇਰਸ

ਸਾਬਕਾ ਆਈਏਐੱਸ ਅਫ਼ਸਰ ਅਤੇ ਕਈ ਦੇਸਾਂ ਵਿੱਚ ਭਾਰਤ ਦੇ ਸਫੀਰ ਰਹੇ ਬਦਰੁੱਦੀਨ ਤੈਅਬਜੀ ਆਪਣੀ ਸਵੈ ਜੀਵਣੀ 'ਮੈਮੋਇਰਸ ਆਫ ਐਨ ਇਗੋਇਸਟ' ਵਿੱਚ ਲਿਖਦੇ ਹਨ, "ਇੱਕ ਰਾਤ ਮੈਂ ਨਹਿਰੂ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਦੱਸਿਆ ਕਿ ਪੁਰਾਣੀ ਦਿੱਲੀ ਤੋਂ ਸ਼ਰਨਾਰਥੀ ਕੈਂਪ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਮੁਸਲਮਾਨਾਂ ਨੂੰ ਮਿੰਟੋ ਬ੍ਰਿਜ ਦੇ ਆਲੇ-ਦੁਆਲੇ ਘੇਰ ਕੇ ਮਾਰਿਆ ਜਾ ਰਿਹਾ ਹੈ।

ਸੁਣਦੇ ਹੀ ਨਹਿਰੂ ਗੁੱਸੇ ਨਾਲ ਲਾਲ ਹੋ ਗਏ ਅਤੇ ਤੇਜ਼ੀ ਨਾਲ ਪੌੜੀਆਂ ਚੜ੍ਹਦੇ ਹੋਏ ਉੱਤੇ ਚਲੇ ਗਏ। ਥੋੜ੍ਹੀ ਦੇਰ ਬਾਅਦ ਜਦੋਂ ਉਹ ਉਤਰੇ ਤਾਂ ਉਨ੍ਹਾਂ ਦੇ ਹੱਥ ਵਿੱਚ ਇੱਕ ਪੁਰਾਣੀ, ਮਿੱਟੀ ਨਾਲ ਲਿਬੜੀ ਰਿਵਾਲਵਰ ਸੀ।

1947 ਦੀ ਵੰਡ ਵੇਲੇ ਭਾਰਤ

ਤਸਵੀਰ ਸਰੋਤ, Getty Images

ਦਰਅਸਲ ਇਹ ਰਿਵਾਲਵਰ ਉਨ੍ਹਾਂ ਦੇ ਪਿਤਾ ਮੋਤੀਲਾਲ ਦੀ ਸੀ। ਜਿਸ ਨਾਲ ਸਾਲਾਂ ਤੋਂ ਕੋਈ ਗੋਲੀ ਨਹੀਂ ਚਲਾਈ ਗਈ ਸੀ। ਉਨ੍ਹਾਂ ਨੇ ਮੈਨੂੰ ਕਿਹਾ ਕਿ, ਅਸੀਂ ਲੋਕ ਗੰਦੇ ਅਤੇ ਪੁਰਾਣੇ ਕੁਰਤੇ ਪਾ ਕੇ ਰਾਤ ਨੂੰ ਮਿੰਟੋ ਬ੍ਰਿਜ ਚਲਾਂਗੇ।''

"ਅਸੀਂ ਇਹ ਦਿਖਾਵਾਂਗੇ ਕਿ ਅਸੀਂ ਭੱਜ ਰਹੇ ਮੁਸਲਮਾਨ ਹਾਂ। ਜੇ ਕੋਈ ਸਾਡੇ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਲੱਗਿਆ ਤਾਂ ਅਸੀਂ ਉਸਨੂੰ ਗੋਲੀ ਮਾਰ ਦੇਵਾਂਗੇ। ਮੈਂ ਨਹਿਰੂ ਦੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ।''

"ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਵਾਲੇ ਦੇਸ ਦੇ ਪ੍ਰਧਾਨ ਮੰਤਰੀ ਨੂੰ ਇਹ ਸਮਝਾਉਣ ਵਿੱਚ ਮੈਨੂੰ ਕਾਫੀ ਮੁਸ਼ੱਕਤ ਕਰਨੀ ਪਈ ਕਿ ਇਸ ਤਰੀਕੇ ਦੇ ਅਪਰਾਧ ਨਾਲ ਨਜਿੱਠਣ ਦੇ ਹੋਰ ਵੀ ਬੇਹਤਰ ਤਰੀਕੇ ਹਨ।''

"ਮਾਊਂਟਬੇਟਨ ਨੂੰ ਹਮੇਸ਼ ਇਸ ਗੱਲ ਦਾ ਡਰ ਲੱਗਿਆ ਰਹਿੰਦਾ ਸੀ ਕਿ ਨਹਿਰੂ ਦਾ ਇਸ ਤਰੀਕੇ ਦਾ ਗੁੱਸਾ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਸਕਦਾ ਹੈ। ਇਸਲਈ ਉਨ੍ਹਾਂ ਦੀ ਨਿਗਰਾਨੀ ਲਈ ਉਨ੍ਹਾਂ ਨੇ ਕੁਝ ਫੌਜੀ ਲਾ ਰੱਖੇ ਸੀ।''

ਇਹ ਵੀ ਪੜ੍ਹੋ :

ਕੋਰੋਨਾਵਾਇਰਸ
ਕੋਰੋਨਾਵਾਇਰਸ

ਬਿਨਾਂ ਸੁਰੱਖਿਆ ਮੁਲਾਜ਼ਮ ਦੇ ਜ਼ਾਕਿਰ ਹੁਸੈਨ ਨੂੰ ਬਚਾਉਣ ਨਿਕਲੇ

ਇਸੀ ਤਰ੍ਹਾਂ ਆਜ਼ਾਦੀ ਤੋਂ ਕੁਝ ਦਿਨ ਪਹਿਲਾਂ ਨਹਿਰੂ ਦੇ ਇੱਕ ਸਹਿਯੋਗੀ ਮੁਹੰਮਦ ਯੂਨੁਸ ਦੇ ਕੋਲ ਜਾਮੀਆ ਮਿਲੀਆ ਇਸਲਾਮੀਆ ਦੇ ਪ੍ਰਿੰਸੀਪਲ ਡਾਕਟਰ ਜ਼ਾਕਿਰ ਹੁਸੈਨ ਦਾ ਰਾਤ 11 ਵਜੇ ਬਹੁਤ ਘਬਰਾਹਟ ਵਿੱਚ ਫ਼ੋਨ ਆਇਆ। ਬਾਅਦ ਵਿੱਚ ਡਾਕਟਰ ਜ਼ਾਕਿਰ ਹੁਸੈਨ ਭਾਰਤ ਦੇ ਤੀਜੇ ਰਾਸ਼ਟਰਪਤੀ ਬਣੇ।

ਉਸ ਵੇਲੇ ਯੂਨੁਸ ਨਹਿਰੂ ਦੇ ਘਰ ਠਹਿਰੇ ਹੋਏ ਸੀ। ਜ਼ਾਕਿਰ ਹੁਸੈਨ ਨੇ ਉਨ੍ਹਾਂ ਨੂੰ ਦੱਸਿਆ ਕਿ ਦੰਗਾਈਆਂ ਦੀ ਵੱਡੀ ਭੀੜ ਇਸ ਵਕਤ ਕਾਲਜ ਦੇ ਬਾਹਰ ਜਮ੍ਹਾ ਹੋ ਰਹੀ ਹੈ ਅਤੇ ਉਨ੍ਹਾਂ ਦੇ ਇਰਾਦੇ ਨੇਕ ਨਹੀਂ ਲੱਗਦੇ।

ਮੁਹੰਮਦ ਯੂਨੁਸ ਆਪਣੀ ਕਿਤਾਬ, 'ਪਰਸੰਸ ਪੈਸ਼ੰਸ ਐਂਡ ਪੋਲਿਟਿਕਸ' ਵਿੱਚ ਲਿਖਦੇ ਹਨ, "ਫੋਨ ਸੁਣਦੇ ਹੀ ਮੈਂ ਨਹਿਰੂ ਦੇ ਕੋਲ ਦੌੜਦਾ ਹੋਇਆ ਗਿਆ। ਉਸ ਵਕਤ ਵੀ ਉਹ ਆਪਣੇ ਦਫ਼ਤਰ ਵਿੱਚ ਕੰਮ ਕਰ ਰਹੇ ਸੀ। ਜਿਵੇਂ ਹੀ ਮੈਂ ਉਨ੍ਹਾਂ ਨੂੰ ਸਾਰੀ ਗੱਲ ਦੱਸੀ, ਉਨ੍ਹਾਂ ਨੇ ਆਪਣੀ ਕਾਰ ਮੰਗਵਾਈ ਅਤੇ ਮੈਨੂੰ ਵੀ ਉਸ ਵਿੱਚ ਬੈਠਣ ਦੇ ਲਈ ਕਿਹਾ।"

ਜ਼ਾਕਿਰ ਹੁਸੈਨ, ਭਾਰਤ ਦੇ ਸਾਬਕਾ ਰਾਸ਼ਟਰਪਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਜ਼ਾਕਿਰ ਹੁਸੈਨ, ਭਾਰਤ ਦੇ ਸਾਬਕਾ ਰਾਸ਼ਟਰਪਤੀ

"ਕਾਰ ਵਿੱਚ ਉਨ੍ਹਾਂ ਦੇ ਨਾਲ ਕੋਈ ਗਾਰਡ ਵੀ ਨਹੀਂ ਸੀ। ਜਦੋਂ ਅਸੀਂ ਜਾਮੀਆ ਪਹੁੰਚੇ ਤਾਂ ਅਸੀਂ ਉੱਥੇ ਦੇਖਿਆ ਕਿ ਡਰੇ ਹੋਏ ਵਿਦਿਆਰਥੀਆਂ ਤੇ ਮੁਲਾਜ਼ਮਾਂ ਨੇ ਇਮਾਰਤ ਦੇ ਅੰਦਰ ਪਨਾਹ ਲਈ ਹੋਈ ਹੈ ਅਤੇ ਉਨ੍ਹਾਂ ਨੂੰ ਹਿੰਸਕ ਭੀੜ ਨੇ ਘੇਰ ਰੱਖਿਆ ਹੈ।"

"ਜਿਵੇਂ ਹੀ ਨਹਿਰੂ ਉੱਥੇ ਪਹੁੰਚੇ ਭੀੜ ਨੇ ਉਨ੍ਹਾਂ ਨੂੰ ਪਛਾਣ ਲਿਆ ਤੇ ਘੇਰ ਲਿਆ। ਨਹਿਰੂ ਨੇ ਉਨ੍ਹਾਂ 'ਤੇ ਉਨ੍ਹਾਂ ਦੇ ਵਤੀਰੇ ਲਈ ਚੀਕਣਾ ਸ਼ੁਰੂ ਕਰ ਦਿੱਤਾ।"

"ਕੁਝ ਹੀ ਮਿੰਟਾਂ ਵਿੱਚ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਅਤੇ ਉਹ ਨਹਿਰੂ ਤੋਂ ਮੁਆਫ਼ੀ ਮੰਗਣ ਲੱਗੇ।"

ਨਹਿਰੂ ਨੇ ਜਾਮੀਆ ਵਿੱਚ ਵੜ੍ਹ ਕੇ ਜ਼ਾਕਿਰ ਹੁਸੈਨ ਦੀ ਹਿੰਮਤ ਵਧਾਈ। ਇਸੇ ਵਿਚਾਲੇ ਨਵੇਂ ਨਿਯੁਕਤ ਵਾਇਸਰਾਏ ਮਾਊਂਟਬੇਟਨ ਤੱਕ ਖ਼ਬਰ ਪਹੁੰਚੀ ਗਈ ਕਿ ਨਹਿਰੂ ਬਿਨਾਂ ਕਿਸੇ ਸੁਰੱਖਿਆ ਦੇ ਨਾਰਾਜ਼ ਭੀੜ ਦੇ ਸਾਹਮਣੇ ਚਲੇ ਗਏ ਹਨ।

ਉਨ੍ਹਾਂ ਨੇ ਫੌਰਨ ਕੁਝ ਜੀਪਾਂ ਵਿੱਚ ਮਸ਼ੀਨ ਗਨ ਫਿੱਟ ਕਰਾ ਕੇ ਆਪਣੇ ਸੁਰੱਖਿਆ ਮੁਲਾਜ਼ਮ ਨਹਿਰੂ ਦੀ ਸੁਰੱਖਿਆ ਦੇ ਲਈ ਭੇਜ ਦਿੱਤੇ। ਜਦੋਂ ਇਹ ਲੋਕ ਉੱਥੇ ਪਹੁੰਚੇ ਤਾਂ ਉਨ੍ਹਾਂ ਨੇ ਨਹਿਰੂ ਨੂੰ ਲੋਕਾਂ ਨਾਲ ਘਿਰਿਆ ਹੋਇਆ ਦੇਖਿਆ। ਇਸ ਤੋਂ ਪਹਿਲਾਂ ਕਿ ਕੋਈ ਅਣਹੋਣੀ ਹੁੰਦੀ, ਉਨ੍ਹਾਂ ਨੂੰ ਨਾਅਰੇ ਸੁਣਾਈ ਦਿੱਤੇ, "ਜਵਾਹਰਲਾਲ ਨਹਿਰੂ ਜ਼ਿੰਦਾਬਾਦ!''

'ਨਹਿਰੂ ਕਦੇ ਨਹੀਂ ਰੋਂਦੇ'

ਨਹਿਰੂ ਦੇ ਭਤੀਜੇ ਅਤੇ ਅਮਰੀਕਾ ਵਿੱਚ ਰਾਜਦੂਤ ਰਹੇ ਬੀ.ਕੇ ਨਹਿਰੂ ਨੇ 1935 ਵਿੱਚ ਇੱਕ ਹੰਗੇਰੀਅਨ ਕੁੜੀ ਫ਼ੋਰੀ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਪਹਿਲਾਂ ਉਹ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਮਿਲਾਉਣ ਆਨੰਦ ਭਵਨ ਲੈ ਗਏ।

ਕੋਰੋਨਾਵਾਇਰਸ

ਇਹ ਵੀ ਪੜ੍ਹੋ:

ਕੋਰੋਨਾਵਾਇਰਸ

ਉਹ ਖੱਦਰ ਪਹਿਨਣ ਵਾਲੇ ਪੂਰੇ ਪਰਿਵਾਰ ਨਾਲ ਮਿਲ ਕੇ ਬਹੁਤ ਖੁਸ਼ ਹੋਈ ਪਰ ਨਹਿਰੂ ਉਸ ਵਕਤ ਕਲਕੱਤਾ ਦੀ ਅਲੀਪੁਰ ਜੇਲ੍ਹ ਵਿੱਚ ਬੰਦ ਸੀ। ਬੀ.ਕੇ ਨਹਿਰੂ ਉਨ੍ਹਾਂ ਨੂੰ ਆਪਣੀ ਹੋਣ ਵਾਲੀ ਪਤਨੀ ਨੂੰ ਮਿਲਵਾਉਣ ਕਲਕੱਤਾ ਲੈ ਗਏ।

ਫੋਰੀ ਜਦੋਂ ਜੇਲ੍ਹ ਵਿੱਚ ਨਹਿਰੂ ਨਾਲ ਮਿਲੀ ਤਾਂ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋਇਆ ਕਿ ਇਹ ਨਿਹਾਇਤੀ ਸ਼ਰੀਫ਼, ਪਿਆਰ ਕਰਨ ਵਾਲਾ ਅਤੇ ਅੰਗ੍ਰੇਜ਼ਾਂ ਵਾਂਗ ਦਿੱਖਣ ਵਾਲਾ ਸ਼ਖਸ ਕੋਈ ਕਨੂੰਨ ਵੀ ਤੋੜ ਸਕਦਾ ਹੈ।

ਬੀ.ਕੇ ਨਹਿਰੂ ਦੀ ਆਤਮਕਥਾ, 'ਨਾਈਸ ਗਾਈਜ਼ ਫਿਨਿਸ਼ ਸੈਕੇਂਡ'
ਤਸਵੀਰ ਕੈਪਸ਼ਨ,

ਬੀ.ਕੇ ਨਹਿਰੂ ਦੀ ਆਤਮਕਥਾ, 'ਨਾਈਸ ਗਾਈਜ਼ ਫਿਨਿਸ਼ ਸੈਕੇਂਡ'

ਜਦੋਂ ਨਹਿਰੂ ਤੋਂ ਵਿਦਾ ਲੈਣ ਦਾ ਵਕਤ ਆਇਆ ਤਾਂ ਫੋਰੀ ਆਪਣੇ ਹੰਝੂ ਰੋਕ ਨਹੀਂ ਸਕੀ। ਨਹਿਰੂ ਨੂੰ ਆਪਣੇ ਪਰਿਵਾਰ ਨੂੰ ਮਹੀਨੇ ਵਿੱਚ ਸਿਰਫ਼ ਇੱਕ ਵਾਰ ਪੱਤਰ ਲਿਖਣ ਦੀ ਇਜਾਜ਼ਤ ਸੀ।

ਬੀ.ਕੇ ਨਹਿਰੂ ਆਪਣੀ ਆਤਮਕਥਾ, 'ਨਾਈਸ ਗਾਈਜ਼ ਫਿਨਿਸ਼ ਸੈਕੇਂਡ' ਵਿੱਚ ਲਿਖਦੇ ਹਨ, "ਅਗਲੇ ਮਹੀਨੇ ਜਦੋਂ ਨਹਿਰੂ ਦੀਆਂ ਚਿੱਠੀਆਂ ਵਾਲਾ ਲਿਫ਼ਾਫ਼ਾ ਆਨੰਦ ਭਵਨ ਆਇਆ ਤਾਂ ਉਸ ਵਿੱਚ ਇੱਕ ਪੱਤਰ ਫੋਰੀ ਦੇ ਲਈ ਵੀ ਸੀ।"

"ਉਨ੍ਹਾਂ ਨੇ ਉਸ ਵਿੱਚ ਲਿਖਿਆ ਸੀ, ਕਿਉਂਕਿ ਤੁਸੀਂ ਹੁਣ ਨਹਿਰੂ ਪਰਿਵਾਰ ਦੀ ਨੂੰਹ ਬਣਨ ਜਾ ਰਹੇ ਹੋ ਤਾਂ ਤੁਹਾਨੂੰ ਨਹਿਰੂ ਪਰਿਵਾਰ ਦੇ ਕੁਝ ਕਾਇਦੇ-ਕਨੂੰਨ ਵੀ ਸਿੱਖਣੇ ਪੈਣਗੇ। ਮੈਂ ਦੇਖਿਆ ਸੀ ਕਿ ਜਦੋਂ ਤੁਸੀਂ ਮੈਨੂੰ ਮਿਲ ਕੇ ਜਾ ਰਹੇ ਸੀ ਕਿ ਤੁਹਾਡੀ ਅੱਖਾਂ ਵਿੱਚ ਹੰਝੂ ਸੀ। ਇੱਕ ਗੱਲ ਯਾਦ ਰੱਖੋ ਜਿੰਨ੍ਹਾਂ ਵੀ ਦੁੱਖ ਹੋਏ ਨਹਿਰੂ ਕਦੇ ਨਹੀਂ ਰੋਂਦੇ!"

"ਉਸ ਲਿਫ਼ਾਫ਼ੇ ਵਿੱਚ ਇੱਕ ਪੱਤਰ ਇੰਦਰਾ ਗਾਂਧੀ ਦੇ ਲਈ ਵੀ ਸੀ। ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਉਨ੍ਹਾਂ ਨੂੰ ਪਰਿਵਾਰ ਦੀ ਨਵੀਂ ਨੂੰਹ ਬਹੁਤ ਪਸੰਦ ਆਈ ਹੈ।''

ਪ੍ਰੋਟੋਕੋਲ? ਵਾਟ ਪ੍ਰੋਟੋਕੋਲ?

ਅਪ੍ਰੈਲ 1949 ਵਿੱਚ ਬਰਮਾ ਦੇ ਪਹਿਲੇ ਪ੍ਰਧਾਨ ਮੰਤਰੀ ਯੂ ਨੂ ਅਚਾਨਕ ਭਾਰਤ ਦੀ ਯਾਤਰਾ 'ਤੇ ਦਿੱਲੀ ਪਹੁੰਚੇ। ਉਸ ਦਿਨ ਐਤਵਾਰ ਸੀ। ਉਸ ਵੇਲੇ ਵਿਦੇਸ਼ ਮੰਤਰਾਲੇ ਵਿੱਚ ਇੱਕ ਅਫ਼ਸਰ ਵਾਈ ਡੀ ਗੁੰਡੇਵਿਆ ਜੋ ਬਾਅਦ ਵਿੱਚ ਭਾਰਤ ਦੇ ਵਿਦੇਸ਼ ਸਕੱਤਰ ਬਣੇ, ਸ਼ੌਰਟਸ ਪਾ ਕੇ ਸਵੀਮਿੰਗ ਲਈ ਜਿਮਖਾਨਾ ਕਲੱਬ ਜਾਣ ਲਈ ਆਪਣੀ ਕਾਰ ਵਿੱਚ ਬੈਠ ਹੀ ਰਹੇ ਸੀ ਕਿ ਉਨ੍ਹਾਂ ਨੇ ਘਰ ਦੇ ਫ਼ੋਨ ਦੀ ਘੰਟੀ ਵਜੀ।

ਦੂਜੇ ਪਾਸੇ ਨਹਿਰੂ ਦੇ ਸਕੱਤਰ ਏ ਵੀ ਪਾਈ ਸੀ। ਉਹ ਬੋਲੇ, "ਪ੍ਰਧਾਨਮੰਤਰੀ ਤੁਹਾਡੇ ਨਾਲ ਫੌਰਨ ਮਿਲਣਾ ਚਾਹੁੰਦੇ ਹਨ।''

ਗੁੰਡੇਵਿਆ ਨੇ ਆਪਣੀ ਪਤਨੀ ਨੂੰ ਅੱਧੇ ਘੰਟੇ ਇੰਤਜ਼ਾਰ ਕਰਨ ਦੇ ਲਈ ਕਿਹਾ ਅਤੇ ਉਸੇ ਕੱਪੜਿਆਂ ਵਿੱਚ ਕਾਰ ਵਿੱਚ ਸਵਾਰ ਹੋ ਕੇ ਨਹਿਰੂ ਨੂੰ ਮਿਲਣ ਸਾਊਥ ਬਲਾਕ ਰਵਾਨਾ ਹੋ ਗਏ।

ਗੰਡੇਵਿਆ ਆਪਣੀ ਕਿਤਾਬ 'ਆਊਟ ਸਾਈਡ ਦ ਆਰਕਾਈਵਸ' ਵਿੱਚ ਲਿਖਦੇ ਹਨ, "ਜਿਵੇ ਹੀ ਮੈਂ ਨਹਿਰੂ ਦੇ ਕਮਰੇ ਵਿੱਚ ਵੜਿਆ ਨਹਿਰੂ ਹੱਸਦੇ ਹੋਏ ਬੋਲੇ ਕਿੱਥੇ ਜਾ ਰਹੇ ਹੋ? ਤੁਸੀਂ ਹਵਾਈ ਅੱਡੇ ਕਿਉਂ ਨਹੀਂ ਗਏ? ਮੈਨੂੰ ਉਦੋਂ ਅਹਿਸਾਸ ਹੋਇਆ ਕਿ ਮੈਂ ਸ਼ੌਰਟਸ, ਬੁਰਸ਼ਰਟ ਅਤੇ ਹਵਾਈ ਚੱਪਲ ਪਾਏ ਹੋਇਆ ਹਾਂ ਅਤੇ ਮੇਰੇ ਕੱਛ ਵਿੱਚ ਤੌਲਿਆ ਦੱਬਿਆ ਹੋਇਆ ਹੈ।"

ਜਵਾਹਰ ਲਾਲ ਨਹਿਰੂ

ਤਸਵੀਰ ਸਰੋਤ, Getty Images

"ਮੈਂ ਬਹੁਤ ਮਾਸੂਮੀਅਤ ਨਾਲ ਕਿਹਾ ਕਿ ਮੈਂ ਤਾਂ ਤੈਰਨ ਜਾ ਰਿਹਾ ਸੀ। ਨਹਿਰੂ ਨੇ ਕਿਹਾ ਕਿ ਤੁਸੀਂ ਯੂ.ਨੂ ਨੂੰ ਰਿਸੀਵ ਕਰਨ ਪਾਲਮ ਨਹੀਂ ਜਾ ਰਹੇ? ਉਹ ਅਗਲੇ ਅੱਧੇ ਘੰਟੇ ਵਿੱਚ ਉਤਰਨ ਵਾਲੇ ਹਨ।"

"ਮੈਂ ਕਿਹਾ ਕਿ ਮੈਨੂੰ ਪ੍ਰੋਟੋਕਾਲ ਨੇ ਦੱਸਿਆ ਕਿ ਮੇਰੀ ਉੱਥੇ ਲੋੜ ਨਹੀਂ ਹੋਵੇਗੀ। ਨਹਿਰੂ ਗਰਜੇ ਵਾਟ ਪ੍ਰੋਟੋਕੋਲ? ਤੁਸੀਂ ਇੱਕਲੇ ਆਦਮੀ ਹੋ ਜੋ ਯੂ ਨੂ ਨਾਲ ਮਿਲ ਚੁੱਕੇ ਹੋ। ਮੇਰੇ ਨਾਲ ਕਾਰ ਵਿੱਚ ਬੈਠੋ ਅਤੇ ਪਾਲਮ ਚਲੋ।''

ਗੁੰਡੇਵਿਆ ਅੱਗੇ ਲਿਖਦੇ ਹਨ, "ਮੈਂ ਆਪਣੀਆਂ ਨੰਗੀਆਂ ਲੱਤਾਂ ਅਤੇ ਚੱਪਲਾਂ ਨੂੰ ਦੇਖਦੇ ਹੋਏ ਨਹਿਰੂ ਤੋਂ ਪੁੱਛਿਆ, ਇਸੇ ਹਾਲਤ ਵਿੱਚ? ਨਹਿਰੂ ਨੇ ਕਿਹਾ ਇਸੇ ਹਾਲਤ ਵਿੱਚ। ਉਨ੍ਹਾਂ ਨੇ ਆਪਣੀ ਕਾਰ ਦਾ ਦਰਵਾਜਾ ਖੋਲ੍ਹਿਆ ਅਤੇ ਅਸੀਂ ਦੋਵੇਂ ਤੇਜ਼ੀ ਨਾਲ ਇੱਕ ਪੌੜੀ ਮਿਸ ਕਰਦੇ ਹੋਏ ਥੱਲੇ ਉੱਤਰੇ ਅਤੇ ਨਹਿਰੂ ਦੀ ਕਾਰ ਵਿੱਚ ਸਵਾਰ ਹੋ ਗਏ।"

"ਜਦੋਂ ਮੈਂ ਨਹਿਰੂ ਦੇ ਨਾਲ ਹਵਾਈ ਅੱਡੇ 'ਤੇ ਪਹੁੰਚਿਆ ਤਾਂ ਉੱਥੇ ਮੌਜੂਦ ਲੋਕਾਂ ਨੇ ਚਿਹਰਿਆਂ 'ਤੇ ਹੈਰਾਨੀ ਦੇ ਭਾਵ ਮੈਂ ਸਾਫ਼ ਪੜ੍ਹ ਸਕਦਾ ਸੀ। ਯੂ ਨੂ ਨੂੰ ਨਹਿਰੂ ਨਾਲ ਮਿਲਵਾਉਣ ਤੋਂ ਬਾਅਦ ਮੈਂ ਦੂਜੀ ਕਾਰ ਵਿੱਚ ਘਰ ਵਾਪਸ ਆ ਗਿਆ।"

ਐਡਵੀਨਾ ਮਾਊਂਟਬੇਟਨ ਨਾਲ ਜਵਾਹਰ ਲਾਲ ਨਹਿਰੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਐਡਵੀਨਾ ਮਾਊਂਟਬੇਟਨ ਨਾਲ ਜਵਾਹਰ ਲਾਲ ਨਹਿਰੂ

"ਕਿਸੇ ਨੇ ਇਸ ਗੱਲ 'ਤੇ ਕੁਝ ਨਹੀਂ ਕਿਹਾ ਕਿ ਜਿਸ ਕਾਰ ਵਿੱਚ ਦੋ ਪ੍ਰਧਾਨ ਮੰਤਰੀ ਸਫ਼ਰ ਕਰਨ ਵਾਲੇ ਸੀ, ਉਸਦੀ ਪਿਛਲੀ ਸੀਟ 'ਤੇ ਮੇਰਾ ਸਵੀਮਿੰਗ ਟਰੰਕ ਅਤੇ ਤੌਲੀਆ ਪਿਆ ਹੋਇਆ ਸੀ। ਅਗਲੇ ਦਿਨ ਮੇਰੀ ਮੇਜ਼ 'ਤੇ ਇੱਕ ਪਾਰਸਲ ਰੱਖਿਆ ਹੋਇਆ ਸੀ ਜਿਸ ਵਿੱਚ ਮੇਰਾ ਤੌਲਿਆ ਤੇ ਟਰੰਕ ਸੀ।''

ਨਹਿਰੂ ਅਤੇ ਐਡਵੀਨਾ ਦਾ 'ਇਸ਼ਕ'

ਨਹਿਰੂ ਐਡਵੀਨਾ ਮਾਊਂਟਬੇਟਨ ਨੂੰ ਬੇਹਦ ਪਸੰਦ ਕਰਦੇ ਸੀ। ਕੁਝ ਹਲਕੇ ਵਿੱਚ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਐਡਵੀਨਾ ਨਾਲ ਇਸ਼ਕ ਸੀ। 1949 ਵਿੱਚ ਨਹਿਰੂ ਪਹਿਲੀ ਵਾਰ ਕਾਮਨਵੈਲਥ ਸ਼ਿਖਰ ਸੰਮੇਲਨ ਵਿੱਚ ਹਿੱਸਾ ਲੈਣ ਲੰਡਨ ਪਹੁੰਚੇ।

ਉਸ ਵੇਲੇ ਖੁਸ਼ਵੰਤ ਸਿੰਘ ਭਾਰਤੀ ਸਿਫਾਰਤਖਾਨੇ ਵਿੱਚ ਜਨ ਸੰਪਰਕ ਅਫਸਰ ਹੋਇਆ ਕਰਦੇ ਸੀ। ਇੱਕ ਦਿਨ ਜਦੋਂ ਉਹ ਆਪਣੇ ਦਫ਼ਤਰ ਪਹੁੰਚੇ ਤਾਂ ਆਪਣੀ ਮੇਜ਼ 'ਤੇ ਭਾਰਤੀ ਸਫੀਰ ਕ੍ਰਿਸ਼ਣਾ ਮੇਨਨ ਦਾ ਇੱਕ ਨੋਟ ਲਿਖਿਆ ਹੋਇਆ ਮਿਲਿਆ. ਜਿਸ ਤੇ ਲਿਖਿਆ ਸੀ, "ਮੈਨੂੰ ਫੌਰਨ ਮਿਲੋ।''

ਐਡਵੀਨਾ ਮਾਊਂਟਬੇਟਨ ਨਾਲ ਜਵਾਹਰ ਲਾਲ ਨਹਿਰੂ

ਤਸਵੀਰ ਸਰੋਤ, Getty Images

"ਖੁਸ਼ਵੰਤ ਸਿੰਘ ਆਪਣੀ ਆਤਮਕਥਾ 'ਟਰੁੱਥ ਲਵ ਐਂਡ ਲਿਟਿਲ ਮੇਲਿਸ' ਵਿੱਚ ਲਿਖਦੇ ਹਨ "ਜਾਣ ਤੋਂ ਪਹਿਲਾਂ ਮੈਂ ਸੋਚਿਆ ਕਿ ਕੁਝ ਅਖ਼ਬਾਰਾਂ 'ਤੇ ਨਜ਼ਰ ਪਾ ਲਵਾਂ ਕਿਤੇ ਨਹਿਰੂ ਬਾਰੇ ਕੁਝ ਗਲਤ ਤਾਂ ਨਹੀਂ ਛੱਪਿਆ ਹੈ?"

"ਮੈਂ ਦੇਖਿਆ ਕਿ ਡੇਲੀ ਹੈਰਾਲਡ ਦੇ ਪਹਿਲੇ ਹੀ ਪੰਨੇ 'ਤੇ ਨਹਿਰੂ ਤੇ ਲੇਡੀ ਮਾਊਂਟਬੇਟਨ ਦੀ ਇੱਕ ਵੱਡੀ ਤਸਵੀਰ ਛਪੀ ਹੈ ਜਿਸ ਵਿੱਚ ਉਹ ਨਾਈਟੀ ਪਾ ਕੇ ਨਹਿਰੂ ਦੇ ਲਈ ਆਪਣੇ ਘਰ ਦਾ ਦਰਵਾਜਾ ਖੋਲ੍ਹਦੇ ਦਿਖਾਈ ਦੇ ਰਹੀ ਹੈ।"

"ਉਸ ਦੇ ਥੱਲੇ ਕੈਪਸ਼ਨ ਲਿਖਿਆ ਸੀ, "ਲੇਡੀ ਮਾਊਂਟਬੇਟੰਸ ਮਿਡ ਨਾਈਟ ਵਿਜ਼ੀਟਰ।' ਉਸ ਖ਼ਬਰ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਉਸ ਵਕਤ ਲਾਰਡ ਮਾਊਂਟਬੇਟਨ ਲੰਡਨ ਵਿੱਚ ਮੌਜੂਦ ਨਹੀਂ ਸੀ।"

ਐਡਵੀਨਾ ਮਾਊਂਟਬੇਟਨ, ਲਾਰਡ ਮਾਊਂਟਬੇਟਨ, ਜਵਾਹਰ ਲਾਲ ਨਹਿਰੂ ਤੇ ਸਰਵਪੱਲੀ ਰਾਧਾਕ੍ਰਿਸ਼ਨਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਐਡਵੀਨਾ ਮਾਊਂਟਬੇਟਨ, ਲਾਰਡ ਮਾਊਂਟਬੇਟਨ, ਜਵਾਹਰ ਲਾਲ ਨਹਿਰੂ ਤੇ ਸਰਵਪੱਲੀ ਰਾਧਾਕ੍ਰਿਸ਼ਨਨ

"ਜਿਵੇਂ ਹੀ ਮੈਂ ਮੈਨਨ ਦੇ ਘਰ ਪਹੁੰਚਿਆ ਉਹ ਮੇਰੇ 'ਤੇ ਟੁੱਟ ਪਏ। "ਤੁਸੀਂ ਅੱਜ ਦਾ ਹੈਰਾਲਡ ਦੇਖਿਆ? ਪੀਐੱਮ ਤੁਹਾਡੇ ਤੋਂ ਬਹੁਤ ਨਾਰਾਜ਼ ਹਨ।'' ਮੈਂ ਕਿਹਾ ਮੇਰਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ। ਮੈਨੂੰ ਕੀ ਪਤਾ ਸੀ ਕਿ ਪੀਐੱਮ ਹਵਾਈ ਅੱਡੇ ਤੋਂ ਸਿੱਧੇ ਆਪਣੇ ਹੋਟਲ ਜਾਣ ਦੀ ਬਜਾਏ ਲੇਡੀ ਮਾਊਂਟਬੇਟਨ ਦੇ ਘਰ ਪਹੁੰਚ ਜਾਣਗੇ।''

ਐਡਵੀਨਾ ਨੂੰ ਗ੍ਰੀਕ ਰੈਸਤਰਾਂ ਵਿੱਚ ਲੈ ਗਏ

ਖੁਸ਼ਵੰਤ ਸਿੰਘ ਅੱਗੇ ਲਿਖਦੇ ਹਨ, "ਮੈਂ ਦੋ ਦਿਨ ਤੱਕ ਨਹਿਰੂ ਦੇ ਸਾਹਮਣੇ ਨਹੀਂ ਪਿਆ। ਫਿਰ ਉਹ ਸੰਮੇਲਨ ਵਿੱਚ ਇੰਨੇ ਰੁਝ ਗਏ ਕਿ ਉਹ ਇਸ ਘਟਨਾ ਬਾਰੇ ਭੁੱਲ ਹੀ ਗਏ ਪਰ ਭਾਰਤ ਪਰਤਣ ਤੋਂ ਪਹਿਲਾਂ ਉਨ੍ਹਾਂ ਨੇ ਸੋਹੋ ਦੇ ਇੱਕ ਗ੍ਰੀਕ ਰੈਸਤਰਾਂ ਵਿੱਚ ਲੇਡੀ ਮਾਊਂਟਬੇਟਨ ਨੂੰ ਖਾਣੇ 'ਤੇ ਸੱਦਿਆ।"

"ਰੈਸਤਰਾਂ ਦੇ ਮਾਲਿਕ ਨੇ ਉਨ੍ਹਾਂ ਨੂੰ ਪਛਾਣ ਲਿਆ ਅਤੇ ਆਪਣੇ ਰੈਸਤਰਾਂ ਦਾ ਪ੍ਰਚਾਰ ਕਰਨ ਦੇ ਲਈ ਪ੍ਰੈੱਸ ਨੂੰ ਫੋਨ ਕਰ ਦਿੱਤਾ। ਅਗਲੇ ਦਿਨ ਅਖਬਾਰਾਂ ਵਿੱਚ ਦੋਵਾਂ ਦੀਆਂ ਨਾਲ-ਨਾਲ ਬੈਠੇ ਤਸਵੀਰਾਂ ਛੱਪ ਗਈਆਂ।"

ਜਵਾਹਰ ਲਾਲ ਨਹਿਰੂ ਨਾਲ ਖੁਸ਼ਵੰਤ ਸਿੰਘ(ਸੱਜੇ ਪਾਸੇ)

ਤਸਵੀਰ ਸਰੋਤ, Getty Images

"ਮੈਂ ਸਮਝ ਗਿਆ ਕਿ ਮੇਰੀ ਫਿਰ ਸ਼ਾਮਤ ਆਉਣ ਵਾਲੀ ਹੈ। ਜਦੋਂ ਮੈਂ ਆਪਣੇ ਦਫ਼ਤਰ ਪਹੁੰਚਿਆ ਤਾਂ ਮੇਰੀ ਮੇਜ਼ 'ਤੇ ਫਿਰ ਮੇਨਨ ਦਾ ਇੱਕ ਨੋਟ ਪਿਆ ਹੋਇਆ ਸੀ, ਜਿਸ ਵਿੱਚ ਲਿਖਿਆ ਸੀ ਕਿ "ਪ੍ਰਧਾਨ ਮੰਤਰੀ ਮੈਨੂੰ ਫੌਰਨ ਮਿਲਣਾ ਚਾਹੁੰਦੇ ਹਨ।"

"ਮੈਂ ਕਲੈਰਿਜੇਸ ਹੋਟਲ ਪਹੁੰਚਿਆ ਅਤੇ ਨਹਿਰੂ ਦੇ ਸਕੱਤਰ ਮਥਾਈ ਨੂੰ ਮਿਲਿਆ ਕਿ ਪ੍ਰਧਾਨ ਮੰਤਰੀ ਮੈਨੂੰ ਫੌਰਨ ਮਿਲਣਾ ਚਾਹੁੰਦੇ ਹਨ। ਮਥਾਈ ਨੇ ਮੈਨੂੰ ਕਮਰੇ ਦੇ ਅੰਦਰ ਜਾਣ ਲਈ ਕਿਹਾ।"

"ਮੈਂ ਜਿਵੇਂ ਹੀ ਉਨ੍ਹਾਂ ਦਾ ਦਰਵਾਜ ਖੜਕਾਇਆ, ਉਹ ਬੋਲੇ, "ਯੈੱਸ?'' ਮੈਂ ਕਿਹਾ ਤੁਸੀਂ ਮੈਨੂੰ ਸੱਦਿਆ ਹੈ? ਨਹਿਰੂ ਨੇ ਕਿਹਾ, "ਤੁਸੀਂ ਹੋ ਕੌਣ?'' ਮੈਂ ਕਿਹਾ, ਮੈਂ ਲੰਡਨ ਵਿੱਚ ਤੁਹਾਡਾ ਪੀਆਰਓ ਹਾਂ। ਨਹਿਰੂ ਨੇ ਮੈਨੂੰ ਉੱਤੋਂ ਥੱਲੇ ਤੱਕ ਦੇਖ ਕੇ ਕਿਹਾ ਕਿ ਤੁਹਾਡਾ ਪਬਲਿਸਿਟੀ ਦਾ ਅੰਦਾਜ਼ ਬਹੁਤ ਅਜੀਬ ਹੈ।"

ਬ੍ਰੀਫ਼ ਕੇਸ ਹਮੇਸ਼ਾ ਨਾਲ ਹੁੰਦਾ

ਜਦੋਂ ਵੀ ਨਹਿਰੂ ਭਾਰਤ ਵਿੱਚ ਕਿਤੇ ਵੀ ਦੌਰੇ 'ਤੇ ਜਾਂਦੇ ਸੀ। ਉਨ੍ਹਾਂ ਨਾਲ ਇੱਕ ਬ੍ਰੀਫ਼ ਕੇਸ ਚੱਲਦਾ ਸੀ, ਜੋ ਉਨ੍ਹਾਂ ਦੀ ਸੁਰੱਖਿਆ ਅਫ਼ਸਰ ਕੇ ਐੱਫ ਰੁਸਤਮਜੀ ਦੇ ਹੱਥ ਵਿੱਚ ਹੁੰਦਾ ਸੀ। ਦਰਅਸਲ ਨਹਿਰੂ ਦੀ ਅਚਕਨ ਵਿੱਚ ਕੋਈ ਜੇਬ ਨਹੀਂ ਹੁੰਦੀ ਸੀ।

ਇਸਲਈ ਜੇਬ ਵਿੱਚ ਰੱਖੀ ਜਾਣ ਵਾਲੀ ਕੁਝ ਚੀਜ਼ਾਂ ਬ੍ਰੀਫਕੇਸ ਵਿੱਚ ਰੱਖੀਆਂ ਜਾਂਦੀਆਂ ਸੀ। ਰੁਸਤਮਜੀ ਆਪਣੀ ਕਿਤਾਬ ਆਈ ਵਾਜ਼ ਨਹਿਰੂਜ਼ ਸ਼ੈਡੋ ਵਿੱਚ ਲਿਖਦੇ ਹਨ, "ਬ੍ਰੀਫ ਕੇਸ ਵਿੱਚ ਉਨ੍ਹਾਂ ਦਾ ਡਿੱਬਾ(ਸਟੇਟ ਐੱਕਸਪ੍ਰੈਸ 555), ਦਿਆਸਲਾਈ, ਇੱਕ ਕਿਤਾਬ ਜਿਸ ਨੂੰ ਉਸ ਵੇਲੇ ਪੜ੍ਹ ਰਹੇ ਹੁੰਦੇ ਸੀ, ਇੱਕ ਜਾਂ ਦੋ ਨਿੱਜੀ ਪੱਤਰ ਜਿਨ੍ਹਾਂ ਦਾ ਉਨ੍ਹਾਂ ਨੂੰ ਉਸ ਦੌਰੇ ਦੌਰਾਨ ਜਵਾਬ ਦੇਣਾ ਹੁੰਦਾ ਸੀ।

ਇੰਦਰਾ ਗਾਂਧੀ ਨਾਲ ਜਵਾਹਰ ਲਾਲ ਨਹਿਰੂ

ਤਸਵੀਰ ਸਰੋਤ, Getty Images

ਖਰਾਬ ਗਲੇ ਦੇ ਲਈ ਸੁਕਰੇਟਸ ਦਾ ਇੱਕ ਪੈਕੇਟ ਅਤੇ ਆਪਣੀ ਕਿਤਾਬਾਂ 'ਤੇ ਨਿਸ਼ਾਨ ਲਾਉਣ ਦੇ ਲਈ ਕੁਝ ਪੈਂਸਿਲਾਂ ਰਹਿੰਦੀਆਂ ਸੀ। ਨਹਿਰੂ ਦਾ ਇੱਕ ਹੁਕਮ ਇਹ ਵੀ ਸੀ ਕਿ ਉਹ ਜਿੱਥੇ ਵੀ ਜਾਣ, ਉਨ੍ਹਾਂ ਦੀ ਬਰਸਾਤੀ ਉਨ੍ਹਾਂ ਦੇ ਨਾਲ ਜਾਏ।''

ਫਿਜ਼ੂਲਖਰਚੀ ਦੇ ਸਖ਼ਤ ਖਿਲਾਫ਼

ਨਹਿਰੂ ਫਿਜ਼ੂਲਖਰਚੀ ਬਿਲਕੁੱਲ ਪਸੰਦ ਨਹੀਂ ਕਰਦੇ ਸੀ। ਜੇਕਰ ਉਹ ਆਪਣੇ ਘਰ ਤੋਂ ਨਿਕਲ ਰਹੇ ਹੋਣ ਅਤੇ ਉਨ੍ਹਾਂ ਨੂੰ ਕੋਈ ਨਲ ਖੁੱਲ੍ਹਿਆ ਦਿਖਾਏ ਦਿੰਦਾ ਸੀ ਤਾਂ ਉਹ ਕਾਰ ਰੁਕਵਾ ਕੇ ਨਲ ਨੂੰ ਬੰਦ ਕਰਵਾਉਣ ਦੇ ਲਈ ਭੇਜਦੇ ਸੀ।

ਰੁਸਤਮਜੀ ਲਿਖਦੇ ਸੀ, "ਇੱਕ ਵਾਰ ਮੈਂ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਵਿੱਚ ਉਨ੍ਹਾਂ ਦੇ ਲਈ ਖਾਸ ਤੌਰ 'ਤੇ ਬਣਵਾਏ ਗਏ ਮਹਿਲ ਵਿੱਚ ਆਪਣੇ ਹੱਥਾਂ ਨਾਲ ਕਮਰਿਆਂ ਦੀਆਂ ਬੱਤੀਆਂ ਬੁਝਾਉਂਦਿਆਂ ਹੋਇਆਂ ਦੇਖਿਆ ਸੀ।''

ਇੰਦਰਾ ਗਾਂਧੀ ਨਾਲ ਜਵਾਹਰ ਲਾਲ ਨਹਿਰੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਇੰਦਰਾ ਗਾਂਧੀ ਨਾਲ ਜਵਾਹਰ ਲਾਲ ਨਹਿਰੂ

ਉਸੇ ਯਾਤਰਾ ਦਾ ਜ਼ਿਕਰ ਕਰਦੇ ਹੋਏ ਮੁਹੰਮਦ ਯੂਨੁਸ ਆਪਣੀ ਕਿਤਾਬ ਵਿੱਚ ਲਿਖਦੇ ਹਨ, "ਨਹਿਰੂ ਸੌਂਦੇ ਵਕਤ ਕੁਝ ਪੜ੍ਹਨਾ ਚਾਹ ਰਹੇ ਸੀ। ਇਸਲਈ ਉਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਲਈ ਇੱਕ ਟੇਬਲ ਲੈਂਪ ਦਾ ਇੰਤਜ਼ਾਮ ਕੀਤਾ ਜਾਏ।''

"ਉਨ੍ਹਾਂ ਦੇ ਅਟੈਂਡੇਂਟ ਨੇ ਸਮਝਿਆ ਕਿ ਸ਼ਾਇਦ ਕਮਰੇ ਵਿੱਚ ਰੋਸ਼ਨੀ ਦੀ ਘਾਟ ਹੈ। ਇਸਲਈ ਉਹ ਉਨ੍ਹਾਂ ਦੇ ਲਈ ਹੋਰ ਵੱਧ ਰੋਸ਼ਨੀ ਵਾਲੀ ਲੈਂਪ ਲੈ ਆਇਆ। ਉਸਦੀ ਰੋਸ਼ਨੀ ਨੂੰ ਘੱਟ ਕਰਨ ਦੇ ਲਈ ਮੈਨੂੰ ਉਸਨੂੰ ਤੌਲੀਏ ਨਾਲ ਢੱਕਣਾ ਪਿਆ, ਪਰ ਉਸਦੀ ਗਰਮੀ ਨੇ ਉਸ ਤੌਲੀਏ ਨੂੰ ਵੀ ਤਕਰੀਬਨ ਸਾੜ ਹੀ ਦਿੱਤਾ ਸੀ।''

( ਇਹ ਰਿਪੋਰਟ ਇਸ ਤੋਂ ਪਹਿਲਾਂ 2018 ਵਿਚ ਪ੍ਰਕਾਸ਼ਿਤ ਕੀਤੀ ਗਈ ਸੀ)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)