ਅਹਿਮਦਾਬਾਦ ਦੇ ਕੁਝ ਘਰਾਂ ਬਾਹਰ ਕਿਉਂ ਲੱਗੇ ਕਾਟੇ ਦੇ ਨਿਸ਼ਾਨ?

ਗੁਜਰਾਤ ਵਿੱਚ ਲੱਗੇ ਘਰਾਂ ਬਾਹਰ ਕਾਟੇ ਦੇ ਨਿਸ਼ਾਨ

ਹਾਲ ਵਿੱਚ ਹੀ ਗੁਜਰਾਤ ਦੇ ਮੁੱਖ ਸ਼ਹਿਰ ਅਹਿਮਦਾਬਾਦ ਦੀਆਂ ਕੁਝ ਰਿਹਾਇਸ਼ੀ ਕਾਲੋਨੀਆਂ 'ਚ ਲੋਕਾਂ ਦੇ ਘਰਾਂ ਦੇ ਬਾਹਰ ਲਾਟੇ ਕਾਟੇ ਦੇ ਨਿਸ਼ਾਨ ਦੇਖੇ ਗਏ।

ਇਨ੍ਹਾਂ ਵਿੱਚ ਹਿੰਦੂ ਤੇ ਮੁਸਲਿਮ ਹਾਊਸਿੰਗ ਸੁਸਾਇਟੀਆਂ ਵੀ ਸ਼ਾਮਲ ਹਨ। ਲਾਲ ਕਾਟਿਆਂ ਦੇ ਨਿਸ਼ਾਨ ਕਰਕੇ ਉਨ੍ਹਾਂ ਇਲਾਕਿਆਂ ਵਿੱਚ ਤਣਾਅ ਦਾ ਮਾਹੌਲ ਹੈ।

ਕਾਲੋਨੀਆਂ ਦੇ ਨਿਵਾਸੀਆਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਪੁਲਿਸ ਮੁਤਾਬਕ ਅਜਿਹੇ ਨਿਸ਼ਾਨ ਨਗਰ ਨਿਗਮ ਵੱਲੋਂ ਲਾਏ ਗਏ ਹਨ। ਹੁਣ ਨਗਰ ਨਿਗਮ ਵੱਲੋਂ ਉਨ੍ਹਾਂ ਨਿਸ਼ਾਨਾਂ 'ਤੇ ਪੇਂਟ ਕਰ ਦਿੱਤਾ ਹੈ।

ਅਫ਼ਵਾਹਾਂ ਦਾ ਕਾਰਨ ਬਣੇ

ਅਹਿਮਦਾਬਾਦ ਦੇ ਪਾਲਦੀ ਇਲਾਕੇ ਵਿੱਚ 10 ਤੋਂ 12 ਇਮਾਰਤਾਂ ਦੇ ਬਾਹਰ ਲਾਲ ਕਾਟੇ ਦੇ ਨਿਸ਼ਾਨ ਲਾਏ ਗਏ। ਇਸ ਇਲਾਕੇ 'ਚ ਵੱਡੀ ਗਿਣਤੀ ਵਿੱਚ ਮੁਸਲਿਮ ਪਰਿਵਾਰ ਰਹਿੰਦੇ ਹਨ।

ਪਾਲਦੀ ਅਹਿਮਦਾਬਾਦ ਦੇ ਪੋਸ਼ ਇਲਾਕਿਆਂ 'ਚੋਂ ਗਿਣਿਆ ਜਾਂਦਾ ਹੈ ਜਿੱਥੇ ਮੁਸਲਿਮਾਂ ਦੀ ਮਿਡਲ ਕਲਾਸ ਤੇ ਵਪਾਰਕ ਸ਼੍ਰੇਣੀ ਰਹਿੰਦੀ ਹੈ।

ਪਾਲਦੀ ਦੇ ਲੋਕਾਂ ਨੇ ਤੜਕੇ ਸਵੇਰੇ ਇਨ੍ਹਾਂ ਨਿਸ਼ਾਨਾਂ ਨੂੰ ਦੇਖਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਅਫ਼ਵਾਹਾਂ ਦਾ ਦੌਰ ਸ਼ੁਰੂ ਹੋ ਗਿਆ।

ਹਾਲਾਂਕਿ ਪੁਲਿਸ ਦੀ ਜਾਂਚ ਨੇ ਇਸ ਗੱਲ ਦੀ ਤਸਦੀਕ ਕੀਤੀ ਹੈ ਕਿ ਇਹ ਨਿਸ਼ਾਨ ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਹੀ ਬਣਾਏ ਗਏ ਹਨ।

ਕਿਸਨੇ ਲਾਏ ਨਿਸ਼ਾਨ?

ਅਹਿਮਦਾਬਾਦ ਦੇ ਪੁਲਿਸ ਕਮਿਸ਼ਨਰ ਏ.ਕੇ. ਸਿੰਘ ਨੇ ਦੱਸਿਆ, "ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਇਹ ਨਿਸ਼ਾਨ ਲਾਏ ਗਏ ਹਨ। ਇਹ ਨਿਸ਼ਾਨ ਸਿਰਫ਼ ਮੁਸਲਿਮ ਸੁਸਾਇਟੀਆਂ ਦੇ ਬਾਹਰ ਹੀ ਨਹੀਂ ਹਿੰਦੂ ਸੁਸਾਇਟੀਆਂ ਦੇ ਬਾਹਰ ਵੀ ਲਾਏ ਗਏ ਹਨ।''

ਉਨ੍ਹਾਂ ਅੱਗੇ ਕਿਹਾ, "ਇਹ ਲਾਲ ਕਾਟੇ ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਘਰ-ਘਰ ਕੂੜਾ ਇੱਕਠਾ ਕਰਨ ਦੀ ਮੁਹਿੰਮ ਦੌਰਾਨ ਲਾਏ ਗਏ ਹਨ।''

ਅਮਰ ਕਾਲੋਨੀ ਦੇ ਨਿਵਾਸੀ ਮੁਬੀਨ ਲਕਾਡੀਆ ਨੇ ਕਿਹਾ, "ਸਾਨੂੰ ਨਹੀਂ ਪਤਾ ਸੀ ਇਹ ਕਿਸਨੇ ਕੀਤਾ ਪਰ ਅਸੀਂ ਘਬਰਾ ਗਏ ਸੀ। ਮੇਰੀ ਪਤਨੀ ਤੇ ਬੱਚੇ ਬਾਹਰ ਜਾਣ ਵਿੱਚ ਅਸਹਿਜ ਮਹਿਸੂਸ ਕਰ ਰਹੇ ਹਨ।''

ਇਸ ਪੋਸ਼ ਕਾਲੋਨੀ ਦੇ ਸੁਰੱਖਿਆ ਮੁਲਾਜ਼ਮ ਨੇ ਦੱਸਿਆ, "ਪਹਿਲਾਂ ਜਦੋਂ ਅਸੀਂ ਅਜਿਹਾ ਨਿਸ਼ਾਨ ਇੱਕ ਘਰ ਦੇ ਬਾਹਰ ਦੇਖਿਆ ਤਾਂ ਸਾਨੂੰ ਅਜੀਬ ਲੱਗਿਆ ਪਰ ਜਦੋਂ ਅਸੀਂ ਕਈ ਘਰਾਂ ਦੇ ਬਾਹਰ ਇਹ ਲਾਲ ਕਾਟੇ ਦੇ ਨਿਸ਼ਾਨ ਦੇਖੇ ਤਾਂ ਅਸੀਂ ਵੀ ਘਬਰਾ ਗਏ।''

2002 ਦੇ ਦੰਗਿਆਂ ਨਾਲ ਕਨੈਕਸ਼ਨ

2002 ਦੀ ਫ਼ਿਰਕੂ ਹਿੰਸਾ ਵਿੱਚ ਪਾਲਦੀ ਦੇ ਡਿਲਾਈਟ ਅਪਾਰਟਮੈਂਟਸ ਨੂੰ ਦੰਗਾਈਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਤੇ ਇਸ ਕਾਲੋਨੀ ਵਿੱਚ ਆਗਜ਼ਨੀ ਦੀਆਂ ਘਟਨਾਵਾਂ ਹੋਈਆਂ ਸੀ।

ਡਿਲਾਈਟ ਅਪਾਰਟਮੈਂਟਸ ਦੇ ਨਿਵਾਸੀ ਉਵੇਸ਼ ਸਰੇਸ਼ਵਾਲਾ ਕਹਿੰਦੇ ਹਨ, "ਕੋਈ ਵੀ ਲਾਲ ਕਾਟੇ ਦੇ ਨਿਸ਼ਾਨ ਤੋਂ ਡਰੇਗਾ ਕਿਉਂਕਿ ਲਾਲ ਕਾਟੇ ਦਾ ਨਿਸ਼ਾਨ ਹਮਲੇ ਅਤੇ ਦਹਿਸ਼ਤ ਦਾ ਪ੍ਰਤੀਕ ਹੈ।''

ਉਨ੍ਹਾਂ ਅੱਗੇ ਕਿਹਾ, "ਸਾਡੇ 'ਤੇ ਕੌਣ ਹਮਲਾ ਕਰਨ ਬਾਰੇ ਸੋਚੇਗਾ। ਅਸੀਂ ਪੁਲਿਸ ਨੂੰ ਚਿੱਠੀ ਲਿਖ ਕੇ ਮਦਦ ਮੰਗੀ ਸੀ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਦਾ ਭਰੋਸਾ ਦਿੱਤਾ ਸੀ।''

"ਇਸ ਤੋਂ ਪਹਿਲਾਂ ਕੁਝ ਵਿਵਾਦਤ ਇਸ਼ਤਿਹਾਰ ਵੀ ਦੇਖੇ ਗਏ ਸੀ ਜਿਨ੍ਹਾਂ ਵਿੱਚ ਲਿਖਿਆ ਸੀ, 'ਪਾਲਦੀ ਨੂੰ ਜੁਹਾਪੁਰ ਬਣਨ ਤੋਂ ਰੋਕੋ'। ਜੁਹਾਪੁਰ ਸਭ ਤੋਂ ਵੱਡੀ ਮੁਸਲਿਮ ਬਸਤੀਆਂ ਵਿੱਚੋਂ ਇੱਕ ਹੈ।

ਪੁਲਿਸ ਕਮਿਸ਼ਨਰ ਏ.ਕੇ ਸਿਨਹਾ ਨੇ ਬੀਬੀਸੀ ਨੂੰ ਦੱਸਿਆ, "ਪਾਲਦੀ ਖੇਤਰ ਵਿੱਚ ਰਹਿਣ ਵਾਲੇ ਕੁਝ ਲੋਕ ਇਨ੍ਹਾਂ ਇਸ਼ਤਿਹਾਰਾਂ ਅਤੇ ਇਨ੍ਹਾਂ ਨਿਸ਼ਾਨਾਂ ਦੇ ਵਿਚਾਲੇ ਸਬੰਧ ਤਲਾਸ਼ ਰਹੇ ਹਨ। ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ।''

ਗੁਜਰਾਤ ਵਿੱਚ 9 ਤੋਂ 14 ਦਸੰਬਰ ਦੇ ਵਿਚਾਲੇ ਵਿਧਾਨਸਭਾ ਚੋਣਾਂ ਹੋ ਰਹੀਆਂ ਹਨ। ਬੀਜੇਪੀ ਨੇ ਸਾਲ 2012 ਵਿੱਚ ਵੀ ਵਿਧਾਨਸਭਾ ਚੋਣਾਂ ਜਿੱਤੀਆਂ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)