Indira Gandhi Death Anniversary: ਜਦੋਂ ਸ਼੍ਰੋਮਣੀ ਕਮੇਟੀ ਨੇ ਕੀਤੀ ਸੀ ਇੰਦਰਾ ਗਾਂਧੀ ਦੀ ਤਾਰੀਫ਼
- ਪਾਲ ਸਿੰਘ ਨੌਲੀ
- ਬੀਬੀਸੀ ਪੰਜਾਬੀ ਲਈ

ਤਸਵੀਰ ਸਰੋਤ, PAl singh nauli
ਇਤਿਹਾਸ ਦੇ ਵਰਕੇ ਫੋਲਦਿਆਂ ਬਹੁਤ ਸਾਰੀਆਂ ਦਿਲਚਸਪ ਤੇ ਹੈਰਾਨ ਕਰਨ ਵਾਲੀਆਂ ਘਟਨਾਵਾਂ ਸਾਹਮਣੇ ਆਉਦੀਆਂ ਹਨ। ਅਪਰੇਸ਼ਨ ਬਲੂ ਸਟਾਰ ਤੋਂ ਬਾਅਦ ਬਹੁਤ ਸਾਰੇ ਸਿੱਖਾਂ ਨੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਹਮੇਸ਼ਾਂ ਹੀ ਨਫ਼ਰਤ ਦੀਆਂ ਨਿਗਾਹਾਂ ਨਾਲ ਦੇਖਿਆ।
ਸ਼੍ਰੋਮਣੀ ਨੇ ਕੀਤੀ ਸੀ ਇੰਦਰਾ ਗਾਂਧੀ ਦੀ ਪ੍ਰਸ਼ੰਸਾ
ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਵੀ ਸਿੱਖ ਕੌਮ ਨੇ ਬਲੂ ਸਟਾਰ ਲਈ ਉਨ੍ਹਾਂ ਨੂੰ ਮਾਫ਼ ਨਹੀਂ ਸੀ ਕੀਤਾ ਪਰ ਕਦੇ ਸਮਾਂ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬੀ ਸੂਬਾ ਬਣਾਏ ਜਾਣ 'ਤੇ ਮਤਾ ਪਾਸ ਕਰਕੇ ਕਾਂਗਰਸ ਵਰਕਿੰਗ ਕਮੇਟੀ ਦੇ ਫੈਸਲੇ ਦੀ ਸ਼ਲਾਘਾ ਕੀਤੀ ਸੀ ਅਤੇ ਇੰਦਰਾ ਗਾਂਧੀ ਦਾ ਧੰਨਵਾਦ ਕੀਤਾ ਸੀ।
'ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 50 ਸਾਲਾ ਇਤਿਹਾਸ' ਨਾਂ ਦੀ ਕਿਤਾਬ ਵਿੱਚ ਪੰਨਾ ਨੰਬਰ 367 ਉੱਤੇ ਇਹ ਮਤਾ ਦਰਜ ਹੈ।
ਇਹ ਵੀ ਪੜ੍ਹੋ :
ਇਹ ਕਿਤਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਇਤਿਹਾਸ ਰਿਸਰਚ ਬੋਰਡ ਨੇ ਬਲੂ ਸਟਾਰ ਤੋਂ ਦੋ ਸਾਲ ਪਹਿਲਾ ਹੀ ਮਾਰਚ 1982 'ਚ ਪ੍ਰਕਾਸ਼ਿਤ ਕੀਤੀ ਸੀ।
ਤਸਵੀਰ ਸਰੋਤ, PAl singh nauli
ਪੰਜਾਬੀ ਸੂਬੇ ਨੂੰ ਬਣਾਉਣ ਬਾਰੇ ਚੱਲ ਰਹੇ ਅੰਦੋਲਨ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 20 ਮਾਰਚ 1966 ਨੂੰ ਆਪਣੇ ਹੋਏ ਜਨਰਲ ਬਜਟ ਸਮਾਗਮ 'ਚ 'ਪੰਜਾਬੀ ਸੂਬਾ-ਅੰਦੋਲਨ ਦੇ ਮੋਢੀਆਂ ਬਾਰੇ ਪ੍ਰਸ਼ੰਸਾ ਦਾ ਮਤਾ' ਅਤੇ 'ਕਾਂਗਰਸ ਵਰਕਿੰਗ ਕਮੇਟੀ ਦੇ ਫੈਸਲੇ ਦੀ ਸ਼ਲਾਘਾ ਤੇ ਇੰਦਰਾ ਗਾਂਧੀ ਦਾ ਧੰਨਵਾਦ ਮਤਾ' ਵੀ ਪਾਸ ਕੀਤਾ ਸੀ ।
ਸ਼੍ਰੋਮਣੀ ਕਮੇਟੀ ਦਾ ਇਹ ਬਜਟ ਇਜਲਾਸ ਉਸ ਵੇਲੇ ਦੇ ਪ੍ਰਧਾਨ ਸੰਤ ਚੰਨਣ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ ਸੀ ਜਿਸ ਵਿਚ ਕੁੱਲ 188 ਮੈਂਬਰ ਮੌਜੂਦ ਸਨ।
ਇਹ ਵੀ ਪੜ੍ਹੋ :
ਗਿਆਨੀ ਹਰਿਚਰਨ ਸਿੰਘ ਜੀ ਹੁਡਿਆਰਾ, ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬੀ ਸੂਬੇ ਦੀ ਖੁਸ਼ੀ ਵਿੱਚ ਹੇਠ ਲਿਖਿਆ ਮਤਾ ਪੇਸ਼ ਕੀਤਾ ਗਿਆ:
''ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਜਨਰਲ ਸਮਾਗਮ ਸਰਬ ਹਿੰਦ ਕਾਂਗਰਸ ਵਰਕਿੰਗ ਕਮੇਟੀ ਦੇ ਉਸ ਫ਼ੈਸਲੇ ਦੀ, ਜਿਸ ਰਾਹੀਂ ਉਸ ਨੇ ਵਰਤਮਾਨ ਪੰਜਾਬ ਪ੍ਰਦੇਸ਼ ਵਿਚੋਂ ਪੰਜਾਬੀ ਸੂਬੇ ਦੇ ਬਣਾਏ ਜਾਣ ਦੀ ਹੱਕੀ ਤੇ ਵਿਧਾਨਕ ਮੰਗ ਪ੍ਰਵਾਨ ਕਰਨ ਦੀ ਸਿਫਾਰਿਸ਼ ਕੀਤੀ ਹੈ, ਹਾਰਦਿਕ ਪ੍ਰਸ਼ੰਸਾ ਕਰਦਾ ਹੈ।
ਇਸ ਦੇ ਨਾਲ ਹੀ ਇਹ ਇਜਲਾਸ ਸ੍ਰੀ ਕਾਮਰਾਜ ਜੀ ਪ੍ਰਧਾਨ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਅਤੇ ਸ੍ਰੀਮਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਹਾਰਦਿਕ ਵਧਾਈ ਦੇਂਦਾ ਹੈ, ਜਿਨ੍ਹਾਂ ਨੇ ਪੂਰੀ ਸਿਆਣਪ, ਦੀਰਘ ਦ੍ਰਿਸ਼ਟੀ ਅਤੇ ਦ੍ਰਿੜ੍ਹਤਾ ਨਾਲ ਇਸ ਮਾਮਲੇ ਨੂੰ ਸਫਲਤਾ ਪੂਰਵਕ ਨਜਿੱਠਣ ਵਿਚ ਅਗਵਾਈ ਦਿੱਤੀ ਹੈ।
ਤਸਵੀਰ ਸਰੋਤ, Getty Images
ਅੱਜ ਦਾ ਇਹ ਸਮਾਗਮ ਸ. ਹੁਕਮ ਸਿੰਘ ਜੀ ਚੇਅਰਮੈਨ ਅਤੇ ਮੈਂਬਰ ਸਾਹਿਬਾਨ ਪਾਰਲੀਮੈਂਟਰੀ ਕਮੇਟੀ, ਜਿਨ੍ਹਾਂ ਨੇ ਬੜੀ ਦ੍ਰਿੜ੍ਹਤਾ, ਪੁਣ-ਛਾਣ ਅਤੇ ਸੰਤੁਲਨਾਤਮਕ ਦ੍ਰਿਸ਼ਟੀ ਨਾਲ ਘੋਖ ਕੇ ਪੰਜਾਬ ਦੀ ਬੋਲੀ ਦੇ ਅਧਾਰ 'ਤੇ ਨਵੀਂ ਸਿਰਜਣਾ ਕਰਨ ਦੀ ਸਿਫਾਰਸ਼ ਕੀਤੀ ਹੈ ਅਤੇ ਇਸ ਤਰ੍ਹਾਂ ਦੇ ਖੇਤਰਾਂ ਦੇ ਵਸਨੀਕਾਂ ਦੀਆਂ ਰੀਝਾਂ ਨੂੰ ਪੂਰਾ ਕੀਤਾ ਹੈ, ਦੀ ਦਿਲੋਂ ਪ੍ਰਸ਼ੰਸਾ ਕਰਦਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਇਜਲਾਸ ਭਾਰਤ ਸਰਕਾਰ ਉੱਤੇ ਜ਼ੋਰ ਦਿੰਦਾ ਹੈ ਕਿ ਉਹ ਉਪਰੋਕਤ ਕਮੇਟੀਆਂ ਦੀਆਂ ਸਿਫਾਰਸ਼ਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਤੁਰੰਤ ਹੀ ਠੋਸ ਕਾਰਵਾਈ ਕਰੇ।''
ਰਵੇਲ ਸਿੰਘ ਐਡਵੋਕੇਟ, ਜਥੇਦਾਰ ਜੀਵਨ ਸਿੰਘ ਉਮਰਾਨੰਗਲ ਅਤੇ ਬਲਦੇਵ ਸਿੰਘ ਮਾਹਿਲਪੁਰੀ ਦੇ ਸਮਰਥਨ ਕਰਨ 'ਤੇ ਇਹ ਮਤਾ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ
ਇਹ ਵੀਡੀਓਜ਼ ਵੀ ਦੇਖੋ :