ਸੁਲਤਾਨ ਮਸੀਹ ਕਤਲ ਮਾਮਲੇ 'ਚ ਜਗਤਾਰ ਦਾ ਰਿਮਾਂਡ ਪੰਜ ਦਿਨਾਂ ਲਈ ਵਧਿਆ

ਜਗਤਾਰ ਜੌਹਲ

ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਦੀ 2017 'ਚ ਹੋਏ ਪਾਦਰੀ ਸੁਲਤਾਨ ਮਸੀਹ ਕਤਲਕਾਂਡ ਵਿੱਚ ਪੁਲਿਸ ਰਿਮਾਂਡ ਨੂੰ ਪੰਜ ਦਿਨਾਂ ਲਈ ਹੋਰ ਵੱਧਾ ਦਿੱਤਾ ਗਿਆ ਹੈ।

ਲੁਧਿਆਣਾ ਪੁਲਿਸ ਜਗਤਾਰ ਜੌਹਲ ਨੂੰ ਪਾਦਰੀ ਸੁਲਤਾਨ ਮਸੀਹ ਕਤਲਕਾਂਡ ਵਿੱਚ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਸੀ।

ਐਤਵਾਰ ਨੂੰ ਜਗਤਾਰ ਦਾ ਦੋ ਦਿਨੀ ਪੁਲਿਸ ਰਿਮਾਂਡ ਖਤਮ ਹੋ ਗਿਆ ਸੀ ਜਿਸ ਤੋਂ ਬਾਅਦ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।

ਕੀ ਹੈ ਪੂਰਾ ਮਾਮਲਾ?

4 ਨਵੰਬਰ ਨੂੰ ਜਗਤਾਰ ਸਿੰਘ ਜੌਹਲ ਨੂੰ ਮੋਗਾ ਪੁਲਿਸ ਨੇ ਜਲੰਧਰ ਦੇ ਰਾਮਾ ਮੰਡੀ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਇਲਜ਼ਾਮ ਲਾਏ ਸੀ ਕਿ ਪੰਜਾਬ ਵਿੱਚ ਹੋਏ ਸਿਆਸੀ ਕਤਲਾਂ ਲਈ ਪੈਸਾ ਜਗਤਾਰ ਵੱਲੋਂ ਮੁਹੱਈਆ ਕਰਵਾਇਆ ਗਿਆ ਸੀ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਜਗਤਾਰ ਸਿੰਘ ਜੌਹਲ ਦੇ ਪਰਿਵਾਰ ਨਾਲ ਗੱਲਬਾਤ

ਇਸ ਮਾਮਲੇ ਵਿੱਚ ਮੋਗਾ ਦੀ ਅਦਾਲਤ ਦੇ ਹੁਕਮਾਂ ਵਜੋਂ ਜਗਤਾਰ ਨੂੰ 17 ਨਵੰਬਰ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਸੀ।

ਫਿਰ 17 ਨਵੰਬਰ ਨੂੰ ਅਦਾਲਤ ਨੇ ਜਗਤਾਰ ਨੂੰ 30 ਨਵੰਬਰ ਤੱਕ ਅਦਾਲਤੀ ਰਿਮਾਂਡ 'ਤੇ ਭੇਜ ਦਿੱਤਾ ਸੀ ਪਰ ਉਸੇ ਦਿਨ ਲੁਧਿਆਣਾ ਪੁਲਿਸ ਜਗਤਾਰ ਨੂੰ ਸੁਲਤਾਨ ਮਸੀਹ ਕਤਲ ਮਾਮਲੇ ਵਿੱਚ ਪੁੱਛਗਿੱਛ ਲਈ ਫਰੀਦਕੋਟ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੁਧਿਆਣਾ ਲੈ ਗਈ।

'ਬੈਂਕ ਖਾਤਿਆਂ ਦੀ ਜਾਂਚ ਹੋਵੇਗੀ'

ਸਰਕਾਰੀ ਵਕੀਲ ਰਾਸ਼ਲ ਜਿੰਦਲ ਮੁਤਾਬਕ ਪੁਲਿਸ ਵੱਲੋਂ ਜਗਤਾਰ ਸਿੰਘ ਦਾ 8 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਵੱਲੋਂ ਪੰਜ ਦਿਨਾਂ ਲਈ ਹੀ ਜਗਤਾਰ ਨੂੰ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ।

ਰਾਸ਼ਲ ਜਿੰਦਲ ਨੇ ਕਿਹਾ ਕਿ ਪੁਲਿਸ ਵੱਲੋਂ ਜਗਤਾਰ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਪੈਸੇ ਕਿਸਨੂੰ ਭੇਜੇ ਜਾਂਦੇ ਸੀ।

ਰਾਸ਼ਲ ਨੇ ਅੱਗੇ ਕਿਹਾ ਕਿ ਪੁਲਿਸ ਇਹ ਵੀ ਜਾਣਨ ਦੀ ਕੋਸ਼ਿਸ਼ ਕਰੇਗੀ ਕਿ ਆਖ਼ਰ ਹੋਰ ਕਿਹੜੇ ਲੋਕ ਇਨ੍ਹਾਂ ਦੇ ਨਿਸ਼ਾਨੇ 'ਤੇ ਸੀ।

ਜਗਤਾਰ ਦਾ ਵਕੀਲ ਜਗਤਾਰ ਨਾਲ ਦਿਨ ਵੇਲੇ ਕਿਸੇ ਵੀ ਵਕਤ ਇੱਕ ਘੰਟੇ ਲਈ ਮੁਲਾਕਾਤ ਕਰ ਸਕਦਾ ਹੈ।

ਜਗਤਾਰ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਮੁਤਾਬਕ ਹੁਣ ਪੁਲਿਸ ਵੱਲੋਂ ਜਗਤਾਰ 'ਤੇ ਕਿਸੇ ਤਰੀਕੇ ਦੇ ਸਰੀਰਕ ਤਸ਼ੱਦਦ ਨਹੀਂ ਕੀਤੇ ਜਾ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)